ਰੁਝਾਨ ਖ਼ਬਰਾਂ
ਕਮਲ ਖਹਿਰਾ ਵਲੋਂ ਸੰਸਦੀ ਸਕੱਤਰ ਦੇ ਅਹੁਦੇ ਤੋਂ ਅਸਤੀਫ਼ਾ

ਕਮਲ ਖਹਿਰਾ ਵਲੋਂ ਸੰਸਦੀ ਸਕੱਤਰ ਦੇ ਅਹੁਦੇ ਤੋਂ ਅਸਤੀਫ਼ਾ

ਟੋਰਾਂਟੋ : (ਇਸ਼ਪ੍ਰੀਤ ਕੌਰ): ਰਾਸ਼ਟਰੀ ਤੇ ਪ੍ਰਾਂਤਕ ਪੱਧਰ ਤੇ ਕੁਝ ਮੰਤਰੀ, ਸੰਸਦੀ ਸਕੱਤਰ, ਸੰਸਦ ਮੈਂਬਰ ਤੇ ਵਿਧਾਇਕ ਇਨ੍ਹੀਂ ਦਿਨੀਂ ਵਿਵਾਦਾਂ ‘ਚ ਘਿਰ ਰਹੇ ਹਨ, ਕਿਉਂਕਿ ਕੋਰੋਨਾ ਵਾਇਰਸ ਦੀਆਂ ਪਾਬੰਦੀਆਂ ਦੇ ਬਾਵਜੂਦ ਉਨ੍ਹਾਂ ਵਲੋਂ ਕੈਨੇਡਾ ਤੋਂ ਬਾਹਰ ਵਿਦੇਸ਼ਾਂ ਫੇਰੀਆਂ ਕਰਨ ਬਾਰੇ ਪਤਾ ਲੱਗ ਰਿਹਾ ਹੈ। ਦੇਸ਼ ‘ਚ ਹਰੇਕ ਪੱਧਰ ਦੀਆਂ ਸਰਕਾਰਾਂ ਵਲੋਂ ਲੋਕਾਂ ਨੂੰ ਘਰ ਰਹਿਣ ਤੇ ਬਿਨਾਂ ਵਜ੍ਹਾ ਘਰੋਂ ਬਾਹਰ ਨਾ ਜਾਣ ਦੀਆਂ ਸਲਾਹਾਂ ਦਿੱਤੀਆਂ ਜਾ ਰਹੀਆਂ ਪਰ ਉਨ੍ਹਾਂ ਸਰਕਾਰਾਂ ‘ਚ ਮੌਜੂਦ ਕਈ ਜ਼ਿੰਮੇਵਾਰ ਵਿਅਕਤੀ ਆਪ ਵਿਦੇਸ਼ ਫੇਰੀਆਂ ਲਗਾ ਰਹੇ/ਰਹੀਆਂ ਹਨ। ਹਾਲ ਹੀ ‘ਚ ਉਂਟਾਰੀਓ ਦੇ ਮੁੱਖ ਮੰਤਰੀ ਡਗਲਸ ਫੋਰਡ ਨੇ ਕੈਰੀਬੀਅਨ ਟਾਪੂ ‘ਚ ਛੁੱਟੀਆਂ ਕੱਟਣ ਗਏ ਵਿੱਤ ਮੰਤਰੀ ਰੌਡ ਫਿਲਿਪ ਨੂੰ ਵਾਪਸ ਬੁਲਾ ਕੇ (31 ਦਸੰਬਰ ਨੂੰ ) ਉਨ੍ਹਾਂ ਦਾ ਅਸਤੀਫ਼ਾ ਲਿਆ ਹੈ। ਇਸੇ ਕੜੀ ‘ਚ ਬੀਤੇ ਦਿਨੀਂ ਅੰਤਰਰਾਸ਼ਟਰੀ ਵਿਕਾਸ ਮੰਤਰੀ ਦੀ ਸੰਸਦੀ ਸਕੱਤਰ ਕਮਲ ਖਹਿਰਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਉਹ ਆਪਣੇ ਹਲਕੇ, ਬਰੈਂਪਟਨ-ਵੈਸਟ ਤੋਂ ਸੰਸਦ ਮੈਂਬਰ ਬਣੇ ਰਹਿਣਗੇ। ਕਮਲ ਖਹਿਰਾ ਆਪਣੀ ਕਰੀਬੀ ਰਿਸ਼ਤੇਦਾਰੀ ‘ਚ ਮਰਗ ਦੀਆਂ ਰਸਮਾਂ ‘ਚ ਸ਼ਾਮਿਲ ਹੋਣ ਲਈ 23 ਦਸੰਬਰ ਤੋਂ 31 ਦਸੰਬਰ 2020 ਤੱਕ ਸਿਆਟਲ ‘ਚ ਸਨ ਤੇ ਹੁਣ ਅਮਰੀਕਾ ਤੋਂ ਬਰੈਂਪਟਨ ਵਾਪਸ ਆ ਕੇ ਉਹ 14 ਦੇ ਦਿਨਾਂ ਦੇ ਇਕਾਂਤਵਾਸ ‘ਚ ਹਨ।