ਵੈਨਕੂਵਰ ‘ਚ ਘਰਾਂ ਦੀਆਂ ਕੀਮਤਾਂ ਆਮ ਨਾਲੋਂ 65% ਵੱਧ

ਵੈਨਕੂਵਰ ‘ਚ ਘਰਾਂ ਦੀਆਂ ਕੀਮਤਾਂ ਆਮ ਨਾਲੋਂ 65% ਵੱਧ

ਵੈਨਕੂਵਰ, (ਪਰਮਜੀਤ ਸਿੰਘ ਕੈਨੇਡੀਅਨ ਪੰਜਾਬ ਟਾਇਮਜ਼): ਗਲੋਬਲ ਸੂਚਕਾਂਕ ਦੇ ਅੰਕੜਿਆਂ ਦੇ ਅਧਾਰ ‘ਤੇ ਵੈਨਕੂਵਰ ‘ਚ ਘਰਾਂ ਦੀ ਕੀਮਤ ਆਮ ਕੀਮਤ ਨਾਲੋਂ 65% ਜ਼ਿਆਦਾ ਹੈ। ਯੂ.ਕੇ.ਦੀ  ਫਾਇਨੈਂਸ਼ੀਅਲ ਪਬਲੀਕੇਸ਼ਨ ਵਲੋਂ ਕੀਤੇ ਗਏ ਅਧਿਐਨ ‘ਚ ਇਹ ਖੁਲਾਸਾ ਕੀਤਾ ਗਿਆ ਹੈ ਕਿ ਵੈਨਕੂਵਰ ‘ਚ ਪਿਛਲੇ 5 ਸਾਲਾਂ ‘ਚ ਘਰਾਂ ਦੀਆਂ ਕੀਮਤਾਂ 60% ਤੱਕ ਵੱਧ ਚੁੱਕੀਆਂ ਹਨ। ਅਰਥਸ਼ਾਸਤਰੀਆਂ ਵਲੋਂ ਹਾਂਗਕਾਂਗ, ਨਿਊਜ਼ੀਲੈਂਡ, ਪੈਰਿਸ ਅਤੇ ਬੈਲਜ਼ੀਅਮ ਤੋਂ ਬਾਅਦ ਕੀਤੇ ਗਏ ਅਧਿਐਨ ‘ਚ ਇਹ ਖੁਲਾਸਾ ਕੀਤਾ ਗਿਆ ਹੈ ਕਿ ਵੈਨਕੂਵਰ ਦੁਨੀਆ ਦਾ 5ਵਾਂ ਅਜਿਹਾ ਸਭ ਤੋਂ ਵੱਡਾ ਸ਼ਹਿਰ ਹੈ ਜਿਥੇ ਘਰਾਂ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਹੋਇਆ ਹੈ। ਵੈਨਕੂਵਰ ਤੋਂ ਬਾਅਦ ਲੰਡਨ ਅਤੇ ਸਿਡਨੀ ਸ਼ਹਿਰ ਹਨ ਜਿਥੇ ਘਰਾਂ ਦੀਆਂ ਕੀਮਤਾਂ ਆਮ ਨਾਲੋਂ 50% ਵੱਧ ਹਨ। ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਤੋਂ ਬਾਅਦ ਕੈਨੇਡਾ ਦੁਨੀਆ ਦਾ ਤੀਜਾ ਅਜਿਹਾ ਸਭ ਤੋਂ ਵੱਡਾ ਦੇਸ਼ ਬਣ ਗਿਆ ਹੈ ਜਿਥੇ ਸਰਕਾਰਾਂ ਘਰਾਂ ਦੀਆਂ ਵੱਧਦੀਆਂ ਕੀਮਤਾਂ ਅੱਗੇ ਬੇਬਸ ਨਜ਼ਰ ਆ ਰਹੀ ਹੈ।

ਨਿਊਜ਼ੀਲੈਂਡ ਦੀ ਤਰ੍ਹਾਂ ਵਿਦੇਸ਼ੀਆਂ ਦੇ ਘਰ ਖਰੀਦਣ ‘ਤੇ ਪਾਬੰਦੀ ਲਗਾਏ ਸਰਕਾਰ : ਐਂਡ੍ਰਿਊ ਵਾਈਵਰ 

ਬ੍ਰਿਟਿਸ਼ ਕੋਲੰਬੀਆ ਦੇ ਓਕ-ਬੇ-ਗਾਰਡਨ ਹੈਡ ਹਲਕੇ ਤੋਂ ਗ੍ਰੀਨ ਪਾਰਟੀ ਦੇ ਐਮ.ਐਲ.ਏ. ਐਂਡ੍ਰਿਊ ਵਾਈਵਰ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਦੀ ਤਰਜ ‘ਤੇ ਬੀ.ਸੀ ‘ਚ ਵੀ ਵਿਦੇਸ਼ੀਆਂ ਦੇ ਘਰ ਖਰੀਦਣ ‘ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਨਿਊਜ਼ੀਲੈਂਡ ਨੇ ਜ਼ਿਆਦਾਤਰ ਵਿਦੇਸ਼ੀਆਂ ‘ਤੇ ਘਰ ਖਰੀਦਣ ਲਈ ਪਾਬੰਦੀ ਲਗਾਈ ਹੋਈ ਹੈ। ਐਂਡ੍ਰਿਊ ਵਾਈਵਰ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਸਮੱਸਿਆ ਕੀ ਹੈ ਅਤੇ ਇਸ ਦੇ ਹੱਲ ਦਾ ਵੀ ਪਤਾ ਹੈ, ਇਨ੍ਹਾਂ ‘ਤੇ ਟੈਕਸ ਲਗਾਉਣ ਦੀ ਬਜਾਇ ਵਿਦੇਸ਼ੀਆਂ ਦੇ ਘਰ ਖਰੀਦਣ ‘ਤੇ ਹੀ ਪੂਰਨ ਪਾਬੰਦੀ ਲਾ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੈਟਰੋਂ ਵੈਨਕੂਵਰ ਲਈ ਪਹਿਲਾਂ ਹੀ ਪੈਸਾ ਪਾਣੀ ਵਾਂਗ ਵਹਾਇਆ ਗਿਆ ਹੈ। ਜੋ ਕੁਝ ਹੋ ਚੁੱਕਾ ਹੈ ਉਸ ਤੋਂ ਨਫੇ-ਨੁਕਸਾਨ ਬਾਰੇ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਅਤੇ ਹੁਣ ਲੋੜ ਹੈ ਬੁਲੰਦ ਅਤੇ ਮਜ਼ਬੂਤ ਜਨਤਕ ਨੀਤੀ ਦੀ। ਉਨ੍ਹਾਂ ਸੈਕੰਡਰੀ ਬਜ਼ਾਰ ਵਿੱਚ ਇੱਕ ਡੋਮੀਨੋ ਪ੍ਰਭਾਵ ਬਣਾਉਣ ਲਈ ਵਿਦੇਸ਼ੀ ਖਰੀਦਦਾਰਾਂ ‘ਤੇ ਵੀ ਦੋਸ਼ ਲਗਾਏ ਹਨ, ਉਨ੍ਹਾਂ ਕਿਹਾ ਕਿ ਉਹ ਮੈਟਰੋ ਵੈਨਕੂਵਰ ਵਰਗੇ ਸਥਾਨਾਂ ‘ਤੇ ਸਸਤੇ ਭਾਅ ਖਰੀਦ ਕੇ ਮਹਿੰਗੇ ਭਾਅ ‘ਤੇ ਸਥਾਨਕ ਲੋਕਾਂ ਨੂੰ ਹੀ ਵੇਚ ਦਿੰਦੇ ਹਨ ਇਸ ਕਾਰਣ ਘਰਾਂ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸੇ ਕਾਰਣ ਹੀ ਵਿਕਟੋਰੀਆ ਅਤੇ ਨਾਨਾਇਮੋ ਦੇ ਕਈ ਇਲਾਕਿਆਂ ‘ਚ ਘਰਾਂ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ।

ਬੀ. ਸੀ. ਸਰਕਾਰ ਨੇ ਫਿਰ ਖਾਰਜ਼ ਕੀਤੀ ਐਂਡ੍ਰਿਊ ਵਾਈਵਰ ਦੀ ਸਲਾਹ

ਵਿਦੇਸ਼ੀਆਂ ‘ਤੇ ਘਰ ਖਰੀਦਣ ਲਈ ਪਾਬੰਦੀ ਦੇ ਐਂਡ੍ਰਿਊ ਵਾਈਵਰ ਵਲੋਂ ਦਿੱਤੇ ਵਿਚਾਰ ਨੂੰ ਸਰਕਾਰ ਨੇ ਮੁੜ ਖਾਰਜ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਬੀ. ਸੀ. ਦੇ ਮੁੱਖ ਮੰਤਰੀ ਜੌਹਨ ਹੌਰਗਨ ਵਲੋਂ ਜਨਵਰੀ ‘ਚ ਵੀ ਇਸ ਵਿਚਾਰ ਨੂੰ ਨਕਾਰ ਦਿੱਤਾ ਗਿਆ ਸੀ। ਵਿੱਤ ਮੰਤਰੀ ਕੈਰੋਲ ਜੇਮਸ ਵਲੋਂ ਜਾਰੀ ਕੀਤੇ ਗਏ ਇੱਕ ਬਿਆਨ ‘ਚ ਕਿਹਾ ਗਿਆ ਹੈ ਕਿ ਸਰਕਾਰ ਵਿਦੇਸ਼ੀ ਅਨੁਮਾਨਾਂ ‘ਤੇ ਕਾਰਵਾਈ ਕਰ ਰਹੀ ਹੈ ਅਤੇ ਇਸ ਦੇ ਸਾਕਾਰਾਤਮਕ ਨਤੀਜਿਆਂ ਨੂੰ ਦੇਖਦੇ ਹੋਏ ਵਿਦੇਸ਼ੀਆਂ ‘ਤੇ ਘਰ ਖਰੀਦਣ ਲਈ ਪਾਬੰਦੀ ਲਗਾਉਣ ਦੀ ਕੋਈ ਜ਼ਰੂਰਤ ਨਜ਼ਰ ਨਹੀਂ ਆਉਂਦੀ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਹਾਊਸਿੰਗ ਬਾਜ਼ਾਰ ਪਹਿਲਾਂ ਪੂਰੀ ਦੁਨੀਆ ‘ਚ ਨਿਵੇਸ਼ਕਾਂ ਲਈ ਖੁੱਲ੍ਹਾਂ ਸੀ ਪਰ ਨਿਊਜ਼ੀਲੈਂਡ ਸਰਕਾਰ ਨੇ ਬੀਤੇ ਬੁੱਧਵਾਰ ਇੱਕ ਕਾਨੂੰਨ ਪਾਸ ਕੀਤਾ ਜਿਸ ਤੋਂ ਬਾਅਦ ਸਿਰਫ਼ ਨਿਊਜ਼ੀਲੈਂਡ ਦੇ ਨਿਵਾਸੀਆਂ ਨੂੰ ਹੀ ਘਰ ਖਰੀਦਣ ਦੀ ਇਜਾਜ਼ਤ ਦਿੱਤੀ ਗਈ ਅਤੇ ਵਿਦੇਸ਼ੀਆਂ ਦੇ ਘਰ ਖਰੀਦਣ ਤੇ ਪਾਬੰਦੀ ਲੱਗਾ ਦਿੱਤੀ ਗਈ। ਨਿਊਜ਼ੀਲੈਂਡ ‘ਚ ਘਰਾਂ ਦਾ 3 ਫੀਸਦੀ ਵਿਦੇਸ਼ੀ ਲੋਕਾਂ ਨੂੰ ਵੇਚਿਆ ਜਾ ਰਿਹਾ ਸੀ ਪਰ ਇਹ ਅੰਕੜੇ ਆਕਲੈਂਡ ‘ਚ 22 ਫੀਸਦੀ ਦਰਜ ਕੀਤੇ ਗਏ। ਜਿਸ ਤੋਂ ਬਾਅਦ ਨਿਊਜ਼ੀਲੈਂਡ ਸਰਕਾਰ ਵਲੋਂ ਇਹ ਫੈਸਲਾ ਲਿਆ ਗਿਆ। ਨਿਊਜ਼ੀਲੈਂਡ ਸਰਕਾਰ ਵਲੋਂ ਲਗਾਈ ਗਈ ਇਸ ਪਾਬੰਦੀ ਤੋਂ ਬਾਅਦ ਹੀ ਬ੍ਰਿਟਿਸ਼ ਕੋਲੰਬੀਆ ਦੇ ਓਕ-ਬੇ-ਗਾਰਡਨ ਹੈਡ ਹਲਕੇ ਤੋਂ ਗ੍ਰੀਨ ਪਾਰਟੀ ਦੇ ਐਮ.ਐਲ.ਏ. ਐਂਡ੍ਰਿਊ ਵਾਈਵਰ ਨੇ ਸੂਬਾ ਸਰਕਾਰ ਨੂੰ ਬੀ.ਸੀ. ‘ਚ ਵੀ ਇਹ ਪਾਬੰਦੀ ਲਗਾਉਣ ਦੀ ਸਲਾਹ ਦਿੱਤੀ ਸੀ।