ਇਟਲੀ ਦੇ ਪ੍ਰਧਾਨ ਮੰਤਰੀ ਨੇ ਐਲਾਨੀ 12 ਮਹੀਨੇ ਦੀ ਐਮਰਜੈਂਸੀ

ਇਟਲੀ ਦੇ ਪ੍ਰਧਾਨ ਮੰਤਰੀ ਨੇ ਐਲਾਨੀ 12 ਮਹੀਨੇ ਦੀ ਐਮਰਜੈਂਸੀ

ਰੋਮ : ਇਟਲੀ ਦੇ ਜੇਨੋਆ ਵਿੱਚ ਇੱਕ ਪੁੱਲ ਦੇ ਡਿੱਗਣ ਨਾਲ 39 ਤੋਂ ਵੱਧ ਲੋਕਾਂ ਦੀ ਮੌਤ ਹੋਣ ਤੋਂ ਬਾਅਦ ਪ੍ਰਧਾਨਮੰਤਰੀ ਜਿਊਸਪੇ ਕਾਂਟੇ ਨੇ 12 ਮਹੀਨੇ ਲਈ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ । ਇੰਨਾ ਹੀ ਨਹੀਂ ਪੀ.ਐਮ ਕਾਂਟੇ ਨੇ ਜਾਂਚ ਅਤੇ ਬਚਾਅ ਕਾਰਜ ਲਈ 50 ਲੱਖ ਯੂਰੋ ਵੀ ਦੇਣ ਦੀ ਘੋਸ਼ਣਾ ਵੀ ਕੀਤੀ ਹੈ। ਜੂਸਪੇ ਕਾਂਟੇ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਮੰਗਲਵਾਰ ਨੂੰ ਡਿੱਗੇ ਪੁੱਲ ਦੇ ਰਖਰਖਾਵ ਲਈ ਜ਼ਿੰਮੇਵਾਰ ਨਿੱਜੀ ਕੰਪਨੀ ਆਟੋਸਟਰੇਡ ਨੂੰ ਮਿਲੀ ਰਿਆਇਤ ਵੀ ਵਾਪਸ ਲਵੇਗਾ । ਕਾਂਟੇ ਨੇ ਕਿਹਾ, ਇਸ ਤਰ੍ਹਾਂ ਦੀਆਂ ਤਰਾਸਦੀਆਂ ਮਾਡਰਨ ਸੋਸਾਇਟੀ ਵਿੱਚ ਬਰਦਾਸ਼ਤਯੋਗ ਨਹੀਂ ਹਨ। ਦੱਸਣਯੋਗ ਹੈ ਕਿ ਕਿ ਪੁੱਲ ਡਿੱਗਣ ਦੇ ਇੱਕ ਦਿਨ ਬਾਅਦ ਯਾਨੀ ਬੁੱਧਵਾਰ ਸ਼ਾਮ ਤੱਕ ਲੋਕਾਂ ਦੇ ਦਬੇ ਹੋਣ ਦਾ ਸੰਦੇਹ ਦੀ ਵਜ੍ਹਾ ਕਰਕੇ ਬਚਾਅ ਕਾਰਜ ਚੱਲਦਾ ਰਿਹਾ । ਮੰਗਲਵਾਰ ਨੂੰ, ਇਤਾਲਵੀ ਨਾਗਰਿਕ ਹਿਫਾਜ਼ਤ ਏਜੰਸੀ ਦੇ ਪ੍ਰਮੁੱਖ ਐਂਗੇਲੋ ਬੋਰੇਲੀ ਨੇ ਦੱਸਿਆ ਕਿ ਇਸ ਹਾਦਸੇ ਵਿੱਚ 13 ਲੋਕ ਜਖ਼ਮੀ ਹੋਏ ਹਨ । ਇਟਲੀ ਦੇ ਗ੍ਰਹਿ ਮੰਤਰੀ ਮਾੱਤੇਓ ਸਾਲਵਿਨੀ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ 8, 12 ਅਤੇ 13 ਸਾਲ ਦੇ ਬੱਚੇ ਵੀ ਹਨ । ਜ਼ਿਕਰਯੋਗ ਹੈ ਕਿ ਬੀਤੇ ਮੰਗਲਵਾਰ ਨੂੰ ਉੱਤਰੀ ਬੰਦਰਗਾਹ ਸ਼ਹਿਰ ਵਿੱਚ ਭਾਰੀ ਮੀਂਹ ਦੇ ਦੌਰਾਨ ਮੋਰਾਂਦੀ ਪੁੱਲ ਦਾ ਵੱਡਾ ਹਿੱਸਾ ਢਹਿ ਗਿਆ ਜਿਸਦੀ ਵਜ੍ਹਾ ਨਾਲ ਕਰੀਬ 35 ਕਾਰਾਂ ਅਤੇ ਕਈ ਟਰੱਕ 45 ਮੀਟਰ ਯਾਨੀ 150 ਫੁੱਟ ਹੇਠਾਂ ਰੇਲ ਦੀਆਂ ਪਟਰੀਆਂ ਉੱਤੇ ਡਿੱਗ ਗਏ ਸਨ ।