ਆਓ ਖੁਰਦੇ ਜਾਂਦੇ ਪੰਜਾਬ ਨੂੰ ਬਚਾਈਏ

ਆਓ ਖੁਰਦੇ ਜਾਂਦੇ ਪੰਜਾਬ ਨੂੰ ਬਚਾਈਏ

ਪੰਜਾਬ ਦੇ ਹਾਲਾਤ ਦਿਨ ਬਦਿਨ ਬਦਤਰ ਹੁੰਦੇ ਜਾ ਰਹੇ ਹਨ। ਹਰੇ ਇਨਕਲਾਬ ਦੇ ਨਾਂ ‘ਤੇ ਪੰਜਾਬ ਦੀ ਧਰਤੀ, ਇਸ ਦੇ ਹਵਾ-ਪਾਣੀ, ਖਾਧ-ਖੁਰਾਕ ਪਲੀਤ ਹੋ ਚੁਕੇ ਹਨ। ਸਿੱਟਾ ਵਜੋਂ ਪੰਜਾਬੀ ਜ਼ਿਹਨੀ ਤੌਰ ‘ਤੇ ਵੀ ਬਿਮਾਰ ਹੋ ਗਏ ਹਨ। ਡਾਕਟਰਾਂ ਨੇ ਪੰਜਾਬ ਨੂੰ ਮੰਡੀ ਬਣਾਇਆ ਹੋਇਆ ਹੈ ਪਰ ਤੰਦਰੁਸਤੀ ਨਾਂ ਦੀ ਚੀਜ਼ ਖੰਭ ਲਾ ਕੇ ਉਡ ਚੁਕੀ ਹੈ। ਦਵਾਈ ਲੋਕਾਂ ਨੂੰ ਸਰੀਰਕ ਮਾਨਸਿਕ ਤੌਰ ‘ਤੇ ਕੋਈ ਰਾਹਤ ਦੇਣ ਦੀ ਥਾਂ ਕਰਜਈ ਕਰ ਰਹੀ ਹੈ।
ਧੜਾਧੜ ਖੁਲ੍ਹ ਰਹੇ ਮਹਿੰਗੇ ਸਿੱਖਿਆ ਅਦਾਰੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਿਚ ਅਸਮਰਥ ਹਨ। ਪੰਜਾਬ ਦੇ ਕੁਦਰਤੀ ਸੋਮੇ ਪਾਣੀ ‘ਤੇ ਡਾਕੇ ਵੱਜ ਰਹੇ ਹਨ। ਨਹਿਰਾਂ, ਕੱਸੀਆਂ, ਸੂਏ ਸਭ ਸੁੱਕ ਗਏ ਹਨ। ਮਜਬੂਰੀਵਸ ਨੌਜਵਾਨ ਭਾਰੀ ਕਰਜੇ ਚੁਕ ਕੇ ਤੇ ਹਰ ਹੀਲਾ ਵਸੀਲਾ ਵਰਤ ਕੇ ਵਿਦੇਸ਼ਾਂ ਵੱਲ ਵਹੀਰਾਂ ਘੱਤ ਚੁਕੇ ਹਨ। ਪਹਿਲਾਂ ਤਾਂ ਵਿਦੇਸ਼ੀ ਧਰਤੀ ‘ਤੇ ਪਹੁੰਚਣਾ ਸੌਖਾ ਨਹੀਂ। ਫਿਰ ਦਿਨ ਰਾਤ ਦੀ ਮਿਹਨਤ ਕਰਜੇ ਦੀ ਭਾਰੀ ਪੰਡ ਨੂੰ ਹੌਲੇ ਕਰਨ ਵਿਚ ਸਾਰੀ ਜੁਆਨੀ ਲੱਗ ਜਾਂਦੀ ਹੈ। ਪਿਛੇ ਰਹਿ ਜਾਂਦੇ ਨੇ ਵਿਲਕਦੇ ਬਜੁਰਗ ਮਾਪੇ। ਬੱਚੇ ਮਾਪਿਆਂ ਦੀ ਕਿਵੇਂ ਡੰਗੋਰੀ ਬਣਨ?
ਖੇਤੀ ਆਧਾਰਤ ਇਸ ਸੂਬੇ ਦੇ ਬੀਜਾਂ, ਖਾਦਾਂ, ਕੀੜੇਮਾਰ ਦੁਆਈਆਂ, ਮਸ਼ੀਨਰੀ ‘ਤੇ ਸਿਆਸੀ/ਧਨਾਢ ਲੋਕਾਂ ਦਾ ਕਬਜ਼ਾ ਹੈ। ਫਸਲਾਂ ਨੂੰ ਔਚਿੱਟੇ, ਨੀਲੇ, *0੨7 ਕੀੜੇ ਫਲ ਦੇਣ ਤੋਂ ਪਹਿਲਾਂ ਹੀ ਚੱਟ ਕਰ ਜਾਂਦੇ ਹਨ। ਰਹਿੰਦੀ ਕਸਰ ਮੰਡੀ ਵਿਚ ਨਿਕਲ ਜਾਂਦੀ ਹੈ, ਜਦੋਂ ਵੇਚਣ ਲਈ ਲਿਆਂਦੀ ਫਸਲ ਦਾ ਵਾਜਬ ਭਾਅ ਨਹੀਂ ਮਿਲਦਾ। ਹਰੇ ਇਨਕਲਾਬ ਰਾਹੀਂ ਪੰਜਾਬ ਨੇ ਕੇਂਦਰ ਦੇ ਖੁਰਾਕ ਭੰਡਾਰ ਤਾਂ ਭਰ ਦਿੱਤੇ ਪਰ ਆਪ ਕੰਗਾਲ ਹੋ ਗਿਆ। ਜੇ ਕਿਸਾਨ ਕੇਂਦਰ ਤੋਂ ਇਸ ਖੇਤੀ ਅਧੋਗਤੀ ਲਈ ਕੁਝ ਮਦਦ ਮੰਗਦਾ ਹੈ ਤਾਂ ਅੱਗੋਂ ਢੀਠਤਾਈ ਨਾਲ ਜੁਆਬ ਮਿਲਦਾ ਹੈ ਕਿ ਖੇਤੀ ਕਰਜ਼ੇ ਕੇਂਦਰੀ ਅੰਨ ਭੰਡਾਰ ਕਰਕੇ ਨਹੀਂ ਹੈ, ਇਸ ਲਈ ਉਹ ਕੋਈ ਮਦਦ ਨਹੀਂ ਕਰਨਗੇ। ਦੱਸੋ ਪੰਜਾਬ ਦੇਸ਼ ਦਾ ਹਿੱਸਾ ਨਹੀਂ? ਦੇਸ਼ ਲਈ ਕੀਤੀਆਂ ਕੁਰਬਾਨੀਆਂ ਤੇ ਅੰਨ ਭੰਡਾਰਾਂ ਨੂੰ ਭਰਨ ਵਾਲੇ ਪੰਜਾਬੀ ਅੰਨਦਾਤਾ ਨੂੰ ਕਿੰਜ ਖੁਦਕਸ਼ੀ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਦੇਸ਼ ਦੇ ਆਗੂਆਂ ਦਾ ਇੱਕ ਨੁਕਾਤੀ ਪ੍ਰੋਗਰਾਮ ਹੈ ਕਿ ਇੱਕ ਦੂਜੇ ਨੂੰ ਠਿੱਬੀ ਲਾ ਕੇ ਸੱਤਾ ਕਿਵੇਂ ਹਾਸਲ ਕਰਨੀ ਹੈ? ਨੋਟਬੰਦੀ, ਜੀਲ਼ ਐਸ਼ ਟੀਲ਼ ਅਤੇ ਹੋਰ ਟੈਕਸਾਂ ਤੇ ਗਲਤ ਉਦਯੋਗਿਕ ਨੀਤੀਆਂ ਨੇ ਵਪਾਰ ਨੂੰ ਵੀ ਥੱਲੇ ਲਾ ਦਿੱਤਾ ਹੈ। ਪੰਜਾਬ ਵਿਚ ਨਵੇਂ ਉਦਯੋਗ ਤਾਂ ਕੀ ਲੱਗਣੇ ਸਨ, ਪੁਰਾਣੇ ਉਦਯੋਗਾਂ ਦੀ ਵੀ ਪਿਛਲੇ ਲਗਭਗ 30 ਸਾਲਾਂ ਤੋਂ ਹਿਜਰਤ ਜਾਰੀ ਹੈ। ਅੱਜ ਪੰਜਾਬ ਦੀ ਬਾਂਹ ਫੜ੍ਹਨ ਵਾਲਾ ਕੋਈ ਨਹੀਂ।
ਜੇ ਪਿਛਲਝਾਤੀ ਮਾਰੀਏ, ਗੁਰੂਆਂ-ਪੀਰਾਂ ਦੀ ਧਰਤੀ ਪੰਜਾਬ ਨੂੰ ਕਿਸੇ ਸਮੇ ਇੱਕ ਦੇਸ਼ ਦਾ ਦਰਜਾ ਪ੍ਰਾਪਤ ਸੀ, ਜਿਸ ਨੂੰ ਅੰਗਰੇਜਾਂ ਨੇ 1849 ਵਿਚ ਜ਼ਬਤ ਕਰ ਲਿਆ। ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਅੰਗਰੇਜ਼ ਗਵਰਨਰ ਹਾਰਡਿੰਗ ਤੇ ਲਾਰਡ ਦਾ ਦਫਤਰ ਕਲਕੱਤੇ ਵਿਚ ਸੀ, ਪੰਜਾਬ ਵਿਚ ਨਹੀਂ। ਕਵੀ ਸ਼ਾਹ ਮੁਹੰਮਦ ਵਿਚ ਲਿਖਦਾ ਹੈ, ”ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।”
ਸ਼ਾਹ ਮੁਹੰਮਦ ਨੇ ਇਹ ਜੰਗਨਾਮਾ ਸੰਨ 1900 ਤੋਂ ਪਹਿਲਾਂ ਲਿਖਿਆ, ਜਿਸ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਜ਼ਿਕਰ ਹੈ। ਮਹਾਰਾਜਾ ਰਣਜੀਤ ਸਿੰਘ 19 ਸਾਲ ਦੀ ਉਮਰ ਵਿਚ ਸੰਨ 1799 ਵਿਚ ਲਾਹੌਰ ਦੀ ਗੱਦੀ ਉਤੇ ਬੈਠਦੇ ਹਨ। ਉਸ ਵੇਲੇ ਦਾ ਪੰਜਾਬ ਬਹੁਤ ਵੱਡਾ ਸੀ। ਲਹਿੰਦਾ ਪੰਜਾਬ (ਸਾਰਾ ਪਾਕਿਸਤਾਨ), ਕਾਬਲ ਕੰਧਾਰ, ਪਖਤੂਨ, ਬਗਦਾਦ, ਮੁਲਤਾਨ, ਦੱਰਾ ਖੈਬਰ, ਜੰਮੂ ਕਸ਼ਮੀਰ, ਰਾਜਸਥਾਨ, ਹਿਮਾਚਲ, ਹਰਿਆਣਾ, ਦਿੱਲੀ, ਚੜ੍ਹਦਾ ਪੰਜਾਬ ਸਿੱਖ ਰਾਜ ਦੇ ਅਹਿਮ ਹਿੱਸੇ ਸਨ। ਮੋਹੰਜੋਦੜਾ, ਹੜੱਪਾ, ਸਿੰਧ ਘਾਟੀ ਦੀ ਸਭਿਅਤਾ ਪੰਜਾਬ ਦਾ ਕੀਮਤੀ ਸਰਮਾਇਆ ਸੀ। ਚੀਨ ਦੇ ਅਹਿਲਕਾਰ ਆਖਦੇ ਸਨ ਕਿ ਸਾਡੀ ਭਾਰਤ ਨਾਲ ਕੋਈ ਸੰਧੀ ਨਹੀਂ, ਸਾਡੀ ਤਾਂ ਸਿੱਖ ਰਾਜੇ ਮਹਾਰਾਜਾ ਰਣਜੀਤ ਸਿੰਘ ਨਾਲ ਸੀ। ਭਾਰਤ ਦੀਆਂ ਕਈ ਦੇਸ਼ਾਂ ਨਾਲ ਵਪਾਰਕ ਸੰਧੀਆਂ ਅੱਜ ਵੀ ਸਿੱਖ ਰਾਜ ਦੇ ਨਾਂ ‘ਤੇ ਚਲ ਰਹੀਆਂ ਹਨ।
ਐਡੇ ਵੱਡੇ ਅਮੀਰ ਵਿਰਸੇ ਦੇ ਮਾਲਕ ਸਾਡਾ ਪੰਜਾਬ ਕਿਥੋਂ ਚਲਿਆ ਸੀ ਤੇ ਕਿਥੇ ਪਹੁੰਚ ਗਿਆ। ਇਸ ਦੀ ਅੱਜ ਦੀ ਦੁਰਦਸ਼ਾ ਲਈ ਕੇਂਦਰ ਦੀਆਂ ਮਤਰੇਈ ਮਾਂ ਵਾਲੀਆਂ ਚਾਲਾਂ, ਇਸ ਦੇ ਜਾਇਆਂ ਦਾ ਗੈਰਾਂ ਦੇ ਹੱਥਾਂ ਵਿਚ ਖੇਡਣਾ ਤੇ ਪੰਜਾਬ ਦੇ ਵਕੀਲਾਂ ਦੀ ਲਗਦੀ ਬੋਲੀ ਦੇ ਨਾਲ ਨਾਲ ਅਸੀਂ ਖੁਦ ਵੀ ਜਿੰਮੇਵਾਰ ਹਾਂ। ਭਾਵੇਂ ਧੁਰ ਦੱਖਣ-ਪੱਛਮ ਵਲੋਂ ਆਉਂਦੇ ਧਾੜਵੀਆਂ ਦਾ ਇਸ ਨੂੰ ਹਮੇਸ਼ਾ ਸਾਹਮਣਾ ਕਰਨਾ ਪਿਆ। ”ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ” ਕਾਰਨ ਇਹ ਜਰਵਾਣਿਆਂ ਦੀ ਕੌਮ ਕਹਾਈ। ਇਹ ਬਹੁਤ ਪੁਰਾਣੀਆਂ ਗੱਲਾਂ ਨਹੀਂ। ਸਪਤ ਸਿੰਧੂ ਤੇ ਪੰਜ ਦਰਿਆਵਾਂ ਦੀ ਧਰਤੀ ਕਹਾਉਂਦੇ ਸਾਂਝੇ ਪੰਜਾਬ ਦੀ ਹੱਦਬੰਦੀ ਚੜ੍ਹਦੇ (ਪੂਰਬ) ਵੱਲ ਯਮੁਨਾ ਤੇ ਲਹਿੰਦੇ (ਪੱਛਮ) ਵੱਲ ਸਿੰਧ ਦਰਿਆ ਦੀ ਸੀ ਤੇ ਵਿਚਾਲੇ 5 ਦਰਿਆ ਵਗਦੇ ਸਨ। ਅੱਜ ਇਹ ਢਾਈ ਦਰਿਆਵਾਂ ਤਕ ਹੀ ਸਿਮਟ ਕੇ ਰਹਿ ਗਿਆ ਹੈ। ਢਾਈ ਦਰਿਆ ਪਾਕਿਸਤਾਨ ਚਲੇ ਗਏ। ਸੰਨ 1947 ਤੇ 1966 ਵਿਚ ਪੰਜਾਬ ਦੀ ਦੋ ਵਾਰ ਵੰਡ ਹੋ ਗਈ। ਅੱਜ ਸਾਡਾ ਔਰੰਗਲਾ, ਸਿਆਸਤਦਾਨਾਂ ਦੀ ਭੁੱਖ ਕਾਰਨ ਔਕੰਗਲਾ , ਬਣ ਕੇ ਰਹਿ ਗਿਆ ਹੈ। ਸੋਚੀ ਸਮਝੀ ਸਾਜਿਸ਼ ਤਹਿਤ ਇਸ ਨੂੰ ਰਸਾਤਲ ਵੱਲ ਧੱਕਿਆ ਜਾ ਰਿਹਾ ਹੈ। ਇਸ ਚੱਕਰਵਿਊ ਨੂੰ ਸਮਝਣ ਦੀ ਲੋੜ ਹੈ।
ਅੱਜ ਪੰਜਾਬ ਜਿਸ ਕਗਾਰ ‘ਤੇ ਖੜ੍ਹਾ ਹੈ, ਛੋਟਾ ਜਿਹਾ ਗਲਤ ਫੈਸਲਾ ਵੀ ਇਸ ਨੂੰ ਕਿਤੇ ਦਾ ਕਿਤੇ ਲਿਜਾ ਕੇ ਸੁੱਟ ਸਕਦਾ ਹੈ। ਸਾਲਾਂ ਬੱਧੀ ਸਿਆਸਤਦਾਨ ਪਾਣੀਆਂ, ਪੰਜਾਬੀ ਬੋਲਦੇ ਇਲਾਕੇ ਵਾਪਸ ਲਿਆਉਣ, ਨੀਲਾ ਤਾਰਾ ਆਪਰੇਸ਼ਨ, ਦਿੱਲੀ ਕਤਲੇਆਮ ਆਦਿ ਮੁੱਦਿਆਂ ‘ਤੇ ਪੰਜਾਬੀਆਂ ‘ਤੇ ਜਜ਼ਬਾਤੀ ਵੋਟ ਸਿਆਸਤ ਨਾਲ ਰਾਜ ਕਰਦੇ ਰਹੇ। ਫਿਰ ਪੰਜਾਬ ਦੇ ਪਾਣੀਆਂ ਦਾ ਇੱਕ ਅਖੌਤੀ ਰਾਖਾ ਹੱਥ ਵਿਚ ਗੁਟਕਾ ਸਾਹਿਬ ਲੈ ਕੇ ਸਹੁੰ ਖਾ ਕੇ ਪੰਜਾਬ ਦੇ ਕਿਸਾਨਾਂ ਦਾ ਹਰ ਤਰ੍ਹਾਂ ਦਾ ਕਰਜਾ ਮੁਆਫ, ਘਰ ਘਰ ਨੌਕਰੀ, ਚਾਰ ਦਿਨ ਵਿਚ ਨਸ਼ਾ ਖਤਮ ਸਮੇਤ ਬਹੁਤ ਸਾਰੇ ਲੁਭਾਉਣੇ ਵਾਅਦਿਆਂ ਨਾਲ ਸੂਬੇ ਦੀ ਜਨਤਾ ਦੀ ਤ੍ਰਾਸਦੀ ਨੂੰ ਆਪਣੀ ਸਰਕਾਰ ਬਣਾਉਣ ਲਈ ਪੱਤਾ ਖੇਡ ਗਿਆ। ਜਨਤਾ ਨੇ ਧੜਾ ਧੜ ਵੋਟਾਂ ਪਾ ਕੇ ਉਸ ਨੂੰ ਆਪਣੀ ਹੋਣੀ ਦਾ ਸ਼ਾਹ ਸਵਾਰ ਬਣਾ ਦਿੱਤਾ। ਪਰ ਹੋਇਆ ਕੀ? ਵਾਅਦਿਆਂ ਨੂੰ ਭੁਲਾ ਕੇ ਉਹ ਗੈਰਾਂ ਨਾਲ ਪਹਾੜਾਂ ਦੀਆਂ ਵਾਦੀਆਂ ਵਿਚ ਸੂਬੇ ਦੀ ਜਨਤਾ ਨੂੰ ਅੰਗੂਠਾ ਦਿਖਾਉਂਦਾ ਰਿਹਾ ਤੇ ਇਧਰ ਕਿਸਾਨ ਨੇ ਨਿਰਾਸ਼ਾ ਵਿਚ ਫਾਂਸੀ ਦੇ ਫੰਦਿਆਂ ਨੂੰ ਹੀ ਆਪਣਾ ਮੁਕਤੀ ਦਾਤਾ ਬਣਾ ਲਿਆ। ਨਸ਼ੇ ਵਧ ਗਏ। ਸਿਆਸੀ ਤੇ ਪੁਲਿਸ ਅਧਿਕਾਰੀਆਂ ਨੇ ਲੋਕਾਂ ਦੇ ਜੁਆਨ ਧੀਆਂ ਪੁੱਤਾਂ ਨੂੰ ਰੁਜ਼ਗਾਰ ਦੀ ਥਾਂ ਚਿੱਟੇ ‘ਤੇ ਲਾ ਲਿਆ। ਨਸ਼ਿਆਂ ਦੀ ਓਵਰ ਡੋਜ਼ ਨਾਲ ਜੁਆਨ ਬੱਚੇ ਦੁਨੀਆਂ ਤੋਂ ਰੁਖਸਤ ਹੋਣ ਲੱਗੇ। ਸਾਰੇ ਹਾਹਾਕਾਰ ਮੱਚ ਗਈ। ਫਿਰ ਕਿਤੇ ਸਰਕਾਰ ਦੀ ਅੱਖ ਖੁਲ੍ਹੀ ਪਰ ਨਸ਼ੇ ਖਿਲਾਫ ਉਠੀ ਲਹਿਰ ਨੂੰ ਸਰਕਾਰੀ ਹੱਥਕੰਡਿਆਂ ਨਾਲ ਦਬਾਉਣ ਦਾ ਹੀਲਾ ਵਸੀਲਾ ਕੀਤਾ ਗਿਆ।
ਤੀਜੀ ਧਿਰ ਨੇ ਵੀ ਜਨਤਾ ਨੂੰ ਔਸਵਰਾਜ ਦੇ ਦਿਖਾ ਕੇ ਪੰਜਾਬ ਨੂੰ ਬਲੀ ਦਾ ਬੱਕਰਾ ਬਣਾਉਣ ਦੀ ਕੋਸ਼ਿਸ ਕੀਤੀ। ਪੰਜਾਬ ਵਾਸੀ ਤੇ ਇਸ ਦੇ ਐਨਲ਼ ਆਰਲ਼ ਆਈਲ਼ ਪੁੱਤਰਾਂ ਨੂੰ ਲਗਦਾ ਸੀ ਕਿ ਸ਼ਾਇਦ ਪੰਜਾਬ ਦੀ ਹੋਣੀ ਦਾ ਕੋਈ ਦਰਦੀ ਬਹੁੜ ਪਿਆ ਹੈ ਪਰ ਇਹ ਤੀਜੀ ਧਿਰ ਪਹਿਲੀਆਂ ਰਵਾਇਤੀ ਪਾਰਟੀਆਂ ਦੇ ਪਦ ਚਿੰਨਾਂ ‘ਤੇ ਚਲਦਿਆਂ ਕੋਈ ਜਲਵਾ ਦਿਖਾਉਣ ਵਿਚ ਅਸਮਰਥ ਰਹੀ। ਫਿਰ ਜਦੋਂ ਇਸ ਲੁੱਟੇ ਪੁੱਟੇ ਖਿੱਤੇ ‘ਤੇ ਹਕੂਮਤ ਕਰਨ ਦੀ ਰੀਝ ਪੂਰੀ ਨਾ ਹੋਈ ਤਾਂ ਸਵਰਾਜ ਦਾ ਬੋਰੀਆ ਬਿਸਤਰਾ ਲਪੇਟ ਕੇ ਚਲਦੀ ਬਣੀ। ਪੰਜਾਬ ਚੈਪਟਰ ਹੀ ਉਸ ਦੀ ਡਿਕਸ਼ਨਰੀ ਵਿਚੋਂ ਅਲੋਪ ਹੋ ਗਿਆ। ਲੋਕ ਠੱਗੇ ਗਏ।
ਇਹ ਪਹਿਲਾ ਮੌਕਾ ਨਹੀਂ, ਜਦੋਂ ਪੰਜਾਬ ਨੇ ਇਹ ਫਰੇਬ ਭਰੇ ਹਾਲਾਤ ਦੇਖੇ ਹਨ। ਸਮੇਂ ਸਮੇਂ ਸਿਰ ਮਾਰਕਸਵਾਦੀ, ਲੋਕ ਭਲਾਈ, ਬਸਪਾ, ਬਸਮੋ, ਮਾਨ ਦਲ, ਪੀਲ਼ ਪੀਲ਼ ਪੀਲ਼, * ਆਦਿ ਨੇ ਲੋਕਾਂ ਨੂੰ ਸਬਜਬਾਗ ਦਿਖਾਏ। ਕਮਿਊਨਿਜ਼ਮ, ਪਰਜਾਤੰਤਰ ਲਹਿਰ, ਨਕਸਲਬਾੜੀ ਲਹਿਰ, ਵਿਦਿਆਰਥੀ ਲਹਿਰ, ਖਾੜਕੂ ਲਹਿਰ ਸਮੇਤ ਕਈ ਵੱਡੀਆਂ ਲੋਕ ਲਹਿਰਾਂ ਸਮੇਂ ਸਮੇਂ ਉਠਦੀਆਂ ਰਹੀਆਂ ਜਿਨ੍ਹਾਂ ਦਾ ਹਸ਼ਰ ਤਕਰੀਬਨ ਇੱਕੋ ਜਿਹਾ ਰਿਹਾ, ਸਿਵਾਏ ਪੰਜਾਬ ਦੀ ਜੁਆਨੀ ਨੂੰ ਕੁਰਾਹੇ ਪਾਉਣ ਅਤੇ ਉਨ੍ਹਾਂ ਨੂੰ ਸ਼ਹੀਦੀਆਂ ਦੇ ਨਾਂ ‘ਤੇ ਵਰਗਲਾਉਣ ਦੇ। ਕੀ ਸਿੱਟਾ ਨਿਕਲਿਆ ਇਨ੍ਹਾਂ ਲਹਿਰਾਂ ਦਾ? ਇਨ੍ਹਾਂ ਸਮਿਆਂ ਵਿਚ ਪੰਜਾਬ ਨੂੰ ਜੋ ਸੰਤਾਪ ਭੋਗਣਾ ਪਿਆ ਹੈ, ਕਿਸੇ ਤੋਂ ਭੁੱਲਿਆ ਨਹੀਂ।
ਕੰਜਕਾਂ ਨੂੰ ਪੂਜਣ ਵਾਲੇ ਇਸ ਦੇਸ਼ ਵਿਚ ਨਿੱਕੀਆਂ ਬੱਚੀਆਂ ਨੂੰ ਹਵਸ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਭ੍ਰਿਸ਼ਟਾਚਾਰ, ਕਤਲੋਗਾਰਦ, ਗੁੰਡਾਗਰਦੀ, ਲੁੱਟ ਖੋਹ, ਧੋਖਾ ਫਰੇਬ, ਨਸ਼ਿਆਂ ਦਾ ਬੋਲਬਾਲਾ ਹੈ। ਔਰਤਾਂ, ਬੱਚੇ ਤਾਂ ਕੀ ਆਦਮੀ ਵੀ ਰਾਤ ਨੂੰ ਬਾਹਰ ਜਾਣ ਤੋਂ ਕਤਰਾਉਂਦਾ ਹੈ। ਦਿਨ ਦਿਹਾੜੇ ਗੁੰਡਾਗਰਦੀ ਦਾ ਤਾਂਡਵ ਨਾਚ ਹੁੰਦਾ ਹੈ। ਆਮ ਆਦਮੀ ਦਾ ਜੀਣਾ ਦੁੱਭਰ ਹੋ ਗਿਆ ਹੈ।
ਪੰਜਾਬ ਨੂੰ ਗਰਦਿਸ਼ ਵਿਚੋਂ ਕੱਢਣ ਤੇ ਰਹਿਣਯੋਗ ਬਣਾਉਣ ਲਈ ਇਸ ਦੇ ਜਾਇਆਂ ਨੂੰ ਹੀ ਅੱਗੇ ਆਉਣਾ ਪਵੇਗਾ। ਆਓ, ਪੰਜਾਬ ਨੂੰ ਦੇਸ਼ ਦੇ ਨਕਸ਼ੇ ਤੋਂ ਮਿਟਾਉਣ ਦੇ ਮਨਸੂਬਿਆਂ ਦਾ ਮੂੰਹ ਤੋੜ ਜੁਆਬ ਦੇਈਏ। ਅਸੀਂ ਇੰਨੇ ਵੀ ਨਿਕੰਮੇ ਨਹੀਂ ਹੋਏ ਕਿ ਆਪਣਾ ਘਰ ਨਾ ਸੰਵਾਰ ਸਕੀਏ। ਉਠੋ, ਹੰਭਲਾ ਮਾਰੀਏ। ਪੰਜਾਬ ਨੂੰ ਮੁੜ ਪੈਰ-ਸਿਰ ਕਰਨ ਲਈ ਇਸ ਦੇ ਸਰਬਪੱਖੀ ਉਥਾਨ ਦਾ ਕੋਈ ਲਿਖਤੀ ਦਸਤਾਵੇਜ਼ ਬਣਾਇਆ ਜਾਵੇ ਜੋ ਲੋਕਾਂ ਦੀ ਕਚਹਿਰੀ ਅਤੇ ਸੂਬੇ ਦੀਆਂ ਅਦਾਲਤਾਂ ਵਿਚ ਚੈਲੰਜ ਕੀਤਾ ਜਾ ਸਕੇ ਤੇ ਉਸ ਦੀ ਸਜਾ ਕਾਨੂੰਨ ਦੇ ਨਾਲ ਸਮਾਜਕ ਜਵਾਬਦੇਹੀ ਦੀ ਵੀ ਹੋਵੇ। ਚੁਣੇ ਪੰਚ ਸਰਪੰਚ, ਕੌਂਸਲਰ, ਵਿਧਾਨਕਾਰ, ਸੰਸਦ ਮੈਂਬਰ ਨੂੰ ਵਾਪਸ ਬੁਲਾਉਣ ਦਾ ਹੱਕ ਹੋਵੇ। ਬੁਨਿਆਦੀ ਲੋੜਾਂ-ਮੁਫਤ ਸਿਹਤ ਸਹੂਲਤਾਂ, ਸਿੱਖਿਆ, ਕੁਦਰਤੀ ਤੇ ਸਿਹਤਮੰਦ ਖੁਰਾਕ ਦਾ ਹੱਕ ਹਾਸਲ ਹੋਵੇ, ਅਮਨ ਕਾਨੂੰਨ ਜਾਨਮਾਲ ਦੀ ਰਾਖੀ, ਮਹਿੰਗੀਆਂ ਦੁਆਈਆਂ ਖਾਦਾਂ ਮਸ਼ੀਨਰੀ ਨਾਲ ਕੀਤੀ ਜਾ ਰਹੀ ਖੇਤੀ ਦਾ ਕੋਈ ਕੁਦਰਤੀ ਸਸਤਾ ਢੰਗ ਤਰੀਕਾ ਅਪਨਾਇਆ ਜਾਵੇ। ਕਿਸਾਨ ਦੇ ਗੁਜਾਰੇ ਲਾਇਕ ਫਸਲ ਦੀ ਪੈਦਾਵਾਰ ਨਾ ਹੋਣ ‘ਤੇ, ਕੁਦਰਤੀ ਆਫਤਾਂ ਜਾਂ ਕਿਸੇ ਹੋਰ ਤਰੀਕੇ ਨਾਲ ਫਸਲਾਂ ਦੇ ਖਰਾਬੇ ‘ਤੇ ਸਰਕਾਰ ਇਸ ਦੀ ਭਰਪਾਈ ਕਰੇ। ਖੇਤੀ ਆਧਾਰਤ ਉਦਯੋਗਾਂ ਨੂੰ ਉਤਸ਼ਾਹਿਤ ਕੀਤਾ ਜਾਵੇ। ਭ੍ਰਿਸ਼ਟਾਚਾਰ ਤੇ ਨਸ਼ਿਆਂ ਦੀ ਵਬਾ ਨੂੰ ਨੱਥ ਪਾਈ ਜਾਵੇ ਅਤੇ ਕੁਦਰਤੀ ਨਸ਼ਿਆਂ ਦੀ ਖੇਤੀ ਨੂੰ ਲਾਇਸੰਸਸ਼ੁਦਾ ਕਰਕੇ ਇਸ ਦੇ ਮੰਡੀਕਰਨ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇ।
ਕੁਦਰਤੀ ਖੇਤੀ ਦੱਖਣੀ ਸੂਬਿਆਂ ਵਿਚ ਜੋਰ ਸ਼ੋਰ ਨਾਲ ਕੀਤੀ ਜਾ ਰਹੀ ਹੈ। ਦੱਖਣੀ ਭਾਰਤ ਨੇ ਤਾਂ ਨੂੰ ਹੀ ਅਪਨਾ ਕੇ ਆਪਣੇ ਸੂਬਿਆਂ ਨੂੰ ਵਿਕਾਸ ਦੇ ਰਾਹ ਤੋਰ ਲਿਆ ਹੈ। ਗ੍ਰਾਮ ਸਭਾਵਾਂ ਰਾਹੀਂ ਜਿਥੇ ਲੋਕਤੰਤਰ ਦੀ ਪਹਿਲੀ ਪੌੜੀ ਇਜਾਦ ਕੀਤੀ ਹੈ, ਉਥੇ ਪਿੰਡਾਂ ਵਿਚੋਂ ਧੜੇਬੰਦੀ ਵੀ ਖਤਮ ਕਰ ਲਈ ਹੈ। ਲੋਕ ਆਪਣੇ ਪੱਧਰ ‘ਤੇ ਬਾਰਸ਼ਾਂ ਦਾ ਪਾਣੀ ਇਕੱਠਾ ਕਰਕੇ ਪੀਣ ਤੇ ਖੇਤੀ ਲਈ ਵਰਤ ਰਹੇ ਹਨ।
ਪਰਵਾਸੀ ਵੀਰਾਂ ਦੀ ਪੰਜਾਬ ਲਈ ਚਿੰਤਾ ਜਾਇਜ਼ ਹੈ। ਉਹ ਆਪਣੀ ਜੰਮਣ ਭੋਂਇ ਤੋਂ ਦੂਰ ਹੋ ਕੇ ਜਜ਼ਬਾਤੀ ਤੌਰ ‘ਤੇ ਵੱਧ ਜੁੜੇ ਹੋਏ ਹਨ। ਉਨ੍ਹਾਂ ਲਈ ਵਿਦੇਸ਼ੀ ਧਰਤੀ ਦੀ ਜ਼ਿੰਦਗੀ ਫੁੱਲਾਂ ਦੀ ਸੇਜ ਨਹੀਂ। ਉਹ ਵੀ ਆਪਣੀ ਪੱਧਰ ‘ਤੇ ਪੰਜਾਬ ਹਿਤੈਸ਼ੀ ਮਾਡਲ ਦੇਣ ਤੇ ਜਿਸ ਦੀ ਮਦਦ ਕਰਨੀ ਹੈ, ਉਸ ਨੂੰ ਹਰ ਪੱਖ ਤੋਂ ਪਰਖ ਕੇ ਮਦਦ ਕਰੋ ਤਾਂ ਕਿ ਵਾਰ ਵਾਰ ਠੱਗੇ ਜਾਣ ਦੀ ਪ੍ਰਕ੍ਰਿਆ ਬੰਦ ਹੋਵੇ। ਪਿੰਡਾਂ ਸ਼ਹਿਰਾਂ ਤੋਂ ਲੈ ਕੇ ਬਾਕਾਇਦਾ ਇੱਕ ਸਰਬਪ੍ਰਵਾਨਤ ਜਥੇਬੰਦਕ ਢਾਂਚਾ ਖੜ੍ਹਾ ਕੀਤਾ ਜਾਵੇ। ਪੰਜਾਬ ਵਿਚ ਹਾਲੇ ਚੋਣਾਂ ਨੂੰ 4 ਸਾਲ ਬਾਕੀ ਹਨ, ਉਦੋਂ ਤਕ ਜ਼ਮੀਨੀ ਪੱਧਰ ‘ਤੇ ਬਹੁਤ ਕੰਮ ਹੋ ਸਕਦਾ ਹੈ। ਪੰਜਾਬ ਵਾਸੀਆਂ ਦੇ ਨਾਲ ਨਾਲ ਉਹ ਵੀ ਆਪਣੀ ਖੂਨ ਪਸੀਨੇ ਦੀ ਕਮਾਈ ਪਾਣੀ ਵਾਂਗੂੰ ਹੜਾ ਦਿੰਦੇ ਹਨ ਪਰ ਸਾਰਾ ਕੁਝ ਰਾਹਤ ਦੇਣ ਦੀ ਥਾਂ ਸੰਤਾਪ ਬਣ ਜਾਂਦਾ ਹੈ। ਜੇ ਆਪਾਂ ਹੋਸ਼ ਤੋਂ ਕੰਮ ਨਾ ਲਿਆ ਤਾਂ ਭੇਸ ਬਦਲ ਬਦਲ ਕੇ ਆ ਰਹੇ ਸੱਤਾ ਦੇ ਲੋਭੀਆਂ ਨੇ ਪੰਜਾਬ ਨੂੰ ਨਕਸ਼ੇ ਤੋਂ ਹੀ ਮਿਟਾ ਦੇਣਾ ਹੈ। ਧੜੇਬੰਦੀਆਂ ਛੱਡ ਕੇ ਪੰਜਾਬ ਹਿਤੈਸ਼ੀਆਂ ਦਾ ਇੱਕ ਗਰੁਪ ਬਣਾਇਆ ਜਾਵੇ। ਉਨ੍ਹਾਂ ਨੂੰ ਕੁਰਸੀ ਮੋਹ ਤੋਂ ਮੁਕਤ ਕਰਕੇ ਪੰਜਾਬ ਦੇ ਵਿਕਾਸਮੁਖੀ ਮਾਡਲ ਦੇ ਪ੍ਰਾਜੈਕਟ ਨਾਲ ਪੰਜਾਬ ਨੂੰ ਆਧੁਨਿਕ ਤਰਜ ਦਾ ਸੂਬਾ ਬਣਾਉਣ ਦੇ ਤਰਜੀਹੀ ਕਾਰਜ ਸੌਂਪੇ ਜਾਣ। ਜਿਹੜੇ ਕੁਰਸੀ ਮੋਹ ਨੂੰ ਮੁਖ ਰੱਖ ਕੇ ਪੰਜਾਬ ਵਿਚ ਆਉਣਗੇ, ਉਹ ਪੰਜਾਬ ਲਈ ਕੁਝ ਨਹੀਂ ਕਰਨਗੇ।
ਸੱਤਾ ਦੇ ਲੋਭੀਆਂ ਦੇ ਲਾਰਿਆਂ, ਝੂਠੇ ਵਾਅਦਿਆਂ, ਦਿਨ ਬਦਿਨ ਜਮਹੂਰੀ ਸੰਸਥਾਵਾਂ ਦੇ ਹੋ ਰਹੇ ਘਾਣ, ਸਭ ਕਦਰਾਂ-ਕੀਮਤਾਂ ਨੂੰ ਛਿੱਕੇ ਟੰਗ ਕੇ ਅਸੀਂ ਕਿਹੋ ਜਿਹਾ ਸਮਾਜ ਸਿਰਜ ਰਹੇ ਹਾਂ। ਜੇ ਪੰਜਾਬ ਦਾ ਕੁਝ ਕਰਨਾ ਹੈ ਤਾਂ ਪੰਜਾਬ ਹਿਤੈਸ਼ੀ ਹੋਣ ਦਾ ਦਾਅਵਾ ਕਰਨ ਵਾਲੇ ਪੰਜਾਬੀਆਂ ਨੂੰ ਕੁਰਸੀ ਮੋਹ, ਚੌਧਰ, ਤੂੰ-ਤੂੰ ਮੈਂ-ਮੈਂ ਨੂੰ ਮੁਕੰਮਲ ਤਿਲਾਂਜਲੀ ਦੇ ਕੇ ”ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥” ਦੇ ਸਿਧਾਂਤ ਨੂੰ ਅਮਲੀ ਰੂਪ ਵਿਚ ਅਪਨਾਉਣਾ ਪਵੇਗਾ।

-ਸੁਕੰਨਿਆ ਭਾਰਦਵਾਜ