ਸ਼ਹੀਦੀ ਲਹੂ

ਸ਼ਹੀਦੀ ਲਹੂ

ਨਵੇਂ ਜੁਗ ਵਿਚ ਕਰਾਵੇ ਯਾਦ
ਜਬਰ ਪਿਛਲੇ ਜ਼ਮਾਨੇ ਦੇ ।
ਜਹਾਂਗੀਰੀ ਤੇ ਬਰਤਾਨੀ,
ਡੰਡੇ ਤੇ ਜੇਹਲ ਖਾਨੇ ਦੇ ।
ਆਜ਼ਾਦੀ ਦੇ ਦੀਵੇ ਦਾ ਤੇਲ
ਬਣ ਕੇ ਜਗ-ਮਗਾ ਜਾਵੇ,
ਓਹ ਰਾਵੀ ਦੇ ਕਿਨਾਰੇ ਤੇ
ਡੁਲ੍ਹਣ ਵਾਲਾ ਸ਼ਹੀਦੀ ਲਹੂ ।

ਸੁਨਹਿਰੀ ਮੰਦਰਾਂ, ਚਿੱਟੀਆਂ
ਸਮਾਧਾਂ, ਲੋਭ ਲਾਲਾਂ ਦੇ,
ਹੁਨਰ ਤੇ ਕਾਰਾਗਰੀਆਂ
ਰਾਜਨੀਤਕ ਛਲਾਂ ਜਾਲਾਂ ਦੇ ।
ਪੁਜਾਰੀ ਰਾਜ ਗੱਦੀਆਂ ਦੇ,
ਵਪਾਰੀ ਧਰਮ ਸ਼ਰਮਾਂ ਦੇ ।
ਭੁਲਾਵੇ ਹਾਰੇ ਪਾ ਪਾ
ਨਹੀਂ, ਭੁਲਣ ਵਾਲਾ ਸ਼ਹੀਦੀ ਲਹੂ ।

ਤਵੇ, ਦੇਗੇ ਕਈ ਤਪਦੇ
ਦਿਸਣ ਜਾਗੀਰਦਾਰੀ ਦੇ ।
ਨਵੇਂ ਤਕ ਕੇ ਘਲੂ-ਘਾਰੇ
ਰਚਾਏ ਪੂੰਜੀਦਾਰੀ ਦੇ ।
ਪਿਆ ਦੇਵੇ ਜਗਾਵੇ ਤੇ
ਇਸ਼ਾਰੇ ਇਨਕਲਾਬਾਂ ਦੇ,
ਮੇਰੇ ਮਨ ਮੰਦਰ ਵਿਚ ਦੀਵਾ,
ਬਲਣ ਵਾਲਾ ਸ਼ਹੀਦੀ ਲਹੂ ।

ਇਹ ਜਨਤਾ ਦੀ ਵਰਾਸਤ ਹੈ,
ਇਹ ਜਨਤਾ ਦੀ ਕਮਾਈ ਹੈ,
ਧੱਕੇ ਦੇ ਨਾਲ ਜਿਸ ਤੇ
ਮਾਲਕੀ ਧਨ ਨੇ ਜਮਾਈ ਹੈ ।
ਜਿਦ੍ਹੀ ਲਾਲੀ ਬਣੀ ਧੜਕਣ
ਹੈ ਜਨਤਾ ਦੇ ਦਿਲਾਂ ਦੀ ਅਜ,
ਨਹੀਂ ਸੋਨੇ ਤੇ ਚਾਂਦੀ ਸੰਗ
ਤੁਲਣ ਵਾਲਾ ਸ਼ਹੀਦੀ ਲਹੂ ।

ਗਿਆ ਹੋ ਜਰਜਰਾ ਬੋਦਾ
ਸਮਾਜ ਇਹ ਨਫੇ-ਬਾਜ਼ੀ ਦਾ ।
ਮੁਕਾ ਜੁਗ ਲੋਭ ਲਹਿਰਾਂ ਦਾ,
ਗ਼ੁਲਾਮੀ ਦਾ, ਮੁਥਾਜੀ ਦਾ ।
ਜੜ੍ਹੋਂ ਪੁਟ ਕੇ ਪੁਰਾਣਾ ਬਿਰਖ
ਸਾਗਰ ਵਿਚ ਡੁਬੋਵਣ ਨੂੰ,
ਝਖੜ ਜਨਤਾ ਦਾ ਬਣ ਕੇ ਹੈ
ਝੁਲਣ ਵਾਲਾ ਸ਼ਹੀਦੀ ਲਹੂ ।

-‘ਹੀਰਾ ਸਿੰਘ ਦਰਦ’