ਰੁਝਾਨ ਖ਼ਬਰਾਂ
ਜੰਗਲੀ ਅੱਗ ਨੇ ਬ੍ਰਿਟਿਸ਼ ਕੋਲੰਬੀਆ ਦੀ 945,000 ਹੈਕਟੇਅਰ ਜ਼ਮੀਨ ਕੀਤੀ ਤਬਾਹ

ਜੰਗਲੀ ਅੱਗ ਨੇ ਬ੍ਰਿਟਿਸ਼ ਕੋਲੰਬੀਆ ਦੀ 945,000 ਹੈਕਟੇਅਰ ਜ਼ਮੀਨ ਕੀਤੀ ਤਬਾਹ 

ਵੈਨਕੂਵਰ : ਬ੍ਰਿਟਿਸ਼ ਕੋਲੰਬੀਆ ਦੇ ਜੰਗਲਾਂ ‘ਚ ਲੱਗੀ ਅੱਗ ਕਾਰਣ ਜੰਗਲਾਂ ਨੂੰ ਕਾਫੀ ਵੱਡਾ ਨੁਕਸਾਨ ਹੋਇਆ ਜਿਸ ਕਾਰਣ ਸੂਬੇ ਦੀ ਲੱਗਭਗ 945,000 ਹੈਕਟੇਅਰ ਜ਼ਮੀਨ ਸੜ ਕੇ ਸਵਾਹ ਹੋ ਗਈ ਹੈ। ਇਸ ਸਾਲ ਪਹਿਲੀ ਅਪ੍ਰੈਲ ਤੋਂ ਜੰਗਲਾਂ ‘ਚ ਅੱਗ ਲੱਗਣ ਦੀਆਂ ਖਬਰਾਂ ਮਿਲੀਆਂ ਸਨ ਅਤੇ ਅਜੇ ਬੜੀ ਮੁਸ਼ਕਲ ਨਾਲ ਇਸ ‘ਤੇ ਕਾਬੂ ਪਾਇਆ ਜਾ ਸਕਿਆ। ਹਾਲਾਂਕਿ ਸਥਾਨਕ ਸਰਕਾਰ ਵਲੋਂ ਫਾਇਰ ਬ੍ਰਿਗੇਡ ਨੂੰ ਹਾਲੇ ਵੀ ਤਾਇਨਾਤ ਕੀਤਾ ਗਿਆ ਹੈ। ਹੈਲੀਕਾਪਟਰ ਰਾਹੀਂ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ। ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਵੀ ਬ੍ਰਿਟਿਸ਼ ਕੋਲੰਬੀਆ ਦੇ ਜੰਗਲਾਂ ‘ਚ ਭਿਆਨਕ ਅੱਗ ਲੱਗ ਗਈ ਸੀ ਜਿਸ ‘ਚ 1.2 ਮਿਲੀਅਨ ਹੈਕਟੇਅਰ ਇਲਾਕਾ ਸੜ ਗਿਆ ਸੀ। ਇਸ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਸਨ। ਇਸ ਸਾਲ ਵੀ ਪਿਛਲੇ ਸਾਲ ਵਾਂਗ ਅੱਗ ਫੈਲਦੀ ਜਾ ਰਹੀ ਹੈ ਅਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ। ਬਹੁਤ ਸਾਰੇ ਘਰ ਵੀ ਇਸ ਦੀ ਲਪੇਟ ‘ਚ ਆ ਗਏ ਸਨ ਅਤੇ ਲੋਕਾਂ ਨੂੰ ਕਾਫੀ ਨੁਕਸਾਨ ਝੱਲਣਾ ਪਿਆ ਸੀ। ਸਿਰਫ ਦਿ ਸ਼ੋਵਲ ਲੇਕ ‘ਚ ਹੀ ਲੱਗੀ ਅੱਗ ਕਾਰਨ 91000 ਹੈਕਟੇਅਰ ਇਲਾਕਾ ਸੜ ਗਿਆ। ਬ੍ਰਿਟਿਸ਼ ਕੋਲੰਬੀਆ ਦੇ ਵਾਈਲਡ ਫਾਇਰ ਵਿਭਾਗ ਦੇ ਸੂਚਨਾ ਅਧਿਕਾਰੀ ਨੇ ਕਿਹਾ ਕਿ ਜੇਕਰ ਤੇਜ਼ ਮੀਂਹ ਪੈ ਜਾਵੇ ਤਾਂ ਇਲਾਕਾ ਖਤਰੇ ਤੋਂ ਬਾਹਰ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ‘ਚ ਹਵਾ ਪ੍ਰਦੂਸ਼ਣ ਬਹੁਤ ਵਧ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੀ ਸਿਹਤ ਵੱਲ ਪੂਰਾ ਧਿਆਨ ਦੇਣ ਅਤੇ ਹੋ ਸਕੇ ਤਾਂ ਮਾਸਕ ਪਾ ਕੇ ਘਰੋਂ ਬਾਹਰ ਨਿਕਲਣ।