ਰੁਝਾਨ ਖ਼ਬਰਾਂ
ਰਿਚਮੰਡ ਦੇ ਗੁਰਦੁਆਰਾ ਨਾਨਕ ਨਿਵਾਸ ਦੀ ਕਾਰਜਕਾਰੀ ਕਮੇਟੀ ਦੀ ਹੋਈ ਚੋਣ, ਸੋਹਨ ਉਬੇਦ ਸਿੰਘ ਸਿੱਧੂ ਬਣੇ ਪ੍ਰਧਾਨ

ਰਿਚਮੰਡ ਦੇ ਗੁਰਦੁਆਰਾ ਨਾਨਕ ਨਿਵਾਸ ਦੀ ਕਾਰਜਕਾਰੀ ਕਮੇਟੀ ਦੀ ਹੋਈ ਚੋਣ, ਸੋਹਨ ਉਬੇਦ ਸਿੰਘ ਸਿੱਧੂ ਬਣੇ ਪ੍ਰਧਾਨ

ਰਿਚਮੰਡ (ਇਸ਼ਪ੍ਰੀਤ ਕੌਰ): ਰਿਚਮੰਡ ਸਥਿਤ ਗੁਰੂ ਘਰ ‘ਗੁਰਦੁਆਰਾ ਨਾਨਕ ਨਿਵਾਸ’ ਦੀ ਕਾਰਜਕਾਰੀ ਕਮੇਟੀ ਦੀ ਚੋਣ ਹੋਈ, ਜਿਸ ਦਾ ਪ੍ਰਧਾਨ ਸੋਹਨ ਉਬੇਦ ਸਿੰਘ ਸਿੱਧੂ ਨੂੰ ਥਾਪਿਆ ਗਿਆ। ਗੁਰਦੁਆਰਾ ਨਾਨਕ ਨਿਵਾਸ ਦੀ ਕਾਰਜਕਾਰੀ ਕਮੇਟੀ ਦੀ ਚੋਣ ਹਰ ਤਿੰਨ ਸਾਲ ਬਾਅਦ ਹੁੰਦੀ ਹੈ। ਨਵੀਂ ਚੁਣੀ ਗਈ ਕਮੇਟੀ ਦਾ ਕਾਰਜਕਾਲ 1 ਜਨਵਰੀ 2021 ਤੋਂ ਲੈ ਕੇ 31 ਦਸੰਬਰ 2023 ਤੱਕ ਰਹੇਗਾ। ਗੁਰੂ ਘਰ ਦੀ ਨਵੀਂ ਕਾਰਜਕਾਰੀ ਕਮੇਟੀ ‘ਚ ਪ੍ਰਧਾਨ ਸੋਹਨ ਉਦੇਬ ਸਿੰਘ ਸਿੱਧੂ ਤੋਂ ਇਲਾਵਾ ਆਸਾ ਸਿੰਘ ਜੌਹਲ ਨੂੰ ਚੇਅਰਮੈਨ, ਬਲਬੀਰ ਸਿੰਘ ਜਵੰਧਾ ਨੂੰ ਮੀਤ ਪ੍ਰਧਾਨ, ਬਲਵੰਤ ਸਿੰਘ ਸੰਘੇੜਾ ਜਨਰਲ ਸਕੱਤਰ, ਕੰਵਰਜੀਤ ਸਿੰਘ ਸਹੋਤਾ ਸਕੱਤਰ, ਅਨੰਤਪਾਲ ਸਿੰਘ ਸਹਾਇਕ ਸਕੱਤਰ, ਅਮਰੀਕ ਸਿੰਘ ਜਵੰਧਾ ਖ਼ਜਾਨਚੀ, ਮੋਹਨ ਸਿੰਘ ਸੰਧੂ ਉਪ ਖ਼ਜ਼ਾਨਚੀ ਅਤੇ ਸੋਹਨ ਸਿੰਘ ਬਾਸੀ ਨੂੰ ਸਹਾਇਕ ਖਜ਼ਾਨਚੀ ਚੁਣਿਆ ਗਿਆ ਹੈ। ਇਨ੍ਹਾਂ ਬਿਨਾਂ ਡਾਇਰੈਕਟਰ ਚੁਣੇ ਗਏ ਲੋਕਾਂ ਵਿੱਚ ਗੁਰਚਰਨ ਸਿੰਘ ਗਰੇਵਾਲ, ਕਸ਼ਮੀਰ ਕੌਰ ਜੌਹਲ, ਮਨਜੀਤ ਕੌਰ ਜੌਹਲ, ਚੈਨ ਸਿੰਘ ਬਾਠ, ਕਮਲਜੀਤ ਸਿੰਘ ਦੋਸਾਂਝ ਅਤੇ ਸਤਵੰਤ ਕੌਰ ਜਰਮਾਨਾ ਸ਼ਾਮਲ ਹਨ। ਔਨਰੇਰੀ ਡਾਇਰੈਕਟਰ ਚੁਣੇ ਗਏ ਵਿਅਕਤੀਆਂ ਵਿੱਚ ਸੁਰਜੀਤ ਸਿੰਘ ਗਿੱਲ, ਰਾਣਾ ਸਿੰਘ ਦੁੱਲੇ ਅਤੇ ਸਤਪਾਲ ਸਿੰਘ ਜੌਹਲ ਸ਼ਾਮਲ ਹਨ।
ਦੱਸ ਦੇਈਏ ਕਿ ਗੁਰਦੁਆਰਾ ਨਾਨਕ ਨਿਵਾਸ ‘ਚ ਸਮੇਂ-ਸਮੇਂ ‘ਤੇ ਧਾਰਮਿਕ ਸਮਾਗਮ ਤੇ ਨੌਜਵਾਨਾਂ ਦੀ ਪ੍ਰਤਿਭਾ ਨੂੰ ਨਿਹਾਰਨ ਸਬੰਧੀ ਪ੍ਰੋਗਰਾਮ ਹੁੰਦੇ ਰਹਿੰਦੇ ਹਨ। ਬ੍ਰਿਟਿਸ਼ ਕੋਲੰਬੀਆ ਦੇ ਕਈ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਅਤੇ ਦੇਸ਼ ਦੇ ਹੋਰ ਹਿੱਸਿਆਂ ਤੋਂ ਵਿਦਿਆਰਥੀ ਹਰ ਸਾਲ ਗੁਰਦੁਆਰਾ ਨਾਨਕ ਨਿਵਾਸ ‘ਚ ਭਾਰਤੀ ਮੂਲ ਦੇ ਕੈਨੇਡੀਅਨ ਭਾਈਚਾਰੇ ਦੇ ਨਾਲ-ਨਾਲ ਸਿੱਖ ਧਰਮ ਬਾਰੇ ਸਿੱਖਿਆ ਹਾਸਲ ਕਰਨ ਲਈ ਆਉਂਦੇ ਹਨ। ਹਾਲਾਂਕਿ ਮੌਜੂਦਾ ਸਮੇਂ ਕੋਵਿਡ-19 ਮਹਾਂਮਾਰੀ ਕਾਰਨ ਗੁਰੂ ਘਰ ਵਿੱਚ ਹੋਣ ਵਾਲੇ ਸਾਰੇ ਪ੍ਰੋਗਰਾਮਾਂ ‘ਤੇ ਅਗਲੇ ਨੋਟਿਸ ਤੱਕ ਪਾਬੰਦੀ ਲਾਈ ਹੋਈ ਹੈ।