ਮਾਪਦੰਡ

ਮਾਪਦੰਡ

ਅਜੇ ਪੂਰਾ ਦਿਨ ਵੀ ਨਹੀਂ ਸੀ ਚੜ੍ਹਿਆ ਕਿ ਦੂਰ ਦੇ ਰਿਸ਼ਤੇਦਾਰ ਦਾ ਫੋਨ ਆ ਗਿਆ, ਮਨ ਇੱਕ ਅਣਜਾਣੇ ਡਰ ਕਾਰਨ ਬੈਠ ਗਿਆ । ਆਮ ਤੌਰ ਤੇ ਅਜਿਹੇ ਰਿਸ਼ਤੇਦਾਰ ਉਦੋਂ ਹੀ ਫੋਨ ਕਰਦੇ ਹਨ ਜਦੋਂ ਕੋਈ ਸ਼ਹਿਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਹੋਵੇ ਜਾਂ ਫਿਰ ਕਿਸੇ ਦੀ ਮੌਤ ਦੀ ਖ਼ਬਰ..ਖੈਰ ਰਸਮੀ ਹਾਲ ਚਾਲ ਪੁੱਛਣ ਮਗਰੋਂ ਉਸ ਨੇ ਆਪਣਾ ਮਕਸਦ ਦੱਸਿਆ, ”ਬਾਈ ਜੀ ਕੀ ਦੱਸਾਂ, ਤੁਹਾਡਾ ਭਤੀਜਾ ਬਹੁਤ ਵਿਗੜ ਗਿਆ ਹੈ..ਆਸੇ ਪਾਸੇ ਮੂੰਹ ਮਾਰਨ ਲੱਗਾ ਹੈ..ਨਿੱਤ ਉਲਾਂਭੇ ਆਉਂਦੇ ਆ.. ਇੱਕ ਵਾਰੀ ਤਾਂ ਥਾਣੇ ਤੱਕ ਵੀ ਗੱਲ ਪਹੁੰਚ ਗਈ ਸੀ..ਸੋਚਿਆ ਨੱਥ ਦੇਈਏ..ਨੇੜਿਓਂ ਕੋਈ ਚੰਗਾ ਰਿਸ਼ਤਾ ਸਿਰੇ ਨਹੀਂ ਚੜ੍ਹਿਆ.. ਤੁਹਾਡੇ ਇਧਰੋਂ ਦੱਸ ਪਈ ਸੀ.. ਕੁੜੀ ਹੈ ਤਾਂ ਗਰੀਬ ਘਰੋਂ ਪਰ ਪੜ੍ਹੀ ਲਿਖੀ ਤੇ ਸੋਹਣੀ ਸੁਣੱਖੀ ਆ..ਬਸ ਉਹ ਹੀ ਪੜਤਾਲ ਕਰਨੀ ਸੀ..ਤੁਸੀਂ ਉੱਥੇ ਹੀ ਪੜਾਉਂਦੇ ਹੋ,ਉਸ ਬਾਰੇ ਪਤਾ ਕਰਨਾ ਸੀ..ਮਾੜੀ ਜਿਹੀ ਖੇਚਲ ਕਰਿਓ।”ਜਿਹੜਾ ਉਸ ਨੇ ਕੁੜੀ ਤੇ ਉਸ ਦੇ ਬਾਪ ਦਾ ਨਾਂਅ ਦੱਸਿਆ ਤਾਂ ਮੈਨੂੰ ਸਭ ਕੁੱਝ ਯਾਦ ਆ ਗਿਆ।ਅਸਲ ਵਿੱਚ ਮਨਪ੍ਰੀਤ ਅਜੇ ਪਿਛਲੇ ਸਾਲ ਹੀ ਬਾਰਵੀਂ ਕਰ ਕੇ ਗਈ ਸੀ।ਉਸ ਦੇ ਮਾਪੇ ਕਾਫੀ ਗਰੀਬ ਸਨ।ਮੈਂ ਹੀ ਖਿੱਚ ਧੂਹ ਕਰ, ਕੋਲੋਂ ਫੀਸ ਭਰ ਉਸ ਨੂੰ ਇੱਥੋਂ ਤੱਕ ਲਿਆਇਆ ਸੀ, ਪਿਉ ਤਾਂ ਕਾਫੀ ਪਹਿਲਾਂ ਹੀ ਉਸ ਨੂੰ ਹਟਾਉਣ ਨੂੰ ਫਿਰਦਾ ਸੀ।ਮਨਪ੍ਰੀਤ ਵਾਕਿਆ ਹੀ ਬਹੁਤ ਖੂਬਸੂਰਤ, ਹੁਸ਼ਿਆਰ ਅਤੇ ਸਿਆਣੀ ਕੁੜੀ ਸੀ।ਗਰੀਬੀ ਨੇ ਉਸ ਦੀਆਂ ਸੱਧਰਾਂ ਮਿੱਟੀ ਚ’ ਰੋਲ੍ਹ ਦਿੱਤੀਆਂ ਸਨ।”ਹਾਂ..ਹਾਂ..ਮੈਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ, ਬਹੁਤ ਵਧੀਆ ਪਰਿਵਾਰ ਹੈ,ਕੁੜੀ
ਵੀ ਸਿਆਣੀ ਤੇ ਸਾਊ ਏ, ਬੇਫਿਕਰ ਹੋਕੇ ਰਿਸ਼ਤਾ ਲੈ ਲਓ..।”ਮੈਂ ਆਪਣੇ ਵੱਲੋਂ ਤਸੱਲੀ ਦਿੰਦਿਆਂ ਕਿਹਾ।”ਉਹ ਤਾਂ ਠੀਕ ਹੈ ਬਾਈ ਜੀ, ਤੇਰੀ ਭਰਜਾਈ ਕਹਿੰਦੀ ਸੀ ਕੁੜੀ ਹੱਸਦੀ ਬਹੁਤ ਹੈ..ਇਸੇ ਸ਼ੱਕ ਜਿਹੇ ਕਾਰਨ ਉਸ ਬਾਰੇ ਪਤਾ ਕਰਨਾ ਸੀ..ਚੰਗਾ..ਵੇਖਦੇ ਆਂ ਫਿਰ। ”ਕਹਿਕੇ ਉਸ ਨੇ ਫੋਨ ਕੱਟ ਦਿੱਤਾ। ਮੁੰਡੇ ਅਤੇ ਕੁੜੀ ਦੇ ਚਰਿੱਤਰ ਸਬੰਧੀ ਉਨ੍ਹਾਂ ਦੇ ਮਾਪਦੰਡ ਨੇ ਮੈਨੂੰ ਸੋਚਾਂ ਵਿੱਚ ਪਾ ਦਿੱਤਾ ਸੀ।

ਗੁਰਮੀਤ ਸਿੰਘ ਮਰਾੜ੍ਹ,  9501400397