ਗ਼ਜ਼ਲ

ਗ਼ਜ਼ਲ 

ਉਮਰ ਗੁਜ਼ਾਰੀ ਜਿੰਨ੍ਹਾਂ ਸਾਰੀ ਵਤਨ ਮੇਰਾ ਬਰਬਾਦ ਕਰਦਿਆਂ।
ਝਿਜਕ ਕਿਉਂ ਨਹੀਂ ਮੰਨਦੇ ਸਾਰੇ ਭਗਤ ਸਰਾਭੇ ਯਾਦ ਕਰਦਿਆਂ।

ਹੱਕ ਸੱਚ ਤੇ ਇਨਸਾਫ਼ ਦਾ ਨਕਸ਼ਾ ਵਾਹਿਆ ਜਿਹੜਾ ਸੂਰਮਿਆਂ ਸੀ,
ਠੇਕੇਦਾਰਾਂ ਬਦਲ ਲਿਆ ਹੈ, ਬੇਗ਼ਮਪੁਰਾ ਆਬਾਦ ਕਰਦਿਆਂ।

ਆਪੇ ਹੀ ਬਣ ਬੈਠੇ ਬਾਪੂ, ਤਾਏ ਚਾਚੇ, ਹੋਰ ਬੜਾ ਕੁਝ,
ਕੁੜਮ ਕਬੀਲਾ ਜਾਣ ਵਧਾਈ, ਖ਼ੁਦ ਨੂੰ ਜ਼ਿੰਦਾਬਾਦ ਕਰਦਿਆਂ।

ਚਿੱਟਾ ਭਾਵੇਂ ਨੀਲਾ ਪੀਲਾ, ਜ਼ਹਿਰੀਲਾ ਹੈ ਵਿਸ਼ੀਅਰ ਲਾਣਾ,
ਸੂਹੇ ਖ਼ੂਨ ਚ ਰਲੀ ਸਫ਼ੈਦੀ, ਝਿਜਕਾਂ, ਮੁਰਦਾਬਾਦ ਕਰਦਿਆਂ।

ਪੱਥਰ ਚਿੱਤ ਭਗਵਾਨ ਕਦੇ ਨਾ ਪੜ੍ਹਦਾ ਜੀ ਦਰਦਾਂ ਦੀ ਬੋਲੀ,
ਉਮਰ ਗੰਵਾਈ ਫਿਰ ਕਿਉਂ ਆਪਾਂ ਹੁਣ ਤੀਕਰ ਧੰਨਵਾਦ ਕਰਦਿਆਂ।

ਕੱਚੇ ਕੋਠੀਂ ਸੱਖਣੇ ਪੀਪੇ,ਬਿਨਾ ਇਲਾਜੋਂ ਖ਼ਾਲੀ ਖੀਸੇ,
ਮੁੱਕ ਚੱਲੇ ਨੇ ਅੱਥਰੂ ਅੱਖੀਉਂ, ਰੋ ਰੋ ਕੇ ਫ਼ਰਿਆਦ ਕਰਦਿਆਂ।

ਕਵਿਤਾ, ਗ਼ਜ਼ਲਾਂ, ਗੀਤ, ਰੁਬਾਈਆਂ ਲਿਖਦਾ ਹਾਂ ਮੈਂ ਲੋਕਾਂ ਭਾਣੇ,
ਮੈਂ ਤਾਂ ਉਮਰ ਲੰਘਾਈ ਸਾਰੀ ਦਰਦਾਂ ਦਾ ਅਨੁਵਾਦ ਕਰਦਿਆਂ।

ਗੁਰਭਜਨ ਸਿੰਘ ਗਿੱਲ
98726 31199