Copyright © 2019 - ਪੰਜਾਬੀ ਹੇਰਿਟੇਜ
ਅਮਰੀਕਾ ਨੇ ਐੱਚ-1ਬੀ ਵੀਜ਼ਾ ਦੀ ਪ੍ਰੀਮੀਅਮ ਸੇਵਾ ‘ਤੇ ਲੱਗੀ ਰੋਕ ਪੰਜ ਮਹੀਨੇ ਹੋਰ ਵਧਾਈ

ਅਮਰੀਕਾ ਨੇ ਐੱਚ-1ਬੀ ਵੀਜ਼ਾ ਦੀ ਪ੍ਰੀਮੀਅਮ ਸੇਵਾ ‘ਤੇ ਲੱਗੀ ਰੋਕ
ਪੰਜ ਮਹੀਨੇ ਹੋਰ ਵਧਾਈ 

 

ਵਾਸ਼ਿੰਗਟਨ, ਅਮਰੀਕਾ ਨੇ ਭਾਰਤੀਆਂ ‘ਚ ਲੋਕਪ੍ਰਿਆ ਐੱਚ-1ਬੀ ਵੀਜ਼ਾ ਦੀ ਪ੍ਰੀਮੀਅਮ ਸੇਵਾ ਪ੍ਰਕਿਰਿਆ ‘ਤੇ ਲੱਗੀ ਅਸਥਾਈ ਰੋਕ ਪੰਜ ਮਹੀਨੇ ਹੋਰ ਵਧਾ ਦਿੱਤੀ ਹੈ। ਇਸ ਨਾਲ ਜਲਦੀ ਵੀਜ਼ਾ ਪਾਉਣ ਦੀ ਇੱਛਾ ਰੱਖਣ ਵਾਲੇ ਭਾਰਤੀ ਪੇਸ਼ੇਵਰਾਂ ਨੂੰ ਨਿਰਾਸ਼ਾ ਹੱਥ ਲੱਗੇਗੀ। ਇਸ ਪ੍ਰੀਮੀਅਮ ਪ੍ਰੋਸੈਸਿੰਗ ਸੇਵਾ ‘ਚ ਬਿਨੈਕਾਰਾਂ ਨੂੰ ਘੱਟ ਸਮੇਂ ਵਿਚ ਵੀਜ਼ਾ ਮਿਲਦਾ ਹੈ। ਇਸ ਤਹਿਤ ਐੱਚ-1ਬੀ ਵੀਜ਼ਾ ਅਰਜ਼ੀ ਦੀ ਪ੍ਰਕਿਰਿਆ ਛੇ ਮਹੀਨੇ ਦੀ ਥਾਂ ਸਿਰਫ਼ 15 ਦਿਨਾਂ ‘ਚ ਪੂਰੀ ਕੀਤੀ ਜਾਂਦੀ ਹੈ। ਇਸ ਲਈ 1,225 ਡਾਲਰ (ਕਰੀਬ 86 ਹਜ਼ਾਰ ਰੁਪਏ) ਦੀ ਫੀਸ ਲਈ ਜਾਂਦੀ ਹੈ। ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ (ਯੂ.ਐੱਸ. ਸੀ.ਆਈ.ਐੱਸ.) ਏਜੰਸੀ ਨੇ ਮੰਗਲਵਾਰ ਨੂੰ ਰੋਕ ਦੀ ਮਿਆਦ ਵਧਾਉਣ ਦਾ ਐਲਾਨ ਕੀਤਾ। ਇਹ ਰੋਕ ਹੁਣ ਅਗਲੇ ਸਾਲ 19 ਫਰਵਰੀ ਤਕ ਜਾਰੀ ਰਹੇਗੀ। ਪ੍ਰੀਮੀਅਮ ਪ੍ਰੋਸੈਸਿੰਗ ‘ਤੇ ਅਸਥਾਈ ਰੋਕ ਇਸ ਸਾਲ ਮਾਰਚ ਮਹੀਨੇ ‘ਚ ਲਗਾਈ ਗਈ ਸੀ। ਇਸ ਦੀ ਮਿਆਦ 11 ਸਤੰਬਰ ਨੂੰ ਖ਼ਤਮ ਹੋਣ ਵਾਲੀ ਸੀ।
22 ਲੱਖ ਭਾਰਤੀਆਂ ਨੇ ਦਿੱਤੀ ਹੈ ਅਰਜ਼ੀ
ਯੂ.ਐੱਸ.ਸੀ.ਆਈ.ਐੱਸ. ਅਨੁਸਾਰ, ਸਾਲ 2007 ਤੋਂ 2017 ਦੌਰਾਨ ਸਭ ਤੋਂ ਜ਼ਿਆਦਾ 22 ਲੱਖ ਸਿੱਖਿਅਤ ਭਾਰਤੀ ਪੇਸ਼ੇਵਰਾਂ ਨੇ ਐੱਚ-1ਬੀ ਵੀਜ਼ਾ ਲਈ ਅਰਜ਼ੀਆਂ ਦਿੱਤੀਆਂ। ਜਦਕਿ ਚੀਨ ਦੇ 3.01 ਲੱਖ ਨਾਗਰਿਕਾਂ ਨੇ ਇਹ ਬੇਨਤੀ ਪੱਤਰ ਦਿੱਤਾ ਸੀ।