ਟੁੱਟ ਗਈਆਂ ਕੱਚੀਆਂ ਤੰਦਾਂ…

ਟੁੱਟ ਗਈਆਂ ਕੱਚੀਆਂ ਤੰਦਾਂ…

ਮਾਸਟਰ ਮਲੂਕ ਚੰਦ ਜੀ ਅਤੇ ਉਨ੍ਹਾਂ ਦੀ ਰੰਗਮੰਗ ਪਾਰਟੀ ਆਵਦੇ ਸਮੇਂ ਦੀ ਰੰਗ ਮੰਚ ਦੀ ਪੰਜਾਬ ‘ਚੋਂ ਸਿਰ ਕੱਢਵੀਂ ਪਾਰਟੀ ਸੀ। ਮਲੂਕ ਚੰਦ ਜੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਨਾਲ ਸਬੰਧਤਿ ਡਰਾਮੇ ਖੇਡੇ। ਸ਼ਾਇਦ ਹੀ ਪੰਜਾਬ ਦਾ ਕੋਈ ਪਿੰਡ ਹੋਵੇ ਜਿਥੇ ਇਨ੍ਹਾਂ ਨੇ ਡਰਾਮਾ ਖੇਡਿਆ ਹੋਵੇ। ਉਸ ਸਮੇਂ ਨਾਟਕਾਂ ਨੂੰ ਡਰਾਮੇ ਕਹਿਣ ਦਾ ਰਿਵਾਜ਼ ਸੀ। ਸਾਡੇ ਪਿੰਡ ਗੁਰੂ ਰਵਿਦਾਸ ਜੀ ਦੇ ਜਨਮ ਦਿਨ ‘ਤੇ ਆਏ ਸਾਲ ਮਲੂਕ ਚੰਦ ਜੀ ਦਾ ਦਰਾਮਾ ਹੋਇਆ ਕਰਦਾ ਸੀ। ਪਹਿਲੇ ਦਿਨ ਗੁਰੂ ਰਵਿਦਾਸ ਜੀ ਅਤੇ ਮੀਰਾ ਬਾਈ ਦਾ ਡਰਾਮਾ ਤੇ ਦੂਜੇ ਦਿਨ ਲੋਕਾਂ ਦੀ ਪਸੰਦ ਦਾ। ਆਮ ਤੌਰ ਤੇ ਸਾਡੇ ਪਿੰਡ ਵਾਲੇ ਹਰ ਵਾਰੀ ਦੂਜੇ ਦਿਨ ਸ਼ਾਹਣੀ ਰੌਲਾਂ ਦਾ ਡਰਾਮਾ ਹੀ ਦਿਖਾਉਣ ਬਾਰੇ ਕਿਹਾ ਕਰਦੇ ਸੀ ਭਾਵੇਂ ਕਿ ਹਰ ਵਾਰੀ ਉਹੀ ਕੌਲਾ ਦਾ ਡਰਾਮਾ ਦੇਖਦੇ ਪਰ ਉਹ ਨਵੇਂ ਦਾ ਨਵਾਂ ਲੱਗਦਾ। ਡਰਾਮਾ ਪਿੰਡ ਦੀ ਕਿਸੇ ਖੁੱਲ੍ਹੀ ਥਾਂ ‘ਤੇ ਲੱਗਦਾ। ਦੋ ਦਿਨ ਪਹਿਲਾਂ ਪੰਡਾਲ ਦੁਆਲੇ ਰੱਸੇ ਬੰਨ੍ਹ ਕੇ ਇੱਕ ਪਾਸੇ ਬੰਦਿਆਂ ਲਈ ਅਤੇ ਦੂਜੇ ਪਾਸੇ ਔਰਤਾਂ ਲਈ ਬੈਠਣ ਦੀ ਥਾਂ ਬਣਾਈ ਜਾਂਦੀ ਅਤੇ ਵਿਚਕਾਰ ਦੀ ਆਉਣ-ਜਾਣ ਲਈ ਰਸਤਾ ਬਣਿਆ ਹੋਣਾ। ਡਰਾਮੇ ਵਾਲੇ ਦਿਨ ਆਥਣੇ ਹੀ ਬੱਚਿਆਂ ਦੀ ਚਹਿਲ-ਪਹਿਲ ਲੱਗ ਜਾਣੀ। ਘਰੋਂ ਬੱਚਿਆਂ ਨੂੰ ਸਟੇਜ ਦੇ ਮੂਹਰੇ ਥਾਂ ਰੋਕਣ ਲਈ ਕਿਹਾ ਜਾਂਦਾ ਸੀ। ਮੈਂ ਉਦੋਂ ਮਸਾਂ 8-10 ਸਾਲ ਕੁਦੀ ਹੋਵਾਂਗੀ। ਸਟੇਜ ਮੂਹਰੇ ਮੈਂ ਥਾਂ ਰੋਕਣ ‘ਚ ਅੱਗੇ ਹੋਇਆ ਕਰਦੀ ਸਾਂ। ਬੱਚਿਆਂ ਨਾਲ ਖੂਬ ਲੜਨਾ। ਫਿਰ ਡੰਡਾ ਫੜ ਕੇ ਧਰਤੀ ‘ਤੇ ਵੱਡਾ ਸਾਡਾ ਗੋਲ-ਕੁੰਡਲ ਵਾਹ ਕੇ ਥਾਂ ਰੋਕਣਾ। ਸ਼ਾਮੀ 8 ਕੁ ਵਜੇ ਡਰਾਮਾ ਸ਼ੁਰੂ ਹੋ ਜਾਂਦਾ। ਸਭ ਤੋਂ ਪਹਿਲਾਂ ਗੁਰੂ ਰਵਿਦਾਸ ਜੀ ਦੀ ਮਹਿਮਾ ਦੇ ਵਿੱਚ ਆਰਤੀ ਗਾਈ ਜਾਂਦੀ। ਫਿਰ ਮਾਸਟਰ ਮਲੂਕ ਚੰਦ ਜੀ ਦੇ ਆਪਣੇ ਲਿਖੇ ਗੀਤ, ਜੋ ਸਮਾਜਿਕ ਬੁਰਾਈਆਂ ਖਿਲਾਫ਼ ਗਾਉਂਦੇ। ਫਿਰ ਸ਼ੁਰੂ ਹੁੰਦਾ ਡਰਾਮਾ ਜੋ ਕਲਾ ਦੀਆਂ ਕਈਆਂ ਵੰਨਗੀਆਂ ਨਾਲ ਲਬਰੇਜ਼ ਹੁੰਦਾ। ਡਰਾਮਾ ਕਲਾ ਦੇ ਹਰ ਪੱਖੋਂ ਸਿਖਰਾਂ ਨੂੰ ਛੂੰਹਦਾ। ਕਮੇਡੀ ਅੱਜ ਤੱਕ ਉਨ੍ਹਾਂ ਵਰਗੀ ਕੋਈ ਨਹੀਂ ਕਰ ਸਕਿਆ। ਟਿੱਡੀ ਮੁੱਛਾ ਕਮੇਡੀ ਦਾ ਸਿਰਾ ਹੁੰਦਾ। ਹਸਾ-ਹਸਾ ਕੇ ਢਿੱਡੀ ਪੀੜਾਂ ਪਾ ਦਿੰਦਾ। ਵਿਜੇ ਕੁਮਾਰ ਭਾਰੀਆ ਜੀ ਦੀ ਅਵਾਜ਼ ਵਿੱਚ ਇੱਕ ਅਜੀਬ ਤਰ੍ਹਾਂ ਦੀ ਲਰਜ਼ ਸਮੌਰ ਖਿੱਚ ਹੁੰਦੀ। ਉਹ ਸਾਡੇ ਨਾਟਕ ਮੰਡਲੀ ਦੀ ਜਿੰਦ ਜਾਨ ਸਨ। ਗੁਰੂ ਰਵਿਦਾਸ ਜੀ ਦਾ ਭੇਖ ਧਾਰ ਕੇ ਜਦੋਂ ਉਹ ਆਰਤੀ ਗਾਉਂਦੇ ਤੇ ਸੰਖ ਅਲਾਪਦੇ ਤਾਂ ਫਿਜਾ ਵਿੱਚ ਇੱਕ ਅਜੀਬ ਜਿਹੀ ਲਰਜ ਪੈਦਾ ਕਰ ਦਿੰਦੇ । ਉਹਨਾਂ ਦੀ ਗਾਇਕੀ ਨੂੰ ਕਿਸੇ ਸਾਜ ਦੀ ਲੋੜ ਨਹੀਂ ਸੀ ਹੁੰਦੀ। ਵਿਜੇ ਕੁਮਾਰ ਭਾਟੀਆ ਜੀ ਦੀ ਅਵਾਜ਼ ਵਿੱਚ ਅਜੀਬ ਜਿਹੀ ਦਰਦ ਭਿੰਨੀ ਲਰਜ਼ ਸੀ। ਉਹ ਜਦੋਂ ਵੀ ਸਾਡੇ ਪਿੰਡ ਆਉਂਦੇ ਤਾਂ ਸਾਡੇ ਘਰ ਜ਼ਰੂਰ ਆਉਂਦੇ। ਵੱਡਾ ਵੀਰ ਅਤੇ ਪਾਪਾ ਵੀ ਉਨ੍ਹਾਂ ਦੀ ਗਾਇਕੀ ਦੇ ਕਾਇਲ ਸਨ। ਉਨ੍ਹਾਂ ਦੀ ਅਵਾਜ਼ ਐਨੀ ਉਚੀ ਸੀ ਕਿ ਦੂਰ ਲੱਗੇ ਮਾਇਕ ਦੂਰੋਂ ਹੀ ਅਵਾਜ਼ ਖਿੱਚ ਲੈਂਦੇ ਸਨ। ਜਦੋਂ ਵਿਜੇ ਕੁਮਾਰ ਜੀ ਕੌਲਾਂ ਦੇ ਬਾਪ ਦਾ ਰੋਲ ਕਰਦੇ ਤਾਂ ਉਨ੍ਹਾਂ ਦਾ ਗਾਇਆ ਗੀਤ –
”ਆ ਧੀਏ ਕਿਤੇ ਆ ਮਿਲ ਮੈਨੂੰ
ਬਾਬਲ ਤੇਰਾ ਰੋਵੇ, ਪੈਰਾਂ ਦੇ ਵਿੱਚ ਚੁੱਭ ਗਏ ਕੰਡੇ
ਖੁਨ ਪੈਰਾਂ ‘ਚੋਂ ਚੋਅ ਵੇ…”
ਸੁਣ ਕੇ ਪੰਡਾਲ ਵਿੱਚ ਬੈਠੇ ਲੋਕ ਉੱਚੀ-ਉੱਚੀ ਧਾਹਾਂ ਮਾਰਨ ਲੱਗ ਜਾਂਦੇ। ਇੱਕ ਦਮ ਸੰਨਾਟਾ ਛਾ ਜਾਂਦਾ। ਉਹ ਹੋਲੀ-ਹੋਲੀ ਤੁਰਕੇ ਸਟੇਜ ਵੱਲ ਆਉਦੇ ਇਹ ਗੀਤ ਗਾਉਂਦੇ। ਮੈਂ ਬਚਪਨ ਤੋਂ ਲੈ ਕੇ ਸੁਰਤ ਸੰਭਲਣ ਤੱਕ ਉਨ੍ਹਾਂ ਦੇ ਡਰਾਮੇ ਦੇਖਦੀ ਆਈ। ਸਮੇਂ ਨੇ ਕਟਵਟ ਲਈ। ਜ਼ਿੰਦਗੀ ਦੇ ਤਾਣਿਆਂ ‘ਚ ਉਲਝ ਗਈ। ਫਿਰ ਹਰ ਸਾਲ ਉਹੀ ਡਰਾਮਾ ਉਡੀਕਣਾ ਤੇ ਬਸ ਉਡੀਕ ਹੀ ਰਹਿ ਜਾਣੀ। ਉਸ ਸਮੇਂ ਕਿਸੇ ਕੋਲੋਂ ਕੈਸਟਾਂ (ਜੋ ਟੇਪ ਰਿਕਾਰਡ ਵਿੱਚ ਪੈਂਦੀਆਂ ਸਨ) ਮਿਲ ਗਈਆਂ। ਫਿਰ ਕੀ ਸੀ ਐਤਵਾਰ ਵਾਲੇ ਦਿਨ ਟੇਪ ਵਿੱਚ – ਵਿਜੇ ਕੁਮਾਰ ਜੀ ਦੀ ਅਵਾਜ਼ ਗੂੰਜਣੀ। ਹੋਲੀ-ਹੋਲੀ ਟੇਪ ਰਿਕਾਰਡ ਵੀ ਖਰਾਬ ਹੋ ਗਈ ਤੇ ਕੈਸਟਾਂ ਵੀ। ਬੜੀ ਕੋਸ਼ਿਸ਼ ਕਰਨੀ ਕਿ ਉਹੀ ਡਰਾਮੇ ‘ਤੇ ਵਿਜੇ ਕੁਮਾਰ ਜੀ ਦੀ ਨੌਟੰਕੀ ਮਿਲ ਜਾਵੇ। ਪਰ ਸਮਾਂ ਵੀ ਆਪਣੀ ਉਮਰ ਵਿਹਾਅ ਚੁੱਕਾ ਸੀ। ਇੱਕ ਦਿਨ ਗਰ ਦੇ ਬਣੇ ਗੁਰੱਪ ਤੇ ਪਾਵੇਲ ਨੇ ਮਾਸਟਰ ਮਲੂਕ ਚੰਦ ਅਤੇ ਪਾਰਟੀ-ਜਾਡਲਾ ਦੀ ਡਰਾਮੇ ਦੀ ਪੋਸਟ ਪਾਈ। ਬੜੇ ਚਿਰਾਂ ਬਾਅਦ ਉਹੀ ਅਵਾਜ਼ਾਂ ਸੁਨਣ ਨੂੰ ਮਿਲੀਆ। ਮਨ ‘ਚ ਇੱਕ ਅਜੀਬ ਜਿਹੀ ਤਾਂਘ ਜਾਗੀ। ਕਿਵੇਂ ਨਾ ਕਿਵੇਂ ਵਿਜੇ ਕੁਮਾਰ ਜੀ ਅਤੇ ਪਾਰਟੀ ਬਾਰੇ ਪਤਾ ਕੀਤਾ। ਪੈਰਾ ਹੇਠੋਂ ਜ਼ਮੀਨ ਖਿਸਕ ਗਈ, ਅੱਖਾਂ ਮੂਹਰੇ ਹਨ੍ਹੇਰਾ ਛਾ ਗਿਆ। ਕੱਚੀਆਂ ਤੰਦਾਂ ਟੁੱਟ ਚੁੱਕੀਆਂ ਸਨ। ਵਿਜੇ ਕੁਮਾਰ ਭਾਈਆ ਜੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ ਉਨ੍ਹਾਂ ਦੀ ਅਵਾਜ਼ ਵਿਚਲੀ ਲਰਜ਼ ਤੇ ਦਰਦ ਹਮੇਸ਼ਾ ਰਹਿੰਦੀ ਦੁਨੀਆ ਤੱਕ ਗੂੰਜਦੀ ਰਹੇਗੀ।

-ਅੰਮ੍ਰਿਤਪਾਲ ਕੌਰ
99157-80980