ਕੈਨੇਡਾ ਅਤੇ ਅਮਰੀਕਾ ਨੂੰ ਨਾਫਟਾ ਸਮਝੌਤਾ ਜਲਦ ਸਿਰੇ ਚੜ੍ਹਨ ਦੀ ਉਮੀਦ

ਕੈਨੇਡਾ ਅਤੇ ਅਮਰੀਕਾ ਨੂੰ ਨਾਫਟਾ ਸਮਝੌਤਾ ਜਲਦ ਸਿਰੇ ਚੜ੍ਹਨ ਦੀ ਉਮੀਦ

ਔਟਵਾ : ਕੈਨੇਡਾ ਅਤੇ ਅਮਰੀਕਾ ਦੇ ਨੁਮਾਇੰਦਿਆਂ ਵੱਲੋਂ ਸ਼ੁਰੂ ਕੀਤੀ ਗਈ ਆਪਸੀ ਗੱਲਬਾਤ ‘ਚ ਨਾਫਟਾ ਸਬੰਧੀ ਸਮਝੌਤਾ ਜਲਦ ਹੀ ਸਿਰੇ ਚੜ੍ਹ ਜਾਣ ਦੀ ਉਮੀਦ ਜਤਾਈ ਜਾ ਰਹੀ ਹੈ।  ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਉਮੀਦ ਜਤਾਈ ਹੈ ਕਿ ਸਕਾਰਾਤਕਮ ਗੱਲਬਾਤ ਤੋਂ ਬਾਅਦ ਜਦਲ ਹੀ ਇਹ ਸਮਝੌਤਾ ਸਿਰੇ ਚੜ੍ਹ ਸਕਦਾ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਆਪਣੇ ਹਮਰੁਤਬਾ ਅਮਰੀਕੀ ਅਧਿਕਾਰੀ ਨਾਲ ਦੂਜੀ ਮੀਟਿੰਗ ਤੋਂ ਬਾਅਦ ਆਖਿਆ ਕਿ ਅਧਿਕਾਰੀ ਦੇਰ ਰਾਤ ਤੱਕ ਜਾਂ ਪੂਰੀ ਰਾਤ ਜਾਗ ਕੇ  ਨਾਫ਼ਟਾ ਸਬੰਧੀ ਮੁੱਦਿਆਂ ਤੇ ਡੂੰਘਾ ਵਿਚਾਰ-ਵਟਾਂਦਰਾ ਕਰਨਗੇ ਜਿਸ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਦੋਵੇਂ ਧਿਰਾਂ ਰਾਜ਼ੀ ਹੋ ਸਕਦੀਆਂ ਹਨ।  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਰੀਲੈਂਡ ਨੇ ਆਖਿਆ ਕਿ ਨਾਫਟਾ ਸਮਝੌਤੇ ਸਬੰਧੀ ਗੱਲਬਾਤ ਹੁਣ ਆਪਣੀ ਆਖਰੀ ਪੜਾਅ ‘ਚ ਹੈ ਤੇ ਅਸੀਂ ਇਸ ਨੂੰ ਜਲਦ ਸਿਰੇ ਚੜ੍ਹਾਉਣਾ ਚਾਹੁੰਦੇ ਹਾਂ।  ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਸਦਭਾਵਨਾ ਨਾਲ ਹੀ ਦੁਬਾਰਾ ਇੱਕ ਮੰਚ ਉੱਤੇ ਇੱਕਠੀਆਂ ਹੋਈਆਂ ਹਨ ਅਤੇ ਦੋਵੇਂ ਧਿਰਾਂ ਅਰਥਭਰਪੂਰ ਢੰਗ ਨਾਲ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਵੀ ਲੱਗਦਾ ਹੈ ਕਿ ਇਹ ਡੀਲ ਆਉਣ ਵਾਲੇ ਕੁਝ ਦਿਨਾਂ ਤੱਕ ਸਿਰੇ ਚੜ੍ਹ ਸਕਦੀ ਹੈ ਪਰ ਇਹ ਸਿਰਫ ਸੰਭਾਵਨਾ ਹੈ ਕਿਉਂਕਿ ਅਸੀਂ ਇਸ ਗੱਲ ਦਾ ਵੀ ਖਾਸ ਧਿਆਨ ਰੱਖਣਾ ਚਾਹੁੰਦੇ ਹਾਂ ਕਿ ਇਹ ਡੀਲ ਕੈਨੇਡਾ ਦੇ ਹਿੱਤ ਵਿੱਚ ਵੀ ਹੋਵੇ।