ਰੁਝਾਨ ਖ਼ਬਰਾਂ
ਫਰਵਰੀ ਦੇ ਅੰਤ ਤੱਕ 150,000 ਬੀ.ਸੀ. ਵਾਸੀਆਂ ਨੂੰ ਵੈਕਸੀਨੇਟ ਕਰਨ ਦਾ ਟੀਚਾ : ਡਾ. ਬੋਨੀ ਹੈਨਰੀ

ਫਰਵਰੀ ਦੇ ਅੰਤ ਤੱਕ 150,000 ਬੀ.ਸੀ. ਵਾਸੀਆਂ ਨੂੰ ਵੈਕਸੀਨੇਟ ਕਰਨ ਦਾ ਟੀਚਾ : ਡਾ. ਬੋਨੀ ਹੈਨਰੀ

ਸਰੀ, (ਹਰਦਮ ਮਾਨ): ਕੈਨੇਡਾ ਵਿਚ ਦੋ ਵੈਕਸੀਨਜ਼ ਨੂੰ ਮਨਜ਼ੂਰੀ ਮਿਲਣ ਸਦਕਾ ਇਸ ਦੇ ਟੀਕਾਕਰਨ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਂਦੀ ਜਾ ਰਹੀ ਹੈ ਅਤੇ ਫਰਵਰੀ ਦੇ ਅੰਤ ਤੱਕ 150,000 ਬੀ.ਸੀ. ਵਾਸੀਆਂ ਨੂੰ ਵੈਕਸੀਨੇਟ ਕਰਨ ਦਾ ਟੀਚਾ ਮਿਥਿਆ ਗਿਆ ਹੈ। ਇਹ ਪ੍ਰਗਟਾਵਾ ਕਰਦਿਆਂ ਬੀ.ਸੀ. ਦੀ ਸੂਬਾਈ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਨੇ ਦੱਸਿਆ ਹੈ ਕਿ ਇਹ ਟੀਕਾਕਰਨ ਲੌਂਗ ਟਰਮ ਕੇਅਰ ਹੋਮਸ ਰਹਿਣ ਵਾਲੇ ਬਜ਼ੁਰਗਾਂ ਅਤੇ ਸਟਾਫ਼ ਤੋਂ ਇਲਾਵਾ ਫਰਸਟ ਨੇਸ਼ਨ ਭਾਈਚਾਰਿਆਂ ਨੂੰ ਤਰਜੀਹ ਦੇ ਆਧਾਰ ਤੇ ਦਿੱਤਾ ਜਾ ਰਿਹਾ ਹੈ। ਇਨ੍ਹਾਂ ਤੋਂ ਬਾਅਦ ਆਮ ਲੋਕਾਂ ਵਿੱਚੋਂ 80 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਵਾਰੀ ਹੋਵੇਗੀ ਅਤੇ ਫਿਰ 5-5 ਸਾਲ ਘਟਾ ਕੇ ਵੈਕਸੀਨ ਪ੍ਰਦਾਨ ਕਰਨਾ ਦਾ ਸਿਲਸਿਲਾ ਲਗਾਤਾਰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ੈਲਟਰਸ ਵਿਚ ਰਹਿਣ ਵਾਲੇ ਫੈਮਲੀ ਡਾਕਟਰਾਂ ਸਮੇਤ ਹੋਰ ਹੈਲਥ ਕੇਅਰ ਵਰਕਰਾਂ ਨੂੰ ਵੈਕਸੀਨ ਪਹਿਲ ਦੇ ਆਧਾਰ ਦੇ ਪ੍ਰਦਾਨ ਕੀਤੀ ਜਾਵੇਗੀ।
ਇਸੇ ਦੌਰਾਨ ਡਾ. ਹੈਨਰੀ ਨੇ ਦੱਸਿਆ ਕਿ ਪਿਛਲੇ ਚਾਰ ਦਿਨਾਂ ਦੌਰਾਨ ਬੀ.ਸੀ. ਵਿਚ ਕੋਵਿਡ-19 ਦੇ 2,211 ਨਵੇਂ ਕੇਸ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ ਵੀਰਵਾਰ ਨੂੰ 565, ਸ਼ੁੱਕਰਵਾਰ ਨੂੰ 607, ਸ਼ਨੀਵਾਰ ਨੂੰ 500 ਅਤੇ ਐਤਵਾਰ ਨੂੰ 539 ਕੇਸ ਦਰਜ ਕੀਤੇ ਗਏ ਹਨ ਅਤੇ 45 ਵਾਇਰਸ ਪੀੜਤਾਂ ਦੀ ਮੌਤ ਹੋ ਗਈ ਹੈ। ਇਸ ਸਮੇਂ 351 ਮਰੀਜ਼ ਹਸਪਤਾਲਾਂ ਵਿਚ ਦਾਖ਼ਲ ਹਨ, ਜਿਨ੍ਹਾਂ ਚੋਂ 76 ਨੂੰ ਆਈ.ਸੀ.ਯੂ. ਵਿਚ ਰੱਖਿਆ ਗਿਆ ਹੈ।