ਰੁਝਾਨ ਖ਼ਬਰਾਂ
ਟਰੰਪ ਨੇ ਆਖਰਕਾਰ ਆਪਣੀ ਹਾਰ ਕਬੂਲੀ

ਟਰੰਪ ਨੇ ਆਖਰਕਾਰ ਆਪਣੀ ਹਾਰ ਕਬੂਲੀ

ਟਰੰਪ ਦੇ ਹਜ਼ਾਰਾਂ ਸਮਰਥਕਾਂ ਵਲੋਂ ਯੂ.ਐਸ. ਕੈਪੀਟਲ ‘ਚ ਹਿੰਸਕ ਪ੍ਰਦਰਸ਼ਨ, 4 ਦੀ ਮੌਤ

ਵਾਸ਼ਿੰਗਟਨ : ਅਮਰੀਕਾ ‘ਚ ਹਿੰਸਾ ਦੇ ਵਿਚਕਾਰ ਕਾਂਗਰਸ ਨੇ ਜੋ ਬੀਡੇਨ ਦੀ ਜਿੱਤ ‘ਤੇ ਮੁਹਰ ਲਗਾ ਦਿੱਤੀ ਹੈ। ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਜੋ ਬੀਡੇਨ ਨੂੰ 306 ਵੋਟਾਂ ਮਿਲੀਆਂ। ਜਦਕਿ ਰਾਸ਼ਟਰਪਤੀ ਬਣਨ ਲਈ 270 ਵੋਟਾਂ ਦੀ ਲੋੜ ਸੀ। ਕਾਂਗਰਸ ਦੀ ਮਨਜ਼ੂਰੀ ਤੋਂ ਬਾਅਦ ਜੋ ਬੀਡੇਨ ਅਧਿਕਾਰਕ ਤੌਰ ‘ਤੇ ਅਮਰੀਕਾ ਦੇ ਰਾਸ਼ਟਰਪਤੀ ਹੋਣਗੇ। ਡੋਨਾਲਡ ਟਰੰਪ ਨੇ ਕਿਹਾ ਕਿ ਉਹ ਚੋਣ ਨਤੀਜਿਆਂ ਦਾ ਸਮਰਥਨ ਨਹੀਂ ਕਰਦੇ ਪਰੰਤੂ ਉਹ ਸਹੀ ਢੰਗ ਨਾਲ ਜੋ ਬੀਡੇਨ ਨੂੰ ਸੱਤਾ ਸੌਂਪਣਗੇ। 20 ਜਨਵਰੀ ਨੂੰ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਨੂੰ ਹਲਫ਼ ਦਿਵਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਇਡਨ ਦੇ ਨਾਮ ਤੇ ਮੋਹਰ ਲਗਾਉਣ ਦੀ ਸੰਵਿਧਾਨਕ ਪ੍ਰਕਿਰਿਆ ਦੌਰਾਨ ਚੋਣਾਂ ‘ਚ ਹਾਰੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਜ਼ਾਰਾਂ ਸਮਰਥਕਾਂ ਨੇ ਕੈਪੀਟਲ ਕੰਪਲੈਕਸ ‘ਚ ਦਾਖਲ ਹੋ ਕੇ ਹਿੰਸਕ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਦੌਰਾਨ ਟਰੰਪ ਸਮੱਰਥਕਾਂ ਦੀ ਪੁਲੀਸ ਨਾਲ ਵੀ ਹਿੰਸਕ ਝੜਪ ਹੋਈ। ਇਸ ਘਟਨਾ ‘ਚ ਇੱਕ ਔਰਤ ਸਮੇਤ ਚਾਰ ਲੋਕਾਂ ਦੀ ਜਾਨ ਗਈ ਅਤੇ ਅਤੇ 50 ਤੋਂ ਵੱਧ ਲੋਕ ਜ਼ਖਮੀ ਹੋਏ। ਹਮਲੇ ਦੌਰਾਨ ਟਰੰਪ ਸਮਰਥਕ ਸੰਸਦ ਹਾਲ ਵਿੱਚ ਦਾਖਲ ਹੋ ਗਏ। ਇਸ ਦੌਰਾਨ ਹਾਲ ਵਿੱਚ ਮੌਜੂਦ ਸੰਸਦ ਮੈਂਬਰ, ਸਟਾਫ ਤੇ ਹੋਰ ਕਰਮਚਾਰੀਆਂ ਨੂੰ ਮੇਜ਼ਾਂ ਹੇਠ ਲੁਕਣਾ ਪਿਆ। ਇਸ ਹੱਲੇ ਕਾਰਨ ਜੋਅ ਬਾਇਡਨ ਦੇ ਨਵੇਂ ਰਾਸ਼ਟਰਪਤੀ ਦੇ ਨਾਮ ਤੇ ਮੋਹਰ ਲਗਾਉਣ ਦੀ ਸੰਵਿਧਾਨਕ ਪ੍ਰਕਿਰਿਆ ਵਿੱਚ ਵਿਘਨ ਪਿਆ। ਕਾਂਗਰਸ ਦੇ ਮੈਂਬਰ ਬੁੱਧਵਾਰ ਨੂੰ ‘ਇਲੈਕਟੋਰਲ ਕਾਲਜ ਵੋਟ’ ਦੀ ਗਿਣਤੀ ਕਰ ਰਹੇ ਸਨ, ਜਿਸ ਦੌਰਾਨ ਟਰੰਪ ਦੇ ਵੱਡੀ ਗਿਣਤੀ ‘ਚ ਸਮਰਥਕਾਂ ਨੇ ਸੁਰੱਖਿਆ ਪ੍ਰਬੰਧਾਂ ਨੂੰ ਤੋੜ ਕੇ ਕੈਪੀਟਲ ਕੈਂਪਸ ‘ਤੇ ਹਮਲਾ ਬੋਲਿਆ। ਪੁਲੀਸ ਨੂੰ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਸਖਤ ਸੰਘਰਸ਼ ਕਰਨਾ ਪਿਆ। ਇਸ ਸਥਿਤੀ ਵਿੱਚ ਪ੍ਰਤੀਨਿਧ ਸਦਨ, ਸੈਨੇਟ ਅਤੇ ਪੂਰਾ ਕੈਪੀਟਲ ਬੰਦ ਹੋ ਗਿਆ। ਉਪ-ਰਾਸ਼ਟਰਪਤੀ ਮਾਈਕ ਪੈਂਸ ਅਤੇ ਸੰਸਦ ਮੈਂਬਰਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਇਆ ਗਿਆ। ਹੱਲੇ ਦੌਰਾਨ ਪੁਲੀਸ ਗੋਲੀ ਨਾਲ ਇਕ ਔਰਤ ਦੀ ਮੌਤ ਹੋ ਗਈ ਤੇ ਕਈ ਪ੍ਰਦਰਸ਼ਨਕਾਰੀ ਜ਼ਖਮੀ ਵੀ ਹੋਏ ਹਨ। ਵਾਸ਼ਿੰਗਟਨ ਡੀ ਸੀ ਦੇ ਪੁਲੀਸ ਮੁਖੀ ਰਾਬਰਟ ਕੌਂਟੇ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਦੁਆਰਾ ਕੈਪੀਟਲ ਕੈਂਪਸ ਵਿੱਚ ਕੀਤੇ ਦੰਗਿਆਂ ਨੂੰ ਸ਼ਰਮਨਾਕ ਦੱਸਿਆ ਹੈ। ਪੁਲਿਸ ਨੇ ਦੱਸਿਆ ਕਿ ਇਸ ਘਟਨਾ ਵਿੱਚ ਤਿੰਨ ਹੋਰ ਲੋਕਾਂ ਦੀ ਵੀ ਮੌਤ ਹੋ ਗਈ। 3 ਨਵੰਬਰ ਨੂੰ ਹੀ ਤੈਅ ਹੋ ਗਿਆ ਸੀ ਕਿ ਜੋਅ ਬਾਈਡਨ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਹੋਣਗੇ ਪਰ ਟਰੰਪ ਫਿਰ ਵੀ ਹਾਰ ਮੰਨਣ ਲਈ ਤਿਆਰ ਨਹੀਂ ਸੀ ਅਤੇ ਲਾਗਤਾਰ ਚੋਣਾਂ ਵਿਚ ਹੇਰਾਫੇਰੀ ਦੇ ਦੋਸ਼ ਲਾਉਂਦੇ ਰਹੇ। ਵੋਟਿੰਗ ਦੇ 64 ਦਿਨ ਬਾਅਦ ਜਦ ਅਮਰੀਕੀ ਸੰਸਦ ਬਾਈਡਨ ਦੀ ਜਿੱਤ ‘ਤੇ ਮੁਹਰ ਲਗਾਉਣ ਵਿਚ ਜੁਟੀ ਤਾਂ ਅਮਰੀਕੀ ਲੋਕਤੰਤਰ ਨੂੰ ਵੀ ਸ਼ਰਮਸਾਰ ਹੋਣਾ ਪਿਆ ਜਦੋਂ ਟਰੰਪ ਦੇ ਸਮਰਥਕ ਦੰਗਾਈਆਂ ‘ਚ ਤਬਦੀਲ ਹੋ ਗਏ। ਮਿਲਟਰੀ ਨੇ ਦੰਗਾਈਆਂ ਨੂੰ ਖਦੇੜਿਆ। ਕਈ ਘੰਟੇ ਬਾਅਦ ਸੰਸਦ ਦੀ ਕਾਰਵਾਈ ਮੁੜ ਸ਼ੁਰੂ ਹੋਈ। ਹਾਲਾਤ ਵਿਗੜਦੇ ਦੇਖ ਕੇ ਦੇਸ਼ ਦੀ ਰਾਜਧਾਨੀ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ ਪਰ ਲੋਕ ਟਰੰਪ ਦੇ ਸਮਰਥਕ ਅਜੇ ਵੀ ਸੜਕਾਂ ‘ਤੇ ਹਨ। ਵਾਸ਼ਿੰਗਟਨ ਡੀ.ਸੀ. ਮੈਟਰੋਪੋਲੀਟਨ ਪੁਲਸ ਨੇ ਦੱਸਿਆ ਕਿ ਇਸ ਸੰਬੰਧੀ 13 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ ਤੇ ਕੁਝ ਲੋਕਾਂ ਕੋਲੋਂ ਹਥਿਆਰ ਫੜ੍ਹੇ ਗਏ ਹਨ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਉੱਪਰ ਕਈ ਤਰ੍ਹਾਂ ਦੇ ਦੋਸ਼ ਜਿਵੇਂ ਕਿ ਬਿਨਾਂ ਲਾਇਸੈਂਸ ਤੋਂ ਹਥਿਆਰ, ਬਿਨਾਂ ਰਜਿਸਟ੍ਰੇਸ਼ਨ ਅਸਲੇ ਦਾ ਕਬਜ਼ਾ ਅਤੇ ਬਿਨਾਂ ਰਜਿਸਟਰਡ ਬੰਦੂਕ ਰੱਖਣਾ ਸ਼ਾਮਲ ਹਨ। ਇਸ ਦੇ ਇਲਾਵਾ ਪ੍ਰਦਰਸ਼ਨਕਾਰੀਆਂ ਉਪਰ ਇਕ ਪੁਲਸ ਅਧਿਕਾਰੀ ਉੱਤੇ ਹਮਲਾ ਕਰਨ ਦੇ ਦੋਸ਼ ਵੀ ਲਗਾਏ ਗਏ ਹਨ।
ਵਾਸ਼ਿੰਗਟਨ ਵਿਚ ਬੁੱਧਵਾਰ ਦੀ ਇਲੈਕਟੋਰਲ ਕਾਲਜ ਦੀਆਂ ਵੋਟਾਂ ਦੀ ਪ੍ਰਮਾਣਿਕਤਾ ਤੋਂ ਪਹਿਲਾਂ ਮੰਗਲਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਨ ਵਿਚ ਇਕੱਠੇ ਹੋਏ ਸਮਰਥਕਾਂ ਦੀ ਭੀੜ ਲੱਗ ਗਈ ਸੀ। ਇਹ ਪ੍ਰਦਰਸ਼ਨਕਾਰੀ ਰਾਤ ਨੂੰ ਰਾਜਧਾਨੀ ਦੀਆਂ ਗਲੀਆਂ ਵਿਚ ਬਾਹਰ ਹੀ ਰਹੇ ਜਦਕਿ ਸੋਸ਼ਲ ਮੀਡੀਆ ‘ਤੇ ਇਨ੍ਹਾਂ ਦੀਆਂ ਪੁਲਸ ਨਾਲ ਝੜਪ ਦੀਆਂ ਵੀਡਿਓਜ਼ ਵੀ ਸਾਹਮਣੇ ਆਈਆਂ।
ਟਰੰਪ ਦੇ ਫੇਸਬੁੱਕ ਤੇ ਇੰਸਟਾਗ੍ਰਾਮ ਅਕਾਊਂਟ ਅਣਮਿਥੇ ਸਮੇਂ ਬੈਨ
ਡੋਨਲਡ ਟਰੰਪ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ‘ਤੇ ਅਣਮਿੱਥੇ ਸਮੇਂ ਲਈ ਪਾਬੰਦੀ ਲਗਾਈ ਗਈ ਹੈ। ਫੇਸਬੁੱਕ ਦੇ ਮੁਖੀ ਮਾਰਕ ਜੁਕਰਬਰਗ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਫੇਸਬੁੱਕ ਨੇ ਪਾਲਿਸੀ ਦੀ ਉਲੰਘਣਾ ਕਾਰਨ ਰਾਸ਼ਟਰਪਤੀ ਦੇ ਅਕਾਊਂਟ ‘ਤੇ 24 ਘੰਟੇ ਦੀ ਰੋਕ ਲਗਾਈ ਸੀ।