ਕਰਤੂਤੀ ਨਾਂਅ

ਕਰਤੂਤੀ ਨਾਂਅ 

(ਵਿਅੰਗ)
– ਪਿੰਡ ਦੀ ਸੱਥ ਵਿੱਚੋਂ

ਜਿਉਂ ਹੀ ਖਾਰੀ ਵਾਲੇ ਨੇ ਸਾਇਕਲ ਤੋਂ ਉੱਤਰਦਿਆਂ ਸੱਥ ਕੋਲ ਆ ਕੇ ਆਲੂ, ਗੰਢੇ ,ਕੱਦੂ, ਟਿੰਡੋਂ ਆਦਿ ਦਾ ਹੋਕਾ ਦਿੱਤਾ ਤਾਂ ਸੱਥ ‘ਚ ਬੈਠੇ ਸੀਤੇ ਮਰਾਸੀ ਨੇ ਉਸ ਨੂੰ ਉੱਚੀ ਆਵਾਜ਼ ਮਾਰ ਕੇ ਪੁੱਛਿਆ, ”ਹੋਰ ਕੀ ਕੁਸ ਐ ਬਈ ਤੇਰੇ ਕੋਲੇ?”
ਬਾਬੇ ਬਿਸ਼ਨ ਸਿਉਂ ਨੇ ਮਰਾਸੀ ਨੂੰ ਪੁੱਛਿਆ, ”ਤੈਨੂੰ ਕੀ ਚਾਹੀਦੈ। ਜਿਹੜਾ ਕੁਸ ਓਹਦੇ ਕੋਲੇ ਐ ਓਹਨੇ ਹੋਕਾ ਦੇ ‘ਤਾ। ਤੂੰ ਦੱਸ ਕੀ ਲੈਣਾ?”
ਨੰਦ ਬਾਜੀਗਰ ਟਿੱਚਰ ‘ਚ ਬੋਲਿਆ, ”ਜਿਹੜਾ ਕੁਸ ਇਹਨੂੰ ਚਾਹੀਦਾ, ਉਹ ਤਾਂ ਇਹਦੇ ਕੋਲੇ ਹੈਈ ਨ੍ਹੀ।”
ਨਾਥਾ ਅਮਲੀ ਸੀਤੇ ਮਰਾਸੀ ਦੇ ਪੁੱਛ ਪਛਈਏ ਤੋਂ ਖਿਝ ਕੇ ਮਰਾਸੀ ਨੂੰ ਕਹਿੰਦਾ, ”ਤੇਰੀ ਤਾਂ ਮੀਰ ਉਹ ਗੱਲ ਐ, ਜਿਮੇਂ ਕਿਸੇ ਨੇ ਕਿਹਾ ਸੀ ਅਕੇ ‘ਹੱਥ ਨਾ ਪੱਲੇ ਬਜਾਰ ਖੜ੍ਹੀ ਹੱਲੇ’। ਪੱਲੇ ਤਾਂ ਤੇਰੇ ਡੱਬਰੀ ਪੈਸਾ ਮਨ੍ਹੀ, ਸੌਦਾ ਤੂੰ ਲੈਣ ਨੂੰ ਫਿਰਦੈਂ ਵਿਆਹ ਦਾ। ਐਮੇਂ ਨਾ ਹਰੇਕ ਨੂੰ ਈਂ ਖੜ੍ਹਾਅ ਲਿਆ ਕਰ। ਤੂੰ ਆਪ ਤਾਂ ਕੁਸ ਲੈਣਾ ਦੇਣਾ ਨ੍ਹੀ ਹੁੰਦਾ ਅਗਲੇ ਦੀ ਤੂੰ ਦਿਹਾੜੀ ਮਰਵਾ ਦਿੰਨੈਂ।”
ਸੀਤਾ ਮਰਾਸੀ ਵੀ ਅਮਲੀ ਨੂੰ ਕਤਾੜ ਕੇ ਪੈ ਗਿਆ, ”ਮੈਂ ਤੈਨੂੰ ਪੁੱਛਿਆ ਓਏ ਬਿੰਗੜਾ ਜਿਆ। ਤੜਕੇ ਈ ਪੀ ਕੇ ਦਸ੍ਹੇਰ ਭੁੱਕੜ, ਆ ਕੇ ਸੱਥ ‘ਚ ਹਰੇਕ ‘ਤੇ ਈ ਤਵਾ ਧਰ ਕੇ ਬਹਿ ਜਾਨੈਂ। ਗੱਲ ਤਾਂ ਮੈਂ ਖਾਰੀ ਆਲੇ ਨਾਲ ਕਰਦਾਂ, ਤੂੰ ਐਮੇਂ ਈਂ ਡੱਡ ਆਂਗੂੰ ਨਾਸਾਂ ਫਲਾਈ ਜਾਨੈਂ।”
ਬੁੱਘਰ ਦਖਾਣ ਸੀਤੇ ਮਰਾਸੀ ਤੇ ਨਾਥੇ ਅਮਲੀ ਨੂੰ ਲੜਦਿਆਂ ਨੂੰ ਸੁਣ ਕੇ ਖਾਰੀ ਵਾਲੇ ਨੂੰ ਕਹਿੰਦਾ, ”ਤੂੰ ਤਾਂ ਮਿੱਤਰਾ ਹੁਣ ਜਾਂਦਾ ਰਹਿ। ਹੁਣ ਤਾਂ ਇੰਨ੍ਹਾਂ ਦੋਹਾਂ ਦੇ ਸਿੰਗ ਫਸ ਗੇ। ਆਥਣ ਤੱਕ ਇੰਨ੍ਹਾਂ ਦਾ ਈ ਮੈਚ ਚੱਲਣੈ। ਜਾਹ ਮੇਰਾ ਬਾਈ ਤੂੰ ਆਵਦਾ ਸੀਧਾ ਪੱਤਾ ਵੇਚ ਲੈ ਜਾ ਕੇ, ਇਨ੍ਹਾਂ ਦੀ ਤਾਂ ਹੁਣ ਦੀਵਾ ਜਗਣ ਤੱਕ ਘੈਂਸ ਘੈਂਸ ਈ ਹੋਈ ਜਾਣੀ ਐਂ।”
ਬੁੱਘਰ ਦਖਾਣ ਦੀ ਗੱਲ ਸੁਣ ਕੇ ਨਾਥੇ ਅਮਲੀ ਨੇ ਮਰਾਸੀ ਦਾ ਤਾਂ ਖਹਿੜਾ ਛੱਡ ਦਿੱਤਾ, ਪਰ ਬੁੱਘਰ ਦਖਾਣ ਨੂੰ ਅਮਲੀ ਨੇ ਉੱਠ ਕੇ ਇਉਂ ਢਾਹ ਲਿਆ ਜਿਵੇਂ ਮਲ੍ਹੱਪਾਂ ਵਾਲੀ ਦੁਆਈ ਦੇਣ ਵੇਲੇ ਕੱਟਾ ਢਾਹੀ ਦਾ ਹੁੰਦਾ। ਅਮਲੀ ਬੁੱਘਰ ਦਖਾਣ ਦੇ ਉੱਤੇ ਇਉਂ ਬਹਿ ਗਿਆ ਜਿਵੇਂ ਭਈਆ ਪੱਠਿਆਂ ਦੀ ਪੰਡ ‘ਤੇ ਬੈਠਾ ਹੁੰਦਾ। ਦੇ ਕੇ ਬੁੱਘਰ ਦੇ ਗਲ ‘ਚ ਹੱਥ ਅਮਲੀ ਕਹਿੰਦਾ, ”ਹੁਣ ਬੋਲ ਓਏ ਗੁੱਲੀ ਘੜਾ। ਸਾਲਾ ਨੰਬਰਦਾਰੀ ਦਾ ਨਾ ਹੋਵੇ ਤਾਂ।”
ਬੁੱਘਰ ਦਖਾਣ ਦੇ ਗਲ ‘ਤੇ ਹੱਥ ਧਰਿਆ ਵੇਖ ਕੇ ਮਾਹਲੇ ਨੰਬਰਦਾਰ, ਜੱਗੇ ਕਾਮਰੇਡ ਤੇ ਸੂਬੇਦਾਰ ਰਤਨ ਸਿਉਂ ਅਰਗਿਆਂ ਨੇ ਅਮਲੀ ਨੂੰ ਖਿੱਚ ਕੇ ਬੁੱਘਰ ਦੇ ਉੱਤੋਂ ਲਾਹਿਆ। ਬੁੱਘਰ ਦਖਾਣ ਤਾਂ ਉੱਠਕੇ ਘਰ ਨੂੰ ਚਲਿਆ ਗਿਆ ਤੇ ਅਮਲੀ ਸੱਥ ‘ਚ ਬੈਠਾ ਖਾਸਾ ਚਿਰ ਇਉਂ ਬੁੜ ਬੁੜ ਜੀ ਕਰੀ ਗਿਆ ਜਿਮੇਂ ਗਧੇ ਲੜਦੇ-ਲੜਦੇ ਗਡੋਡੂਆਂ ਦੇ ਵਿਆਹ ‘ਚ ਵੜਿਆਂ ਤੋਂ ਗਡੋਡਨੀਆਂ ਆਵਦੀ ਬੋਲੀ ‘ਚ ਰੌਲਾ ਪਾਉਂਦੀਆਂ ਹੋਣ।
ਏਨੇ ਚਿਰ ਨੂੰ ਬਸੰਤੇ ਬੁੜ੍ਹੇ ਕਾ ਬਿੱਕਰ ਪੁਲਸੀਆ ਸੱਥ ‘ਚ ਬੈਠੇ ਨਾਥੇ ਅਮਲੀ ਨੂੰ ਬੋਲੀ ਜਾਂਦੇ ਨੂੰ ਸੁਣ ਕੇ ਅਮਲੀ ਵੱਲ ਇਸ਼ਾਰਾ ਕਰਕੇ ਕਹਿੰਦਾ, ”ਅੱਜ ਨਾਥਾ ਸਿਉਂ ਕਿਮੇਂ ਘੁਰ-ਘੁਰ ਜੀ ਕਰੀ ਜਾਂਦਾ ਜਿਮੇਂ ਮੂਹਰੋਂ ਖਿੱਲਾਂ ਚੱਕੀਆਂ ਤੋਂ ਬਾਂਦਰੀ ਦੰਦੀਆਂ ਜੀਆਂ ਚੜਾਉਂਦੀ ਹੁੰਦੀ ਐ?”
ਪਹਿਲਾਂ ਸੀਤੇ ਮਰਾਸੀ ‘ਤੇ, ਫੇਰ ਬੁੱਘਰ ਦਖਾਣ ‘ਤੇ ਹਰਖਿਆ ਹੋਇਆ ਨਾਥਾ ਅਮਲੀ ਬਿੱਕਰ ਪੁਲਸੀਏ ਦੀ ਗੱਲ ਸੁਣ ਕੇ ਬਿੱਕਰ ਨੂੰ ਵੀ ਇਉਂ ਪੈ ਗਿਆ ਜਿਵੇਂ ਭੂਸਰੀ ਵੀ ਗਧੀ ਤੰਦੂਰ ਦੇ ਸੰਨ੍ਹ ‘ਚ ਫਸੇ ਘਮਿਆਰ ਨੂੰ ਟੀਟਣੇ ਮਾਰਨ ਪੈ ਗਈ ਹੋਵੇ। ਬਿੱਕਰ ਪੁਲਸੀਏ ਨੂੰ ਕਹਿੰਦਾ, ”ਬੈਠਾ ਰਹਿ ਓਏ ਲਟੈਰ ਸ਼ਪੌਹਟਿਆ ਤੂੰ ਵੀ, ਸਾਲਾ ਚੁਆਨੀ ਨਾ ਹੋਵੇ ਤਾਂ। ਤੈਨੂੰ ਕਿਸੇ ਨੇ ਬਲਾਇਆ ਓਏ।”
ਅਮਲੀ ਨੂੰ ਬਿੱਕਰ ਪੁਲਸੀਏ ‘ਤੇ ਖਿਝਿਆ ਵੇਖ ਕੇ ਬਾਬੇ ਬਿਸ਼ਨ ਸਿਉਂ ਨੇ ਬਿੱਕਰ ਨੂੰ ਤਾਂ ਸੱਥ ‘ਚੋਂ ਘਰ ਨੂੰ ਭੇਜ ਦਿੱਤਾ ਬਈ ਕਿਤੇ ਇਹ ਵੀ ਨਾ ਆਪਸ ਵਿੱਚ ਲੜ ਪੈਣ ਤੇ ਅਮਲੀ ਨੂੰ ਬਾਬਾ ਟਿੱਚਰ ‘ਚ ਕਹਿੰਦਾ, ”ਅਮਲੀ ਸਿਆਂ! ਜੇ ਗੁੱਸਾ ਨ੍ਹੀ ਕਰਦਾ ਤਾਂ ਮੈਂ ਕੋਈ ਗੱਲ ਕਹਾਂ?”
ਅਮਲੀ ਬਾਬੇ ਨੂੰ ਬੜੇ ਆਦਰ ਸਤਿਕਾਰ ਨਾਲ ਬੋਲਿਆ, ”ਕਰੋ ਬਾਬਾ ਜੀ ਜੋ ਗੱਲ ਕਰਨੀ ਐ।”
ਬਾਬਾ ਅਮਲੀ ਕਹਿੰਦਾ, ”ਪਹਿਲਾਂ ਤਾਂ ਤੂੰ ਇਉਂ ਦੱਸ ਬਈ ਅੱਜ ਕਿਮੇਂ ਮਾਈ ਰੇਲੂ ਆਂਗੂੰ ਹਰੇਕ ਨੂੰ ਚਾਰੇ ਚੱਕ ਕੇ ਪੈ ਨਿੱਕਲਦੈਂ। ਕਿਤੇ ਅਮਲ ਉਮਲ ਤਾਂ ਨ੍ਹੀ ਟੁੱਟਿਆ ਵਿਆ?”
ਅਮਲੀ ਬਾਬੇ ਦੀ ਗੱਲ ਸੁਣ ਕੇ ਬੋਲਿਆ, ”ਕਾਹਨੂੰ ਬਾਬਾ ਅਮਲ ਟੁੱਟਿਐ। ਮੈਨੂੰ ਤਾਂ ਅੱਜ ਇੰਨ੍ਹਾਂ ‘ਤੇ ਊਈਂ ਖਿਝ ਚੜ੍ਹੀ ਜਾਂਦੀ ਐ। ਕੰਮ ਦਾ ਇਨ੍ਹਾਂ ‘ਚੋਂ ਕੋਈ ਡੱਕਾ ਦੂਹਰਾ ਨ੍ਹੀ ਕਰਦਾ, ਗੱਲਾਂ ਭਾਮੇਂ ਦਿੱਲੀ ਦੱਖਣ ਦੀਆਂ ਸੁਣ ਲੋ। ਇੱਕ ਆਹ ਉੱਤੋਂ ਬਸੰਤੇ ਬੁੜ੍ਹੇ ਕਾ ਸਾਲਾ ਲਮਢੀਂਗ ਜਾ ਚੁਆਨੀ, ਹੋਰ ਈ ਬਤੌਲਾ ਬਤਾਉਂਦਾ। ਅਕੇ ਅੱਜ ਕਿਮੇਂ ਨਾਥਾ ਘੁਰ ਘੁਰ ਕਰਦੈ। ਲੈ ਦੱਸ! ਆਪ ਸਾਲਾ ਜਿਮੇਂ ਮੁੱਲ ਦਾ ਈ ਬੋਲਦਾ ਹੁੰਦੈ। ਐਮੇਂ ਤਾਂ ਨ੍ਹੀ ਪੁਲਸੀਆਂ ਨੇ ਇਹਦਾ ਨਾਂਅ ਚੁਆਨੀ ਧਰਿਆ।”
ਮਾਹਲੇ ਨੰਬਰਦਾਰ ਨੇ ਅਮਲੀ ਨੂੰ ਪੁੱਛਿਆ, ”ਅਮਲੀਆ ਇਹਨੂੰ ਚੁਆਨੀ ਕਿਉਂ ਕਹਿੰਦੇ ਐ ਓਏ?”
ਗੁੱਸੇ ‘ਚ ਆਇਆ ਅਮਲੀ ਬੋਲਿਆ, ”ਚੁਆਨੀ ਧੇਲੀ ਕੱਢ ਲੀ ਹੋਣੀ ਐਂ ਇਹਨੇ ਕਿਸੇ ਦੀ ਜੇਬ੍ਹ ‘ਚੋਂ। ਨਾਲ ਦਿਆਂ ਨੂੰ ਪਤਾ ਲੱਗ ਗਿਆ ਹੋਣਾ, ਉਨ੍ਹਾਂ ਨੇ ਇਹਦਾ ਨਾਂਅ ਈ ਬਿੱਕਰ ਚੁਆਨੀ ਧਰ ਲਿਆ। ਜਿੰਨਾਂ ਚਿਰ ਇਹ ਪੁਲਸ ‘ਚ ਰਿਹਾ ਇਹਨੂੰ ਸਾਰੇ ਬਿੱਕਰ ਚੁਆਨੀਉਂ ਈਂ ਕਹਿੰਦੇ ਰਹੇ ਐ। ਹੁਣ ਹੋ ਗਿਆ ਲਟੈਰ, ਹੁਣ ਲਹੀ ਐਂ ਇਹਦੇ ਪਿੱਛੋਂ ਚੁਆਨੀ ਆਲੀ ਪੂੰਛ। ਇਹਦੇ ਨਾਲ ਦੇ ਤਾਂ ਇਹਨੂੰ ਹੁਣ ਵੀ ਬਿੱਕਰ ਚੁਆਨੀ ਕਹਿ ਕੇ ਈ ਗੱਲ ਕਰਦੇ ਐ।”
ਬਾਬਾ ਬਿਸ਼ਨ ਸਿਉਂ ਕਹਿੰਦਾ, ”ਇਹ ਤਾਂ ਨ੍ਹੀ ਗੱਲ ਮੰਨਣ ਆਲੀ ਬਈ ਇਹਨੇ ਕਿਸੇ ਦੀ ਚੁਆਨੀ ਕੱਢ ਲੀ ਹੋਵੇ, ਗੱਲ ਤਾਂ ਕੋਈ ਹੋਰ ਹੋਊ।”
ਏਨੇ ਚਿਰ ਨੂੰ ਦੂਜੇ ਅਗਵਾੜ ਵਾਲੇ ਤਾਰਾ ਸਿਉਂ ਨੰਬਰਦਾਰ ਦਾ ਮੁੰਡਾ ਬਲਵੰਤ ਸਿਉਂ ਪੁਲਸ ‘ਚੋਂ ਛੋਟਾ ਥਾਣੇਦਾਰ ਰਿਟਾਇਰ ਹੋਇਆ ਜਿਉਂ ਹੀ ਸੱਥ ‘ਚ ਆ ਬੈਠਾ ਤਾਂ ਬਾਬੇ ਬਿਸ਼ਨ ਸਿਉਂ ਬਲਵੰਤ ਨੂੰ ਸੱਥ ‘ਚ ਬੈਠਦਿਆਂ ਹੀ ਪੁੱਛਿਆ, ”ਕਿਉਂ ਬਈ ਬੰਤ ਸਿਆਂ! ਇੱਕ ਗੱਲ ਦੱਸ ਯਾਰ। ਆਹ ਨਾਥਾ ਸਿਉਂ ਕਹਿੰਦਾ ਅਕੇ ‘ਸੰਤੋਖ ਸਿਉਂ ਕੇ ਬਿੱਕਰ ਨੂੰ ਪੁਲਸ ‘ਚ ਬਿੱਕਰ ਚੁਆਨੀ ਕਹਿੰਦੇ ਸੀ, ਇਹ ਕੀ ਗੱਲ ਐ ਇਹ ਦੱਸ’।”
ਜਿਉਂ ਹੀ ਬਾਬੇ ਨੇ ਬਲਵੰਤ ਸਿਉਂ ਥਾਣੇਦਾਰ ਨੂੰ ਬਿੱਕਰ ਬਾਰੇ ਚੁਆਨੀ ਵਾਲੀ ਗੱਲ ਪੁੱਛੀ ਤਾਂ ਨਾਥਾ ਅਮਲੀ ਬਾਬੇ ਨੂੰ ਵੀ ਇਉਂ ਹਰਖ ਕੇ ਪੈ ਗਿਆ ਜਿਮੇਂ ਬਾਂਦਰ ਕਿੱਲਾ ਖੇਡਣ ਵੇਲੇ ਛਿੱਤਰ ਚੱਕਣ ਵਾਲਿਆਂ ਨੂੰ ਪਿੱਤ ਦੇਣ ਵਾਲਾ ਪੈਂਦਾ ਹੁੰਦਾ। ਅਮਲੀ ਬੋਲਿਆ, ”ਇਹਨੂੰ ਕੀ ਪੁਛਦੈਂ ਬਾਬਾ, ਤੂੰ ਮੈਨੂੰ ਪੁੱਛ ਖਾਂ। ਆਪਣੇ ਪਿੰਡ ਦੇ ਜਿੰਨੇ ਵੀ ਪੁਲਸ ‘ਚੈ, ਉਨ੍ਹਾਂ ਸਾਰਿਆਂ ਨੇ ਨਾਮਾਂ ਦਾ ਮੈਨੂੰ ਪਤਾ। ਅੱਠ ਦਸ ਜਾਣੇ ਐ ਪੁਲਸ ‘ਚ ਆਪਣੇ ਪਿੰਡ ਦੇ ਸਭ ਦੇ ਅੱਡੋ ਅੱਡ ਨਾਂ ਧਰੇ ਵੇ ਐ ਪੁਲਸੀਆਂ ਨੇ।”
ਮਾਹਲਾ ਨੰਬਰਦਾਰ ਕਹਿੰਦਾ, ”ਚੱਲ ਤੂੰ ਦੱਸ ਦੇ ਜੇ ਤੈਨੂੰ ਪਤਾ ਤਾਂ। ਤੂੰ ਪਹਿਲਾਂ ਬਿੱਕਰ ਬਾਰੇ ਈ ਦੱਸ ਬਈ ਇਹਨੂੰ ਬਿੱਕਰ ਚੁਆਨੀ ਕਿਉਂ ਕਹਿੰਦੇ ਐ?”
ਅਮਲੀ ਕਹਿੰਦਾ, ”ਬਿੱਕਰ ਦਾ ਜਿਹੜਾ ਪੇਟੀ ਨੰਬਰ ਸੀ, ਉਹ ਵੇਖ ਲਾ ਪੱਚੀ ਸੀ। ਪੱਚੀ ਪੈਸਿਆਂ ਨੂੰ ਆਪਾਂ ਚੁਆਨੀਉਂ ਈਂ ਕਹਿਨੇ ਹੁੰਨੇ ਆਂ। ਬਿੱਕਰ ਦਾ ਨਾਂਅ ਤਾਹੀਉਂ ਈਂ ਬਿੱਕਰ ਚੁਆਨੀ ਪਿਐ।”
ਰਤਨ ਸਿਉਂ ਸੂਬੇਦਾਰ ਨੇ ਬਲਵੰਤ ਸਿਉਂ ਥਾਣੇਦਾਰ ਨੂੰ ਪੁੱਛਿਆ, ”ਕਿਉਂ ਬਲਵੰਤ ਸਿਆਂ! ਏਮੇਂ ਈਂ ਐਂ ਕੁ ਕੋਈ ਹੋਰ ਗੱਲ ਐ ਜਿਮੇਂ ਨਾਥਾ ਸਿਉਂ ਕਹਿੰਦਾ?”
ਬਲਵੰਤ ਸਿਉਂ ਮੱਧਮ ਜਿਹੀ ਆਵਾਜ਼ ‘ਚ ਬੋਲਿਆ, ”ਇਉਂ ਈਂ ਧਰਿਆ ਸੀ ਬਿੱਕਰ ਦਾ ਨਾਂਅ ਚੌੜ-ਚੌੜ ‘ਚ ਉਹ ਪੱਕ ਗਿਆ ਹੁਣ।”
ਬਾਬੇ ਬਿਸ਼ਨ ਸਿਉਂ ਨੇ ਅਮਲੀ ਪੁੱਛਿਆ, ”ਆਪਣੇ ਪਿੰਡ ਆਲੇ ਦੂਜੇ ਪੁਲਸ ਆਲਿਆਂ ਦੇ ਕੀ-ਕੀ ਨਾਂਅ ਪੈਂਦੇ ਐ ਅਮਲੀਆ ਉਹ ਵੀ ਦੱਸਦੇ ਹੁਣ?”
ਅਮਲੀ ਹੱਸ ਕੇ ਕਹਿੰਦਾ, ”ਚੰਦ ਤੋਂ ਚੰਦ ਨਾਂਅ ਧਰੇ ਵੇ ਐ ਬਾਬਾ ਪੁਲਸੀਆਂ ਨੇ ਇੱਕ ਦੂਜੇ ਦੇ। ਜਿਹੀ ਜੀ ਕੋਈ ਕਰਤੂਤ ਦਾ ਮਾਲਕ ਐ ਉਹੋ ਜਾ ਉਹਦਾ ਨਾਂਅ ਟਿੱਕ ਗਿਆ। ਆਹ ਜਿਹੜਾ ਆਪਣੇ ਪਿੰਡ ਆਲੇ ਮਾਹੀ ਕੇ ਸੁੱਚੇ ਦਾ ਮੁੰਡਾ ਬਲਦੇਵ ਐ, ਅਕੇ ਇਹ ਮਹਿਕਮੇ ‘ਚ ਕੋਈ ਨਾ ਕੋਈ ਪੁੱਠਾ ਕੰਮ ਕਰਕੇ ਮਸੀਬਤ ਖੜ੍ਹੀਉ ਈ ਰੱਖਦਾ। ਨਾਲ ਦਿਆਂ ਨੇ ਉਹਦਾ ਨਾਂ ਬਲਦੇਵ ਭਸੂੜੀ ਧਰਿਆ ਲਿਆ ਬਈ ਭਸੂੜੀ ਪਾਈ ਰੱਖਦਾ। ਜਿਹੜਾ ਆਪਣੇ ਓਧਰਲੇ ਗੁਆੜ ਆਲੇ ਜੰਗੀਰ ਸਿਉਂ ਦਾ ਮੁੰਡਾ ਸੁਖਦੇਵ ਐ, ਕਹਿੰਦੇ ਜਿਹੜਾ ਵੀ ਕੇਰਾਂ ਠਾਣੇ ਆ ਗਿਆ, ਉਹਦੀ ਜੇਬ੍ਹ ‘ਚੋਂ ਪੈਂਸੇ ਕਢਾਉਣ ਲੱਗਿਆ ਮਿੰਟ ਲਾਉਂਦੈ। ਤਾਹੀਉਂ ਉਹਦਾ ਨਾਂਅ ਨਾਲ ਦੇ ਸਾਥੀਆਂ ਨੇ ਸਖਦੇਵ ਕੁੰਡੀ ਧਰਿਆ ਵਿਆ।”
ਮਾਹਲਾ ਨੰਬਰਦਾਰ ਕਹਿੰਦਾ, ”ਸੋਡੇ ਗੁਆਂਢੀ ਵਜੀਰੀ ਦੇ ਮੁੰਡੇ ਜਗਿੰਦਰ ਨੂੰ ਕੀ ਕਹਿੰਦੇ ਐ ਅਮਲੀਆ ਉਹਦਾ ਵੀ ਦੱਸਦੇ ਕੀ ਨਾਂਅ ਧਰਿਆ ਵਿਆ?”
ਅਮਲੀ ਗੱਲ ਸੁਣਾਉਂਦਾ-ਸੁਣਾਉਂਦਾ ਪੈਰਾਂ ਭਾਰ ਹੋ ਕੇ ਹੱਸ ਕੇ ਬੋਲਿਆ, ”ਕਹਿੰਦੇ ਜਗਿੰਦਰ ਵੱਡੇ ਤੋਂ ਵੱਡੇ ਤੇ ਅੜਬ ਤੋਂ ਅੜਬ ਪੁਲਸ ਅਸਫਰ ਨੂੰ ਵਡਿਆਕੇ ਕਾਬੂ ‘ਚ ਲਿਆ ਕੇ ਅੜਿਆ ਵਿਆ ਕੰਮ ਕਰਾ ਲੈਦੈ, ਜੀਹਦਾ ਕਰਕੇ ਸਾਰੇ ਓਹਨੂੰ ਜਗਿੰਦਰ ਧਲਿਆਰਾ ਕਹਿੰਦੇ ਐ ਬਈ ਜਿਮੇਂ ਖੱਟਰ ਪਸੂ ਧਲਿਆਰੇ ਨਾਲ ਈ ਕਾਬੂ ਆਉਂਦੇ ਐ, ਓਮੇਂ ਈਂ ਜਗਿੰਦਰ ਵੀ ਧਲਿਆਰਾ ਦਾ ਕੰਮ ਕਰ ਜਾਂਦੈ। ਜੀਹਦਾ ਕਰਕੇ ਉਹਨੂੰ ਜਗਿੰਦਰ ਧਲਿਆਰਾ ਕਹਿੰਦੇ ਐ।”
ਜੁਗਿੰਦਰ ਦਾ ਨਾਂਅ ਧਲਿਆਰਾ ਸੁਣ ਕੇ ਥਾਣੇਦਾਰ ਬਲਵੰਤ ਸਿਉਂ ਹੱਸਦਾ ਹੱਸਦਾ ਜਿਉਂ ਹੀ ਸੱਥ ‘ਚੋਂ ਉੱਠ ਕੇ ਚਲਾ ਗਿਆ ਤਾਂ ਜੱਗਾ ਕਾਮਰੇਡ ਅਮਲੀ ਨੂੰ ਕਹਿੰਦਾ, ”ਅਮਲੀਆ ਆਹ ਬਲਵੰਤ ਸਿਉਂ ਵੀ ਇਨ੍ਹਾਂ ਨਾਮਾਂ ‘ਚ ਹਿੱਸੇਦਾਰ ਐ ਬਈ?”
ਹਿੱਸੇਦਾਰੀ ਦਾ ਨਾਂਅ ਸੁਣ ਕੇ ਅਮਲੀ ਕਾਮਰੇਡ ਨੂੰ ਕਹਿੰਦਾ, ”ਹਿੱਸੇਦਾਰੀ ਨੂੰ ਇਹ ਗਾਹਾਂ ਹੰਡਿਆਏ ਆਲਾ ਮੁਰਗੀ ਖਾਨਾ ਬਈ ਬਲਵੰਤ ਸਿਉਂ ਦੀਆਂ ਮੁਰਗੀਆਂ ਰੱਖੀਆਂ ਵੀਐਂ। ਇਹਦੀ ਸੁਣ ਲੋ। ਕਹਿੰਦੇ ਇਹ ਵੀ ਨੋਕਰੀਉਂ ਲਹਿੰਦਾ-ਲਹਿੰਦਾ ਵੀਹ ਵਾਰੀ ਬਚਿਆ। ਜਦੋਂ ਕਿਤੇ ਅਸਫਰਾਂ ਦੀ ਲਵ੍ਹੇਟ ‘ਚ ਆ ਜਾਂਦਾ ਸੀ ਤਾਂ ਉਨ੍ਹਾਂ ਦੀਆਂ ਮਿੰਨਤਾਂ ਕਰਕੇ ਛੁੱਟ ਜਾਣਾ। ਕਹਿਣ ਲੱਗ ਜਾਦਾ ‘ਛੋਟੇ ਛੋਟੇ ਬੱਚੇ ਐ ਜਨਾਬ ਮਾਫੀ ਦੇ ਦਿਉ’। ਇਹਦਾ ਨਾਂਅ ਪੁਲਸ ਨੇ ਬਲਵੰਤ ਬੱਚਿਆਂ ਆਲਾ ਧਰ ਲਿਆ। ਲੈ ਦੱਸ ਬਾਬਾ! ਦੂਜੇ ਕਿਹੜਾ ਬਿਨਾਂ ਬੱਚਿਆਂ ਤੋਂ ਐਂ। ਆਹ ਖੂਹ ਆਲਿਆਂ ਦੇ ਸੁਰਜਨ ਬੁੜ੍ਹੇ ਕੇ ਛਨੱਤਰ ਹੌਲਦਾਰ ਨੂੰ ਛਨੱਤਰ ਦੁੱਕੀ ਕਹਿੰਦੇ ਐ। ਉਹਦੀ ਪੇਟੀ ਦਾ ਨੰਬਰ ਦੋ ਐ। ਤਾਹੀਉਂ ਦੁੱਕੀ ਕਹਿੰਦੇ ਐ। ਹੋਰ ਸੁਣ ਲੋ। ਜੈਬੇ ਪਾੜ੍ਹੇ ਕੇ ਬਲਬੀਰ ਨੂੰ ਬਲਬੀਰ ਮੁੱਠੀ ਜਿੰਦਾ ਕਹਿੰਦੇ ਐ। ਕਹਿੰਦੇ ਉਹ ਪਰਚਾ ਕੱਟ ਕੇ ਕਹੂ ‘ਲੈ ਹੁਣ ਛੁੱਟ ਕੇ ਵਖਾਵੇ, ਕੁੰਜੀਆਂ ਲਹੌਰ ਉਠ ਗੀਆਂ। ਇੱਕ ਆਹ ਆਪਣੇ ਕੋਠਿਆਂ ਆਲੇ ਬਾਬੇ ਨੰਦ ਸਿਉਂ ਦਾ ਮੁੰਡਾ ਜਿਹੜਾ ਠਾਣੇਦਾਰ ਐ ਗਰਦੇਵ, ਕਹਿੰਦੇ ਜਦੋਂ ਹਾੜ੍ਹੀ ਦੀ ਰੁੱਤ ‘ਚ ਜੱਟਾਂ ਦੀ ਲੜਾਈ ਭੜਾਈ ਦਾ ਕੋਈ ਕੇਸ ਠਾਣੇ ਆ ਜਾਂਦੈ ਉਹ ਨਾਲੇ ਤਾਂ ਦੋਹਾਂ ਲੜਣ ਆਲਿਆਂ ਤੋਂ ਤੂੜੀ ਸਟ੍ਹਾ ਲੈਂਦਾ, ਨਾਲੇ ਰਾਜੀਨਾਮਾ ਕਰਾਉਣ ਆਲੇ ਬਿੰਬਰਾਂ ਸਰਪੈਂਚਾਂ ਤੋਂ ਮੰਗ ਲੈਂਦਾ ਤੂੜੀ। ਤਾਹੀਂ ਓਹਨੂੰ ਗੁਰਦੇਵ ਤੂੜੀ ਖਾਣਾ ਕਹਿੰਦੇ ਐ। ਅਕੇ ਹੋਰ ਪੁਲਸ ਆਲੇ ਤਾਂ ਪੈਸੇ ਖਾਣਗੇ, ਉਹੋ ਲੈ ਤੂੜੀਓ ਖਾ ਜਾਂਦਾ।”
ਏਨੇ ਚਿਰ ਨੂੰ ਹੌਲਦਾਰ ਰਟਾਇਰ ਹੋਏ ਬਾਬੇ ਲਾਲ ਸਿਉਂ ਕੇ ਰੇਸ਼ਮ ਨੂੰ ਸੱਥ ਵੱਲ ਤੁਰੇ ਆਉਂਦੇ ਨੂੰ ਵੇਖ ਕੇ ਸੀਤਾ ਮਰਾਸੀ ਅਮਲੀ ਨੂੰ ਕਹਿੰਦਾ, ”ਅਮਲੀਆ ਇੱਕ ਹੋਅ ਆਉਂਦਾ ਆਪਣੇ ਪਿੰਡ ਆਲਾ ਹੌਲਦਾਰ। ਇਹਦਾ ਵੀ ਕੋਈ ਨਾਂ ਨੂੰ ਧਰਿਆ ਵਿਆ ਐ ਕੁ ਇਹ ਕੰਨੀ ਦੇ ਕਿਆਰੇ ਆਂਗੂੰ ਸੁੱਕਾ ਈ ਰਹਿ ਗਿਆ?”
ਬਾਬਾ ਬਿਸ਼ਨ ਸਿਉਂ ਮਰਾਸੀ ਦੀ ਗੱਲ ਸੁਣ ਕੇ ਮਰਾਸੀ ਨੂੰ ਕਹਿੰਦਾ, ”ਚੁੱਪ ਕਰ ਓਏ ਮੀਰ। ਜੇ ਕਿਤੇ ਇਹਨੂੰ ਕੋਈ ਐਸੀ ਵੈਸੀ ਗੱਲ ਸੁਣ ਗੀ ਨਾਹ, ਇਹਨੇ ਕਲੇਸ ਪਾ ਕੇ ਬਹਿ ਜਾਣੈ। ਚੱਲੋ ਉੱਠੋ ਘਰਾਂ ਨੂੰ ਚੱਲੀਏ। ਇਹਨੇ ਤਾਂ ਹਰੇਕ ਥਾਂ ਜਾ ਕੇ ਕਲੇਸ ਈ ਪਾਉਣਾ ਹੁੰਦਾ। ਐਥੇ ਮਨ੍ਹਾ ਕਿਤੇ ਸਾਰਿਆਂ ਨੂੰ ਆਉਣ ਸਾਰ ਤੱਕਲੇ ‘ਤੇ ਟੰਗ ਦੇ। ਚੱਲੋ ਉੱਠੋ ਚੱਲੀਏ।”
ਬਾਬੇ ਦੀ ਗੱਲ ਸੁਣ ਕੇ ਸਾਰੇ ਸੱਥ ਵਾਲੇ ਰੇਸ਼ਮ ਨਾਲ ਕਲੇਸ ਪੈਣ ਤੋਂ ਡਰੋਂ ਸੱਥ ‘ਚ ਉੱਠ ਕੇ ਆਪੋ ਆਪਣੇ ਘਰਾਂ ਨੂੰ ਚੱਲ ਪਏ।

-ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ’
604-751-1113