ਰੁਝਾਨ ਖ਼ਬਰਾਂ

ਵੈਨਕੂਵਰ ‘ਚ ਟਰੰਪ ਦੇ ਸਮਰਥਕ ਵੱਲੋਂ ਮੀਡੀਆ ਕਰਮੀਆਂ ‘ਤੇ ਹਮਲਾ

ਵੈਨਕੂਵਰ : ਟਰੰਪ ਦੇ ਸਮਰਥਕਾਂ ਨੇ ਜਿੱਥੇ ਅਮਰੀਕਾ ਵਿੱਚ ਹਿੰਸਕ ਪ੍ਰਦਰਸ਼ਨ ਕੀਤੇ, ਉੱਥੇ ਕੈਨੇਡਾ ਵਿੱਚ ਭਾਵੇਂ ਸ਼ਾਂਤੀਪੂਰਵਕ ਪ੍ਰਦਰਸ਼ਨ ਹੋ ਰਿਹਾ ਸੀ, ਪਰ ਇਸੇ ਦੌਰਾਨ ਇੱਕ ਪ੍ਰਦਰਸ਼ਨਕਾਰੀ ਨੇ ਕਵਰੇਜ ਕਰਨ ਤੋਂ ਮਨਾ ਕਰਦੇ ਹੋਏ ਮੀਡੀਆ ਨਾਲ ਬਦਲਸੂਕੀ ਕੀਤੀ। ਇੱਥੋਂ ਤੱਕ ਕਿ ਉਸ ਟਰੰਪ ਸਮਰਥਕ ਨੇ ਸੀਬੀਸੀ ਦੇ ਫੋਟੋਗ੍ਰਾਫ਼ਰ ਨੂੰ ਥੱਪੜ ਤੱਕ ਮਾਰਿਆ ਅਤੇ ਸੀਟੀਵੀ ਨਿਊਜ਼ ਦੀ ਮਹਿਲਾ ਪੱਤਰਕਾਰ ਨਾਲ ਵੀ ਮਾੜਾ ਵਿਹਾਰ ਕੀਤਾ। ਕੈਨੇਡਾ ‘ਚ ਟਰੰਪ ਦੇ ਸਮਰਥਕਾਂ ਨੇ ਦੋ ਥਾਵਾਂ ਵੈਨਕੁਵਰ ਤੇ ਟੋਰਾਂਟੋ ਵਿੱਚ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵੈਨਕੁਵਰ ਡਾਊਨਟਾਊਨ ਵਿੱਚ ਕੱਢੀ ਜਾ ਰਹੀ ਛੋਟੀ ਰੈਲੀ ਦੀ ਕਵਰੇਜ ਕਰਨ ਲਈ ਸੀਬੀਸੀ ਨਿਊਜ਼ ਤੇ ਸੀਟੀਵੀ ਨਿਊਜ਼ ਸਣੇ ਕਈ ਮੀਡੀਆ ਅਦਾਰਿਆਂ ਦੇ ਪੱਤਰਕਾਰ ਪਹੁੰਚੇ ਹੋਏ ਸਨ। ਇਸ ਦੌਰਾਨ ਸੀਬੀਸੀ ਨਿਊਜ਼ ਦਾ ਫੋਟੋਗ੍ਰਾਫ਼ਰ ਬੇਨ ਨੇਲਮਸ ਵੀ ਪਹੁੰਚਿਆ ਹੋਇਆ ਸੀ, ਜਦੋਂ ਉਹ ਰੈਲੀ ਦੀਆਂ ਤਸਵੀਰਾਂ ਖਿੱਚਣ ਲੱਗਾ ਤਾਂ ਇੱਕ ਪ੍ਰਦਰਸ਼ਨਕਾਰੀ ਨੇ ਉਸ ਨੂੰ ਰੋਕਿਆ ਅਤੇ ਉਸ ਨਾਲ ਖਹਿਬੜ ਪਿਆ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਉਸ ਵਿਅਕਤੀ ਨੇ ਪੱਤਰਕਾਰ ‘ਤੇ ਧਾਵਾ ਬੋਲਦੇ ਹੋਏ ਉਸ ਨੂੰ ਥੱਪੜ ਤੱਕ ਮਾਰ ਦਿੱਤਾ। ਹੱਥ ਵਿੱਚ ਫੜਿਆ ਹੋਇਆ ਅਮਰੀਕੀ ਝੰਡਾ ਵੀ ਉਸ ਨੇ ਪੱਤਰਕਾਰ ਦੇ ਮਾਰਿਆ। ਇਸ ਤੋਂ ਇਲਾਵਾ ਸੀਟੀਵੀ ਨਿਊਜ਼ ਦੀ ਮਹਿਲਾ ਪੱਤਰਕਾਰ ਮੇਲਾਨੀਆ ਸਲੋਵਾਨਾ ਨਾਲ ਵੀ ਪ੍ਰਦਰਸ਼ਨਕਾਰੀ ਨੇ ਮਾੜਾ ਸਲੂਕ ਕੀਤਾ।