ਸੋਚ-ਸਮਝ ਕੇ ਕਰੋ ਖਰਚੇ

ਸੋਚ-ਸਮਝ ਕੇ ਕਰੋ ਖਰਚੇ

  • – ਸਭ ਤੋਂ ਪਹਿਲਾਂ ਆਪਣੀ ਆਮਦਨ ਦੇ ਅਨੁਸਾਰ ਘਰ ਦਾ ਬਜਟ ਬਣਾਓ। ਬਜਟ ਬਣਾਉਂਦੇ ਸਮੇਂ ਸਾਰੇ ਖਰਚੇ ਲਿਖ ਲੈਣ ਦੇ ਬਾਵਜੂਦ ਧਿਆਨ ਰੱਖੋ ਕਿ ਕੁਝ ਖਰਚੇ ਅਚਾਨਕ ਆ ਪੈਂਦੇ ਹਨ, ਜਿਵੇਂ ਪਰਿਵਾਰ ਵਿਚ ਕਿਸੇ ਦਾ ਵਿਆਹ, ਕਿਸੇ ਦਾ ਜਨਮ ਦਿਨ ਆਦਿ। ਇਸ ਲਈ ਬਜਟ ਵਿਚ ਇਨ੍ਹਾਂ ਖਰਚਿਆਂ ਨੂੰ ਮੰਨ ਕੇ ਕੁਝ ਰਕਮ ਅਲੱਗ ਰੱਖੋ। ਬਜਟ ਬਣਾ ਲੈਣਾ ਹੀ ਕਾਫੀ ਨਹੀਂ, ਉਸ ਦਾ ਸਖ਼ਤੀ ਨਾਲ ਪਾਲਣ ਕਰਨਾ ਵੀ ਜ਼ਰੂਰੀ ਹੈ।
  • – ਜੇ ਤੁਹਾਡਾ ਪਰਿਵਾਰ ਸੰਯੁਕਤ ਪਰਿਵਾਰ ਹੈ ਤਾਂ ਸਬਜ਼ੀਆਂ ਜਿਵੇਂ ਆਲੂ, ਪਿਆਜ਼ ਜ਼ਿਆਦਾ ਮਾਤਰਾ ਵਿਚ ਸਬਜ਼ੀ ਮੰਡੀ ਤੋਂ ਖਰੀਦ ਲਓ, ਕਿਉਂਕਿ ਉਥੋਂ ਇਹ ਸਸਤੀ ਮਿਲਦੀ ਹੈ।
  • – ਘਰ ਦਾ ਸਾਮਾਨ ਜਿਵੇਂ ਦਾਲਾਂ, ਸਾਬਣ, ਚੀਨੀ ਆਦਿ ਮਹੀਨੇ ਦੇ ਸ਼ੁਰੂ ਵਿਚ ਇਕੱਠੇ ਹੀ ਖਰੀਦ ਲਏ ਜਾਂਦੇ ਹਨ। ਇਨ੍ਹਾਂ ਨੂੰ ਖਰੀਦਦੇ ਸਮੇਂ ਧਿਆਨ ਰੱਖੋ ਕਿ ਜਿੰਨੀ ਜ਼ਰੂਰਤ ਹੈ, ਓਨਾ ਹੀ ਖਰੀਦੋ। ਕਈ ਵਾਰ ਜ਼ਿਆਦਾ ਚੀਜ਼ ਹੋਣ ‘ਤੇ ਉਸ ਦੀ ਵਰਤੋਂ ਵੀ ਜ਼ਿਆਦਾ ਕੀਤੀ ਜਾਂਦੀ ਹੈ।
  • – ਅੱਜਕਲ੍ਹ ਜਿਥੇ ਦੇਖੋ, ਸੇਲ ਲੱਗੀ ਹੋਈ ਮਿਲਦੀ ਹੈ ਅਤੇ ਔਰਤਾਂ ਸਸਤੇ ਹੋਣ ਦੇ ਲਾਲਚ ਵਿਚ ਉਨ੍ਹਾਂ ਚੀਜ਼ਾਂ ਨੂੰ ਵੀ ਖਰੀਦ ਲੈਂਦੀਆਂ ਹਨ, ਜਿਨ੍ਹਾਂ ਦੀ ਉਨ੍ਹਾਂ ਨੂੰ ਜ਼ਰੂਰਤ ਨਹੀਂ ਹੁੰਦੀ। ਬਾਅਦ ਵਿਚ ਘਰ ਦਾ ਬਜਟ ਡਾਵਾਂਡੋਲ ਹੋ ਜਾਂਦਾ ਹੈ।
  • – ਬਿਜਲੀ ਦੇ ਜ਼ਿਆਦਾ ਬਿੱਲਾਂ ਤੋਂ ਬਚਣ ਲਈ ਬਿਜਲੀ ਦੀ ਵਰਤੋਂ ਧਿਆਨ ਨਾਲ ਕਰੋ। ਬਿਨਾਂ ਵਜ੍ਹਾ ਜਗ ਰਹੀਆਂ ਟਿਊਬ ਲਾਈਟਾਂ, ਬਲਬ, ਪੱਖੇ ਤੁਹਾਡੇ ਬਿੱਲ ਦੀ ਰਕਮ ਨੂੰ ਵਧਾ ਦੇਣਗੇ।
  • – ਫੋਨ ਦੀ ਵਰਤੋਂ ਕਰਦੇ ਸਮੇਂ ਲੰਬੀਆਂ-ਚੌੜੀਆਂ ਗੱਲਾਂ ਨਾ ਕਰੋ। ਕਈ ਔਰਤਾਂ ਫੋਨ ‘ਤੇ ਗੱਪਾਂ ਮਾਰਨੀਆਂ ਸ਼ੁਰੂ ਕਰ ਦਿੰਦੀਆਂ ਹਨ ਤਾਂ ਉਨ੍ਹਾਂ ਨੂੰ ਸਮੇਂ ਦਾ ਖਿਆਲ ਹੀ ਨਹੀਂ ਰਹਿੰਦਾ ਪਰ ਬਾਅਦ ਵਿਚ ਫੋਨ ਦਾ ਬਿੱਲ ਉਨ੍ਹਾਂ ਦੇ ਹੋਸ਼ ਉਡਾ ਦਿੰਦਾ ਹੈ, ਇਸ ਲਈ ਫੋਨ ‘ਤੇ ਲੰਬੀਆਂ ਗੱਲਾਂ ਨਾ ਕਰੋ।
  • – ਸੋਨੇ ਵਿਚ ਨਿਵੇਸ਼ ਕਰਨ ਦੀ ਬਜਾਏ ਪੈਸੇ ਬੈਂਕ ਵਿਚ ਜਾਂ ਪੋਸਟ ਆਫਿਸ ਵਿਚ ਜਮ੍ਹਾਂ ਕਰੋ। ਸਰਕਾਰ ਅਤੇ ਬੈਂਕ ਨਿਵੇਸ਼ਕਾਂ ਲਈ ਕਈ ਆਕਰਸ਼ਕ ਯੋਜਨਾਵਾਂ ਕੱਢਦੇ ਰਹਿੰਦੇ ਹਨ। ਉਨ੍ਹਾਂ ਦੀ ਜਾਣਕਾਰੀ ਰੱਖੋ ਅਤੇ ਉਨ੍ਹਾਂ ਵਿਚ ਸੋਚ-ਸਮਝ ਕੇ ਨਿਵੇਸ਼ ਕਰੋ।
  • – ਹਰ ਮਹੀਨੇ ਬੱਚਿਆਂ ਦੇ ਖਾਤੇ ਵਿਚ ਕੁਝ ਰੁਪਏ ਜੋੜਨ ਦਾ ਇਰਾਦਾ ਬਣਾ ਲਓ। ਇਸ ਨਾਲ ਥੋੜ੍ਹਾ-ਥੋੜ੍ਹਾ ਕਰਕੇ ਪੈਸਾ ਜੁੜੇਗਾ ਅਤੇ ਬੱਚਿਆਂ ਦੇ ਭਵਿੱਖ ਲਈ ਕੰਮ ਆਵੇਗਾ।

-ਸੋਨੀ ਮਲਹੋਤਰਾ