ਹਿੰਦੂਤਵੀ ਦਹਿਸ਼ਤ ਨਾਲ ਮੱਥਾ ਲਾਉਂਦੇ ਕਾਫਲੇ

ਹਿੰਦੂਤਵੀ ਦਹਿਸ਼ਤ ਨਾਲ ਮੱਥਾ ਲਾਉਂਦੇ ਕਾਫਲੇ

ਪਿਛਲੇ ਦੋ ਹਫਤਿਆਂ ‘ਚ ਭਾਰਤ ਵਿਚ ਹੋਏ ਚਾਰ ਵਿਰੋਧ ਪ੍ਰਦਰਸ਼ਨ ਇਸ ਦੇ ਸੂਚਕ ਹਨ ਕਿ ਮੁਲਕ ਦੇ ਲੋਕਾਂ ਨੂੰ ਸੰਘ ਬ੍ਰਿਗੇਡ ਦੇ ਫਿਰਕੂ ਫਾਸ਼ੀਵਾਦ ਅੱਗੇ ਗੋਡੇ ਟੇਕਣਾ ਮਨਜ਼ੂਰ ਨਹੀਂ। ਉਹ ਇਕਜੁਟ ਹੋ ਕੇ ਸੱਤਾ ਉਪਰ ਕਾਬਜ਼ ਆਰਲ਼ਐਸ਼ਐਸ਼ ਦੇ ਹਮਲਿਆਂ ਦਾ ਮੁਕਾਬਲਾ ਕਰ ਰਹੇ ਹਨ। ਇਹ ਵਿਰੋਧ ਪ੍ਰਦਰਸ਼ਨ ਮਈ 2014 ਤੋਂ ਲੈ ਕੇ ਮੋਦੀ ਸਰਕਾਰ ਦੀ ਰਾਜਕੀ ਪੁਸ਼ਤਪਨਾਹੀ ਹੇਠ ਸੰਘ ਬ੍ਰਿਗੇਡ ਵੱਲੋਂ ਫੈਲਾਏ ਹਿੰਦੂਤਵ ਦਹਿਸ਼ਤਵਾਦ ਵਿਰੁਧ ਸਮਾਜ ਦੇ ਵੱਖ-ਵੱਖ ਹਿੱਸਿਆਂ ਵੱਲੋਂ ਲੜੇ ਜਾ ਰਹੇ ਸੰਘਰਸ਼ਾਂ ਦੀ ਲਗਾਤਾਰਤਾ ਵੀ ਹਨ ਅਤੇ ਉਨ੍ਹਾਂ ਦਾ ਹੋਰ ਬੱਝਵੀਂ ਸ਼ਕਲ ਅਖਤਿਆਰ ਕਰਨਾ ਵੀ।
ਤਿੰਨ ਅਗਸਤ ਨੂੰ ਮੁਲਕ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਜਮਹੂਰੀ ਅਤੇ ਇਨਸਾਫਪਸੰਦ ਲੋਕਾਂ ਨੇ ਸੰਸਦ ਮਾਰਗ, ਦਿੱਲੀ ਉਪਰ ਜ਼ਬਰਦਸਤ ਪ੍ਰਦਰਸ਼ਨ ਕੀਤਾ ਜਿਸ ਵਿਚ ਸਾਰੇ ਸਿਆਸੀ ਕੈਦੀਆਂ ਨੂੰ ਰਿਹਾਅ ਕੀਤੇ ਜਾਣ ਦੀ ਮੰਗ ਕੀਤੀ ਗਈ। ‘ਕਿਸ ਕਿਸ ਕੋ ਕੈਦ ਕਰੋਗੇ’ ਦੇ ਝੰਡੇ ਹੇਠ ਇਹ ਪ੍ਰੋਗਰਾਮ ਜਮਹੂਰੀ ਕਾਰਕੁਨਾਂ, ਵਕੀਲਾਂ ਅਤੇ ਬੁੱਧੀਜੀਵੀਆਂ ਦੀ ਜ਼ੁਬਾਨਬੰਦੀ ਕਰਨ ਲਈ ਮਨਘੜਤ ਮਾਮਲਿਆਂ ਵਿਚ ਉਨ੍ਹਾਂ ਦੀਆਂ ਗ੍ਰਿਫਤਾਰੀਆਂ ਖਿਲਾਫ ਜਥੇਬੰਦ ਕੀਤਾ ਗਿਆ ਸੀ। ਇਸ ਦੇ ਪਿਛੋਕੜ ਵਿਚ ਜੂਨ ਦੇ ਪਹਿਲੇ ਹਫਤੇ ਨਾਗਪੁਰ, ਮੁੰਬਈ ਅਤੇ ਦਿੱਲੀ ਤੋਂ ਪ੍ਰੋਫੈਸਰ ਸ਼ੋਮਾ ਸੇਨ, ਪੱਤਰਕਾਰ ਸੁਧੀਰ ਧਾਵਲੇ, ਐਡਵੋਕੇਟ ਸੁਰਿੰਦਰ ਗਾਡਲਿੰਗ, ਮਹੇਸ਼ ਰਾਵਤ ਅਤੇ ਰੋਨਾ ਵਿਲਸਨ ਦੀ ਗ੍ਰਿਫਤਾਰੀ ਸੀ। ਇਸ ਦੀ ਅਗਲੀ ਕੜੀ ਵਜੋਂ ਛੱਤੀਸਗੜ੍ਹ ਤੋਂ ਐਡਵੋਕੇਟ ਸੁਧਾ ਭਾਰਦਵਾਜ ਤੇ ਪ੍ਰੋਫੈਸਰ ਜੀਲ਼ਐਨਲ਼ ਸਾਈਬਾਬਾ ਦੀ ਪਤਨੀ ਨੂੰ ‘ਸ਼ਹਿਰੀ ਮਾਓਵਾਦੀ’ ਦੇ ਨਾਂ ਹੇਠ ਨਿਸ਼ਾਨਾ ਬਣਾਉਣ ਦੀ ਤਿਆਰੀ ਵਿੱਢ ਦਿੱਤੀ ਗਈ ਸੀ ਅਤੇ ਗਿਣੀ-ਮਿਥੀ ਯੋਜਨਾ ਤਹਿਤ ਆਰਲ਼ਐਸ਼ਐਸ਼ ਦੇ ਹਮਾਇਤੀ ਰਿਪਬਲਿਕ ਟੀਵੀ ਵੱਲੋਂ ਦੋਨਾਂ ਖਿਲਾਫ ਜ਼ਹਿਰੀਲਾ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਸੀ। ਪੰਜ ਜਮਹੂਰੀ ਕਾਰਕੁਨਾਂ ਅਤੇ ਬੁੱਧੀਜੀਵੀਆਂ ਨੂੰ ਪਾਬੰਦੀਸ਼ੁਦਾ ਮਾਓਵਾਦੀ ਪਾਰਟੀ ਦੇ ਸ਼ਹਿਰੀ ਤਾਣਬਾਣੇ ਦਾ ਹਿੱਸਾ ਕਰਾਰ ਦੇ ਕੇ ਗ੍ਰਿਫਤਾਰ ਕਰਨਾ ਪ੍ਰੋਫੈਸਰ ਸਾਈਬਾਬਾ ਸਮੇਤ ਛੇ ਕਾਰਕੁਨਾਂ ਨੂੰ ਉਮਰ ਕੈਦ ਦੀ ਸਜ਼ਾ ਦੇ ਕੇ ਜੇਲ੍ਹ ਵਿਚ ਡੱਕਣ ਤੋਂ ਬਾਅਦ ਜਮਹੂਰੀ ਤਾਕਤਾਂ ਦੇ ਖਿਲਾਫ ਰਚੀ ਗਈ ਇਕ ਹੋਰ ਵੱਡੀ ਸਾਜ਼ਿਸ਼ ਸੀ। ਇਸ ਪਿੱਛੋਂ ਇਨ੍ਹਾਂ ਸ਼ਖਸੀਅਤਾਂ ਉਪਰ ਨਰੇਂਦਰ ਮੋਦੀ ਦੀ ਹੱਤਿਆ ਦੀ ਸਾਜ਼ਿਸ਼ ਘੜਨ ਦਾ ਇਲਜ਼ਾਮ ਲਾ ਕੇ ਇਹ ਯਕੀਨੀ ਬਣਾਇਆ ਗਿਆ ਕਿ ਉਹ ਲੰਮੇ ਅਦਾਲਤੀ ਖਲਜਗਣ ਜ਼ਰੀਏ ਖੁਦ ਨੂੰ ਬੇਕਸੂਰ ਸਾਬਤ ਕੀਤੇ ਜਾਣ ਦੇ ਅਨਿਸ਼ਚਿਤ ਸਮੇਂ ਲਈ ਜੇਲ੍ਹ ਵਿਚ ਸੜਦੇ ਰਹਿਣ।
ਫਾਸ਼ੀਵਾਦੀ ਨਮੂਨੇ ‘ਤੇ ਇਸ ਰਾਜਕੀ ਦਹਿਸ਼ਤਵਾਦ ਦਾ ਮਤਲਬ ਇਹ ਹੈ ਕਿ ਸੱਤਾਧਾਰੀ ਧਿਰ ਕਿਸੇ ਵੀ ਐਸੀ ਆਵਾਜ਼ ਨੂੰ ਖਾਮੋਸ਼ ਕਰਨ ਲਈ ਇਸ ਬਹਾਨੇ ਦਾ ਸਹਾਰਾ ਲੈ ਸਕਦੀ ਹੈ ਜਿਸ ਦੇ ਖਿਆਲ ਸੱਤਾਧਾਰੀਆਂ ਨੂੰ ਪਸੰਦ ਨਹੀਂ। ਇਹ ਸਮਾਜੀ ਸਰੋਕਾਰਾਂ ਨਾਲ ਜੁੜੇ ਸਮੂਹ ਚਿੰਤਨਸ਼ੀਲ ਲੋਕਾਂ ਲਈ ਵੱਡੀ ਚੁਣੌਤੀ ਸੀ। ਉਹ ਡਰ ਕੇ ਘਰਾਂ ਵਿਚ ਦੁਬਕਣ ਦੀ ਬਜਾਏ ਜੇਲ਼ਐਨਲ਼ਯੂਲ਼ ਉਪਰ ਹਮਲੇ ਦੀ ਤਰ੍ਹਾਂ ਇਸ ਹਮਲੇ ਨੂੰ ਠੱਲ੍ਹ ਪਾਉਣ ਲਈ ਵੀ ਨਵੇਂ ਅਹਿਦ ਨਾਲ ਸੜਕਾਂ ਉਪਰ ਆਏ। ਇਸ ਇਕੱਠ ਵਿਚ ਜਮਹੂਰੀ ਅਤੇ ਮਨੁੱਖੀ ਹੱਕਾਂ ਦੀਆਂ ਜਥੇਬੰਦੀਆਂ ਦੀ ਭਰਪੂਰ ਹਾਜ਼ਰੀ ਦੇ ਨਾਲ-ਨਾਲ ਬੁੱਕਰ ਇਨਾਮ ਜੇਤੂ ਲੇਖਿਕਾ ਅਰੁੰਧਤੀ ਰਾਏ, ਉਘੇ ਵਕੀਲ ਪ੍ਰਸ਼ਾਂਤ ਭੂਸ਼ਨ, ਕੋਰੇਗਾਓਂ-ਭੀਮਾ ਸ਼ਤਾਬਦੀ ਸਮਾਗਮ ਦੇ ਮੁੱਖ ਪ੍ਰਬੰਧਕ ਜਸਟਿਸ ਕੋਲਸੇ ਪਾਟਿਲ ਆਦਿ ਸ਼ਖਸੀਅਤਾਂ ਵੀ ਸ਼ਾਮਲ ਹੋਈਆਂ।
ਦੂਜੀ ਮਹੱਤਵਪੂਰਨ ਮਿਸਾਲ ਸੀ, 16 ਅਗਸਤ ਨੂੰ ਨਵੀਂ ਦਿੱਲੀ ਵਿਚ ਸੈਂਕੜੇ ਵਿਦਿਆਰਥੀਆਂ, ਜਮਹੂਰੀ ਆਗੂਆਂ ਅਤੇ ਕਾਰਕੁਨਾਂ ਵਲੋਂ ਰੋਹ ਭਰਿਆ ਮੁਜ਼ਾਹਰਾ। ਇਹ ਜੇਲ਼ਐਨਲ਼ਯੂਲ਼ ਦੇ ਵਿਦਿਆਰਥੀ ਆਗੂ ਉਮਰ ਖਾਲਿਦ ਉਪਰ ਹਾਲੀਆ ਕਾਤਲਾਨਾ ਹਮਲੇ ਦੇ ਖਿਲਾਫ ਕੀਤਾ ਗਿਆ ਸੀ। ਦਰਅਸਲ, 13 ਅਗਸਤ ਨੂੰ ‘ਯੂਨਾਈਟਿਡ ਅਗੇਂਸਟ ਹੇਟ’ ਵੱਲੋਂ ਸੰਸਦ ਕਲੱਬ ਵਿਚ ‘ਖੌਫ ਸੇ ਆਜ਼ਾਦੀ’ ਸਮਾਰੋਹ ਰੱਖਿਆ ਗਿਆ ਸੀ ਜਿਸ ਦਾ ਮਨੋਰਥ ਸੀ ਆਰਲ਼ਐਸ਼ਐਸ਼ ਦੀਆਂ ਵੱਖ-ਵੱਖ ਫਰੰਟ ਜਥੇਬੰਦੀਆਂ ਵੱਲੋਂ ਮੁਸਲਮਾਨਾਂ, ਦਲਿਤਾਂ ਅਤੇ ਹਿੰਦੂਤਵ ਦੇ ਆਲੋਚਕ ਵੱਖ-ਵੱਖ ਹਿੱਸਿਆਂ ਉਪਰ ਲਗਾਤਾਰ ਹਮਲਿਆਂ ਰਾਹੀਂ ਪੈਦਾ ਕੀਤੇ ਦਹਿਸ਼ਤੀ ਖੌਫ ਨੂੰ ਤੋੜਨਾ। ਇਸ ਵਿਚ ਜਮਹੂਰੀ ਸੋਚ ਵਾਲੇ ਬੁੱਧੀਜੀਵੀਆਂ ਤੇ ਕਾਰਕੁਨਾਂ ਦੇ ਨਾਲ ਉਨ੍ਹਾਂ ਪਰਿਵਾਰਾਂ ਨੂੰ ਵੀ ਉਚੇਚੇ ਤੌਰ ‘ਤੇ ਬੁਲਾਇਆ ਗਿਆ ਸੀ ਜਿਨ੍ਹਾਂ ਦੇ ਜੀਅ ਪਿਛਲੇ ਸਾਲਾਂ ਵਿਚ ਸੰਘ ਵੱਲੋਂ ਤਿਆਰ ਕੀਤੇ ਹਜੂਮੀ ਗਰੋਹਾਂ ਵੱਲੋਂ ਕਤਲ ਕਰ ਦਿੱਤੇ ਗਏ। ਨਜੀਬ ਅਹਿਮਦ ਦੇ ਮਾਤਾ ਫਾਤਿਮਾ ਨਫੀਸ (ਸੰਘ ਦੇ ਬਦਮਾਸ਼ਾਂ ਵੱਲੋਂ ਅਗਵਾ ਕਰਕੇ ਅਕਤੂਬਰ 2016 ਤੋਂ ਗੁੰਮ ਕੀਤੇ ਜੇਲ਼ਐਨਲ਼ਯੂਲ਼ ਦੇ ਇਸ ਵਿਦਿਆਰਥੀ ਦੀ ਅਜੇ ਤਕ ਕੋਈ ਉਘ-ਸੁੱਘ ਨਹੀਂ ਮਿਲੀ), ਅਲੀਮੂਦੀਨ ਅੰਸਾਰੀ ਦੀ ਪਤਨੀ ਮਰੀਅਮ (ਝਾਰਖੰਡ ਨਾਲ ਮੀਟ ਵੇਚ ਕੇ ਗੁਜ਼ਾਰਾ ਕਰਨ ਵਾਲੇ ਇਸ ਗ਼ਰੀਬ ਮੁਸਲਮਾਨ ਨੂੰ ਅਖੌਤੀ ਗਊ ਰਾਖਿਆਂ ਵੱਲੋਂ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ), ਜ਼ੁਨੈਦ ਖਾਨ ਦੇ ਮਾਤਾ ਫਾਤਿਮਾ (16 ਸਾਲ ਦੇ ਇਸ ਬੱਚੇ ਨੂੰ ਜੂਨ 2016 ਵਿਚ ਹਰਿਆਣਾ ਅੰਦਰ ਚੱਲਦੀ ਰੇਲ ਗੱਡੀ ਵਿਚ ਹਿੰਦੂ ਜਨੂੰਨੀ ਹਜੂਮ ਵੱਲੋਂ ਕਤਲ ਕਰ ਦਿੱਤਾ ਗਿਆ ਸੀ) ਅਤੇ ਅਕਬਰ ਖਾਨ (ਜੋ ਰਕਬਰ ਖਾਨ ਦਾ ਭਰਾ ਹੈ ਜਿਸ ਨੂੰ ਰਾਜਸਥਾਨ ਦੇ ਅਲਵਰ ਵਿਚ ਅਖੌਤੀ ਗਊ ਰਾਖਿਆਂ ਵੱਲੋਂ ਕਤਲ ਕਰ ਦਿੱਤਾ ਗਿਆ) ਸ਼ਾਮਲ ਹੋਏ।
ਇਸ ਪ੍ਰੋਗਰਾਮ ਵਿਚ ਦਹਿਸ਼ਤ ਪਾਉਣ ਲਈ ਇਕ ਹੋਰ ਸਾਜ਼ਿਸ਼ ਘੜੀ ਗਈ। ਇਸ ਪ੍ਰੋਗਰਾਮ ਵਿਚ ਹਿੱਸਾ ਲੈਣ ਆਇਆ ਉਮਰ ਖਾਲਿਦ ਜਦੋਂ ਇਮਾਰਤ ਦੇ ਬਾਹਰ ਆਪਣੇ ਦੋਸਤਾਂ ਨਾਲ ਚਾਹ ਪੀ ਰਿਹਾ ਸੀ ਤਾਂ ਅਣਪਛਾਤੇ ਪਿਸਤੌਲਧਾਰੀ ਵੱਲੋਂ ਉਸ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਥਿਆਰ ਜਾਮ ਹੋਣ ਕਾਰਨ ਹਮਲਾਵਰ ਆਪਣੇ ਮਨੋਰਥ ਵਿਚ ਕਾਮਯਾਬ ਨਾ ਹੋਇਆ ਅਤੇ ਹਫੜਾ-ਦਫੜੀ ਵਿਚ ਹਥਿਆਰ ਸੁੱਟ ਕੇ ਭੱਜ ਗਿਆ; ਲੇਕਿਨ ਗੁਪਤ ਕੈਮਰਿਆਂ ਦੀ ਰਿਕਾਰਡਿੰਗ ਅਤੇ ਹੋਰ ਵਸੀਲਿਆਂ ਤੋਂ ਹਮਲਾਵਰ ਦਾ ਸੰਘ ਬ੍ਰਿਗੇਡ ਦੇ ਚਰਚਿਤ ਚਿਹਰਿਆਂ ਨਾਲ ਰਿਸ਼ਤਾ ਨੰਗਾ ਹੋ ਗਿਆ। ਇਹ ਹਮਲਾ ਉਮਰ ਖਾਲਿਦ ਉਪਰ ਨਾ ਹੋ ਕੇ ਹਿੰਦੂਤਵ ਦੀਆਂ ਆਲੋਚਕ ਸਮੁੱਚੀਆਂ ਤਾਕਤਾਂ ਉਪਰ ਸੀ ਅਤੇ ਇਸ ਦਹਿਸ਼ਤ ਨੂੰ ਤੋੜਨਾ ਜ਼ਰੂਰੀ ਸੀ।
ਤੀਸਰੀ ਮਿਸਾਲ ਸੀ ਇਤਿਹਾਸਕ ਪਿੰਡ ਸਰਾਭਾ ਵਿਖੇ ਪਹੁੰਚ ਕੇ ਪੰਜਾਬ ਦੇ ਇਨਕਲਾਬੀ ਨੌਜਵਾਨਾਂ ਅਤੇ ਹੋਰ ਜਮਹੂਰੀ ਤਾਕਤਾਂ ਵੱਲੋਂ ਉਸ ਚੁਣੌਤੀ ਨੂੰ ਸਵੀਕਾਰ ਕਰਨਾ ਜੋ ਉਮਰ ਖਾਲਿਦ ਉਪਰ ਹਮਲਾ ਕਰਨ ਵਾਲੇ ਕਾਤਲਾਂ ਵੱਲੋਂ 17 ਅਗਸਤ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਘਰ ਅੱਗੇ ਗ੍ਰਿਫਤਾਰੀ ਦੇਣ ਦੇ ਐਲਾਨ ਕੀਤੇ ਜਾਣ ਨਾਲ ਉਭਰੀ ਸੀ। ਹਰਿਆਣਾ ਦੇ ਦੋ ਹਿੰਦੂਤਵ ਪੈਰੋਕਾਰਾਂ ਦਰਵੇਸ਼ ਸ਼ਾਹਪੁਰ ਅਤੇ ਨਵੀਨ ਦਲਾਲ, ਜੋ ਆਪਣੇ ਇਲਾਕੇ ਵਿਚ ਗਊ ਰੱਖਿਆ ਟੋਲਿਆਂ ਦੇ ਮੁਖੀ ਵੀ ਹਨ, ਵੱਲੋਂ ਆਪਣੇ ਫੇਸਬੁੱਕ ਅਕਾਊਂਟ ਉਪਰ ਵੀਡੀਓ ਕਲਿੱਪ ਸ਼ੇਅਰ ਕਰਕੇ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਐਲਾਨ ਕੀਤਾ ਗਿਆ ਕਿ ‘ਟੁਕੜੇ ਟੁਕੜੇ ਗੈਂਗ’ ਦੇ ਮੈਂਬਰ ਖਾਲਿਦ ਨੂੰ ਕਤਲ ਕਰਕੇ ਭਾਰਤ ਦੇ ਲੋਕਾਂ ਨੂੰ ’15 ਅਗਸਤ ਉਪਰ ਤੋਹਫਾ” ਦੇਣਾ ਚਾਹੁੰਦੇ ਸਨ ਕਿਉਂਕਿ ”ਦੇਸ਼ ਨੂੰ ਟੁਕੜੇ ਟੁਕੜੇ ਕਰਨ ਵਾਲੇ ਜੇਲ਼ਐਨਲ਼ਯੂਲ਼ ਦੇ ਹਲਕੇ ਕੁੱਤਿਆਂ ਦੀ ਤਾਦਾਦ ਵਧ ਰਹੀ ਹੈ ਅਤੇ ਸੰਵਿਧਾਨ ਵਿਚ ਇਨ੍ਹਾਂ ਹਲਕੇ ਕੁੱਤਿਆਂ ਨੂੰ ਸਜ਼ਾ ਦੇਣ ਦੀ ਕੋਈ ਵਿਵਸਥਾ ਨਹੀਂ।” ਇਸ ਦੀ ਇਬਾਰਤ ਸਨਾਤਨ ਸੰਸਥਾ, ਜਿਸ ਦੀ ਨਰੇਂਦਰ ਦਾਭੋਲਕਰ, ਗੋਬਿੰਦ ਪਾਨਸਰੇ, ਐਮਲ਼ਐਮਲ਼ ਕੁਲਬੁਰਗੀ ਅਤੇ ਗੌਰੀ ਲੰਕੇਸ਼ ਦੇ ਕਤਲਾਂ ਵਿਚ ਭੂਮਿਕਾ ਸਾਹਮਣੇ ਆ ਚੁੱਕੀ ਹੈ, ਵੱਲੋਂ ਆਪਣੇ ਤਰਜਮਾਨ ‘ਸਨਾਤਨ ਪ੍ਰਭਾਤ’ ਦੇ ਸਤੰਬਰ 2015 ਅੰਕ ਵਿਚ ਯਾਕੂਬ ਮੈਮਨ ਨੂੰ ਫਾਂਸੀ ਦਿੱਤੇ ਜਾਣ ਬਾਬਤ ਛਾਪੇ ਬਿਆਨ ਨਾਲ ਕਿੰਨਾ ਮਿਲਦੀ-ਜੁਲਦੀ ਹੈ ਜਿਸ ਵਿਚ ਸਤਾਰਵੀਂ ਸਦੀ ਦੇ ਕਿਸੇ ਸਾਮਾਰਥ ਰਾਮਦਾਸ ਸਵਾਮੀ ਦੀਆਂ ਸਿੱਖਿਆਵਾਂ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਸੀ, ‘ਰਾਸ਼ਟਰ ਵਿਰੋਧੀ, ਕੁੱਤਿਆਂ ਵਾਂਗ ਹਨ, ਉਨ੍ਹਾਂ ਨੂੰ ਲਾਜ਼ਮੀ ਮਾਰਿਆ ਜਾਣਾ ਚਾਹੀਦਾ ਹੈ।’
ਸ਼ਹੀਦ ਸਰਾਭਾ ਪੰਜਾਬ ਦੀ ਜਵਾਨੀ ਲਈ ਇਨਕਲਾਬੀ ਆਦਰਸ਼ ਹੈ ਅਤੇ ਪੰਜਾਬ ਦੇ ਜਾਗਰੂਕ ਨੌਜਵਾਨਾਂ ਦੀ ਅਣਖ ਲਈ ਇਹ ਚੁਣੌਤੀ ਸੀ ਕਿ ਨਫਰਤ ਦੀ ਸਿਆਸਤ ਕਰਨ ਵਾਲੇ ਅਤੇ ਦਲਿਤਾਂ, ਮੁਸਲਮਾਨਾਂ ਤੇ ਹੋਰ ਨਿਤਾਣੇ ਹਿੱਸਿਆਂ ਨੂੰ ਕਤਲ ਕਰਨ ਵਾਲੇ ਆਪਣੇ ਘਿਨਾਉਣੇ ਏਜੰਡੇ ਉਪਰ ਦੇਸ਼ ਭਗਤੀ ਦਾ ਨਕਾਬ ਪਾ ਕੇ ਇਸ ਨੂੰ ਵਾਜਬ ਠਹਿਰਾਉਣ ਲਈ ਸ਼ਹੀਦ ਦੇ ਪਿੰਡ ਪਹੁੰਚ ਕੇ ਗ੍ਰਿਫਤਾਰੀ ਦੇਣ ਦਾ ਐਲਾਨ ਕਰ ਰਹੇ ਸਨ। ਨੌਜਵਾਨ ਭਾਰਤ ਸਭਾ ਅਤੇ ਹੋਰ ਅਗਾਂਹਵਧੂ ਜਥੇਬੰਦੀਆਂ ਦੇ ਆਗੂ ਤੇ ਕਾਰਕੁਨ 17 ਅਗਸਤ ਨੂੰ ਸਵੇਰੇ ਸਾਝਰੇ ਹੀ ਪਿੰਡ ਸਰਾਭਾ ਵਿਚ ਇਕੱਠੇ ਹੋ ਗਏ ਤਾਂ ਜੋ ਹਿੰਦੂਤਵ ਅਨਸਰਾਂ ਨੂੰ ਇਸ ਇਤਿਹਾਸਕ ਸਥਾਨ ਉਪਰ ਨਾਪਾਕ ਪੈਰ ਪਾਉਣ ਤੋਂ ਰੋਕਿਆ ਜਾ ਸਕੇ। ਪੂਰਾ ਦਿਨ ਬੀਤ ਗਿਆ ਪਰ ਐਲਾਨ ਕਰਨ ਵਾਲੇ ਬੁਜ਼ਦਿਲ ਨਹੀਂ ਆਏ। ਨੌਜਵਾਨਾਂ ਦੀ ਇਹ ਚੇਤਨਾ ਅਤੇ ਵਿਰੋਧ ਦੀ ਤੱਤਪਰਤਾ ਸੰਘ ਬ੍ਰਿਗੇਡ ਲਈ ਸੰਦੇਸ਼ ਹੈ ਕਿ ਉਹ ਇਹ ਭਰਮ ਨਾ ਪਾਲਣ ਕਿ ਟੀਵੀ ਚੈਨਲਾਂ ਦੇ ਇਕ ਵੱਡੇ ਹਿੱਸੇ ਦੀ ਮਦਦ ਨਾਲ ਹਿੰਦੂ ਰਾਸ਼ਟਰਵਾਦ ਅਤੇ ਗਊ ਹੱਤਿਆਵਾਂ ਵਰਗੇ ਜਾਅਲੀ ਮੁੱਦੇ ਖੜ੍ਹੇ ਕਰਕੇ ਨੌਜਵਾਨਾਂ ਦੇ ਦਿਮਾਗਾਂ ਵਿਚ ਫਿਰਕੂ ਜ਼ਹਿਰ ਭਰਨ ਦਾ ਉਨ੍ਹਾਂ ਦਾ ਏਜੰਡਾ ਕਾਮਯਾਬ ਹੋ ਰਿਹਾ ਹੈ, ਇਸ ਸਰਜ਼ਮੀਨ ਉਪਰ ਉਨ੍ਹਾਂ ਦੀ ਦਹਿਸ਼ਤੀ ਸਿਆਸਤ ਨੂੰ ਸਿੱਧੇ ਮੱਥੇ ਟੱਕਰਨ ਲਈ ਅਗਾਂਹਵਧੂ ਜੁਝਾਰੂ ਜਜ਼ਬਾ ਵੀ ਅੰਗੜਾਈ ਲੈ ਰਿਹਾ ਹੈ।
ਚੌਥਾ ਪ੍ਰਦਰਸ਼ਨ, 19 ਅਗਸਤ ਨੂੰ ਭੀਮ ਆਰਮੀ ਵੱਲੋਂ ਆਪਣੇ ਆਗੂ ਚੰਦਰ ਸ਼ੇਖਰ ਆਜ਼ਾਦ ਉਰਫ ਰਾਵਣ ਦੀ ਰਿਹਾਈ ਦੀ ਮੁੱਖ ਮੰਗ ਨੂੰ ਲੈ ਕੇ ਕੀਤਾ ਗਿਆ ਜਿਸ ਨੂੰ ਭਗਵੀਂ ਸਰਕਾਰ ਨੇ ਜੂਨ 2017 ਤੋਂ ਲੈ ਕੇ ਅਣਮਿਥੇ ਸਮੇਂ ਲਈ ਜੇਲ੍ਹ ਵਿਚ ਬੰਦ ਰੱਖਿਆ ਹੋਇਆ ਹੈ। ਮੁੱਖ ਮੰਗ ਦੇ ਨਾਲ ਨਾਲ 2 ਅਪਰੈਲ ਦੇ ਭਾਰਤ ਬੰਦ ਦੌਰਾਨ ਗ੍ਰਿਫਤਾਰ ਕੀਤੇ ਦਲਿਤਾਂ ਨੂੰ ਰਿਹਾਅ ਕਰਨ, ਮੇਰਠ ਵਿਚ ਹਾਲ ਹੀ ਵਿਚ ਇਕ ਦਲਿਤ ਨੌਜਵਾਨ ਦਾ ਕਤਲ ਕਰਨ ਵਾਲੇ ਹਜੂਮੀ ਕਾਤਲਾਂ ਨੂੰ ਗ੍ਰਿਫਤਾਰ ਕਰਨ, ਕੋਰੇਗਾਓਂ-ਭੀਮਾ ਵਿਖੇ ਦਲਿਤਾਂ ਉਪਰ ਹਿੰਸਕ ਹਮਲੇ ਕਰਨ ਵਾਲੇ ਹਿੰਦੂਤਵ ਸਰਗਣਿਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਵੀ ਮੁਜ਼ਾਹਰਾਕਾਰੀਆਂ ਦੇ ਮੰਗ ਪੱਤਰ ਵਿਚ ਸ਼ਾਮਲ ਸੀ ਅਤੇ ਉਨ੍ਹਾਂ ਵੱਲੋਂ ਕਿਸਾਨਾਂ, ਮੁਸਲਮਾਨਾਂ, ਔਰਤਾਂ ਅਤੇ ਕਬਾਇਲੀਆਂ ਸਮੇਤ ਹੋਰ ਦੱਬੇ-ਕੁਚਲੇ ਲੋਕਾਂ ਦੇ ਮੁੱਦੇ ਵੀ ਉਠਾਏ ਗਏ। ਉਤਰ ਪ੍ਰਦੇਸ਼ ਵਿਚ ਮਹੰਤ ਅਦਿਤਿਆਨਾਥ ਦੀ ਸਰਕਾਰ ਬਣ ਜਾਣ ਨਾਲ ਜਾਤ ਹੰਕਾਰ ਵਿਚ ਗ੍ਰਸਤ ਉਚ ਜਾਤੀਆਂ ਨੂੰ ਬਹੁਤ ਜ਼ਿਆਦਾ ਸ਼ਹਿ ਮਿਲ ਗਈ ਸੀ ਅਤੇ ਉਨ੍ਹਾਂ ਨੇ ਮੁਸਲਮਾਨਾਂ ਤੇ ਦਲਿਤਾਂ ਨੂੰ ਦਬਾਉਣ ਲਈ ਹਮਲੇ ਤੇਜ਼ ਕਰ ਦਿੱਤੇ ਸਨ।
ਮਈ 2017 ਵਿਚ ਜਾਤ ਹੰਕਾਰੀ ਠਾਕੁਰਾਂ ਅਤੇ ਦਲਿਤਾਂ ਦਰਮਿਆਨ ਸਹਾਰਨਪੁਰ ਵਿਚ ਹੋਏ ਟਕਰਾਓ ਨੂੰ ਬਹਾਨਾ ਬਣਾ ਕੇ ਚੰਦਰ ਸ਼ੇਖਰ ਅਤੇ ਹੋਰ ਨੌਜਵਾਨ ਦਲਿਤ ਆਗੂਆਂ ਵਿਰੁਧ 27 ਵੱਖੋ-ਵੱਖਰੇ ਕੇਸ ਦਰਜ ਕੀਤੇ ਗਏ ਜਿਸ ਦਾ ਅਸਲ ਮਨੋਰਥ ਦਲਿਤ ਹੱਕ-ਜਤਾਈ ਦਾ ਲੱਕ ਤੋੜਨਾ ਸੀ। ਨਵੰਬਰ ਵਿਚ ਅਲਾਹਾਬਾਦ ਹਾਈਕੋਰਟ ਵੱਲੋਂ ਇਹ ਟਿੱਪਣੀ ਕਰਦੇ ਹੋਏ ਇਨ੍ਹਾਂ ਮਾਮਲਿਆਂ ਵਿਚ ਚੰਦਰ ਸ਼ੇਖਰ ਨੂੰ ਜ਼ਮਾਨਤ ਦੇ ਦਿੱਤੀ ਗਈ ਕਿ ਉਸ ਉਪਰ ਲਾਏ ਗਏ ਦੋਸ਼ ਸਿਆਸਤ ਤੋਂ ਪ੍ਰੇਰਤ ਹਨ। ਲੇਕਿਨ ਹਿੰਦੂਤਵੀ ਮਹੰਤ ਦੀ ਸਰਕਾਰ ਨੇ ਇਹਤਿਆਤੀ ਨਜ਼ਰਬੰਦੀ ਦੀ ਤਾਨਾਸ਼ਾਹ ਤਾਕਤ ਦਾ ਇਸਤੇਮਾਲ ਕਰਦੇ ਹੋਏ ਕੌਮੀ ਸੁਰੱਖਿਆ ਕਾਨੂੰਨ ਲਗਾ ਕੇ ਉਸ ਦੀ ਰਿਹਾਈ ਰੋਕ ਦਿੱਤੀ ਅਤੇ ਹਰ ਤਿੰਨ ਮਹੀਨੇ ਬਾਅਦ ਨਜ਼ਰਬੰਦੀ ਦੀ ਮਿਆਦ ਵਧਾ ਦਿੱਤੀ ਜਾਂਦੀ ਹੈ। ਇਸ ਤਾਨਾਸ਼ਾਹੀ ਦੇ ਖਿਲਾਫ ਸੁਪਰੀਮ ਕੋਰਟ ਵਿਚ ਪਟੀਸ਼ਨ ਸੁਣਵਾਈ ਅਧੀਨ ਹੈ। ਐਸੇ ਮਾਮਲੇ ਆਪਣੇ-ਆਪ ਵਿਚ ਹੀ ‘ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ’ ਦੇ ਮਖੌਟੇ ਵਾਲੇ ਰਾਜ ਉਪਰ ਸਭ ਤੋਂ ਵੱਡਾ ਵਿਅੰਗ ਹਨ ਜਿਥੇ ‘ਕੌਮੀ ਸੁਰੱਖਿਆ ਨੂੰ ਖਤਰਾ’ ਦੀ ਦੁਹਾਈ ਦੇਣ ਵਾਲੇ ਭਗਵੇਂ ਦਹਿਸ਼ਤਗਰਦ ਸੱਤਾ ਉਪਰ ਕਾਬਜ਼ ਹੋ ਕੇ ਜਮਹੂਰੀ ਤੇ ਇਨਸਾਫਪਸੰਦ ਸ਼ਖਸੀਅਤਾਂ ਨੂੰ ਜੇਲ੍ਹਾਂ ਵਿਚ ਸਾੜਨ ਦੀ ਤਾਕਤ ਹਥਿਆਈ ਬੈਠੇ ਹਨ ਜਿਨ੍ਹਾਂ ਦਾ ਆਪਣਾ ਹਿੰਦੂਤਵ ਦਾ ਏਜੰਡਾ ਮੁਲਕ ਦੀ ਸੁਰੱਖਿਆ ਲਈ ਸਭ ਤੋਂ ਵੱਡਾ ਖਤਰਾ ਹੈ।
2019 ਦੀਆਂ ਆਮ ਚੋਣਾਂ ਵਿਚ ਆਪਣੀ ਜਿੱਤ ਯਕੀਨੀਂ ਬਣਾਉਣ ਲਈ ਇਨ੍ਹਾਂ ਤਾਕਤਾਂ ਵੱਲੋਂ ਫਿਰਕੂ-ਜਾਤਪਾਤੀ ਪਾੜਾ ਵਧਾਉਣ ਦੀ ਮਨਸ਼ਾ ਨਾਲ ਹੋਰ ਵੀ ਖਤਰਨਾਕ ਚਾਲਾਂ ਚੱਲੀਆਂ ਜਾਣਗੀਆਂ। ਲਿਹਾਜ਼ਾ ਮਨੁੱਖਤਾਵਾਦੀ ਤਾਕਤਾਂ ਅੱਗੇ ਇਸ ਦਾ ਟਾਕਰਾ ਕਰਨ ਦੀ ਜ਼ਰੂਰਤ ਹੋਰ ਵੀ ਵਧੇਗੀ। ਉਪਰੋਕਤ ਵਿਰੋਧ ਪ੍ਰਦਰਸ਼ਨ ਇਸੇ ਉਮੀਦ ਦੀ ਕਿਰਨ ਹਨ।

-ਬੂਟਾ ਸਿੰਘ