ਅਸੀਂ ਕਹਿੰਦੇ ਕੁਝ ਹਾਂ ਤੇ ਕਰਦੇ ਕੁਝ ਹੋਰ ਹਾਂ…

ਅਸੀਂ ਕਹਿੰਦੇ ਕੁਝ ਹਾਂ ਤੇ ਕਰਦੇ ਕੁਝ ਹੋਰ ਹਾਂ…

ਸੱਪ ਦੀਆਂ ਦੋ ਜ਼ੁਬਾਨਾਂ ਹੁੰਦੀਆਂ ਹਨ ਪਰ ਸਾਡੀਆਂ ਅਨੇਕਾਂ ਜ਼ੁਬਾਨਾਂ ਹਨ। ਅਸੀਂ ਲੋਕਾਂ ਲਈ ਕੁਝ ਕਹਿੰਦੇ ਹਾਂ ਪਰ ਖੁਦ ਆਪ ਕੁਝ ਹੋਰ ਕਰਦੇ ਹਾਂ। ਹਰ ਬੰਦਾ ਚਾਹੁੰਦਾ ਹੈ ਕਿ ਸ਼ਹੀਦ ਭਗਤ ਸਿੰਘ ਵਰਗੇ ਸੂਰਮੇ ਪੈਦਾ ਹੋਣ, ਹੀਰ, ਸੱਸੀ, ਸੋਹਣੀ, ਸਾਹਿਬਾਂ ਵਰਗੀਆਂ ਸੋਹਣੀਆਂ ਨਾਰਾਂ ਪੈਦਾ ਹੋਣ, ਪਰ ਸਾਡੇ ਨਹੀਂ ਦੂਸਰਿਆਂ ਦੇ ਘਰ। ਜਦੋਂ ਸਾਡੇ ਘਰਾਂ ਵਿੱਚ ਕੋਈ ਬਜ਼ੁਰਗ ਮਰ ਜਾਵੇ ਤਾਂ ਅਸੀਂ ਬਹੁਤ ਬੀਬੇ ਬਣ ਕੇ ਉਸ ਦੇ ਕੱਪੜੇ, ਜੁੱਤੀਆਂ ਤੇ ਹੋਰ ਸੜਿਆ ਗਲਿਆ ਸਮਾਨ ਗਰੀਬਾਂ ਨੂੰ ਦਾਨ ਕਰ ਕੇ ਪੁੰਨ ਖੱਟਦੇ ਹਾਂ। ਇਸ ਦੇ ਪਿੱਛੇ ਤਰਕ ਇਹ ਦਿੱਤਾ ਜਾਂਦਾ ਹੈ ਕਿ ਅਜਿਹੀਆਂ ਚੀਜ਼ਾਂ ਘਰ ਵਿੱਚ ਪਈਆਂ ਰਹਿਣ ਤਾਂ ਵੇਖ ਕੇ ਮਰਨ ਵਾਲੇ ਦੀ ਯਾਦ ਆਉਂਦੀ ਰਹਿੰਦੀ ਹੈ। ਪਰ ਅਸੀਂ ਕਦੀ ਵੀ ਮਰਨ ਵਾਲੇ ਦੀ ਜ਼ਮੀਨ ਜਾਇਦਾਦ, ਕਾਰ, ਮੋਟਰ ਸਾਇਕਲ, ਟਰੈਕਟਰ, ਸੋਨਾ, ਚਾਂਦੀ, ਗਹਿਣੇ ਜਾਂ ਪੈਸਾ ਗਰੀਬਾਂ ਵਿੱਚ ਨਹੀਂ ਵੰਡਦੇ। ਉਸ ਅਸੀਂ ਅੰਦਰ ਵੜ ਕੇ ਚੁੱਪ ਚਾਪ ਧੀਆਂ-ਪੁੱਤਾਂ ਵਿੱਚ ਵੰਡ ਲੈਂਦੇ ਹਾਂ। ਧਾਰਮਿਕ ਸਥਾਨਾਂ ਵਿੱਚ ਸ਼ਰਧਾਲੂ ਮਾਇਆ ਨਾਗਣੀ ਅਤੇ ਫਲ ਮਠਿਆਈਆਂ ਦੇ ਢੇਰ ਲਗਾ ਦਿੰਦੇ ਹਨ। ਬਾਬੇ ਅਰਾਮ ਨਾਲ ਮਾਇਆ ਮੋਹਣੀ ਨੂੰ ਤਿਜ਼ੋਰੀਆਂ ਵਿੱਚ ਸੰਭਾਲ ਲੈਂਦੇ ਹਨ ਤੇ ਫਲ-ਮਠਿਆਈਆਂ ਖਰਾਬ ਹੋਣ ਦੇ ਡਰੋਂ ਸ਼ਰਧਾਲੂਆਂ ਵਿੱਚ ਵੰਡ ਦਿੰਦੇ ਹਨ। ਅੰਧ ਭਗਤ ਆਪਣੀ ਹੀ ਮਠਿਆਈ ਨੂੰ ਪ੍ਰਸ਼ਾਦ ਸਮਝ ਕੇ ਗ੍ਰਹਿਣ ਕਰਦੇ ਹਨ। ਬਾਬੇ ਕਦੇ ਵੀ ਮਾਇਆ ਨੂੰ ਭਗਤਾਂ ਵਿੱਚ ਨਹੀਂ ਵੰਡਦੇ। ਲੋਕਾਂ ਨੂੰ ਧਰਮ ਸਥਾਨ ਦੀ ਉਸਾਰੀ ਅਤੇ ਲੰਗਰ ਪਕਾਉਣ ਲਈ ਬੁਲਾਇਆ ਜਾਂਦਾ ਹੈ, ਕਦੇ ਮਾਇਆ ਗਿਣਨ ਲਈ ਨਹੀਂ ਬੁਲਾਇਆ ਜਾਂਦਾ।
ਸੱਪ ਜਾਂ ਚੂਹਾ ਪੱਥਰ ਦਾ ਹੋਵੇ ਤਾਂ ਅਸੀਂ ਉਸ ਦੀ ਪੂਜਾ ਕਰਦੇ ਹਾਂ ਪਰ ਜੇ ਕਿਤੇ ਘਰ ਵਿੱਚ ਅਸਲੀ ਦਿਸ ਜਾਣ ਤਾਂ ਸੋਟੀ ਨਾਲ ਉਹਨਾਂ ਦੇ ਸਿਰ ਫੇਹ ਦਿੰਦੇ ਹਨ। ਪੱਥਰ ਦੀ ਗਊ ਨੂੰ ਮਾਤਾ ਸਮਝ ਕੇ ਪੂਜਾ ਕਰਦੇ ਹਾਂ, ਪਰ ਜੇ ਉਹੀ ਗਊ ਜਿਊਂਦੀ ਜਾਗਦੀ ਹੋਵੇ ਤੇ ਦੁਕਾਨ ਜਾਂ ਫਸਲ ਵਿੱਚ ਮੂੰਹ ਮਾਰੇ ਤਾਂ ਕੁੱਟ ਕੁੱਟ ਕੇ ਉਸ ਦੀ ਖੱਲ ਲਾਹ ਦਿੰਦੇ ਹਾਂ। ਦੁੱਧੋਂ ਭੱਜੀ ਬੁੱਢੀ ਗਊ ਨੂੰ ਘਰੋਂ ਕੱਢ ਦਿੰਦੇ ਹਾਂ। ਉਹ ਵਿਚਾਰੀ ਸਾਰੀ ਉਮਰ ਦੁੱਧ ਪਿਆ ਕੇ ਮੁੜ ਗੰਦ ਵਿੱਚ ਮੂੰਹ ਮਾਰਦੀ ਫਿਰਦੀ ਹੈ। ਹਵਾ ਪਾਣੀ ਨੂੰ ਮਾਂ-ਪਿਉ ਕਹਿੰਦੇ ਹਾਂ ਪਰ ਸ਼ਹਿਰਾਂ-ਘਰਾਂ ਦਾ ਸਾਰਾ ਕੁੜਾ ਕਚਰਾ ਉਸ ਵਿੱਚ ਵਹਾ ਦਿੰਦੇ ਹਾਂ। ਚੜ੍ਹਾਵਾ ਰੱਬ ਦੇ ਨਾਮ ‘ਤੇ ਲੈਂਦੇ ਹਾਂ ਪਰ ਖਾਂਦੇ ਖੁਦ ਹਾਂ। ਸਭ ਤੋਂ ਵੱਧ ਦੋ ਮੂੰਹੇ ਸੱਪ ਸਾਡੇ ਬਾਬੇ ਹਨ। ਮਾਇਆ ਨੂੰ ਨਾਗਣੀ, ਪਾਪ ਦੀ ਗਠੜੀ ਆਦਿ ਦੇ ਵਿਸ਼ੇਸ਼ਣਾਂ ਨਾਲ ਸੰਬੋਧਿਤ ਕਰਨ ਵਾਲੇ ਸਾਧ ਖੁਦ ਮਾਇਆ ਦੀਆਂ ਪੰਡਾਂ ਬੰਨ੍ਹੀ ਫਿਰਦੇ ਹਨ। ਕੁਝ ਸਾਲ ਪਹਿਲਾਂ ਇੱਕ ਬਾਬੇ ਦੇ ਮਰਨ ਤੋਂ ਬਾਅਦ ਉਸ ਦੇ ਬੈੱਡਰੂਮ ਵਿੱਚੋਂ ਮਣਾਂ ਦੇ ਹਿਸਾਬ ਨਾਲ ਸੋਨਾ, ਚਾਂਦੀ, ਹੀਰੇ, ਮੋਤੀ ਬਰਾਮਦ ਹੋਏ ਸਨ। ਦੂਸਰਿਆਂ ਨੂੰ ਔਰਤ ਦੀ ਇੱਜ਼ਤ ਕਰਨ ਦਾ ਪਾਠ ਪੜ੍ਹਾਉਣ ਵਾਲੇ ਅਨੇਕਾਂ ਬਾਬੇ ਬਲਾਤਕਾਰ ਦੇ ਦੋਸ਼ ਹੇਠ ਜੇਲ੍ਹਾਂ ਵਿੱਚ ਬੈਠੇ ਹਨ।
ਮਾਂ ਬਾਪ ਜੇ ਤਸਵੀਰਾਂ ਦੇ ਰੂਪ ਵਿੱਚ ਕੰਧ ‘ਤੇ ਟੰਗੇ ਹੋਣ ਤਾਂ ਪੂਜਾ-ਸ਼ਰਾਧ ਕਰਦੇ ਹਾਂ, ਪਰ ਜੇ ਜਿਊਂਦੇ ਹੋਣ ਤਾਂ ਪਾਣੀ ਵੀ ਨਹੀਂ ਪੁੱਛਦੇ। ਜੇ ਦੋ ਤਿੰਨ ਸਕੇ ਭਰਾ ਹੋਣ ਤਾਂ ਮਾਂ ਬਾਪ ਦੀਆਂ ਵੀ ਵੰਡੀਆਂ ਪੈ ਜਾਂਦੀਆਂ ਹਨ। ਪਤਾ ਨਹੀਂ ਸਾਨੂੰ ਜਿੰਦਾ ਲੋਕਾਂ ਤੋਂ ਐਨੀ ਨਫਰਤ ਕਿਉਂ ਹੈ? ਰੱਬ ਜਿਹੜਾ ਦਿਸਦਾ ਨਹੀਂ, ਉਸ ਦੀ ਅਸੀਂ ਪੂਜਾ ਕਰਦੇ ਹਾਂ। ਕੁਦਰਤ ਜਿਹੜੀ ਦਿਸਦੀ ਹੈ, ਉਸ ਦੀ ਰੱਜ ਕੇ ਬਰਬਾਦੀ ਕਰਦੇ ਹਾਂ। ਜਦੋਂ ਕਿ ਅਸਲ ਵਿੱਚ ਕੁਦਰਤ ਹੀ ਰੱਬ ਹੈ। ਜੇ ਕੋਈ ਬੰਦਾ, ਜਿਸ ਦੇਵੀ ਦੇਵਤੇ ਜਾਂ ਇਸ਼ਟ ਦੀ ਪੂਜਾ ਕਰਦਾ ਹੈ, ਉਹ ਸੱਚੀਂ ਮੁਚੀਂ ਅਸਲ ਰੂਪ ਵਿੱਚ ਉਸ ਦੇ ਸਾਹਮਣੇ ਪ੍ਰਗਟ ਹੋ ਜਾਵੇ ਤਾਂ ਡਰਦੇ ਮਾਰੇ ਉਸ ਦੀਆਂ ਚੀਕਾਂ ਨਿਕਲ ਜਾਣ। ਨਾਲੇ ਇਸ਼ਟ ਜੇ ਇਹ ਵੀ ਕਹਿ ਦੇਵੇ ਕਿ ਮੈਂ ਤੇਰੀ ਭਗਤੀ ਤੋਂ ਬਹੁਤ ਖੁਸ਼ ਹਾਂ, ਆ ਮੇਰੇ ਵਿੱਚ ਲੀਨ ਹੋ ਜਾ, ਪੱਕੀ ਗੱਲ ਹੈ ਕਿ ਮੌਤ ਸਾਹਮਣੇ ਵੇਖ ਕੇ ਭਗਤ ਇਸ਼ਟ ਨੂੰ ਡਾਂਗਾਂ ਮਾਰ ਮਾਰ ਕੇ ਘਰੋਂ ਬਾਹਰ ਕੱਢ ਦੇਵੇਗਾ। ਔਰਤ ਦੇ ਪਾਇਲ ਦੀ ਅਵਾਜ਼ ਦਿਨ ਵੇਲੇ ਬਹੁਤ ਮਿੱਠੀ ਲੱਗਦੀ ਹੈ। ਪਰ ਜੇ ਕਿਤੇ ਇਹੋ ਅਵਾਜ਼ ਰਾਤ ਨੂੰ ਰਾਤ ਨੂੰ ਸ਼ਮਸ਼ਾਨਘਾਟ ਤੋਂ ਆਉਂਦੀ ਸੁਣਾਈ ਦੇ ਜਾਵੇ ਤਾਂ ਭੂਤਾਂ ਦੇ ਡਰ ਕਾਰਨ ਜਾਨ ਨਿਕਲ ਜਾਂਦੀ ਹੈ।
ਵੈਸੇ ਅਸੀਂ ਕਹਿੰਦੇ ਹਾਂ ਕਿ ਰੱਬ ਦੀ ਮਰਜ਼ੀ ਤੋਂ ਬਗੈਰ ਪੱਤਾ ਵੀ ਨਹੀਂ ਹਿੱਲਦਾ। ਪਰ ਜਦੋਂ ਕੋਈ ਕੰਮ ਖਰਾਬ ਹੋ ਜਾਵੇ ਤਾਂ ਰੱਬ ਨੂੰ ਹੀ ਗਾਲ੍ਹਾਂ ਕੱਢਦੇ ਹਨ। ਮੁਸ਼ਟੰਡੇ ਵਿਹਲੜ ਬਾਬਿਆ ਦੀਆ ਅਸੀਂ ਲੱਤਾਂ ਘੁੱਟਦੇ ਹਾਂ, ਛਬੀਲਾਂ ਲਗਾਉਂਦੇ ਹਾਂ, ਪਰ ਰੱਬ ਸਮਾਨ ਮਾਂ ਪਿਉ ਨੂੰ ਪਾਣੀ ਨਹੀਂ ਪੁੱਛਦੇ। ਅਸੀਂ ਕਹਿੰਦੇ ਹਾਂ ਕਿ ਸੰਯੋਗ ਰੱਬ ਬਣਾਉਂਦਾ ਹੈ, ਫਿਰ ਅਸੀਂ ਆਪਣੀ ਹੀ ਜ਼ਾਤ ਵਿੱਚ ਕਿਉਂ ਵਿਆਹ ਕਰਵਾਉਂਦੇ ਹਾਂ? ਰੱਬ ਦੇ ਬਣਾਏ ਅੰਤਰਜ਼ਾਤੀ ਸੰਯੋਗਾਂ ਨੂੰ ਕਿਉਂ ਨਹੀਂ ਮੰਨਦੇ, ਕਤਲਾਂ ਤੱਕ ਕਿਉਂ ਪਹੁੰਚ ਜਾਂਦੇ ਹਾਂ? ਕਹਿੰਦੇ ਹਾਂ ਕਿ ਸਾਰਾ ਜਗਤ ਰੱਬ ਨੇ ਬਣਾਇਆ ਹੈ ਪਰ ਉਸੇ ਦੇ ਨਾਮ ‘ਤੇ ਦੰਗੇ ਕਰਵਾਉਂਦੇ ਹਾਂ। ਪ੍ਰਵਚਨ ਕਰਦੇ ਹਾਂ ਕਿ ਸਭ ਰੱਬ ਦੇ ਬੰਦੇ ਹਨ, ਕੋਈ ਉੱਚਾ ਨੀਵਾਂ ਨਹੀਂ ਹੈ, ਪਰ ਅਸੀਂ ਆਪਣੇ ਧਰਮ ਨੂੰ ਚੰਗਾ ਕਹਿੰਦੇ ਹਾਂ ਤੇ ਦੂਸਰੇ ਦੇ ਧਰਮ ਨੂੰ ਭੰਡਦੇ ਹਾਂ। ਜਿਸ ਤਰਾਂ ਮ੍ਰਿਤਕ ਵਿਅਕਤੀ ਦੀ ਅਰਥੀ ਨੂੰ ਮੋਢਾ ਦੇ ਕੇ ਸਹਾਰਾ ਦੇਣਾ ਪੁੰਨ ਸਮਝਿਆ ਜਾਂਦਾ ਹੈ, ਜੇ ਉਸੇ ਤਰਾਂ ਜਿੰਦਾ ਇਨਸਾਨਾਂ ਨੂੰ ਸਹਾਰਾ ਦੇਣਾ ਪੁੰਨ ਸਸਮਝਣਾ ਸ਼ੁਰੂ ਕਰ ਦੇਈਏ ਤਾਂ ਜ਼ਿੰਦਗੀ ਬਹੁਤ ਅਸਾਨ ਹੋ ਜਾਵੇਗੀ। ਅਸੀਂ ਧਰਮ ਸਥਾਨਾਂ ਵਿੱਚ ਮਹਿੰਗੇ ਰੁਮਾਲੇ-ਚਾਦਰਾਂ ਚੜ੍ਹਾਉਂਦੇ ਹਾਂ ਜੋ ਕਿਸੇ ਕੰਮ ਨਹੀਂ ਆਉਂਦੇ, ਪਰ ਲੋੜਵੰਦਾਂ ਗਰੀਬਾਂ ਨੂੰ ਰੁਮਾਲ ਤੱਕ ਨਹੀਂ ਲੈ ਕੇ ਦਿੰਦੇ। ਸਾਡੇ ਦੇਸ਼ ਵਿੱਚ ਪੈਸਾ ਨਾ ਹੋਣ ਦਾ ਬਹਾਨਾ ਲਗਾ ਕੇ ਪੜ੍ਹਾਈ ਛੱਡਣ ਵਾਲੇ ਤਾਂ ਬਹੁਤ ਮਿਲ ਜਾਣਗੇ, ਪਰ ਗਰੀਬੀ ਕਾਰਨ ਜੂਆ, ਦਾਰੂ, ਗਾਂਜਾ, ਗੁਟਖਾ, ਤੰਬਾਕੂ ਛੱਡਣ ਵਾਲਾ ਅੱਜ ਤੱਕ ਕੋਈ ਨਹੀਂ ਮਿਲਿਆ। ਜੇ ਸਰਕਾਰ ਦੁਆਰਾ ਮੁਫਤ ਬਿਜਲੀ, ਪਾਣੀ, ਲੈਪਟਾਪ, ਫੋਨ, ਆਟਾ, ਦਾਲ, ਸਾਈਕਲ, ਪਤੀਲੇ, ਸਿਲਾਈ ਮਸ਼ੀਨਾਂ, ਵਾਈਫਾਈ ਅਤੇ ਧਾਰਮਿਕ ਸਥਾਨਾਂ ‘ਤੇ ਜਾਣ ਲਈ ਬੱਸਾਂ, ਰੇਲਾਂ ਫਰੀ ਦਿੱਤੀਆਂ ਜਾ ਸਕਦੀਆਂ ਹਨ ਤਾਂ ਪੜ੍ਹਾਈ ਕਿਉਂ ਨਹੀਂ? ਸਾਫ ਹੈ ਕਿ ਪੜ੍ਹ ਲਿਖ ਕੇ ਅਕਲ ਆ ਜਾਂਦੀ ਹੈ ਤੇ ਹੱਕਾਂ ਬਾਰੇ ਪਤਾ ਲੱਗ ਜਾਂਦਾ ਹੈ। ਅਸਲੀ ਇਨਸਾਨ ਉਹ ਹੈ ਜੋ ਜਿਹੜੀ ਗੱਲ ਕਰੇ, ਉਸ ‘ਤੇ ਪਹਿਰਾ ਦੇਵੇ। ਦੋਗਲਾ ਇਨਸਾਨ ਹਮੇਸ਼ਾਂ ਧੋਖਾ ਕਰਦਾ ਹੈ। ਅੱਜ ਲੋਕ ਦੂਸਰਿਆਂ ਦੇ ਬੱਚਿਆਂ ਨੂੰ ਕੁਰਬਾਨੀ ਕਰਨ ਲਈ ਕਹਿੰਦੇ ਹਨ ਤੇ ਖੁਦ ਆਪਣੇ ਬੱਚੇ ਪੜ੍ਹਨ ਲਈ ਵਿਦੇਸ਼ਾਂ ਵਿੱਚ ਭੇਜਦੇ ਹਨ। ਕਸ਼ਮੀਰ ਵਿੱਚ ਅੱਜ ਤੱਕ ਕਿਸੇ ਵੀ ਵੱਖਵਾਦੀ ਨੇਤਾ ਦਾ ਬੱਚਾ ਪੱਥਰਬਾਜ਼ੀ ਕਰਦਾ ਹੋਇਆ ਸੁਰੱਖਿਆ ਦਸਤਿਆਂ ਹੱਥੋਂ ਨਹੀਂ ਮਰਿਆ ਹੈ। ਇਸ ਲਈ ਚਾਹੀਦਾ ਹੈ ਕਿ ਉਹੀ ਕੰਮ ਲੋਕਾਂ ਨੂੰ ਕਰਨ ਲਈ ਕਹੀਏ, ਜੋ ਅਸੀਂ ਖੁਦ ਕਰ ਸਕਦੇ ਹਾਂ। ਜਿਹੜੀ ਗੱਲ ਕਰੀਏ, ਉਸ ‘ਤੇ ਖੁਦ ਵੀ ਅਮਲ ਕਰੀਏ।

-ਬਲਰਾਜ ਸਿੰਘ ਸਿੱਧੂ ਐਸ.ਪੀ.
ਪੰਡੋਰੀ ਸਿੱਧਵਾਂ 9501100062