ਰੁਝਾਨ ਖ਼ਬਰਾਂ
ਡਾ. ਬਲਜੀਤ ਸਿੰਘ ਗਿੱਲ 1 ਫ਼ਰਵਰੀ ਨੂੰ ਸੰਭਾਲ਼ਣਗੇ ਯੂਨੀਵਰਸਿਟੀ ਆਫ਼ ਸਸਕੈਚਵਨ ਦੇ ਵਾਈਸ ਪ੍ਰਧਾਨ ਦਾ ਆਹੁਦਾ

ਡਾ. ਬਲਜੀਤ ਸਿੰਘ ਗਿੱਲ 1 ਫ਼ਰਵਰੀ ਨੂੰ ਸੰਭਾਲ਼ਣਗੇ ਯੂਨੀਵਰਸਿਟੀ ਆਫ਼ ਸਸਕੈਚਵਨ ਦੇ ਵਾਈਸ ਪ੍ਰਧਾਨ ਦਾ ਆਹੁਦਾ

ਮਕਸੂਦੜਾ ਪਿੰਡ ਦਾ ਜੰਮਪਲ ਪੰਜਾਬੀ ਭਾਈਚਾਰੇ ਲਈ ਬਣਿਆ ਮਾਣ

ਵੈਨਕੂਵਰ : (ਬਰਾੜ-ਭਗਤਾ ਭਾਈ ਕਾ) ਜਿਉਂ ਜਿਉਂ ਪੰਜਾਬੀ ਵਿਦੇਸ਼ਾਂ ਵਿੱਚ ਪ੍ਰਵੇਸ਼ ਕਰੀ ਗਏ ਤਿਵੇਂ ਤਿਵੇਂ ਉਹ ਆਪਣੀ ਉੱਚ ਵਿੱਦਿਆ ਸਦਕੇ ਉੱਚ ਅਹੁਦਿਆਂ ‘ਤੇ ਪਹੁੰਚਦੇ ਗਏ। ਬੜੇ ਮਾਣ ਵਾਲੀ ਗੱਲ ਹੈ ਕਿ ਲੁਧਿਆਣਾ ਜ਼ਿਲ੍ਹਾ ਦੇ ਮਕਸੂਦੜਾ ਪਿੰਡ (ਨੇੜੇ ਰਾੜਾ ਸਾਹਿਬ) ਦੇ ਜੰਮਪਲ ਸਾਬਤ ਸੂਰਤ ਉੱਚੀ ਸੀਰਤ ਦੇ ਮਾਲਕ ਡਾ. ਬਲਜੀਤ ਸਿੰਘ ਗਿੱਲ ਨੇ ਉੱਚ ਵਿੱਦਿਆ ਪ੍ਰਾਪਤ ਕਰਕੇ ਕੈਨੇਡਾ ਵਿੱਚ ਵੀ ਡਾਕਟਰ ਦੀ ਉਪਾਧੀ ਹਾਸਲ ਕਰਨ ਉਪਰੰਤ ਉੱਚਾ ਮੁਕਾਮ ਹਾਸਲ ਕਰਕੇ ਪੰਜਾਬੀਆਂ ਦਾ ਸਿਰ ਉੱਚਾ ਕੀਤਾ ਹੈ। ਉਹ 1 ਫ਼ਰਵਰੀ 2021 ਨੂੰ ਕੈਨੇਡਾ ਵਿਖੇ ਯੂਨੀਵਰਸਿਟੀ ਆਫ਼ ਸਸਕੈਚਵਨ ਵਿੱਚ ਵਾਈਸ ਪ੍ਰੈਜ਼ੀਡੈਂਟ (ਰਿਸਰਚ) ਦਾ ਅਹੁਦਾ ਸੰਭਾਲ਼ਣਗੇ ਜਿਸ ਅਹੁਦੇ ਬਾਰੇ ਮੰਨਿਆਂ ਜਾਂਦਾ ਹੈ ਇਸ ਅਹੁਦੇ ਲਈ ਹਰ ਕੋਈ ਕੋਸ਼ਿਸ਼ ਕਰਦਾ ਹੈ ਪਰ ਏਥੇ ਡਾ. ਬਲਜੀਤ ਸਿੰਘ ਗਿੱਲ ਦੀ ਕਾਬਲੀਅਤ ਨੂੰ ਵੇਖਦਿਆਂ ਉਨ੍ਹਾਂ ਦੀ ਇਸ ਅਹੁਦੇ ਲਈ ਚੋਣ ਕੀਤੀ ਹੈ। ਇਸ ਤੋਂ ਪਹਿਲਾਂ ਡਾ. ਗਿੱਲ ਕੈਲਗਰੀ ਯੂਨੀਵਰਸਿਟੀ ਵਿਖੇ ਬਤੌਰ ਡੀਨ ਸੇਵਾਵਾਂ ਨਿਭਾਅ ਰਹੇ ਹਨ।
ਯੂਨੀਵਰਸਿਟੀ ਆਫ਼ ਸਸਕੈਚਵਨ ਦੇ ਪ੍ਰੈਜ਼ੀਡੈਂਟ ਮਿਸਟਰ ਪੀਟਰ ਨੇ ਜਾਣਕਾਰੀ ਦਿੰਦਿਆਂ ਡਾਕਟਰ ਬਲਜੀਤ ਸਿੰਘ ਗਿੱਲ ਬਾਰੇ ਦੱਸਿਆ ਕਿ ਡਾ. ਗਿੱਲ ਬਹੁਤ ਮਿਹਨਤ ਅਤੇ ਲਗਨ ਨਾਲ ਕਰਨ ਵਾਲਿਆਂ ਦੀ ਪਹਿਲੀ ਕਤਾਰ ਵਿੱਚੋਂ ਇੱਕ ਹਨ। ਉਨ੍ਹਾਂ ਕਿਹਾ ਕਿ ਉਹ ਆਪਣਾ ਕੰਮ ਜ਼ੁੰਮੇਵਾਰੀ ਨਾਲ ਕਰਨ ‘ਚ ਵਿਸ਼ਵਾਸ ਰੱਖਣ ਵਾਲੇ ਉਂਗਲਾਂ ‘ਤੇ ਗਿਣੇ ਜਾਣ ਵਾਲੇ ਕੁਝ ਕੁ ਉਨ੍ਹਾਂ ਡਾਕਟਰਾਂ ਵਿੱਚੋਂ ਮੰਨੇ ਜਾਂਦੇ ਹਨ ਜਿੰਨ੍ਹਾ ‘ਤੇ ਯੂਨੀਵਰਸਿਟੀ ਨੂੰ ਹੀ ਨਹੀਂ ਸਗੋਂ ਕੈਨੇਡਾ ਸਰਕਾਰ ਨੂੰ ਵੀ ਮਾਣ ਹੈ। ਮਿਸਟਰ ਪੀਟਰ ਨੇ ਗੱਲਬਾਤ ਦੌਰਾਨ ਡਾ. ਗਿੱਲ ਦੀ ਪ੍ਰਸੰਸਾ ਕਰਦਿਆਂ ਦੱਸਿਆ ਕਿ ਉਨ੍ਹਾਂ ਦੀਆਂ ਨਜ਼ਰਾਂ ਡਾ. ਗਿੱਲ ‘ਤੇ ਟਿਕੀਆਂ ਹੋਈਆਂ ਸਨ ਕਿ ਡਾ. ਗਿੱਲ ਇਸ ਅਹੁਦੇ ਲਈ ਪੂਰੇ ਯੋਗ ਹਨ। ਉਨ੍ਹਾਂ ਨੇ ਇਸ ਅਹੁਦੇ ਲਈ ਕਾਬਲੀਅਤ ਰੱਖਣ ਵਾਲੇ ਡਾਕਟਰ ਸਾਹਿਬਾਨ ‘ਚੋ ਡਾ. ਗਿੱਲ ਨੂੰ ਇਸ ਅਹੁਦੇ ਲਈ ਚੁਣਿਆ ਹੈ ਕਿਉਂਕਿ ਇੱਕ ਤਾਂ ਉਹ ਕੰਮ ਕਰਨ ਵਿੱਚ ਮੁਹਾਰਤ ਰੱਖਦੇ ਹਨ ਅਤੇ ਦੂਜਾ ਵੱਡਾ ਕਾਰਨ ਇਹ ਹੈ ਕਿ ਡਾ. ਗਿੱਲ ਸਭ ਤੋਂ ਵੱਧ ਉੱਚ ਵਿੱਦਿਆ ਪ੍ਰਾਪਤ ਹਨ ਜਿਸ ਕਰਕੇ ਉਨ੍ਹਾਂ ਨੂੰ ਇਸ ਅਹੁਦੇ ਲਈ ਪਹਿਲ ਦੇ ਆਧਾਰ ਚੁਣਿਆ ਹੈ।
ਡਾ. ਬਲਜੀਤ ਸਿੰਘ ਗਿੱਲ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਵੈਟਰਨਰੀ ਆਫ਼ ਸਾਇੰਸ ਵਿੱਚ ਗ੍ਰੈਜੂਏਸ਼ਨ ਅਤੇ ਐਨੀਮਲ ਹਸਬੈਂਡਰੀ ‘ਚ ਉੱਚ ਵਿੱਦਿਆ ਪ੍ਰਾਪਤ ਕਰਨ ਉਪਰੰਤ ਓਨਟਾਰੀਓ ਸੂਬੇ ਦੀ ਗਲਫ਼ ਯੂਨੀਵਰਸਿਟੀ ਤੋਂ ਪੀ ਐਚ ਡੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਟੈਕਸਾਸ ਦੀ ਏ ਐਂਡ ਐਮ ਯੂਨੀਵਰਸਿਟੀ ਅਤੇ ਨਿਊਯਾਰਕ ਦੀ ਕੋਲੰਬੀਆ ਯੂਨੀਵਰਸਿਟੀ ਤੋਂ ਉੱਚ ਵਿੱਦਿਆ ਪ੍ਰਾਪਤ ਕੀਤੀ। ਡਾ. ਬਲਜੀਤ ਸਿੰਘ ਗਿੱਲ ਸਿੱਧੇ ਸਾਧੇ ਸੁਭਾਅ ਦੇ ਮਾਲਕ ਹਨ ਜੋ ਕਿ ਆਪਣੇ ਖੇਤਰ ਦੇ ਕੰਮਾਂ ਵਿੱਚ ਨਿਪੁੰਨ ਹਨ ਜਿੰਨ੍ਹਾਂ ਦੀ ਯੋਗਤਾ ਨੂੰ ਵੇਖਦਿਆਂ ਉਨ੍ਹਾਂ ਨੂੰ ਯੂਨੀਵਰਸਿਟੀ ਆਫ਼ ਸਸਕੈਚਵਨ ਵਿਖੇ ਅਹਿਮ ਜ਼ੁੰਮੇਵਾਰੀ ਦਿੱਤੀ ਗਈ ਹੈ।
ਯਾਦ ਰਹੇ ਕਿ ਡਾ. ਬਲਜੀਤ ਸਿੰਘ ਗਿੱਲ ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਚੱਲਦੇ ਪ੍ਰਸਿੱਧ ਰੇਡੀਓ ਸ਼ੇਰੇ ਪੰਜਾਬ ਦੇ ਉੱਘੇ ਸੰਚਾਲਕ ਹਰਜੀਤ ਸਿੰਘ ਗਿੱਲ ਦੇ ਭਰਾ ਹਨ ਜਿਹੜੇ ਕਿ ਇਸ ਸਮੇਂ ਰੇਡੀਓ ਦੇ ਨਾਲ ਨਾਲ ਇੱਕ ਤਜਰਬੇਕਾਰ ਟੀ ਵੀ ਸੰਚਾਲਕ ਵੀ ਹਨ।