ਰੁਝਾਨ ਖ਼ਬਰਾਂ
ਲਿਬਰਲ ਪਾਰਟੀ ਵਲੋਂ ਆਪਣਾ 82 ਪੰਨਿਆਂ ਦਾ ਪਲੇਟਫਾਰਮ ਜਾਰੀ

ਲਿਬਰਲ ਪਾਰਟੀ ਵਲੋਂ ਆਪਣਾ 82 ਪੰਨਿਆਂ ਦਾ ਪਲੇਟਫਾਰਮ ਜਾਰੀ

ਔਟਵਾ : ਲਿਬਰਲ ਪਾਰਟੀ ਦੇ ਮੁੱਖ ਆਗੂ ਜਸਟਿਨ ਟਰੂਡੋ ਵਲੋਂ ਬੀਤੇ ਦਿਨੀਂ ਟਰਾਂਟੋ ‘ਚ ਆਪਣਾ ਪਲੇਟਫਾਰਮ ਜਾਰੀ ਕੀਤਾ ਗਿਆ। ਜਸਟਿਨ ਟਰੂਡੋ ਨੇ ਇਥੇ ਇੱਕ ਸਮਾਗਮ ਦੌਰਾਨ 82 ਪੰਨਿਆਂ ਦਾ ਦਸਤਾਵੇਜ਼ ਜਾਰੀ ਕਰਦਿਆਂ ਨਵੀਂ ਫੰਡਿੰਗ, ਸਸਤੇ ਮਕਾਨ, ਨੌਜਵਾਨ ਕੈਨੇਡੀਅਨਜ਼ ਕਈ ਵਾਅਦੇ ਕੀਤੇ ਹਨ। ਇਸ ਦੌਰਾਨ ਉਨ੍ਹਾਂ ਦੇਸ਼ ਨੂੰ ਕੋਵਿਡ-19 ਮਹਾਂਮਾਰੀ ਤੋਂ ਬਾਹਰ ਕੱਢਣ ਲਈ ਪੂਰੀ ਯੋਜਨਾ ਦਾ ਖੁਲਾਸਾ ਵੀ ਕੀਤਾ। ਉਨ੍ਹਾਂ ਕਿਹਾ ਕਿ ਕੋਵਿਡ-19 ਕਾਰਨ ਆਰਥਿਕ ਮੰਦੀ ਦੀ ਮਾਰ ਝੱਲ ਰਹੇ ਕਾਰੋਬਾਰਾਂ ਨੂੰ ਮੁੜ ਲੀਹ ‘ਤੇ ਲਿਆਂਉਣ ਲਈ ਕਾਰੋਬਾਰੀਆਂ ਨੂੰ ਖਾਸ ਰਿਆਇਤਾਂ ਦੇਣ ਦਾ ਵਾਅਦਾ ਕੀਤਾ। ਟਰੂਡੋ ਨੇ ਆਖਿਆ ਕਿ ਇਨ੍ਹਾਂ ਚੋਣਾਂ ਵਿੱਚ ਤੁਹਾਡੇ ਕੋਲ ਇਹ ਤੈਅ ਕਰਨ ਦਾ ਮੌਕਾ ਹੋਵੇਗਾ ਕਿ ਤੁਹਾਡੇ ਅਗਲੇ 18 ਮਹੀਨੇ ਜਾਂ ਅਗਲੇ 18 ਸਾਲ ਕਿਹੋ ਜਿਹੇ ਹੋਣਗੇ। ਉਨ੍ਹਾਂ ਆਖਿਆ ਕਿ ਅਸੀਂ ਸਾਰਿਆਂ ਨੂੰ ਚੰਗੀ ਸਿਹਤ , ਕਿਫਾਇਤੀ ਘਰ, ਚਾਈਲਡਕੇਅਰ ਤੇ ਕਲਾਈਮੇਟ ਲਈ ਯੋਜਨਾ ਮੁਹੱਈਆ ਕਰਾਵਾਂਗੇ।
ਤਿੰਨ ਮੁੱਖ ਫੈਡਰਲ ਪਾਰਟੀਆਂ ਵਿੱਚ ਲਿਬਰਲ ਹੀ ਹਨ ਜਿਹੜੇ ਪਲੇਟਫਾਰਮ ਜਾਰੀ ਕਰਨ ਵਾਲੇ ਆਖਰੀ ਹਨ। ਇਹ ਪਲੇਟਫਾਰਮ ਟੀਵੀਏ ਵੱਲੋਂ ਫਰੈਂਚ ਵਿੱਚ ਹੋਣ ਵਾਲੀ ਆਗੂਆਂ ਦੀ ਪਹਿਲੀ ਬਹਿਸ ਤੋਂ ਇੱਕ ਦਿਨ ਪਹਿਲਾਂ ਜਾਰੀ ਕੀਤਾ ਗਿਆ ਹੈ। ਇਸ ਵਿੱਤੀ ਵਰ੍ਹੇ ਵਿੱਚ ਲਿਬਰਲਾਂ ਨੇ 13 ਬਿਲੀਅਨ ਡਾਲਰ ਖਰਚਣ ਦਾ ਵਾਅਦਾ ਕੀਤਾ ਹੈ ਤੇ ਅਗਲੇ ਪੰਜ ਸਾਲਾਂ ਵਿੱਚ 78 ਬਿਲੀਅਨ ਡਾਲਰ ਖਰਚਣ ਦਾ ਵਾਅਦਾ ਕੀਤਾ ਹੈ।
ਲਿਬਰਲਾਂ ਨੇ ਮਹਾਂਮਾਰੀ ਤੋਂ ਬਾਅਦ ਅਰਥਚਾਰੇ, ਹੈਲਥ ਰਿਕਵਰੀ ਲਈ ਹੋਰ ਖਰਚਾ ਕਰਨ ਦਾ ਤਹੱਈਆ ਪ੍ਰਗਟਾਇਆ ਹੈ। ਇਸ ਤੋਂ ਇਲਾਵਾ ਅਗਲੇ ਕੁੱਝ ਸਾਲਾਂ ਵਿੱਚ ਅਫਗਾਨਿਸਤਾਨ ਤੋਂ ਰਫਿਊਜੀਆਂ ਦੀ ਗਿਣਤੀ ਅਗਲੇ ਕੁੱਝ ਸਾਲਾਂ ਵਿੱਚ ਵਧਾਉੁਣ ਲਈ 350 ਮਿਲੀਅਨ ਡਾਲਰ ਖਰਚਣ ਦਾ ਕਰਾਰ ਵੀ ਕੀਤਾ ਹੈ। ਇਸ ਦੇ ਨਾਲ ਹੀ ਨਵੇਂ ਗੰਨ ਕੰਟਰੋਲ ਦੀ ਸੀਰੀਜ਼ ਨੂੰ ਲਾਗੂ ਕਰਨ ਲਈ ਵੀ ਕੰਮ ਕਰਨ ਦਾ ਵਾਅਦਾ ਕੀਤਾ ਗਿਆ ਹੈ।
ਇਹ ਪਲੇਟਫਾਰਮ ਛੇ ਮੁੱਖ ਵੰਨਗੀਆਂ ਵਿੱਚ ਵੰਡਿਆ ਗਿਆ ਹੈ ਮਹਾਂਮਾਰੀ, ਹਾਊਸਿੰਗ, ਹੈਲਥ ਕੇਅਰ, ਅਰਥਚਾਰਾ, ਕਲਾਈਮੇਟ ਚੇਂਜ ਤੇ ਸੁਲ੍ਹਾ। ਲਿਬਰਲਾਂ ਨੇ ਅਗਲੇ ਪੰਜ ਸਾਲਾਂ ਵਿੱਚ ਰੈਜ਼ੀਡੈਂਸ਼ੀਅਲ ਸਕੂਲਜ਼ ਦੇ ਮੁੱਦੇ ਨੂੰ ਸਾਂਭਣ ਲਈ ਸੱਚ, ਨਿਆਂ ਤੇ ਮਲ੍ਹਮ ਲਾਉਣ ਦੀਆ ਪਹਿਲਕਦਮੀਆਂ ਕਰਨ ਲਈ 2 ਬਿਲੀਅਨ ਡਾਲਰ ਖਰਚਣ ਦਾ ਵਾਅਦਾ ਕੀਤਾ। ਲਿਬਰਲਾਂ ਨੇ ਆਪਣੇ ਪਲੇਟਫਾਰਮ ਵਿੱਚ ਆਖਿਆ ਕਿ ਫੈਡਰਲ ਪੱਧਰ ਉੱਤੇ ਰੈਗੂਲੇਟ ਕੀਤੇ ਜਾਣ ਵਾਲੇ ਸੈਕਟਰ ਵਿੱਚ ਵਰਕਰਜ਼ ਲਈ ਪੰਜ ਦਿਨਾਂ ਦੀ ਪੇਡ ਲੀਵ ਦੀ ਵੀ ਪੇਸ਼ਕਸ਼ ਕੀਤੀ ਹੈ।ਲਿਬਰਲਾਂ ਨੇ ਇਹ ਵੀ ਆਖਿਆ ਕਿ ਉਹ ਘੱਟ ਤੋਂ ਘੱਟ ਟੈਕਸ ਰੂਲ ਵੀ ਲਿਆਉਣਾ ਚਾਹੁੰਦੇ ਹਾਂ।