ਵਿਦਿਆਰਥੀਆਂ ਅਤੇ ਹੱਜ ਯਾਤਰੀਆਂ ਨੂੰ ਝੱਲਣੀ ਪੈ ਰਹੀ ਹੈ ਕੈਨੇਡਾ-ਸਾਊਦੀ ਅਰਬ ਸਿਆਸੀ ਵਿਵਾਦ ਦੀ ਮਾਰ

ਵਿਦਿਆਰਥੀਆਂ ਅਤੇ ਹੱਜ ਯਾਤਰੀਆਂ ਨੂੰ ਝੱਲਣੀ ਪੈ ਰਹੀ ਹੈ
ਕੈਨੇਡਾ-ਸਾਊਦੀ ਅਰਬ ਸਿਆਸੀ ਵਿਵਾਦ ਦੀ ਮਾਰ

ਔਟਵਾ : ਕੈਨੇਡਾ ਤੇ ਸਾਊਦੀ ਅਰਬ ਵਿਚ ਜਾਰੀ ਸਿਆਸੀ ਵਿਵਾਦ ਕਾਰਨ ਹੱਜ ਯਾਤਰਾ ‘ਤੇ ਜਾਣ ਵਾਲੇ ਕੈਨੇਡਾ ਵਾਸੀ ਮੁਸਲਮਾਨਾਂ ਅਤੇ ਸਾਊਦੀ ਅਰਬ ਵਿਚ ਰਹਿ ਰਹੇ ਕੈਨੇਡਾ ਦੇ ਵਿਦਿਆਰਥੀਆਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਿਵਾਦ ਦੇ ਕਾਰਨ ਸਾਊਦੀ ਅਰਬ ਵਿਚ ਰਹਿ ਰਹੇ ਕੈਨੇਡਾ ਦੇ ਵਿਦਿਆਰਥੀ ਆਪਣਾ ਸਾਮਾਨ ਵੇਚਣ ਲਈ ਮਜਬੂਰ ਹਨ, ਕਿਉਂਕਿ ਸਾਊਦੀ ਅਰਬ ਦੀ ਸਰਕਾਰ ਨੇ ਇਕ ਮਹੀਨੇ ਵਿਚ ਉਨ੍ਹਾਂ ਨੂੰ ਵਾਪਸ ਆਪਣੇ ਦੇਸ਼ ਜਾਣ ਦਾ ਆਦੇਸ਼ ਦਿੱਤਾ ਹੋਇਆ ਹੈ।  ਜ਼ਿਕਰਯੋਗ ਹੈ ਕਿ ਸਾਊਦੀ ਅਰਬ ਨੇ ਪਿਛਲੇ ਦਿਨੀਂ ਕੈਨੇਡਾ ਦੇ ਨਾਲ ਨਵੇਂ ਵਪਾਰ ਤੇ ਨਿਵੇਸ਼ ‘ਤੇ ਰੋਕ ਲਗਾ ਦਿੱਤੀ ਅਤੇ ਰਿਆਦ ਵਿਚ ਸਥਿਤ ਕੈਨੇਡਾ ਦੇ ਰਾਜਦੂਤ ਨੂੰ ਵਾਪਸ ਭੇਜ ਦਿੱਤਾ ਸੀ। ਇਸਦੇ ਨਾਲ ਹੀ ਸਾਊਦੀ ਅਰਬ ਨੇ ਸਰਕਾਰੀ ਸਹਾਇਤਾ ਪ੍ਰਾਪਤ ਸਿੱਖਿਅਕ ਅਤੇ ਮੈਡੀਕਲ ਕਾਰਜਾਂ ‘ਤੇ ਵੀ ਰੋਕ ਲਗਾ ਦਿੱਤੀ ਹੈ। ਸਾਊਦੀ ਅਰਬ ਨੇ ਇਹ ਕਦਮ ਕੈਨੇਡਾ ਦੀ ਉਸ ਅਪੀਲ ਦੇ ਬਾਅਦ ਉਠਾਇਆ ਹੈ, ਜਿਸ ਵਿਚ ਰਿਆਦ ਵਿਚ ਗ੍ਰਿਫਤਾਰ ਕੀਤੇ ਗਏ ਨਾਗਰਿਕ ਅਧਿਕਾਰ ਕਾਰਜਕਰਤਾ ਦੀ ਰਿਹਾਈ ਦੀ ਮੰਗ ਕੀਤੀ ਗਈ ਸੀ। ਸਾਊਦੀ ਅਰਬ ਨੇ ਕੈਨੇਡਾ ਦੀ ਇਸ ਮੰਗ ਨੂੰ ਉਸ ਦੇ ਅੰਦਰੂਨੀ ਮਾਮਲਿਆਂ ਵਿਚ ਦਖਲਅੰਦਾਜ਼ੀ ਦੱਸਿਆ ਹੈ।