ਬਸੰਤ ਫੌਰਨ ਐਕਸਚੇਂਨਜ਼ ਦੇ ਬੈਨਰ ਹੇਠ ਬਣੀ  ਫਿਲਮ ‘ਆਟੇ ਦੀ ਚਿੜੀ’ ਅਕਤੂਬਰ ‘ਚ ਹੋਵੇਗੀ ਰਿਲਿਜ਼

ਬਸੰਤ ਫੌਰਨ ਐਕਸਚੇਂਨਜ਼ ਦੇ ਬੈਨਰ ਹੇਠ ਬਣੀ  ਫਿਲਮ ‘ਆਟੇ ਦੀ ਚਿੜੀ’
ਅਕਤੂਬਰ ‘ਚ ਹੋਵੇਗੀ ਰਿਲਿਜ਼ 

ਸਰ੍ਹੀ : ਕਮਿਊਨਿਟੀ ਦੇ ਜਾਣੇ-ਪਛਾਣੀ ਸਖਸ਼ੀਅਤ ਬਖਸ਼ੀਸ਼ ਸਿੰਘ ਸਿੱਧੂ ਜ਼ੀਰਾ (ਬਸੰਤ ਫੌਰਨ ਐਕਸਚੇਂਨਜ਼ ਵਾਲੇ) ਵਲੋਂ ਬਣਾਈ ਗਈ ਨਵੀਂ ਪੰਜਾਬੀ ਫਿਲਮ ਜਦਲ ਰਿਲਿਜ਼ ਕੀਤੀ ਜਾਵੇਗੀ।  ਬਖਸ਼ੀਸ਼ ਸਿੰਘ ਸਿੱਧੂ ਜ਼ੀਰਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਫਿਲਮ 19 ਅਕਤੂਬਰ ਨੂੰ ਪੂਰੀ ਟੀਮ ਵਲੋਂ ਰਿਲਿਜ਼ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਇਹ ਹਮੇਸ਼ਾ ਕਿਹਾ ਜਾਂਦਾ ਹੈ ਕਿ ਕਿਸੇ ਵੀ ਫਿਲਮ ਦੇ ਹਿੱਟ ਹੋਣ ਲਈ ਸਭ ਤੋਂ ਜ਼ਰੂਰੀ ਹੈ ਉਸ ਦੀ ਕਹਾਣੀ ਅਤੇ ਸਕ੍ਰਿਪਟ ਪਰ ਜਦੋਂ ਪਾਲੀਵੁੱਡ ਦੀ ਸਭ ਤੋਂ ਵੱਡੀ ਸੁਪਰਸਟਾਰ ਨੀਰੂ ਬਾਜਵਾ ਅਤੇ ਹਿੱਟ ਗੀਤਾਂ ਦੇ ਬਾਦਸ਼ਾਹ ਅੰਮ੍ਰਿਤ ਮਾਨ ਇਕੱਠੇ ਆਉਣ ਤਾਂ ਕਿਸੇ ਵੀ ਫਿਲਮ ਦੇ ਬਲਾਕਬਸਟਰ ਹੋਣ ਦੀ ਇਸ ਤੋਂ ਵੱਡੀ ਗਾਰੰਟੀ ਨਹੀਂ ਹੋ ਸਕਦੀ। ਇੰਡਸਟਰੀ ਦਾ ਇਹ ਨਵਾਂ ਜੋੜਾ ਇਸ ਸਾਲ ਦੀ ਸਭ ਤੋਂ ਵੱਡੀ ਬਲਾਕਬਸਟਰ ਫਿਲਮ ‘ਆਟੇ ਦੀ ਚਿੜੀ’ ਲੈ ਕੇ ਤਿਆਰ ਹੈ, ਜੋ 19 ਅਕਤੂਬਰ ਨੂੰ ਪੂਰੀ ਦੁਨੀਆ ‘ਚ ਰਿਲੀਜ਼ ਹੋਵੇਗੀ। ਨੀਰੂ ਬਾਜਵਾ ਤੇ ਅੰਮ੍ਰਿਤ ਮਾਨ ਇਸ ਫਿਲਮ ਵਿਚ ਮੁੱਖ ਭੂਮਿਕਾ ਨਿਭਾਉਣਗੇ। ਇਨ੍ਹਾਂ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਸਰਦਾਰ ਸੋਹੀ, ਨਿਰਮਲ ਰਿਸ਼ੀ, ਗੁਰਪ੍ਰੀਤ ਭੰਗੂ, ਅਨਮੋਲ ਵਰਮਾ, ਨਿਸ਼ਾ ਬਾਨੋ ਤੇ ਹਾਰਬੀ ਸੰਘਾ ਖਾਸ ਕਿਰਦਾਰ ਨਿਭਾਉਣਗੇ। ‘ਆਟੇ ਦੀ ਚਿੜੀ’ ਨੂੰ ਡਾਇਰੈਕਟ ਕੀਤਾ ਹੈ ‘ਰੱਬ ਦਾ ਰੇਡੀਓ’ ਅਤੇ ‘ਸਰਦਾਰ ਮੁਹੰਮਦ’ ਜਿਹੀਆਂ ਫ਼ਿਲਮਾਂ ਨਾਲ ਪ੍ਰਸਿੱਧੀ ਪਾ ਚੁੱਕੇ ਹੈਰੀ ਭੱਟੀ ਨੇ। ਇਸ ਪ੍ਰਾਜੈਕਟ ਨੂੰ ਪ੍ਰੋਡਿਊਸ ਕੀਤਾ ਹੈ ਤੇਗ ਪ੍ਰੋਡਕਸ਼ਨਸ ਅਤੇ ਚਰਨਜੀਤ ਸਿੰਘ ਵਾਲੀਆ ਨੇ। ਜਿਸ ਤਰ੍ਹਾਂ ਇਹ ਫਿਲਮ ਅਜੇ ਰਿਲੀਜ਼ ਵੀ ਨਹੀਂ ਹੋਈ, ਇਕ ਚੀਜ਼ ਜੋ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ ਉਹ ਹੈ ਇਸ ਫਿਲਮ ਦੇ ਮੁੱਖ ਸਿਤਾਰਿਆਂ ਦੀ ਕੈਮਿਸਟ੍ਰੀ। ਅੰਮ੍ਰਿਤ ਮਾਨ ਤੇ ਨੀਰੂ ਬਾਜਵਾ ਦੋਵੇਂ ਇਕੱਠੇ ਬਹੁਤ ਹੀ ਵਧੀਆ ਲੱਗ ਰਹੇ ਹਨ। ਇਸ ਬਾਰੇ ਨੀਰੂ ਬਾਜਵਾ ਨੇ ਕਿਹਾ ਕਿ ਸਾਰੇ ਸੈੱਟ ਦਾ ਮਾਹੌਲ ਬਹੁਤ ਹੀ ਮਿਲਣਸਾਰ ਅਤੇ ਘਰੇਲੂ ਸੀ, ਸਾਨੂੰ ਇਸ ਤਰ੍ਹਾਂ ਲੱਗਾ ਹੀ ਨਹੀਂ ਕਿ ਅਸੀਂ ਕੰਮ ਕਰ ਰਹੇ ਹਾਂ। ਮੈਂ ਤੇ ਅੰਮ੍ਰਿਤ ਪਹਿਲਾਂ ਹੀ ‘ਲੌਂਗ ਲਾਚੀ’ ਫਿਲਮ ਦੇ ਇਕ ਗਾਣੇ ਵਿਚ ਕੰਮ ਕਰ ਚੁੱਕੇ ਹਾਂ। ਅੰਮ੍ਰਿਤ ਮਾਨ ਨੇ ਕਿਹਾ ਕਿ ਜਿਵੇਂ ਇਹ ਮੇਰੀ ਲੀਡ ਦੇ ਰੂਪ ਵਿਚ ਪਹਿਲੀ ਫਿਲਮ ਹੈ ਤਾਂ ਮੈਂ ਬਹੁਤ ਹੀ ਡਰਿਆ ਹੋਇਆ ਸੀ ਪਰ ਸੈੱਟ ‘ਤੇ ਹਰ ਕੋਈ ਇੰਨਾ ਜ਼ਿਆਦਾ ਸਹਿਯੋਗੀ ਸੀ ਕਿ ਮੈਂ ਆਪਣੇ-ਆਪ ਨੂੰ ਖੁਸ਼ਕਿਸਮਤ ਸਮਝ ਰਿਹਾ ਹਾਂ ਕਿ ਮੈਂ ਇਸ ਪ੍ਰਾਜੈਕਟ ਦਾ ਹਿੱਸਾ ਬਣ ਸਕਿਆ। ਫਿਲਮ ਦੇ ਪ੍ਰੋਡਊਸਰ ਚਰਨਜੀਤ ਸਿੰਘ ਵਾਲੀਆ ਦਾ ਕਹਿਣਾ ਹੈ ਕਿ ਸ਼ੂਟਿੰਗ ਤੋਂ ਪਹਿਲਾਂ ਅਸੀਂ ਕਾਸਟ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਦੁਚਿੱਤੀ ਵਿਚ ਸੀ ਕਿ ਕੌਣ ਕਿਹੜਾ ਕਿਰਦਾਰ ਨਿਭਾਏਗਾ ਪਰ ਜਦੋਂ ਅਸੀਂ ਅਖੀਰ ‘ਚ ਫੈਸਲਾ ਲੈ ਲਿਆ, ਹੁਣ ਸਾਨੂੰ ਇਸ ਚੀਜ਼ ਦਾ ਪੂਰਾ ਵਿਸ਼ਵਾਸ ਹੈ ਕਿ ਕੋਈ ਵੀ ਇਨ੍ਹਾਂ ਕਿਰਦਾਰਾਂ ਨੂੰ ਨੀਰੂ ਬਾਜਵਾ ਜਾਂ ਅੰਮ੍ਰਿਤ ਮਾਨ ਨਾਲੋਂ ਵਧੀਆ ਨਹੀਂ ਨਿਭਾ ਸਕਦਾ ਸੀ।