ਕੈਨੇਡਾ-ਅਮਰੀਕਾ ਵਪਾਰਕ ਲੜਾਈ ਕਾਰਣ ਵੱਧ ਸਕਦੀ ਹੈ ਮਹਿੰਗਾਈ

ਕੈਨੇਡਾ-ਅਮਰੀਕਾ ਵਪਾਰਕ ਲੜਾਈ ਕਾਰਣ ਵੱਧ ਸਕਦੀ ਹੈ ਮਹਿੰਗਾਈ 

ਡਿੱਬਾਬੰਦ ਚੀਜ਼ਾਂ ਦੇ ਮਹਿੰਗੇ ਹੋਣ ਦੀ ਸੰਭਾਵਨਾ 

ਔਟਵਾ : ਕੈਨੇਡਾ-ਅਮਰੀਕਾ ਵਪਾਰਕ ਲੜਾਈ  ਦਾ ਖਾਮਿਆਜ਼ਾ ਜਲਦ ਹੀ ਕੈਨੇਡੀਅਨ ਉਤਪਾਦਕਾਂ ਰਾਹੀਂ ਕੈਨੇਡਾ ਵਾਸੀਆਂ ਨੂੰ ਭੁਗਤਣਾ ਪੈ ਸਕਦਾ ਹੈ। ਮਿਲੀ ਜਾਣਕਾਰੀ ਅਨੁਸਾਰ ਕੈਨੇਡਾ-ਅਮਰੀਕਾ ‘ਚ ਛਿੜੀ ਵਪਾਰਕ ਲੜਾਈ ਤੋਂ ਬਾਅਦ ਹੁਣ ਸੋਢੇ ਤੋਂ ਲੈ ਕੇ ਸੂਪ ਤੱਕ ਦੀਆਂ ਸਾਰੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਕੀਤੇ ਜਾਣ ਦੀ ਸੰਭਾਵਨਾ ਹੈ। ਪੈਪਸੀਕੋ ਬੈਵਰੇਜਿਜ਼ ਕੈਨੇਡਾ ਵੱਲੋਂ ਰੀਟੇਲਰਜ਼ ਨੂੰ ਇਹ ਸਲਾਹ ਦਿੱਤੀ ਗਈ ਹੈ ਕਿ ਉਹ ਜੁਲਾਈ ਦੇ ਅਖੀਰ ਤੋਂ ਹਰ ਕੈਨ ਪਿੱਛੇ ਇੱਕ ਪੈਨੀ ਵਧਾਉਣ। ਜੂਨ ਦੇ ਅਖੀਰ ਵਿੱਚ ਰੀਟੇਲਰਾਂ ਨੂੰ ਭੇਜੀ ਗਈ ਇੱਕ ਚਿੱਠੀ ਵਿੱਚ ਕੰਪਨੀ ਨੇ ਲਿਖਿਆ ਹੈ ਕਿ ਕਈ ਵਸਤਾਂ ਉੱਤੇ ਕੈਨੇਡੀਅਨ ਸਰਕਾਰ ਵੱਲੋਂ ਲਾਏ ਗਏ ਟੈਰਿਫਜ਼ ਵਿੱਚ ਐਲੂਮੀਨੀਅਮ ਵੀ ਸ਼ਾਮਲ ਹੈ ਤੇ ਉਨ੍ਹਾਂ ਦਾ ਪੇਅ ਪਦਾਰਥ ਐਲੂਮੀਨੀਅਮ ਦੇ ਕੈਨ ਵਿੱਚ ਵੀ ਮਿਲਦਾ ਹੈ।  ਪੈਪਸੀ ਦੀ ਚਿੱਠੀ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਅਸੀਂ ਇਨ੍ਹਾਂ ਤਬਦੀਲੀਆਂ ਨੂੰ ਬੜੀ ਗੰਭੀਰਤਾ ਨਾਲ ਲੈ ਰਹੇ ਹਾਂ। ਇਹ ਵੀ ਆਖਿਆ ਗਿਆ ਕਿ ਕੀਮਤਾਂ ਵਿੱਚ ਵਾਧਾ ਕੀਤੇ ਜਾਣ ਤੋਂ ਇਲਾਵਾ ਉਨ੍ਹਾਂ ਕੋਲ ਕੋਈ ਚਾਰਾ ਨਹੀਂ ਹੈ। ਦੇਸ਼ ਵਿੱਚ ਤਿਆਰ ਹੋਣ ਵਾਲੇ 90% ਪੈਪਸੀ ਉਤਪਾਦ ਕੰਪਨੀ ਦੇ ਛੇ ਕੈਨੇਡੀਅਨ ਪਲਾਂਟਾ ਵਿੱਚੋਂ ਤਿਆਰ ਹੁੰਦੇ ਹਨ। ਪਰ ਸਪਲਾਈ ਚੇਨ ਨੂੰ ਕਈ ਵਾਰੀ ਸਰਹੱਦ ਤੋਂ ਆਰ ਪਾਰ ਜਾਣਾ ਪੈਂਦਾ ਹੈ ਤੇ ਇਸ ਤਰ੍ਹਾਂ ਟੈਰਿਫ ਵੀ ਲੱਗਦੇ ਹਨ। ਚਿੱਠੀ ਵਿੱਚ ਇਹ ਵੀ ਆਖਿਆ ਗਿਆ ਹੈ ਕਿ 31 ਜੁਲਾਈ ਜੋ ਕੋਈ ਵੀ ਪੈਪਸੀ ਦੇ ਉਤਪਾਦ ਵੇਚੇਗਾ ਉਸ ਨੂੰ ਪ੍ਰਤੀ ਕੈਨ ਪਿੱਛੇ ਇੱਕ ਸੈਂਟ ਵਾਧੂ ਦੇਣਾ  ਹੋਵੇਗਾ। ਇਸ ਸਬੰਧ ਵਿੱਚ ਕੰਪਨੀ ਨੂੰ ਵਾਰੀ ਵਾਰੀ ਕੀਤੇ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ। ਪਿਛਲੇ ਹਫਤੇ ਕੋਕਾ ਕੋਲਾ ਦੇ ਸੀਈਓ ਜੇਮਜ਼ ਕੁਇੰਸੀ ਨੇ ਵੀ ਇਹ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਵੱਲੋਂ ਵੀ ਨੌਰਥ ਅਮਰੀਕਾ ਵਿੱਚ ਆਪਣੇ ਕੈਨ ਬੰਦ ਪਦਾਰਥਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਫੂਡ ਕੰਪਨੀਜ਼ ਨੂੰ ਵੀ ਇਸ ਦਾ ਸੇਕ ਲੱਗ ਰਿਹਾ ਹੈ। ਕੈਂਪਬੈੱਲ  ਕੰਪਨੀ ਆਫ ਕੈਨੇਡਾ, ਜਿਸ ਨੂੰ ਪਲਾਂਟ ਬੰਦ ਕਰਨ ਤੋਂ ਲੈ ਕੇ ਸੀਈਓ ਦੇ ਕੰਪਨੀ ਛੱਡਣ ਤੱਕ ਕਈ ਤਬਦੀਲੀਆਂ ਵਿੱਚੋਂ ਲੰਘਣਾ ਪੈ ਰਿਹਾ ਹੈ, ਨੇ ਆਖਿਆ ਕਿ ਟਰੇਡ ਮੁੱਦਿਆਂ ਕਾਰਨ ਹੀ ਇਹ ਸੱਭ ਹੋ ਰਿਹਾ ਹੈ। ਕੰਪਨੀ ਨੇ ਆਖਿਆ ਕਿ ਕਿਰਾਏ ਭਾੜੇ, ਪੈਕੇਜਿੰਗ ਤੇ ਇਨਗ੍ਰੇਡੀਐਂਟਸ ਦਿਨੋਂ ਦਿਨੀ ਵੱਧ ਰਹੇ ਹਨ ਤੇ ਇਸੇ ਲਈ ਹੀ ਕੀਮਤਾਂ ਵਿੱਚ ਵੀ ਵਾਧਾ ਹੋ ਰਿਹਾ ਹੈ।