ਸਾਊਦੀ-ਕੈਨੇਡਾ ਵਿਵਾਦ ‘ਚ ਫੈਸਲੇ ਤੋਂ ਪਿੱਛੇ ਹਟਿਆ ਸਾਊਦੀ ਅਰਬ

ਸਾਊਦੀ-ਕੈਨੇਡਾ ਵਿਵਾਦ ‘ਚ ਫੈਸਲੇ ਤੋਂ ਪਿੱਛੇ ਹਟਿਆ ਸਾਊਦੀ ਅਰਬ

ਸਾਊਦੀ ਅਰਬ ਦੇ ਵਿਦਿਆਰਥੀ ਕੈਨੇਡਾ ‘ਚ ਹੀ ਆਪਣੀ ਮੈਡੀਕਲ ਟ੍ਰੇਨਿੰਗ ਕਰਨਗੇ ਪੂਰੀ

ਔਟਵਾ : ਬੀਤੀ 7 ਅਗਸਤ ਨੂੰ ਸਾਊਦੀ ਅਰਬ ਨੇ ਕੈਨੇਡਾ ਨੂੰ ਜਾਣ ਅਤੇ ਵਾਪਸ ਆਉਣ ਵਾਲੀਆਂ ਸਾਰੀਆਂ ਉਡਾਣਾਂ ਅਤੇ ਵਿਦਿਆਰਥੀਆਂ ਦੀਆਂ ਸਕਾਲਰਸ਼ਿਪ ਪ੍ਰੋਗਰਾਮ ਮੁਅੱਤਲ ਕਰ ਦਿੱਤੇ ਸਨ। ਸਾਊਦੀ ਅਰਬ ਵੱਲੋਂ ਕੈਨੇਡਾ ਨਾਲ ਡਿਪਲੋਮੈਟਿਕ ਸੰਬੰਧ ਅਤੇ ਸਮਝੌਤੇ ਖਤਮ ਕਰਨ ਦੀ ਕਾਰਵਾਈ ਉਸ ਸਮੇਂ ਸਾਹਮਣੇ ਆਈ ਜਦੋਂ ਕੈਨੇਡਾ ਦੇ ਵਿਦੇਸ਼ ਮੰਤਰੀ ਅਤੇ ਕੈਨੇਡੀਅਨ ਦੂਤਾਵਾਸ ਨੇ ਸਾਊਦੀ ਅਰਬ ‘ਤੇ ਜ਼ੋਰ ਦਿੱਤਾ ਸੀ ਕਿ ਸਿਵਲ ਸੋਸਾਇਟੀ ਦੇ ਮੈਂਬਰਾਂ ਨੂੰ ਜਲਦ ਰਿਹਾਅ ਕੀਤਾ ਜਾਵੇ।
ਮੈਡੀਕਲ ਕਾਲਜ ਅਤੇ ਯੂਨੀਵਰਸਿਟੀਆਂ ਦੇ ਅਧਿਕਾਰੀਆਂ ਮੁਤਾਬਕ ਸਾਊਦੀ ਦੇ ਸਿੱਖਿਆ ਮੰਤਰਾਲੇ ਵੱਲੋਂ 1 ਹਜ਼ਾਰ 53 ਵਿਦਿਆਰਥੀਆਂ ਨੂੰ ਸਥਗਿਤ ਕੀਤੇ ਜਾਣ ਦਾ ਨੋਟਿਸ ਹਾਸਲ ਹੋਇਆ ਸੀ। ਦੂਜੇ ਪਾਸੇ ਕੈਨੇਡਾ ਦੇ ਵਿਦੇਸ਼ ਮੰਤਰੀ ਦੇ ਬੁਲਾਰੇ ਐਮੀ ਮਿਲਜ਼ ਨੇ ਆਖਿਆ ਕਿ ਕੈਨੇਡਾ ‘ਚ ਸਿੱਖਿਆ ਹਾਸਲ ਕਰ ਰਹੇ ਸਾਊਦੀ ਅਰਬ ਦੇ ਵਿਦਿਆਰਥੀ ਆਪਣੀ ਮੈਡੀਕਲ ਟ੍ਰੇਨਿੰਗ ਪੂਰੀ ਕਰ ਸਕਣਗੇ। ਇਸ ਤੋਂ ਪਹਿਲਾਂ ਰਿਆਦ ਵੱਲੋਂ ਕੈਨੇਡਾ ‘ਚ ਸਿੱਖਿਆ ਹਾਸਲ ਕਰ ਰਹੇ ਸਾਊਦੀ ਅਰਬ ਦੇ ਵਿਦਿਆਰਥੀਆਂ ਨੂੰ 31 ਅਗਸਤ ਤੱਕ ਆਪਣੇ ਲਈ ਨਵੀਂ ਸਕਾਲਰਸ਼ਿਪ ਦੀ ਭਾਲ ਕਰਨ ਅਤੇ ਉਨ੍ਹਾਂ ਕਿਸੇ ਹੋਰ ਦੇਸ਼ ਜਾਣ ਦੀ ਗੱਲ ਕਹੀ ਸੀ।