ਧਰਮ ਅਤੇ ਧਰਮ ਸ਼ਿੰਗਾਰ

ਧਰਮ ਅਤੇ ਧਰਮ ਸ਼ਿੰਗਾਰ

ਸੰਸਾਰ ਦੇ ਵੱਖ ਵੱਖ ਧਰਮਾਂ ਨੇ ਆਪਣੇ ਅਲੱਗ ਅਲੱਗ ਧਾਰਮਕ ਚਿੰਨ, ਪਹਿਰਾਵੇ ਅਤੇ ਰੀਤਾਂ ਰਸਮਾਂ ਨੂੰ ਅਪਨਾਇਆ ਹੋਇਆ ਹੈ। ਇਹਨਾਂ ਧਰਮ ਸ਼ਿੰਗਾਰਾਂ ਨੂੰ ਹੀ ਆਮ ਤੌਰ ਤੇ ਧਰਮ ਸਮਝ ਲੈਣ ਦੀ ਭੁਲ ਕੀਤੀ ਜਾਂਦੀ ਹੈ। ਕਿਸੇ ਖਾਸ ਰਸਮ ਦੁਆਰਾ ਇਹਨਾ ਧਰਮ ਸ਼ਿੰਗਾਰਾਂ ਨੂੰ ਅਪਨਾ ਕੇ ਧਰਮੀ ਹੋਣ ਦਾ ਦ੍ਹਾਵਾ ਕੀਤਾ ਜਾਂਦਾ ਹੈ ਅਤੇ ਜੋ ਇਹਨਾ ਸ਼ਿੰਗਾਰਾਂ ਨੂੰ ਨਹੀ ਸਵੀਕਾਰਦਾ ਉਸਨੂੰ ਨਿਗੁਰਾ ਜਾਂ ਨਾਸਤਕ ਕਹਿ ਕੇ ਦੁਰਕਾਰਿਆ ਜਾਂਦਾ ਹੈ।ਸੰਸਾਰ ਵਿਚ ਜਿਨੇ ਵੀ ਪੀਰ, ਪੈਗੰਬਰ, ਭਗਤ ਜਾਂ ਗੁਰੂ ਆਏ, ਉਹਨਾ ਸਭਨਾਂ ਦਾ ਸੰਦੇਸ਼ ਸਮੁਚੀ ਮਨੁਖਤਾ ਲਈ ਸਾਂਝਾ ਹੀ ਹੁੰਦਾ ਸੀ। ਉਹਨਾ ਦਾ ਕਰਤਵ ਤੇ ਯਤਨ ਸਮੁਚੀ ਮਨੁਖਤਾ ਨੂੰ ਏਕਤਾ, ਸਾਂਝੀਵਾਲਤਾ ਤੇ ਇਕੋ ਭਾਈਚਾਰੇ ਵਿਚ ਪਰੋਵਣ ਦਾ ਸੀ ਪਰ ਉਹਨਾ ਦੇ ਚਲੇ ਜਾਣ ਪਿਛੋਂ ਅਗਿਆਨਤਾ ਦੇ ਕਾਰਨ ਉਹਨਾਂ ਦੇ ਉਚੇ ਤੇ ਸੁਚੇ ਉਪਦੇਸ਼ਾ ਨੂੰ ਬਿਨਾ ਸਮਝੇ, ਆਪਣੇ ਮਤਲਬ ਲਈ ਵਰਤ ਕੇ ਵ੍ਹਡੇ ਵਿਤਕਰੇ ਤੇ ਵੈਰ ਵਿਰੋਧਤਾ ਖੜੀ ਕਰਿ ਲਈ ਜਾਂਦੀ ਹੈ। ਕਿਸੇ ਵੀ ਪੀਰ, ਪੈਗੰਬਰ, ਭਗਤ ਜਾਂ ਗੁਰੂ ਨੇ ਕਿਸੇ ਬਾਹਰਲੇ ਧਰਮ ਸ਼ਿੰਗਾਰ ਨੂੰ ਨਹੀ ਅਪਨਾਇਆ ਕਿਉਂਕਿ ਇਹਨਾਂ ਸ਼ਿੰਗਾਰਾਂ ਦਾ ਅੰਦਰੂਨੀ ਧਰਮ ਨਾਲ ਕੋਈ ਵਾਸਤਾ ਨਹੀ।ਉਹ ਜਾਣਦੇ ਸਨ ਕਿ ਬਾਹਰਲੇ ਚਿੰਨਾਂ, ਭੇਖਾਂ ਜਾਂ ਰੀਤਾਂ ਰਸਮਾਂ ਦਾ ਵਖਰੇਵਾਂ ਮਨੁਖਤਾ ਵਿਚ ਵੰਡੀਆਂ ਹੀ ਨਹੀ ਬਲਿਕੇ ਵੈਰ ਵਿਰੋਧਤਾ ਤੇ ਈਰਖਾ ਪੈਦਾ ਕਰਿ ਦੇਵੇਗਾ।ਏਸੇ ਲਈ ਉਹਨਾ ਨੇ ਕਿਸੇ ਬਾਹਰਲੇ ਧਰਮ ਸ਼ਿੰਗਾਰ ਨੂੰ ਨਹੀ ਅਪਨਾਇਆ ਬਲਿਕੇ ਖੰਡਨ ਜ਼ਰੂਰ ਕੀਤਾ ਹੈ।ਅੰਦਰੂਨੀ ਨਿਰਆਕਾਰ ਧਰਮ ਤਾਂ ਸਮੁਚੀ ਮਨੁਖਤਾ ਦਾ ਇਕੋ ਹੀ ਹੈ ਅਤੇ ਕਿਉਂਕਿ ਧਰਮ ਨਿਰ-ਆਕਾਰ ਹੈ ਇਸ ਲਈ ਇਸਦਾ ਸ਼ਿੰਗਾਰ ਵੀ ਅੰਦਰੂਨੀ ਤੇ ਨਿਰਆਕਾਰ ਹੀ ਹੋਵੇਗਾ।ਮੌਜੂਦਾ ਧਰਮਾਂ ਦੀ ਕਸਵੱਟੀ ਕਿਉਂਕਿ ਬਾਹਰਲੇ ਦਿਸਦੇ ਧਾਰਮਕ ਸ਼ਿੰਗਾਰਾਂ ਤੇ ਨਿਰਭਰ ਹੈ ਇਸ ਲਈ ਜਿਨੇ ਵੱਖਰੇ ਧਰਮ ਸ਼ਿੰਗਾਰ, ਉਨੇ ਹੀ ਵੱਖਰੇ ਧਰਮ।ਇਹੀ ਕਾਰਨ ਹੈ ਕਿ ਗੁਰਬਾਣੀ ਏਕਤਾ ਤੇ ਸਾਂਝਵਾਲਤਾ ਦੇ ਸੰਦੇਸ਼ ਤੇ ਜ਼ੋਰ ਦਿੰਦੀ ਹੈ।
1. ਏਕੁ ਪਿਤਾ ਏਕਸ ਕੇ ਹਮ ਬਾਰਿਕ
ਤੂੰ ਮੇਰਾ ਗੁਰ ਹਾਈ॥ (ਮ:5-612)
2. ਸਭੇ ਸਾਂਝੀਵਾਲ ਸਦਾਇਨਿ
ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥ ਮ:5-97
3. ਸਭੁ ਕੋ ਮੀਤੁ ਹਮ ਆਪਨ ਕੀਨਾ
ਹਮ ਸਭਨਾ ਕੇ ਸਾਜਨ॥ ਮ:5-671
4. ਨਾ ਕੋ ਬੈਰੀ ਨਹੀ ਬਿਗਾਨਾ ਸਗਲ
ਸੰਗਿ ਹਮ ਕਉ ਬਨਿ ਆਈ॥ ਮ:5-1299
5. ਨਾ ਕੋ ਮੇਰਾ ਦੁਸਮਨ ਰਹਿਆ
ਨਾ ਹਮ ਕਿਸ ਕੇ ਬੈਰਾਈ॥ ਮ:5-671
ਇਹ ਸਭ ਸੰਭਵ ਤਦ ਹੀ ਹੋ ਸਕਦਾ ਸੀ ਜੇ ਸਮੁਚੀ ਮਨੁਖਤਾ ਇਕੋ ਹੀ ਧਰਮ ਦੀ ਲੜੀ ਵਿਚ ਪਰੋਈ ਜਾਵੇ, ਇਸ ਲਈ ਬਾਬੇ ਨਾਨਕ ਨੇ ਸਮੁਚੀ ਲੁਕਾਈ ਨੂੰ ਇਕੋ ਧਰਮ ਦੀ ਲੜੀ ਵਿਚ ਪਰੋਵਣ ਲਈ ਵਿਸ਼ਵ ਧਰਮ ਨੂੰ ਉਜਾਗਰ ਕੀਤਾ ਤੇ ਫੁਰਮਾਇਆ ਕਿ ਧਰਮ ਦਾ ਮੂਲ ਮਨ ਦੀ ਸ਼ੁਧਤਾ ਤੇ ਨਿਰਭਰ ਹੈ ਜੋ ਸਮੁਚੀ ਮਨੁਖਤਾ ਨੂੰ ਲਾਗੂ ਹੁੰਦਾ ਹੈ :-
1. ਸਚੁ ਕਮਾਵੈ ਸੋਈ ਕਾਜੀ॥
ਜੋ ਦਿਲੁ ਸੋਧੈ ਸੋਈ ਹਾਜੀ॥ ਮ:5-1083
2. ਜਿਨ ਗੁਰਮੁਖਿ ਹਿਰਦਾ ਸੁਧੁ ਹੈ
ਸੇਵ ਪਈ ਤਿਨ ਥਾਇ॥ ਮ:3-28
3. ਜਿਨਾ ਨਾਨਕ ਗੁਰਮੁਖਿ ਹਿਰਦਾ
ਸੁਧੁ ਹੈ ਹਰਿ ਭਗਤਿ ਹਰਿ ਲੀਜੈ॥ ਮ:4-450
4. ਕਬੀਰ ਜਾ ਕੀ ਦਿਲ ਸਾਬਤਿ
ਨਹੀ ਤਾ ਕਉ ਕਹਾ ਖੁਦਾਇ॥ ਕਬੀਰ 1374
5. ਜਿਸੁ ਅੰਤਰੁ ਹਿਰਦਾ ਸੁਧੁ ਹੈ
ਤਿਸੁ ਜਨ ਕਉ ਸਭਿ ਨਮਸਕਾਰੀ॥ ਮ:4-589
ਗੁਰ ਪਰਮਾਣਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਧਰਮ ਦਾ ਮੂਲ, ਮਨ ਨੂੰ, ਦਿਲ ਨੂੰ ਜਾਂ ਹਿਰਦੇ ਨੂੰ ਸੁਧੁ, ਪਵਿਤ੍ਰ, ਨਿਰਮਲ ਜਾਂ ਪਾਕ ਕਰਨਾ ਹੈ।ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ॥ (ਕਬੀਰ-342)। ਭਾਵ :- ਧਰਮ ਦਾ ਮਨ ਦੀ ਸਾਧਨਾ ਨਾਲ ਹੀ ਸੰਬੰਧ ਹੈ ਤੇ ਇਸੇ ਨਾਲ ਹੀ ਸਚਾ ਧਰਮ ਕਮਾਇਆ ਜਾ ਸਕਦਾ ਹੈ। ਇਹ ਧਰਮ ਦਾ ਪਹਿਲਾ ਅਸੂਲ ਹੈ, ਜੋ ਸਾਰੀ ਲੁਕਾਈ ਤੇ ਲਾਗੂ ਹੈ, ਕਿਉਂਕਿ ਹਿਰਦੇ ਨੂੰ ਸੁਧੁ ਕੀਤੇ ਬਿਨਾ ਧਰਮੀ ਨਹੀ ਹੋਇਆ ਜਾ ਸਕਦਾ। ਗੁਰਬਾਣੀ ਸਪਸ਼ਟ ਕਰਦੀ ਹੈ :- ਜੀਅਹੁ ਮੈਲੇ ਬਾਹਰੋਂ ਨਿਰਮਲ॥ ਬਾਹਰੋਂ ਨਿਰਮਲ ਜੀਅਹੁ ਤ ਮੈਲੈ ਤਿਨੀ ਜਨਮ ਜੂਏ ਹਾਰਿਆ॥ ਮ:3-919। ਜਦ ਤਕ ਮਨ ਮੈਲਾ ਹੈ ਤਦ ਤਕ ਧਰਮ ਨਹੀ ਕਮਾਇਆ ਜਾ ਸਕਦਾ ਤੇ ਜਨਮ ਬਿਰਥਾ ਚਲਾ ਜਾਵੇਗਾ।ਬਾਹਰੋਂ ਚਿੰਨਾ, ਪਹਿਰਾਵੇ, ਰੀਤਾਂ ਰਸਮਾਂ ਤੇ ਕਰਮ ਕਾਂਡਾਂ ਨਾਲ, ਨਾ ਹਿਰਦਾ ਸੁਧੁ ਹੋਣਾ ਹੈ ਤੇ ਨਾ ਧਰਮੀ ਹੋਇਆ ਜਾਣਾ ਹੈ।ਇਸ ਲਈ ਧਰਮ ਦੇ ਸ਼ਿੰਗਾਰ ਉਹੀ ਹੋ ਸਕਦੇ ਹਨ ਜਿਨ੍ਹਾ ਨੂੰ ਪਹਿਨ ਕੇ ਮਨ ਪਵਿਤ੍ਰ ਹੋ ਜਾਵੇ ਤੇ ਉਹ ਸਮੂਹ ਲੁਕਾਈ ਲਈ ਸਾਂਝੇ ਹੋਵਣ।ਕਸਵੱਟੀ ਮਨ ਦੀ ਪਵਿਤ੍ਰਤਾ ਤੇ ਸਰਬ ਸਾਂਝੀਵਾਲਤਾ ਹੈ।ਧਰਮ ਕੋਈ ਦਿਖਾਵੇ ਵਾਲੀ ਵਸਤੂ ਨਹੀ, ਇਹ ਨਿਜੀ ਤੇ ਅੰਦਰੂਨੀ ਮਨ ਦੀ ਅਵਸਥਾ ਦਾ ਨਾਮ ਹੈ ਜਿਸ ਦਾ ਪ੍ਰਗਟਾਵਾ ਨਹੀ ਕੀਤਾ ਜਾ ਸਕਦਾ।ਇਸ ਲਈ ਧਰਮ ਕੋਈ ਜਥੇਬੰਧੀ, ਧੜਾ, ਸੰਗਠਨਤਾ ਜਾਂ ਸੰਪਰਦਾ ਨਹੀ ਹੋ ਸਕਦਾ।ਗੁਰਬਾਣੀ ਫੁਰਮਾਨ ਹੈ :- 1.) ਮੰਨੈ ਮਗ ਨ ਚਲੈ ਪੰਥ (ਜਪੁ) ਭਾਵ :- ਜੋ ਦੁਨੀਆਂ ਦੇ ਵੱਖ ਵੱਖ ਮਜ਼ਬਾਂ ਦੇ ਦਸੇ ਰਸਤਿਆਂ ਤੇ ਤੁਰਦਾ ਹੈ, ਉਸਦਾ ਸੰਬੰਧ ਸਚੇ ਧਰਮ ਨਾਲ ਨਹੀ ਜੁੜਦਾ।2.) ਨਾ ਹਮ ਹਿੰਦੂ ਨਾ ਮੁਸਲਮਾਨ॥ ਅਲਹ ਰਾਮ ਕੇ ਪਿੰਡ ਪਰਾਨ॥(ਮ:5-1136)। ਭਾਵ :- ਬਾਹਰਲੇ ਚਿੰਨ, ਪਹਿਰਾਵੇ ਜਾਂ ਰਸਮਾ ਦੁਆਰਾ ਨਾ ਮੈ ਹਿੰਦੂ ਤੇ ਨਾ ਮੁਸਲਮਾਨ ਹਾਂ।ਸਰੀਰ ਤੇ ਜਿੰਦ ਜਿਸਦਾ ਦਿੱਤਾ ਹੈ ਅਸੀਂ ਉਸ ਪਰਮਾਤਮਾ ਨੂੰ ਮੰਨਦੇ ਹਾਂ ਚਾਹੇ ਉਸਦਾ ਨਾਮ ਅਲਹ ਤੇ ਜਾਂ ਰਾਮ ਹੈ।ਸਪਸ਼ਟ ਹੈ ਕਿ ਬਾਹਰਲੇ ਚਿੰਨ, ਕਰਮ ਕਾਂਡ ਜਾਂ ਰੀਤਾਂ ਰਸਮਾ ਦਾ ਧਰਮ ਨਾਲ ਕੋਈ ਸੰਬੰਧ ਨਹੀ ਹੈ ਇਸ ਲਈ ਹੁਣ ਅੰਦਰੂਨੀ ਧਰਮ ਦੇ ”ਧਰਮ ਸ਼ਿੰਗਾਰ” ਵੀ ਅੰਦਰੂਨੀ ਹੀ ਹੋ ਸਕਦੇ ਹਨ। ਮਨ ਦਾ ਸੰਬੰਧ ਗਿਆਨ, ਬਿਬੇਕ ਬੁਧੀ, ਸਬਦ, ਬਾਣੀ ਜਾਂ ਸੁਮੱਤ ਤੇ ਚਲਕੇ ਰੱਬੀ ਗੁਣਾ ਨੂੰ ਧਾਰਨ ਕਰਨ ਨਾਲ ਹੈ ਅਤੇ ਇਹੀ ਮਨੁਖੀ ਵਿਸ਼ਵ ਧਰਮ ਹੈ ਜੋ ਸਮੂਹ ਮਨੁਖਤਾ ਤੇ ਲਾਗੂ ਹੁੰਦਾ ਹੈ।ਇਸ ਤੋਂ ਬਿਨਾ ਕੋਈ ਵੀ ਧਰਮ, ਧਰਮ ਨਹੀ ਕਹਿਲਾ ਸਕਦਾ।ਇਸੇ ਨੂੰ ਹੀ ਗੁਰਬਾਣੀ ਨੇ ਗੁਰੂ ਆਖਿਆ ਹੈ ਤੇ ਇਹੀ ਧਰਮ ਦੇ ਅੰਦਰੂਨੀ ਸ਼ਿੰਗਾਰ ਹਨ।
1. ਸਤਿਗੁਰੁ ਹੈ ਗਿਆਨੁ ਸਤਿਗੁਰੁ ਹੈ ਪੂਜਾ॥ ਸਤਿਗੁਰੁ ਸੇਵੀ ਅਵਰੁ ਨ ਦੂਜਾ॥ (ਮ:4-1069)
ਭਾਵ: ਗੁਰੂ ਹੀ ਆਤਮਕ ਗਿਆਨ ਦੀ ਸੂਝ (ਦੇਣ ਵਾਲਾ) ਹੈ, ਗੁਰੂ ਹੀ ਭਗਤੀ (ਸਿਖਾਣ ਵਾਲਾ) ਹੈ, ਇਸ ਲਈ ਮੈ ਤਾਂ ਗੁਰੂ ਦੀ ਹੀ ਸਰਨ ਪੈਂਦਾ ਹਾਂ (ਗੁਰੂ ਦੀ ਸਰਨ ਪੈਣਾ ਗੁਰਮਤ, ਗੁਰਸਿਖਿਆ, ਗੁਰਗਿਆਨ, ਤੇ ਚਲਣਾ ਹੈ) ਕਿਸੇ ਹੋਰ ਦੀ ਨਹੀ। ਗਿਆਨ, ਧਰਮ ਦਾ ਅਣਟੁੱਟ ਸ਼ਿੰਗਾਰ ਹੈ ਜਿਸ ਤੋਂ ਬਿਨਾ ਧਰਮੀ ਹੋਣਾ ਸੰਭਵ ਨਹੀ ਤੇ ਇਹ ਸਮ੍ਹੂਹ ਲੁਕਾਈ ਨੂੰ ਲਾਗੂ ਹੈ।
2. ਸੰਤਾ ਕਉ ਮਤਿ ਕੋਈ ਨਿੰਦਹੁ ਸੰਤ ਰਾਮੁ ਹੈ ਏਕੋੁ॥ ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕੋੁ॥
(ਕਬੀਰ-793)
ਇਥੇ ਸੰਤ ਤੋਂ ਇਸ਼ਾਰਾ ਗੁਰੂ ਵਲ ਹੈ, ਤੇ ਗੁਰੂ ਬਿਬੇਕ ਬੁਧੀ (ਗਿਆਨ) ਹੈ।ਇਸ ਲਈ ਰਾਮ ਨਾਲ ਇਕ ਹੋਣ ਲਈ ਬਿਬੇਕ ਬੁਧੀ (ਗਿਆਨ) ਦਾ ਧਰਮ ਸ਼ਿੰਗਾਰ ਪਹਿਨਣਾ ਜ਼ਰੂਰੀ ਹੈ।
3. ਸਤਿਗੁਰੁ ਮਿਲੈ ਅੰਧੇਰਾ ਜਾਇ॥
ਜਹ ਦੇਖਾ ਤਹ ਰਹਿਆ ਸਮਾਇ॥ ਮ:1-876
ਅਗਿਆਨਤਾ ਦਾ ਅੰਧੇਰਾ ਕੇਵਲ ਗਿਆਨ (ਧਰਮ ਸ਼ਿੰਗਾਰ) ਨਾਲ ਹੀ ਦੂਰ ਹੋ ਸਕਦਾ ਹੈ। ਇਸ ਲਈ ਪਰਮਾਤਮਾ ਨਾਲ ਸਾਂਝ ਪਉਣ ਲਈ (ਗੁਰੂ)ਗਿਆਨ ਦੇ ਦੀਵੇ ਨਾਲ ਅਗਿਆਨਤਾ ਦਾ ਹਨੇਰਾ ਦੂਰ ਕਰਨਾ ਪਵੇਗਾ।
4. ਗੁਰੁ ਮੇਰਾ ਗਿਆਨੁ ਗੁਰੁ ਰਿਦੈ ਧਿਆਨੁ॥
ਗੁਰੁ ਗੋਪਾਲੁ ਪੁਰਖੁ ਭਗਵਾਨੁ॥ ਮ:5- 864)।
ਗਿਆਨ (ਹੁਕਮ, ਸਬਦ, ਬਿਬੇਕ ਬੁਧੀ) ਹੀ ਗੁਰੂ ਹੈ ਜੋ ਮੇਰੇ ਹਿਰਦੇ ਵਿਚ ਟਿਕਿਅਿਾ ਹੋਇਆ ਹੈ, ਤੇ ਇਹੀ ਉਸ ਭਗਵਾਨ ਦਾ ਰੂਪ ਹੈ ਜੋ ਸਰਬ ਵਿਅਪਕ ਤੇ ਸ੍ਰਿਸ਼ਟੀ ਦਾ ਪਾਲਣਹਾਰ ਹੈ।
5. ਗੁਰੁ ਕੀ ਮਹਿਮਾ ਕਿਆ ਕਹਾ ਗੁਰੁ ਬਿਬੇਕ ਸਤਸਰੁ॥
ਉਹ ਅਦਿ ਜੁਗਾਦੀ ਜੁਗਹ ਜੁਗੁ ਪੂਰਾ ਪਰਮੇਸਰੁ॥
(ਮ;5-397)।
ਗੁਰੂ ਦੀ ਵਡਿਆਈ ਅਕੱਥ ਹੈ ਤੇ ਉਹ ਬਿਬੇਕ ਬੁਧ ਦਾ ਸਾਗਰ ਤੇ ਉਚੇ ਆਚਰਨ ਵਾਲਾ ਹੈ।ਉਹ ਪੂਰਨ ਪਰਮੇਸ਼ਰ ਰੂਪ ਹੈ ਜੋ ਹਰ ਜੁਗ ਵਿਚ ਮੌਜੂਦ ਹੈ।ਉਪਰੋਕਤ ਗੁਰ ਪਰਮਾਣਾਂ ਤੋਂ ਸਿੱਧ ਹੋ ਜਾਂਦਾ ਹੈ ਕਿ ਗਿਆਨ (ਬਿਬੇਕ ਬੁਧੀ, ਸਬਦ, ਹੁਕਮ, ਗੁਰਬਾਣੀ, ਸੁਮੱਤ) ਦੇ ਧਰਮ ਸ਼ਿੰਗਾਰ ਬਿਨਾ, ਧਰਮੀ ਹੋਣਾ ਸੰਭਵ ਨਹੀ ਤੇ ਇਹ ਸਿਧਾਂਤ (ਅਸੂਲ) ਸਾਰੀ ਲੁਕਾਈ ਤੇ ਲਾਗੂ ਹੁੰਦਾ ਹੈ।ਧਰਮ ਦਾ ਦੂਸਰਾ ਸ਼ਿੰਗਾਰ ਹੈ ਰੱਬੀ ਗੁਣਾਂ ਦਾ ਸੰਗ੍ਰਿਹ ਜਿਨਾ ਬਿਨਾ ਨਾ ਹੀ ਪਰਮਾਤਮਾ ਨਾਲ ਸਾਂਝ ਪੈ ਸਕਦੀ ਹੈ ਤੇ ਨਾ ਹੀ ਧਰਮੀ ਹੋਇਆ ਜਾ ਸਕਦਾ ਹੈ।
1. ਸਤੁ ਸੰਤੋਖੁ ਦਇਆ ਧਰਮੁ ਸੀਗਾਰੁ ਬਨਾਵਉ॥
ਸਫਲ ਸੁਹਾਗਣਿ ਨਾਨਕਾ ਅਪੁਨੇ ਪ੍ਰਭ ਭਾਵਉ॥
(ਮ:1-812)।
ਪਤੀ ਪਰਮੇਸਰ ਨੂੰ ਭਾਉਣ ਵਾਲੀ ਸਫਲ ਸੁਹਾਗਣ ਬਣਨ ਲਈ ਗੁਣਾਂ ਦਾ ਸ਼ਿੰਗਾਰ ਕਰਨਾ ਹੀ ਪਵੇਗਾ।ਇਸ ਧਰਮ ਦੇ ਸ਼ਿੰਗਾਰ ਬਿਨਾ ਨਾ ਪਰਮੇਸਰ ਨਾਲ ਸਾਂਝ ਪਵੇਗੀ ਤੇ ਨਾ ਧਰਮੀ ਹੋਇਆ ਜਾਣਾ ਹੈ। ਇਹ ਅਸੂਲ ਵੀ ਬਿਨਾ ਕਿਸੇ ਵਿਤਕਰੇ ਸਾਰੀ ਲੁਕਾਈ ਤੇ ਲਾਗੂ ਹੈੇ।
2. ਹਾਰ ਡੋਰ ਕੰਕਨ ਘਣੇ ਕਰਿ ਥਾਕੀ ਸੀਗਾਰੁ॥
ਮਿਲ ਪ੍ਰੀਤਮੁ ਸੁਖੁ ਪਾਇਆ ਸਗਲ ਗੁਣਾ ਗਲਿ ਹਾਰੁ॥
(ਮ:1-937)।
ਗੁਣਾਂ ਦੇ ਹਾਰ ਨੂੰ ਗਲ ਪਉਣ ਦਾ ਸ਼ਿੰਗਾਰ ਕੀਤੇ ਬਿਨਾ, ਪ੍ਰੀਤਮ ਮਿਲਾਪ ਦਾ ਸੁਖ ਨਹੀ ਪਾਇਆ ਜਾ ਸਕਦਾ।ਤਨ ਤੇ ਬਾਹਰਲੇ ਅਪਨਾਏ ਸਭ ਸ਼ਿੰਗਾਰ, ਧਰਮ ਵਿਚ ਅਪਰਵਾਨ ਹਨ।
3. ਗਿਆਨੁ ਅਪਾਰੁ ਸੀਗਾਰ ਹੈ ਸੋਭਾਵੰਤੀ ਨਾਰਿ॥
ਸਾ ਸਭਰਾਈ ਸੁੰਦਰੀ ਪਿਰ ਕੈ ਹੇਤਿ ਪਿਆਰਿ॥
(ਮ:3-426)।
ਪਰਮਾਤਮਾ ਪਤੀ ਦੀ ਸੋਭਾਵੰਤੀ ਨਾਰ (ਧਰਮੀ ਮਨੁਖ) ਦਾ ਗਿਆਨ ਹੀ ਸ਼ਿੰਗਾਰ ਹੈ।ਉਹੀ ਉਤਮ ਸੁੰਦਰ ਪਤਨੀ (ਧਰਮੀ ਪੁਰਸ਼)) ਹੈ ਜਿਸਨੂੰ ਪਤੀ (ਪਰਮਾਤਮਾ) ਦਾ ਪਿਆਰ ਹਾਸਲ ਹੋਵੇ। ਸਪਸ਼ਟ ਹੈ ਕਿ ਗਿਆਨ ਦੇ ਸ਼ਿੰਗਾਰ ਬਿਨਾ ਨਾ ਧਰਮ ਹੈ ਤੇ ਨਾ ਹੀ ਪਰਮਾਤਮਾ ਨਾਲ ਸਾਂਝ ਹੈ।ਅਜ ਧਰਮ ਦੀ ਸਭ ਤੋਂ ਵ੍ਹਡੀ ਕਮਜ਼ੋਰੀ ਇਹ ਹੈ ਕਿ ਗੁਰੂ ਨਾਲ ਸਾਂਝ ਪੈਣ ਤੋਂ ਪਹਿਲਾਂ ਹੀ (ਫੋਕੇ ਬਾਹਰਲੇ ਸ਼ਿੰਗਾਰਾਂ ਰਾਹੀਂ) ਧਰਮੀ ਹੋਣ ਦਾ ਦ੍ਹਾਵਾ ਕੀਤਾ ਜਾਂਦਾ ਹੈ।ਗੁਰ ਫੁਰਮਾਨ ਤਾਂ ਇਹ ਹੈ :-
ਕਾਮਣਿ ਤਉ ਸੀਗਾਰੁ ਕਰਿ ਜਾ ਪਹਿਲਾਂ ਕੰਤੁ ਮਨਾਇ॥
ਮਤੁ ਸੇਜੈ ਕੰਤੁ ਨ ਆਵਈ ਏਵੈ ਬਿਰਥਾ ਜਾਇ॥
(ਮ:3-788)
ਭਾਵ :- ਹੇ ਜੀਵ ਇਸਤ੍ਰੀ, ਪਹਿਲਾਂ ਪਤੀ (ਪਰਮਾਤਮਾ) ਨੂੰ ਰਿਝਾਉਣਾ ਹੈ ਤੇ ਫੇਰ ਸ਼ਿੰਗਾਰ ਕਰਨਾ ਹੈ, ਕਿਤੇ ਐਸਾ ਹੀ ਨਾ ਹੋਵੇ ਕਿ ਪਰਮਾਤਮਾ ਹਿਰਦੇ ਵਿਚ ਆਵੇ ਹੀ ਨਾ ਤੇ ਕੀਤਾ (ਧਰਮ) ਸ਼ਿੰਗਾਰ ਐੇਵੇਂ ਬਿਰਥਾ ਹੀ ਚਲਾ ਜਾਵੇ। ਇਸ ਲਈ :-
ਕਾਮਣਿ ਪਿਰ ਮਨ ਮਾਨਿਆ ਤਉ ਬਣਿਆ ਸੀਗਾਰੁ॥
ਕੀਆ ਤਉ ਪਰਵਾਣੁ ਹੈ ਜਾ ਸਹੁ ਧਰੇ ਪਿਆਰੁ॥ (788)
ਭਾਵ :- ਹੇ ਜੀਵ ਇਸਤ੍ਰੀ, (ਧਰਮ) ਸ਼ਿੰਗਾਰ ਕੀਤਾ ਤਦ ਹੀ ਸਫਲ ਹੈ ਜੇ ਪਹਿਲਾਂ ਪਰਮਾਤਮਾ ਦਾ ਮਨ ਰੀਝ ਜਾਵੇ। ਕੀਤਾ (ਧਰਮ) ਸ਼ਿੰਗਾਰ ਤਾਂ ਹੀ ਕਬੂਲ ਹੈ ਜੇ ਪਹਿਲਾਂ ਪਰਮਾਤਮਾ ਨਾਲ ਪਿਆਰ ਪੈ ਜਾਵੇ।ਕਿਤੇ ਐਸਾ ਹੀ ਨਾ ਹੋਵੇ ਕਿ :-
ਮੁੰਧੇ ਪਿਰ ਬਿਨੁ ਕਿਆ ਸੀਗਾਰੁ॥
ਦਰਿ ਘਰਿ ਢੋਈ ਨ ਲਹੈ ਦਰਗਹ ਝੂਠੁ ਖੁਆਰੁ॥ਰਹਾਉ॥
(ਮ:1-19) ।
ਭਾਵ :- ਹੇ ਜੀਵ ਇਸਤ੍ਰੀ, ਜੇ ਪਤੀ (ਪਰਮਾਤਮਾ) ਨਾਲ ਸਾਂਝ ਨਹੀ ਪਈ ਤਾਂ (ਧਰਮ) ਸ਼ਿੰਗਾਰ ਕਰਨ ਦਾ ਕੋਈ ਲਾਭ ਨਹੀ।ਜੋ ਜੀਵ ਇਸਤ੍ਰੀ ਪਤੀ ਪ੍ਰਾਪਤੀ ਬਿਨਾ ਸ਼ਿੰਗਾਰ ਕਰਦੀ ਹੈ ਉਸਨੂੰ ਪ੍ਰਭੂ ਦੇ ਦਰ ਆਸਰਾ ਨਹੀ ਮਿਲਦਾ ਤੇ ਉਹ ਝੂਠੀ ਤੇ ਖੁਆਰ ਹੁੰਦੀ ਹੈ।ਪਰ ਇਹੀ ਤਾਂ ਅਜ ਦੇ ਪ੍ਰਚਲਤ ਧਰਮਾਂ ਦੀ ਹਾਲਤ ਹੈ।
ਗੁਣਾਂ ਦੇ ਅਥਾਹ ਸੰਗ੍ਰਹਿ ਵਿਚੋਂ ਇਕ ਹੋਰ ਗੁਣ ਗੁਰਮਤ ਵਿਚ ਉਤਮ ਮੰਨਿਆ ਗਿਆ ਹੈ :-
ਭਰਤਾ ਕਹੈ ਸੁ ਮਾਨੀਐ ਏਹੁ ਸੀਗਾਰੁ ਬਣਾਇ ਰੀ॥
ਦੂਜਾ ਭਾਉ ਵਿਸਾਰੀਐ ਏਹੁ ਤੰਬੋਲਾ ਖਾਇ ਰੀ॥
(ਮ:5-400)।
ਭਾਵ: ਹੇ ਜਿੰਦੇ, ਪ੍ਰਭੂ ਦੀ ਰਜ਼ਾ ਨੂੰ ਮਿਠਾ ਕਰਿ ਕੇ ਮੰਨਣ ਦਾ (ਧਰਮ) ਸ਼ਿੰਗਾਰ ਬਣਾ।ਮੋਹ ਮਾਇਆ ਦੇ ਪਿਆਰ ਨੂੰ ਭੁਲਾ ਕੇ ਪਰਮਾਤਮਾ ਦੀ ਰਜ਼ਾ ਨੂੰ ਹੀ ਪਾਨ ਦਾ ਬੀੜਾ ਬਣਾ ਕੇ ਅਪਨਾ ਲੈ।ਇਥੇ ਫੇਰ ਇਸ਼ਾਰਾ ਗਿਆਨ ਵਲ ਹੀ ਹੈ ਕਿਉਂਕਿ ਪ੍ਰਭੂ ਦੀ ਰਜ਼ਾ ਹੀ ਗੁਰੂ ਦੀ ਰਜ਼ਾ (ਗਿਆਨ) ਹੈ ਜਿਸਨੂੰ ਮੰਨੇ ਬਿਨਾ ਨਾ ਧਰਮ ਹੈ ਤੇ ਨਾ ਹੀ ਪਰਮਾਤਮਾ ਦੀ ਸਾਂਝ।ਇਸ ਸ਼ਿੰਗਾਰ (ਅਸੂਲ) ਨੂੰ ਗੁਰਬਾਣੀ ਵਿਚ ਅਨੇਕਾਂ ਵਾਰ ਦੁਹਰਾਇਆ ਗਿਆ ਹੈ :-
1. ਕਿਵ ਸਚਿਆਰਾ ਹੋਈਐ ਕਿਵ ਕੂੜੇ ਤੁਟੈ ਪਾਲ॥ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ॥ (ਜਪੁ)।
ਹੁਕਮ ਰਜਾਈ ਚਲਣ ਤੋਂ ਭਾਵ ਗੁਰੂ ਦੇ ਉਪਦੇਸ਼, ਸਬਦ, ਗਿਆਨ ਜਾਂ ਗੁਰਮਤ ਤੇ ਚਲਣ ਤੋਂ ਹੀ ਹੈ। ਇਸ ਤੋਂ ਬਿਨਾ ਸਚਿਆਰਾ (ਧਰਮੀ) ਨਹੀ ਹੋਇਆ ਜਾ ਸਕਦਾ
2. ਜੋ ਤੁਧੁ ਭਾਵੈ ਸੋ ਨਿਰਮਲ ਕਰਮਾ॥
ਜੋ ਤੁਧੁ ਭਾਵੈ ਸੋ ਸਚੁ ਧਰਮਾ॥ ਮ:5-180
ਤੇਰੀ ਰਜ਼ਾ (ਜੋ ਤੁਧੁ ਭਾਵੈ) ਵਿਚ ਚਲਣਾ ਹੀ ਪਵਿਤ੍ਰ ਕਰਮ ਹੈ ਤੇ ਇਹੀ ਸਚਾ ਧਰਮ ਹੈ। ਗੁਰੂ ਦੇ ਗਿਆਨ (ਸਬਦ, ਗੁਰਮਤ) ਅਨੁਸਾਰ ਚਲਣਾ ਹੀ ਧਰਮ ਦਾ ਸ਼ਿੰਗਾਰ ਪਹਿਨਣਾ ਹੈ।
3. ਤਿਸੁ ਹੀ ਚਜੁ ਸੀਗਾਰੁ ਸਭੁ ਸਾਈ ਰੂਪਿ ਅਪਾਰਿ ਰੀ॥
ਸਾਈ ਸੁੋਹਾਗਣਿ ਨਾਨਕਾ ਜੋ ਭਾਣੀ ਕਰਤਾਰਿ ਰੀ॥ (ਮ:5-400)।
ਹੇ ਸੋਹਣੀ ਜਿੰਦੇ, ਓਸੇ ਜੀਵ ਇਸਤ੍ਰੀ ਦਾ ਸੁਚੱਜ, ਸੁੰਦਰ ਰੂਪ ਤੇ ਆਤਮਕ ਸ਼ਿੰਗਾਰ ਪਰਵਾਨ ਹੁੰਦਾ ਹੈ ਅਤੇ ਉਹੀ ਚੰਗੇ ਭਾਗਾਂ ਵਾਲੀ ਮੰਨੀ ਜਾਂਦੀ ਹੈ, ਜੋ ਪਰਮਾਤਮਾ (ਗੁਰੂ) ਦੇ ਭਾਣੇ ਵਿਚ ਚਲਦੀ ਹੈ। ਗੁਰਬਾਣੀ ਵਿਚ ਪਿਆਰ ਦੇ ਸ਼ਿੰਗਾਰ ਦਾ ਵੀ ਜ਼ਿਕਰ ਕੀਤਾ ਗਿਆ ਹੈ :-
ਭੈ ਭਾਇ ਸੀਗਾਰੁ ਬਣਾਏ॥
ਗੁਰ ਪ੍ਰਸਾਦੀ ਮਹਲੁ ਘਰੁ ਪਾਏ॥ (ਮ:3-112)।
ਭਾਵ:- ਜੋ ਮਨੁਖ ਪਰਮਾਤਮਾ (ਗੁਰੂ) ਦੇ ਅਦਬ ਤੇ ਪਿਆਰ ਨੂੰ ਆਪਣਾ ਧਰਮ ਸ਼ਿੰਗਾਰ ਬਣਾਂਦਾ ਹੈ ਉਹ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਨਾਲ ਸਾਂਝ ਪਾ ਲੈਂਦਾ ਹੈ। ਗੁਰੂ ਦਾ ਪਿਆਰ ਗੁਰੂ ਦੇ ਹੁਕਮ ਮੰਨਣ ਵਿਚ ਹੈ।
ਸਬਦਿ ਸਚੈ ਰੰਗੁ ਲਾਲੁ ਕਰਿ ਭੈ ਭਾਇ ਸੀਗਾਰੁ ਬਣਾਇ॥
ਨਾਨਕ ਸਦਾ ਸੋਹਾਗਣੀ ਜਿ ਚਲਨੁ ਸਤਿਗੁਰ ਭਾਇ॥
(ਮ:3-786)।
ਭਾਵ :- ਜੋ ਜੀਵ ਇਸਤ੍ਰੀ ਗੁਰੂ ਦੇ ਸਚੇ ਸਬਦ (ਉਪਦੇਸ਼, ਗਿਆਨ, ਗੁਰਮਤ) ਰਾਹੀਂ ਆਪਣੇ ਆਪ ਨੂੰ ਉਸਦੇ ਲਾਲ ਰੰਗ ਵਿਚ ਰੰਗਣ ਨੂੰ (ਭਾਵ ਗੁਰਸਿਖਿਆ ਤੇ ਚਲਣ ਨੂੰ) ਆਪਣਾ (ਧਰਮ) ਸ਼ਿੰਗਾਰ ਬਣਾਂਦੀ ਹੈ, ਉਹ ਗੁਰੂ ਦੇ ਹੁਕਮ ਵਿਚ ਚਲਦਿਆਂ ਸਦਾ ਸੋਹਾਗਣ ਹੋਣ ਦਾ ਮਾਣ ਪ੍ਰਾਪਤ ਕਰਿ ਲੈਂਦੀ ਹੈ।
ਗੁਰੂ ਦੀ ਸਿਖਿਆ ( ਗੁਰਗਿਆਨ, ਗੁਰਉਪਦੇਸ਼, ਗੁਰਮਤ, ਗੁਰਸਬਦ, ਗੁਰਬਾਣੀ ) ਤੇ ਚਲ ਕੇ ਔੋਗਣਾਂ ਨੂੰ ਤਿਅਗਨਾ ਤੇ ਰੱਬੀ ਗੁਣਾਂ ਨੂੰ ਧਾਰਨ ਕਰਕੇ ਪਰਮਾਤਮਾ ਨਾਲ ਸਾਂਝ ਪਉਣੀ ਹੀ ਧਰਮ ਦਾ ਸ਼ਿੰਗਾਰ ਹੈ। ਇਸ ਤੋਂ ਬਿਨਾ ਬਾਕੀ ਸਾਰੇ ਬਾਹਰਲੇ ਚਿੰਨਾਂ, ਪਹਿਰਾਵੇ, ਰੀਤਾਂ ਰਸਮਾਂ ਤੇ ਕਰਮ ਕਾਂਡਾਂ ਦੇ ਕੀਤੇ ਸ਼ਿੰਗਾਰ ਨਿਸਫਲ ਹੀ ਹਨ।
1. ਸੰਗਿ ਤੇਰੈ ਕਛੁ ਨ ਚਾਲੈ ਬਿਨਾ ਗੋਬਿੰਦ ਨਾਮਾ॥ਦੇਸ ਵੇਸ ਸੁਵਰਨ ਰੂਪਾ ਸਗਲ ਊਣੇ ਕਾਮਾ॥(ਮ:5-547)।
ਪਰਮਾਤਮਾ ਦੇ ਭਾਣੇ (ਗੁਰਸਿਖਿਆ) ਵਿਚ ਚਲੇ ਬਿਨਾ ਬਾਹਰਲੇ ਦੇਸ, ਪਹਿਰਾਵੇ, ਰੂਪ ਰੰਗ ਤੇ ਜਾਤ ਪਾਤ ਦੁਆਰਾ ਧਰਮੀ ਹੋਣ ਦਾ ਦ੍ਹਾਵਾ ਨਿਸਫਲ ਕਰਮ ਹੈ।
2. ਰਹਤ ਅਵਰ ਕਛੁ ਅਵਰ ਕਮਾਵਤ॥
ਮਨਿ ਨਹੀ ਪ੍ਰੀਤ ਮੁਖਹੁ ਗੰਢ ਲਾਵਤ॥ ਜਾਨਨਹਾਰ ਪ੍ਰਭੂ ਪਰਬੀਨ॥
ਬਾਹਰ ਭੇਖ ਨ ਕਾਹੂ ਭੀਨ॥ (ਮ:5-269)।
ਮਨ ਵਿਚ ਪਰਮਾਤਮਾ ਨਾਲ ਕੋਈ ਸਾਂਝ ਨਹੀ, ਕਹਿਣਾ ਕੁਛ ਤੇ ਕਰਨੀ ਕੁਛ, ਪਰ ਪ੍ਰਭੂ ਬਹੁਤ ਸਿਆਣਾ ਹੈ ਬਾਹਰਲੇ (ਧਾਰਮਕ) ਦਿਖਾਵੇ ਤੇ ਨਹੀ ਰੀਝਦਾ।
3. ਕਰੈ ਦੁਹਕਰਮ ਦਿਖਾਵੈ ਹੋਰੁ॥
ਰਾਮ ਕੀ ਦਰਗਹ ਬਾਧਾ ਚੋਰੁ॥ (ਮ:5-194)
ਕਰਮ ਤਾਂ ਮੰਦੇ ਕਰਦਾ ਹੈ ਪਰ ਬਾਹਰੋਂ ਧਰਮੀ ਹੋਣ ਦਾ ਪ੍ਰਗਟਾਵਾ ਕਰਦਾ ਹੈ। ਪ੍ਰਭੂ ਦੀ ਦਰਗਾਹ ਵਿਚ ਇਉਂ ਪਕੜਿਆ ਜਾਵੇਗਾ ਜਿਵੇ ਸੰਨ ਲਉਂਦਾ ਚੋਰ ਪਕੜਿਆ ਜਾਂਦਾ ਹੈ।
4. ਭਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ॥
ਹਰਿ ਕਾ ਮਹਲੁ ਨ ਪਾਵਈ ਮਰਿ ਵਿਸਟਾ ਮਾਹਿ ਸਮਾਇ॥
(ਮ:3-26)।
ਜੇ ਮਨ ਵਿਚ ਤਾਂ ਧੋਖਾ ਹੈ ਪਰ ਬਾਹਰੋਂ ਅਨੇਕ ਤਰਾਂ ਦੇ ਭੇਖਾਂ ਨਾਲ ਧਰਮੀ ਹੋਣ ਦਾ ਦ੍ਹਾਵਾ ਕਰਦਾ ਹੈ ਉਹ ਵ੍ਹਡੀ ਭੁਲ ਵਿਚ ਹੈ ਕਿਉਂਕਿ ਇਸ ਤਰਾਂ ਪਰਮਾਤਮਾ ਦੀ ਪ੍ਰਾਪਤੀ ਨਹੀ ਹੋ ਸਕਦੀ ਤੇ ਆਤਮਕ ਮੌਤੇ ਮਰ ਕੇ ਭੈੜੇ ਕੰਮਾਂ ਵਿਚ ਪਿਆ ਰਹਿੰਦਾ ਹੈ।
5. ਹਿਰਦੈ ਜਿਨ ਕੇ ਕਪਟੁ ਵਸੈ ਬਾਹਰਹੁ ਸੰਤ ਕਹਾਹਿ॥
ਤ੍ਰਿਸਨਾ ਮੂਲਿ ਨ ਚੁਕਈ ਅੰਤਿ ਗਏ ਪਛਤਾਹਿ॥
(ਮ:3-491)
ਜਿਨਾ ਦੇ ਮਨ ਵਿਚ ਧੋਖਾ ਹੈ ਪਰ ਬਾਹਰਲੇ ਪਹਿਰਾਵੇ ਦੁਆਰਾ ਆਪਣੇ ਆਪ ਨੂੰ ਧਰਮੀ ਅਖਵਾਂਦੇ ਹਨ ਉਹਨਾ ਦੀ ਮੋਹ ਮਾਇਆ ਦੀ ਤ੍ਰਿਸਨਾ ਕਦੇ ਨਹੀ ਬੁਝਦੀ ਤੇ ਜਗਤ ਤੋਂ ਪਛਤਾਵੇ ਵਿਚ ਹੀ ਤੁਰ ਜਾਂਦੇ ਹਨ।
6. ਅੰਤਰਿ ਮਲਿ ਨਿਰਮਲ ਨਹੀ ਕੀਨਾ ਬਾਹਰ ਭੇਖ ਉਦਾਸੀ॥
ਹਿਰਦੈ ਕਮਲੁ ਘਟਿ ਬ੍ਰਹਿਮੁ ਨ ਚੀਨਾ ਕਾਹੇ ਭਇਆ ਸੰਨਿਆਸੀ॥
(ਤਿਲੋਚਨ-525)।
ਅੰਦਰੋਂ ਮਨ ਦੀ ਮੈਲ ਤਾਂ ਧੋਤੀ ਨਹੀ ਪਰ ਬਾਹਰੋਂ ਭੇਖਾਂ ਦੁਆਰਾ ਧਰਮੀ ਹੋਣ ਦਾ ਦ੍ਹਾਵਾ ਕਰਦਾ ਹੈ। ਦਿਲ ਵਿਚ ਪਰਮਾਤਮਾ ਨਾਲ ਤਾਂ ਸਾਂਝ ਪਈ ਨਹੀ, ਤੇ ਬਾਹਰੋਂ ਧਰਮੀ ਹੋਣ ਦਾ ਵਖਾਵਾ ਇਕ ਨਿਸਫਲ ਕਰਮ ਹੈ ਜੋ ਅਜ ਦੇ ਧਰਮਾਂ ਵਿਚ ਆਮ ਪ੍ਰਚਲਤ ਹੈ।
ਗੁਰਬਾਣੀ (ਗੁਰਉਪਦੇਸ਼, ਗੁਰਮਤ, ਗੁਰਗਿਆਨ, ਗੁਰਸਬਦ,ਗੁਰਬਚਨ) ਤੇ ਚਲਦਿਆਂ ਸ਼ੁਭ ਗੁਣਾਂ (ਸ਼ੁਭ ਅਮਲਾਂ) ਨੂੰ ਧਾਰਨ ਕਰਨਾ ਹੀ ਉਤਮ ਧਰਮ ਸ਼ਿੰਗਾਰ ਹੈ ਜੋ ਸਾਰੀ ਮਨੁਖਤਾ ਤੇ ਲਾਗੂ ਹੈ ਤੇ ਜਿਸ ਤੋਂ ਬਿਨਾ ਨਾ ਪਰਮਾਤਮਾ ਨਾਲ ਸਾਂਝ ਪੈਣੀ ਹੈ ਤੇ ਨਾ ਹੀ ਧਰਮੀ ਹੋਇਆ ਜਾ ਸਕਦਾ ਹੈ।

ਦਰਸ਼ਨ ਸਿੰਘ, ਵੁਲਵਰਹੈਂਪਟਨ, ਯੂ.ਕੇ.