ਲੇਖਕ : ਭਜਨ ਸਿੰਘ ਪ੍ਰਦੇਸੀ, ਸਿਨਸਿਨੈਟੀ
ਸੰਪਰਕ: 513-290-9812
ਭਾਰਤ ਦਾ ਸੰਵਿਧਾਨ ਬਣਿਆ ਸੰਨ 1950 ਨੂੰ, ਜਿਸ ਵਿਚ 130 ਦੇ ਕਰੀਬ ਸੋਧਾਂ (ਤਰਮੀਮਾਂ) ਹੋ ਚੁੱਕੀਆਂ ਹਨ। ਫੌਜ ਵਿਚ ਟੈਂਕ ਵਿਜੰਤਾ ਸ਼ਾਮਲ ਹੋਇਆ ਸੰਨ 1963 ਵਿਚ, ਜਿਸ ‘ਚ ਵੀ ਸੌ ਦੇ ਕਰੀਬ ਨਵੀਨੀਕਰਨ (ੋੰਦਡਿਚਿੳਟੋਿਨ) ਹੋ ਚੁੱਕੇ ਹਨ। ਦੁਨੀਆ ਹਰ ਖੇਤਰ ਵਿਚ ਕਿੱਥੋਂ ਕਿੱਥੇ ਪਹੁੰਚ ਗਈ ਹੈ। ਸਿੱਖ ਰਹਿਤ ਮਰਯਾਦਾ ਪੰਜ ਸਾਲ ਦੀ ਸਖ਼ਤ ਮੇਹਨਤ ਨਾਲ ਸੰਨ 1936 ਨੂੰ ਬਣੀ ਅਤੇ 1945 ਵਿਚ ਲਾਗੂ ਕੀਤੀ ਗਈ। ਸਿੱਖ ਪਾਰਲੀਮੈਂਟ ਸੰਨ 1920 ਤੋਂ ਕਾਰਜਸ਼ੀਲ ਹੋਣ ‘ਤੇ ਵੀ ਇਕ ਵੀ ਸੋਧ ਨਹੀਂ ਕੀਤੀ ਗਈ। ਸੰਨ 1947 ਦੀ ਦੇਸ਼ ਵੰਡ ਨੇ ਸਿੱਖਾਂ ਦੇ ਧਾਰਮਿਕ ਅਸਥਾਨਾਂ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਸਿੱਖਾਂ ਦਾ ਸਭ ਤੋਂ ਵੱਧ ਨੁਕਸਾਨ ਕੀਤਾ। ਮੇਰੀ ਉਮਰ ਓਸ ਵੇਲੇ ਦੋ ਸਾਲ ਸੀ ਜਦੋਂ ਉਜਾੜੇ ਦਾ ਦੁੱਖ ਸਹਿਣਾ ਪਿਆ।
ਤਿੰਨ ਗੱਲਾਂ:
(ੳ) ਰਾਸ਼ਟਰੀਆ ਸਵੈਮ ਸੇਵਕ ਸੰਘઠ(RSS) ਦੀ ਸਥਾਪਨਾ ਕੀਤੀ ਗਈ ਸੰਨ 1925 ਨੂੰ ਨਾਗਪੁਰ ਮਹਾਰਾਸ਼ਟਰ ਵਿਚ। ਦੋ ਵਾਰ ਬੈਨ ਲੱਗਣ ਦੇ ਬਾਵਜੂਦ ਇਤਨੇ ਸੰਘ ਸੇਵਕ ਭਰਤੀ ਕੀਤੇ ਕਿ ਅੱਜ ਪੂਰੇ ਦੇਸ਼ ‘ਤੇ ਭਾਜਪਾ ਸਰਕਾਰ ਦਾ ਕਬਜ਼ਾ ਹੈ। ਪੂਰਾ ਕੰਟਰੋਲ ਹੈੱਡਕੁਆਰਟਰ ਨਾਗਪੁਰ ਦੇ ਅਧੀਨ ਹੋਣ ਕਰਕੇ ਕਿਸੇ ਦੀ ਹਿੰਮਤ ਨਹੀਂ ਕਿ ਮੂੰਹ ਵੀ ਖੋਲ੍ਹ ਸਕੇ। ਪੰਜਾਬ ਦੇ ਮਾੜੇ ਹਾਲਾਤ ਦੌਰਾਨ 1986 ਵੇਲੇ ਸੰਘ ਨੇ ਰਾਸ਼ਟਰੀ ਸਿੱਖ ਸੰਗਤઠ(RSS) ਬਣਾ ਕੇ ਸਿੱਖਾਂ ਵਿਚ ਘੁਸਪੈਠ ਕਰ ਲਈ ਸੀ।
(ਅ) ਕਮਿਊਨਿਸਟ ਪਾਰਟੀ ਦੀ ਸਥਾਪਨਾ ਹੋਈ 1925 ਵਿਚ, ਇਹ ਵਿਚਾਰਧਾਰਾ ਰਸ਼ੀਆ ਤੋਂ ਆਈ ਅਤੇ ਸਾਡੇ ਪੜ੍ਹੇ-ਲਿਖੇ ਲੋਕਾਂ ਨੇ ਐਸਾ ਪ੍ਰਚਾਰ ਕੀਤਾ ਕਿ ਪੂਰੇ ਦੇਸ਼ ਵਿਚ ਫੈਲੀ, ਕਈ ਸੂਬਿਆਂ ਵਿਚ ਰਾਜ ਕੀਤਾ ਤੇ ਅੱਜ ਵੀ ਕਰ ਰਹੀ ਹੈ। ਨੱਬੇ-ਪਚਾਨਵੇਂ ਪਰਸੈਂਟ ਸਿੱਖਾਂ ਨੂੰ ਕੌਣ ਦੱਸੇ ਕਿ ਬਾਬੇ ਨਾਨਕ ਦੀ ਵਿਚਾਰਧਾਰਾ ਸਦੀਆਂ ਤੋਂ ਇਨਸਾਨ ਨੂੰ ਕਿਰਤੀ ਹੋਣਾ ਅਤੇ ਇੱਕ ਕੁਦਰਤ ਦੇ ਪਸਾਰੇ ਨੂੰ ਬਿਆਨ ਕਰਦੀ ਹੈ।
(ੲ) ਸੰਨ 1609 ਨੂੰ ਅੰਮ੍ਰਿਤਸਰ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਹੋਈ ਅਤੇ 1920 ਨੂੰ ਸਿੱਖ ਪਾਰਲੀਮੈਂਟ ਦੀ ਸਥਾਪਨਾ ਕੀਤੀ ਗਈ ਸੀ। ਅੰਗਰੇਜ਼ਾਂ ਵੇਲੇ ਦੀਆਂ ਤਿੰਨ ਵੱਡੀਆਂ ਪ੍ਰਾਪਤੀਆਂ, ਅਨੰਦ ਕਾਰਜ ਐਕਟ 1909, ਸਿੱਖ ਪਾਰਲੀਮੈਂਟ (ਐਸ.ਜੀ.ਪੀ.ਸੀ) ਦਾ ਗਠਨ ਅਤੇ ਸਿੱਖ ਰਹਿਤ ਮਰਯਾਦਾ ਦਾ ਬਣਾਉਣਾ ਹੈ। ਆਜ਼ਾਦੀ ਤੋਂ ਬਾਅਦ ਸਿੱਖ ਧਰਮ ਦੀਆਂ ਕੀਤੀਆਂ ਪ੍ਰਾਪਤੀਆਂ ਵਿਚ ਜੋ ਗਿਰਾਵਟ ਆਈ ਹੈ ਆਪ ਸਭਨਾਂ ਦੇ ਸਾਹਮਣੇ ਹੈ। ਜੇਕਰ ਸਾਡੇ ਉੱਪਰ ਧਰਮ ਦਾ ਕੁੰਡਾ ਹੁੰਦਾ, ਅਕਾਲ ਤਖ਼ਤ ਸਾਹਿਬ ਦਾ ਭੈਅ ਹੁੰਦਾ, ਸਿੱਖ ਰਹਿਤ ਮਰਯਾਦਾ ਦਾ ਪ੍ਰਚਾਰ ਹੁੰਦਾ, ਗੁਰਬਾਣੀ ਦਾ ਗਿਆਨ ਹੁੰਦਾ ਅਤੇ ਬਾਬੇ ਨਾਨਕ ਦੀ ਵਿਚਾਰਧਾਰਾ ਦਾ ਪ੍ਰਚਾਰ ਕੀਤਾ ਹੁੰਦਾ ਤਾਂ ਅਸੀਂ ਨਾਗਪੁਰ ਕੀ ਰੂਸੀ ਵਿਚਾਰਧਾਰਾ ਤੋਂ ਵੀ ਅੱਗੇ ਨਿਕਲ ਸਕਦੇ ਸੀ।
ਮੇਰੇ ਵਰਗਾ ਜੇਕਰ ਕੋਈ ਇਹ ਕਹਿ ਦੇਵੇ ਕਿ ਧਰਮ ਤੇ ਸਿਆਸਤ ਵੱਖੋ-ਵੱਖ ਚਾਹੀਦੇ ਹਨ ਤਾਂ ਹੰਗਾਮਾ ਖੜ੍ਹਾ ਹੋ ਜਾਂਦਾ ਹੈ। ਸੰਨ 1986-87 ਵਿਚ ਪਹਿਲੀ ਵਾਰ ਇਹ ਪਤਾ ਲੱਗਾ ਕਿ ਸਿੱਖਾਂ ਦੀ ਸਿੱਖ ਰਹਿਤ ਮਰਯਾਦਾ ਵੀ ਹੈ। ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿਚ ਵੀ ਪੰਜ-ਛੇ ਸਾਲ ਤੱਕ ਅਕਾਲੀ ਤੇ ਕਾਂਗਰਸੀ ਮਿਲ ਕੇ ਚੱਲ ਰਹੇ ਸਨ, ਪੰਜਾਬ ਨਾਲ ਵਿਤਕਰਾ ਕਰਨ ‘ਤੇ ਝਗੜਾ ਸ਼ੁਰੂ ਹੋਇਆ। ਸਿਆਸੀ ਬਾਦਲ ਸਾਹਿਬ ਕਾਂਗਰਸ ਤੋਂ ਅਕਾਲੀ ਪਾਰਟੀ ਵਿਚ ਅਤੇ ਪੜ੍ਹੇ-ਲਿਖੇ ਕੈਰੋਂ ਸਾਹਿਬ ਅਕਾਲੀ ਤੋਂ ਕਾਂਗਰਸ ਪਾਰਟੀ ਵਿਚ ਆ ਗਏ, ਇਹ ਪਾਰਟੀਆਂ ਬਦਲਣਾ ਅਜੇ ਵੀ ਜਾਰੀ ਹੈ। ਦੂਸਰਾ ਕਈ ਕਮੇਟੀ ਮੈਂਬਰ ੰੳ ਜਾਂ ੰਫ ਵੀ ਹਨ। ਸਿੱਖ ਪਾਰਲੀਮੈਂਟ ਦਾ ਸਿਆਸੀਕਰਣ ਹੋਣ ਕਰਕੇ ਡੇਰੇ ਬਹੁਤ ਵਧੇ ਫੁੱਲੇ। ਵੋਟਾਂ ਦਾ ਗੜ੍ਹ ਬਣਨਾ ਹੀ ਸਿੱਖ ਰਹਿਤ ਮਰਯਾਦਾ ਤੋਂ ਦੂਰ ਜਾਣਾ ਹੈ। ਹੁਣ ਮੁਫ਼ਤ ਵਿਚ ਵੰਡੀ ਮਰਯਾਦਾ ਦਾ ਕੀ ਫ਼ਾਇਦਾ? ਆਓ ਸਿੱਖ ਰਹਿਤ ਮਰਯਾਦਾ ਦੀਆਂ ਕੁਝ ਰਹੁ-ਰੀਤਾਂ ਉੱਪਰ ਵਿਚਾਰ ਕਰੀਏ।
(1) ਨਿਤਨੇਮ ਦੀਆਂ ਬਾਣੀਆਂ ਸਫ਼ਾ ਨੌਂ: ਤਿੰਨ ਬਾਣੀਆਂ ਸਵੇਰੇ ਚੌਥੀ ਸ਼ਾਮ ਨੂੰ ਰਹਿਰਾਸ ਪੰਜਵੀਂ ਰਾਤ ਨੂੰ ਸੌਣ ਵੇਲੇ ਕੀਰਤਨ ਸੋਹਿਲਾ ਦੀਆਂ ਇਹ ਪੰਜ ਬਾਣੀਆਂ ਸਿੱਖਾਂ ਵਾਸਤੇ ਪੜ੍ਹਨੀਆਂ ਜ਼ਰੂਰੀ ਹਨ। ਸਫ਼ਾ ਨੌਂ ਅਤੇ ਦਸ ‘ਤੇ ਹੁਕਮ ਹੋਣ ਦੇ ਬਾਵਜੂਦ ਕਿਉਂ ਸੱਤ ਜਾਂ ਅੱਠ ਬਾਣੀਆਂ ਪੜ੍ਹਨਾ ਪ੍ਰਚਾਰਿਆ ਜਾ ਰਿਹਾ ਹੈ?
(2). ਕਈ ਸੰਸਥਾਵਾਂ ਨੇ ਸੋ ਦਰੁ ਰਹਿਰਾਸ ਦੇ ਪਾਠ ਵਿਚ ਕਈ ਸ਼ਬਦਾਂ ਦਾ ਵਾਧਾ ਕਿਸ ਮਰਯਾਦਾ ਦੇ ਅਨੁਸਾਰ ਕੀਤਾ ਹੈ?
(3). ਅਰਦਾਸ ਸਫ਼ਾ 10.11.12 ਜਿਥੇ ਸਾਡੀਆਂ ਨਿਤਨੇਮ ਦੀਆਂ ਬਾਣੀਆਂ ਇਕ ਸਾਰ ਨਹੀਂ ਹਨ ਉਥੇ ਹੀ ਸਾਡੀ ਅਰਦਾਸ ਤਾਂ ਘੱਟੋ-ਘੱਟ ਇਕ ਹੀ ਹੋਣੀ ਚਾਹੀਦੀ ਹੈ। ਨਾਨਕਸਰੀਆਂ ਦੀ ਅਤੇ ਨਾਮਧਾਰੀ ਆਦਿ ਸੰਸਥਾਵਾਂ ਦੀ ਅਰਦਾਸ ਸਿੱਖ ਰਹਿਤ ਮਰਯਾਦਾ ਅਨੁਸਾਰ ਕਿਉਂ ਨਹੀਂ ਹੈ? ਡੇਰਾ ਸੰਸਥਾਵਾਂ ਨੂੰ ਨਿਤਨੇਮ ਦੀਆਂ ਬਾਣੀਆਂ, ਅਰਦਾਸ ਆਦਿ ਗੁਟਕੇ ਛਾਪਣ ਤੋਂ ਕਿਉਂ ਨਹੀਂ ਰੋਕਿਆ ਗਿਆ? ਕਿਸ ਦਾ ਫਰਜ਼ ਸੀ ਰੋਕਣਾ?
ઠ(4) ਸਫ਼ਾ 13: (ਸ) ਅੱਜ ਵੀ ਕੁਝ ਗੁਰਦੁਆਰਿਆਂ ਵਿਚ ਦੀਵਿਆਂ ਨਾਲ ਆਰਤੀ ਕਿਉਂ ਹੋ ਰਹੀ ਹੈ? ਜੋ ਮਨਮਤ ਹੈ।
(5) ਸਫ਼ਾ 13: (ਹ) ਕਈ ਥਾਈਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਦਸਮ ਗ੍ਰੰਥ ਕਿਉਂ ਪ੍ਰਕਾਸ਼ ਕੀਤਾ ਜਾਂਦਾ ਹੈ?
(6) ਸਫ਼ਾ 15: (ਢ) ਸੰਨ 1950-60 ਦੇ ਦਰਮਿਆਨ ਪਿੰਡਾਂ ਦੇ ਸਭਨਾਂ ਗੁਰਦੁਆਰਿਆਂ ਵਿਚ ਨਿਤਨੇਮ ਵੇਲੇ ਸੰਖ ਵਜਾਇਆ ਜਾਂਦਾ ਸੀ, ਘਰਾਂ ਵਿਚ ਬੀਬੀਆਂ ਬੱਚੇ ਅਤੇ ਰਸਤਿਆਂ ਉੱਪਰ ਚੱਲਦਾ ਹਰ ਇਨਸਾਨ ਰੁਕ ਜਾਂਦਾ ਤੇ ਬੋਲਦਾ, ‘ਸਤਨਾਮ ਵਾਹਿਗੁਰੂ’ ਕਮਾਲ ਦਾ ਨਜ਼ਾਰਾ ਸੀ। ਹੁਣ ਪਿਛਲੇ ਅੱਠ-ਦਸ ਸਾਲਾਂ ਤੋਂ ਹੀ ਗੁਰਦੁਆਰਿਆਂ ਵਿਚ ਨਗਾਰੇ ਰੱਖਣ ਤੇ ਵਜਾਉਣ ਦਾ ਚੇਤਾ ਹੀ ਕਿਉਂ ਆਇਆ?
(7) ਸਫ਼ਾ 15: ਹੁਕਮ ਲੈਣਾ (ਅ) ਖ਼ਾਸ ਕਰ ਪੰਜਾਬ ਵਿਚ ਕਈ ਗੁਰਦੁਆਰਿਆਂ ਵਿਚ ਚੱਲ ਰਹੇ ਅਖੰਡ ਪਾਠ ਸਾਹਿਬ ਵੇਲੇ ਕੀਰਤਨ ਵੀ ਹੁੰਦਾ ਹੈ, ਕਈ ਨਿਤਨੇਮ ਕਰਦੇ ਅਤੇ ਸੁਖਮਨੀ ਸਾਹਿਬ ਆਦਿ ਦਾ ਪਾਠ ਕਰਦੇ ਹਨ। ਕਦੋਂ ਅਤੇ ਕੌਣ ਇਸ ਦਾ ਸੁਧਾਰ ਕਰੇਗਾ? ਪੰਜਾਬੋਂ ਬਾਹਰ ਕਈ ਦੇਸ਼ਾਂ ਦੇ ਗੁਰਦੁਆਰਿਆਂ ਵਿਚ ਸਿੱਖ ਰਹਿਤ ਮਰਯਾਦਾ ਦਾ ਤਕਰੀਬਨ ਖ਼ਿਆਲ ਰੱਖਿਆ ਜਾਂਦਾ ਹੈ।
(8) ਸਫ਼ਾ 16: ਸਾਧਾਰਨ ਪਾਠ: ਸਾਧਾਰਨ ਪਾਠ ਦੀ ਥਾਂ ਸਹਿਜ ਪਾਠ ਦਾ ਸ਼ਬਦ ਲਿਖਣਾ ਠੀਕ ਰਹੇਗਾ ਜੀ। ਵੈਸੇ ਅੱਜ-ਕੱਲ੍ਹ ਸਪਤਾਹਿਕ ਪਾਠ ਅਤੇ ਖੁੱਲ੍ਹਾ ਪਾਠ (ਸਮਾਂ ਸੀਮਾ ਨਹੀਂ) ਵੀ ਚੱਲ ਰਹੇ ਹਨ।
(9) ਸਫ਼ਾ 17: ਅਖੰਡ ਪਾਠ:ਮਰਯਾਦਾ ਦਾ ਹਰ ਇੱਕ ਸ਼ਬਦ ਪੜ੍ਹਨ ‘ਤੇ ਸਿਰ ਝੁਕਦਾ ਹੈ। ਅਸੀਂ ਆਜ਼ਾਦ ਭਾਰਤ ਵਿਚ ਕਿਉਂ ਸੌਂ ਗਏ। ਅਕਾਲ ਤਖ਼ਤ ਸਾਹਿਬ, ਦਰਬਾਰ ਸਾਹਿਬ, ਹੋਰ ਤਖ਼ਤ ਸਾਹਿਬਾਨ, ਵੱਡੇ ਧਾਰਮਿਕ ਅਸਥਾਨਾਂ ਉੱਪਰ ਅਖੰਡ ਪਾਠਾਂ ਦੀ ਅਗਾਊਂ ਸਾਲਾਂਬੱਧੀ ਬੁਕਿੰਗ ਹੋ ਰਹੀ ਹੈ, ਕੌਣ ਪਾਠ ਸੁਣਦਾ ਹੈ?
ਪਾਠ ਦੇ ਭੋਗ ਵਕਤ ਹਾਜ਼ਰੀ ਲਗਦੀ ਹੈ, ਕਈ ਤਾਂ ਅਰਦਾਸ ਵੇਲੇ ਵੀ ਗ਼ੈਰ-ਹਾਜ਼ਰ ਹੁੰਦੇ ਹਨ। ਇਕ ਕਮਰੇ ਜਾਂ ਹਾਲ ਜਾਂ ਦਰਬਾਰ ਹਾਲ ਵਿਚ ਕੇਵਲ ਇਕ ਹੀ ਅਖੰਡ ਪਾਠ ਹੋਵੇਗਾ, ਬਹੁਤ ਹੀ ਵਧੀਆ ਮਰਯਾਦਾ ਹੈ। ਪੈਹਿਰਾ (ੲ) ਵਿਚ ਲਿਖਿਆ ਤਾਂ ਹੈ, ”ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਮਨਮਤ ਹੈ,”। ਫਿਰ ਵੀ ਬਹੁਤ ਸਾਰੀਆਂ ਸੰਸਥਾਵਾਂ ਅਤੇ ਮਨਮਤੀਏ ਜਿਵੇਂ ਗੁਰਦੁਆਰਾ ਤੱਲ੍ਹਣ ਸਾਹਿਬ ਨਜ਼ਦੀਕ ਜਲੰਧਰ ਸ਼ਹਿਰ ਵਿਚ 45 ਤੋਂ 47-48 ਤੱਕ ਅਖੰਡ ਪਾਠ ਸਾਹਿਬ ਇਕ ਹੀ ਹਾਲ ਵਿਚ ਕਰਵਾਏ ਜਾਂਦੇ ਹਨ, ਇਸੇ ਤਰ੍ਹਾਂ ਨਾਨਕਸਰ ਗੁਰਦੁਆਰੇ ਜਗਰਾਵਾਂ ਇਕੋਤਰੀ (101) ਅਖੰਡ ਪਾਠਾਂ ਦੀ ਲੜੀ ਇੱਕ ਕਮਰੇ ਵਿਚ ਚੱਲ ਰਹੀ ਸੀ ਵੇਖ ਕੇ ਹੈਰਾਨ ਸਾਂ। ਕਿਸ ਤਰ੍ਹਾਂ ਪਾਠੀ ਸਿੰਘ ਪਿੱਠਾਂ ਜੋੜ ਕੇ ਕਤਾਰਾਂ ਵਿਚ ਬੈਠੇ ਪਾਠ ਕਰ ਰਹੇ ਸਨ। ਜੋ ਇਸ ਵਕਤ ਚੱਲ ਰਿਹਾ ਹੈ, ਕੇਵਲ ਕਮੇਟੀਆਂ ਵਾਸਤੇ ਮਾਇਆ ਕਮਾਉਣ ਦਾ ਸਾਧਨ ਹੈ, ਪਾਠੀਆਂ ਵਾਸਤੇ ਰੁਜ਼ਗਾਰ ਦਾ ਸਾਧਨ ਬਣ ਗਿਆ ਹੈ ਅਤੇ ਸਿੱਖਾਂ ਵਾਸਤੇ ਪੂਜਾ ਕਰਨ ਦਾ ਸਾਧਨ ਬਣ ਰਿਹਾ ਹੈ। ਮੁਆਫ਼ ਕਰਨਾ, ਪਾਠ ਦੀ ਭੇਟਾ ਦੀ ਪਰਚੀ ਕਟਵਾ ਕੇ ਘਰਾਂ/ਵਤਨਾਂ ਨੂੰ ਚਲੇ ਗਏ, ਗੁਰਬਾਣੀ ਸੁਣੀ ਨਹੀਂ, ਗੁਰਬਾਣੀ ਪੜ੍ਹੀ ਨਹੀਂ, ਗੁਰਬਾਣੀ ਕੀ ਕਹਿੰਦੀ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ, ਇਹ ਪੂਜਾ ਨਹੀਂ ਤਾਂ ਹੋਰ ਕੀ ਹੈ? ਰਹਿਤ ਮਰਯਾਦਾ ਵਿਚ ਦੱਸੀਆਂ ਗੱਲਾਂ ਵਿਚੋਂ ਕਿਸ ਗੱਲ ਉੱਪਰ ਅਸੀਂ ਪੂਰੇ ਉੱਤਰੇ ਹਾਂ ਵਿਚਾਰਨ ਦਾ ਮੁੱਦਾ ਹੈ? ਕੁਝ ਕੁ ਸੰਸਥਾਵਾਂ ਸੰਪਟ ਅਖੰਡ ਪਾਠ ਕਰਦੀਆਂ ਹਨ ਜਿਸਦਾ ਭੋਗ ਛੇ ਤੋਂ ਸੱਤ ਦਿਨਾਂ ਵਿਚ ਪੈਂਦਾ ਹੈ। ਕਈ ਅਖੰਡ ਪਾਠ ਦੇ ਨਾਲ ਹੀ ਜਪੁ ਜੀ ਸਾਹਿਬ ਦਾ ਅਖੰਡ ਪਾਠ ਵੀ ਕਰਦੇ ਹਨ। ਕਈ ਭੋਗ ਤੋਂ ਬਾਅਦ ਜਪੁ ਜੀ ਸਾਹਿਬ ਦਾ ਪਾਠ ਵੀ ਕਰਦੇ ਹਨ। ਇਨ੍ਹਾਂ ਸੰਸਥਾਵਾਂ ਨੂੰ ਰਹਿਤ ਮਰਯਾਦਾ ਦੇ ਅਧੀਨ ਕੌਣ ਲਿਆਵੇਗਾ?
(10) ਸਫ਼ਾ 18 ਭੋਗ (ੳ):ਪਾਠ ਦੇ ਭੋਗ ਸਮੇਂ ਰਾਗਮਾਲਾ ਦੀ ਬਾਣੀ ਪੜ੍ਹਨੀ ਹੈ ਜਾਂ ਨਹੀਂ ਪੜ੍ਹਨੀ ਸੰਨ 1942 ਤੋਂ ਹੀ ਮਾਮਲਾ ਵਿਚਾਰਾਂ ਅਧੀਨ ਹੈ। ਕੌਣ ਤੇ ਕਦੋਂ ਫ਼ੈਸਲਾ ਕਰੇਗਾ?
(11) ਸਫ਼ਾ 18 (ਅ) ਪਾਠਾਂ ਦੇ ਭੋਗ ਸਮੇਂ ਅਤੇ ਵੈਸੇ ਵੀ ਅਣਗਿਣਤ ਰੁਮਾਲਾ ਸਾਹਿਬ ਗੁਰਦੁਆਰਿਆਂ ਵਿਚ ਚੜ੍ਹਦੇ ਹਨ। ਵਰਤੋਂ ਵਿਚ ਨਾ ਆਉਣ ‘ਤੇ ਬੇਕਾਰ ਹੋਣ ‘ਤੇ ਬੇਅਦਬੀ ਹੁੰਦੀ ਹੈ। ਸੰਨ 2002 ਦੀ ਵਾਰਤਾ, ਜਲੰਧਰ ਕੈਂਟ ਦੀਪਨਗਰ ਵਿਚ ਇੱਕ ਦਿਨ ਦਾਸ ਗੁਰਦੁਆਰੇ ਖੜ੍ਹਾ ਸੀ ਕਿ ਇੱਕ ਲਾਲਾ ਆਇਆ, ਵੈਨ ਖੜ੍ਹੀ ਕੀਤੀ, ਕਹਿੰਦਾ ਸਰਦਾਰ ਸਾਹਿਬ ਰੁਮਾਲੇ ਵੇਚਣੇ ਜੇ? ਪਹਿਲੀ ਵਾਰ ਵੇਚਣੇ ਸ਼ਬਦ ਸੁਣ ਕੇ ਮੈਂ ਹੈਰਾਨ ਪਰੇਸ਼ਾਨ ਸਾਂ, ਲਾਲਾ ਕਹਿੰਦਾ ਸਰਦਾਰ ਜੀ ਕੀ ਸੋਚਾਂ ਵਿਚ ਪੈ ਗਏ ਹੋ, ਮੈਂ ਮੋਗੇ ਤੋਂ ਆਉਂਦਾ ਹਾਂ ਸ਼ਹਿਰ ਦੇ ਕਈ ਗੁਰਦੁਆਰਿਆਂ ਦੇ ਨਾਮ ਦੱਸੇ ਕਿ ਸਭਨਾਂ ਦੇ ਰੁਮਾਲਾ ਸਾਹਿਬ ਮੈਂ ਹੀ ਖ਼ਰੀਦ ਕੇ ਲੈ ਜਾਂਦਾ ਹਾਂ। ਜਵਾਬ ਦਿੱਤਾ ਵਿਚਾਰ ਕਰਕੇ ਦੱਸਾਂਗੇ। ਅਗਲੇ ਸਾਲ 2003 ਵਿਚ ਫਿਰ ਲਾਲਾ ਜੀ ਆਏ। ਦੋ ਬੀਬੀਆਂ ਅਤੇ ਤਿੰਨ ਕਮੇਟੀ ਮੈਂਬਰਾਂ ਨੂੰ ਲਿਖਤੀ ਹੁਕਮ ਕਿ ਦਸ ਤੋਂ ਪੰਦਰਾਂ ਵਧੀਆ ਰੁਮਾਲਾ ਸਾਹਿਬ ਰੱਖਣੇ ਤੇ ਬਾਕੀ ਸਾਰੇ ਵੇਚ ਕੇ ਪ੍ਰਾਪਤ ਕੀਤੇ ਪੈਸਿਆਂ ਦੀ ਰਸੀਦ ਕੱਟਣੀ। ਤਿੰਨ ਹਜ਼ਾਰ ਰੁਪਈਏ ਗੁਰਦੁਆਰੇ ਦੇ ਖਾਤੇ ਵਿਚ ਆਏ ਸਨ। ਉਸ ਤੋਂ ਬਾਅਦ ਇਹੀ ਕੋਸ਼ਿਸ਼ ਕਿ ਭੋਗ ਮੌਕੇ ਜ਼ਰੂਰੀ ਵਸਤੂ ਜਾਂ ਮਾਇਆ ਦਿੱਤੀ ਜਾਵੇ। ਸੰਨ 2023 ਵਿਚ ਦਸਮੇਸ਼ ਗੁਰੂ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਭਾਤ ਫੇਰੀਆਂ ਵੇਲੇ ਗ੍ਰੰਥੀ ਸਿੰਘ ਅਤੇ ਕਮੇਟੀ ਵਲੋਂ ਸੰਗਤਾਂ ਨੂੰ ਦੱਸਣਾ ਕਿ ਰੁਮਾਲਾ ਸਾਹਿਬ ਦੀ ਜ਼ਰੂਰਤ ਨਹੀਂ ਹੈ। ਸੱਚ ਜਾਣੋਂ 80% ਸੰਗਤਾਂ ਨੇ ਮਾਇਆ ਅਰਦਾਸ ਕਰਵਾਈ। 8 ਅਕਤੂਬਰ 2024 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਰੁਮਾਲਿਆਂ ਬਾਰੇ ਸੰਦੇਸ਼ ਜਾਰੀ ਕੀਤਾ ਹੈ। ਵੈਸੇ ਮਰਯਾਦਾ ਵਿਚ ਲਿਖਿਆ ਤਾਂ ਹੈ, ਲੋੜ ਅਨੁਸਾਰ ਰੁਮਾਲ, ਚੌਰ, ਚਾਨਣੀ ਆਦਿ ਭੇਟਾ ਅਤੇ ਵਿੱਤ ਮੁਤਾਬਕ ਮਾਇਆ। ਅਰਦਾਸ ਬਾਰੇ ਸਾਡੇ ਬਜ਼ੁਰਗਾਂ ਨੇ ਸੰਨ 1936 ਵਿਚ ਸਾਨੂੰ ਸਮਝਾਇਆ ਪਰ ਅਸੀਂ ਨਹੀਂ ਸਮਝੇ। ਇਸ ਤਰ੍ਹਾਂ ਲੱਗਦਾ ਜਿਵੇਂ ਬਾਬਿਆਂ ਨੇ ਗੁਰਬਾਣੀ ਦੀ ਤੁਕ, ਪ੍ਰੇਮ ਪਟੋਲਾ ਤੈ ਸਹਿ ਦਿੱਤਾ ਢਕਣ ਕੂ ਪਤਿ ਮੇਰੀ॥ ਦਾ ਗਲਤ ਪ੍ਰਚਾਰ ਕਰਨ ਤੇ ਰੁਮਾਲੇ ਭੇਟ ਕਰਨ ਦਾ ਅੰਧਵਿਸ਼ਵਾਸ ਫੈਲਾਇਆ।
(12) ਸਫ਼ਾ 19 ਗੁਰਦੁਆਰੇ ਦਾ ਪ੍ਰੋਗਰਾਮ: ਇਸ ਵਿਚ ਜਾਂ ਸਿੱਖ ਰਹਿਤ ਮਰਯਾਦਾ ਵਿਚ ਕਿਤੇ ਵੀ ਢਾਡੀ ਜਥੇ ਅਤੇ ਕਵੀਸ਼ਰੀ ਜਥੇ ਬਾਰੇ ਜ਼ਿਕਰ ਨਹੀਂ ਹੈ ।
(13) ਸਫ਼ਾ 19,20,21 ਗੁਰਮਤਿ ਦੀ ਰਹਿਣੀ: 95% ਸਿੱਖ ਇਸ ਵਿਚ ਸੋਧੇ ਹੋਏ ਅਸੂਲਾਂ ਨੂੰ ਨਹੀਂ ਮੰਨਦੇ, ਜੇਕਰ ਮੰਨ ਲੈਣ ਤਾਂ ਪੂਰਨ ਗੁਰਸਿੱਖ ਬਣ ਜਾਣਗੇ। ਸਫ਼ਾ 20 (ਖ) ਗੁਰਮੁਖੀ ਵਿਦਿਆ ਪੜ੍ਹਨੀ: ਅੰਗਰੇਜ਼ਾਂ ਵੇਲੇ ਸਰਕਾਰੀ ਸਕੂਲਾਂ ਕਾਲਜਾਂ ਵਿਚ ਉਰਦੂ ਅਤੇ ਅੰਗਰੇਜ਼ੀ ਭਾਸ਼ਾ ਸੀ। ਗੁਰਮੁਖੀ ਗੁਰਦੁਆਰਿਆਂ, ਖ਼ਾਲਸਾ ਸਕੂਲਾਂ ਅਤੇ ਕਾਲਜ ਵਿਚ ਪੜ੍ਹਦੇ ਸਨ, ਸਨਾਤਨ ਮੱਤ ਦੇ ਸਕੂਲ ਤੇ ਕਾਲਜਾਂ ਵਿਚ ਹਿੰਦੀ ਅਤੇ ਸੰਸਕ੍ਰਿਤ ਪੜ੍ਹਾਈ ਜਾਂਦੀ ਸੀ। ਕੋਈ ਵੀ ਸਿੱਖ 1947 ਵੇਲੇ ਪੰਜਾਬ ਦੀ ਵੰਡ ਨਹੀਂ ਸੀ ਚਾਹੁੰਦਾ ਜੋ ਵੰਡ ਹੋਈ ਇਸ ਪਿੱਛੇ ਕੱਟੜ ਆਰੀਆ ਸਮਾਜ ਅਤੇ ਰਾਸ਼ਟਰੀਆ ਸਵੈਮਸੇਵਕ ਸੰਘઠ(RSS) ਸੀ। ਆਜ਼ਾਦੀ ਤੋਂ ਬਾਅਦ ਦੇਸ਼ ਵਾਸਤੇ ਯੁੱਧ ਲੜੇ (1962 ਦੀ ਜੰਗ ਵੇਲੇ ਪੰਜਾਬ ਨੇ ਸੋਨੇ, ਪੈਸੇ-ਧੇਲੇ ਨਾਲ ਦੇਸ਼ ਦਾ ਭੰਡਾਰ ਭਰਿਆ ਜੋ ਦੇਸ਼ ਦੇ ਸਾਰੇ ਸੂਬਿਆਂ ਦੇ ਜੋੜ ਦੇ ਕਰੀਬ ਸੀ), ਹਰੀ ਕ੍ਰਾਂਤੀ ਨਾਲ ਦੇਸ਼ ਨੂੰ ਭੁੱਖਮਰੀ ਤੋਂ ਬਚਾਇਆ, ਅਨਾਜ ਦੇ ਭੰਡਾਰ ਭਰੇ ਅਤੇ ਖੇਡਾਂ ਵਿਚ ਵੀ ਮੋਹਰੀ ਰਹੇ। ਆਰੀਆ ਸਮਾਜੀ ਬੋਲਦੇ ਪੰਜਾਬੀ ਹਨ ਅਤੇ ਜਨਗਣਨਾ ਵੇਲੇ ਮਾਤ ਭਾਸ਼ਾ ਲਿਖਾਉਂਦੇ ਹਿੰਦੀ ਹਨ, ਸਕੂਲਾਂ ਵਿਚ ਵੀ ਹਿੰਦੀ ਅਤੇ ਸੰਸਕ੍ਰਿਤ ਨੂੰ ਪਹਿਲ ਦਿੰਦੇ। ਮਾਤ ਭਾਸ਼ਾ ਦੇ ਝਗੜੇ ਨੇ ਪੰਜਾਬ ਨੂੰ 1966 ਵਿਚ ਫਿਰ ਚਾਰ ਹਿੱਸਿਆਂ ਵਿਚ ਵੰਡ ਦਿੱਤਾ। ਸਿੱਖ ਕਈ ਸਿਆਸੀ ਪਾਰਟੀਆਂ, ਧੜਿਆਂ ਅਤੇ ਡੇਰਾਵਾਦ ਆਦਿ ਵਿਚ ਵੰਡੇ ਹੋਏ ਹਨ। ਸੰਨ 2004 ਵਿਚ ਅਜੀਤ ਅਖ਼ਬਾਰ ਵਿਚ ਇੱਕ ਬੁੱਧੀਜੀਵੀ ਦਾ ਲੇਖ ਪੜ੍ਹਿਆ ਸੀ ਕਿ ਆਂਧਰਾ ਜਾਂ ਕਰਨਾਟਕਾ ਸੂਬੇ ਦੇ ਸਾਰੇ ਸਕੂਲਾਂ ਵਿਚ ਚਾਹੇ ਕੇਂਦਰੀ ਵਿਦਿਆਲੇ ਜਾਂ ਆਰਮੀ ਸਕੂਲ ਹੋਣ ਨੂੰ ਸੂਬੇ ਦੀ ਮੁੱਖ ਭਾਸ਼ਾ ਲਾਜ਼ਮੀ ਪੜ੍ਹਾਉਣੀ ਪਵੇਗੀ। ਪੰਜਾਬ ਨੂੰ ਹੋਸ਼ ਆਈ ਸੰਨ 2008 ਵਿਚ। ਪੰਜਾਬ ਨੇ ਵੀ ਕਾਨੂੰਨ ਬਣਾਇਆ, ਪੰਜਾਬੀ ਲਾਗੂ ਤਾਂ ਹੈ ਪਰ ਅੰਸ਼ਕ ਰੂਪ ਵਿਚ। ਪਹਿਲਾਂ ਸਾਡੇ ਪੰਜਾਬ ਦੇ ਫ਼ੌਜੀਆਂ ਦੇ ਬੱਚੇ ਵੀ ਪੰਜਾਬ ਵਿਚ ਹਿੰਦੀ ਤੇ ਸੰਸਕ੍ਰਿਤ ਪੜ੍ਹਦੇ ਰਹੇ ਸਨ।
(14) ਸਫ਼ਾ 21 ਜਨਮ ਤੇ ਨਾਮ ਸੰਸਕਾਰ:ਜਨਮ ਤੇ ਸੂਤਕ-ਪਾਤਕ ‘ਚੋਂ ਕੱਢਣ ਲਈ ਹੋਰ ਪ੍ਰਚਾਰ ਕਰਨ ਦੀ ਜ਼ਰੂਰਤ ਹੈ। ਸਫ਼ਾ 22,23,24 ਅਨੰਦ ਸੰਸਕਾਰ 70-80% ਠੀਕ ਹੈ। ਸੰਨ 1936 ਤੋਂ ਹੁਣ ਤਕ ਬਹੁਤ ਕੁੱਝ ਬਦਲ ਚੁੱਕਾ ਹੈ। ਗੁਰੂ ਗ੍ਰੰਥ ਸਾਹਿਬ ਹੋਟਲਾਂ, ਮੈਰਿਜ ਪੈਲਸਾਂ ਵਿਚ ਨਹੀਂ ਜਾਵੇਗਾ ਦਾ ਹੁਕਮ ਦਰਜ ਕਰਨ ਦੀ ਲੋੜ ਹੈ।
(15) ਸਫ਼ਾ 26 ਮ੍ਰਿਤਕ ਸੰਸਕਾਰ (ਖ):ਪਹਿਰਾ
(ਕ) ਤੱਕ ਤਕਰੀਬਨ ਠੀਕ ਹੈ ਮਾਮੂਲੀ ਸੋਧ ਦੀ ਜ਼ਰੂਰਤ ਹੈ। ਪਹਿਰਾ
(ਖ) ਜਿਥੇ 5 ਤੋਂ 10% ਸੁਧਾਰ ਹੋਇਆ ਓਥੇ 90 ਤੋਂ 95% ਸੁਧਾਰ ਤਾਂ ਕੀ ਹੋਣਾ ਸੀ ਉਲਟਾ ਵਾਧਾ ਹੋਇਆ ਹੈ? ਬਿਲਕੁਲ ਸਾਫ਼ ਲਿਖਿਆ ਹੈ ਅੰਗੀਠੇ ਵਿਚੋਂ ਫੁੱਲ ਚੁਗ ਕੇ ਗੰਗਾ, ਪਾਤਾਲਪੁਰੀ, ਕਰਤਾਰਪੁਰ ਸਾਹਿਬ ਆਦਿਕ ਥਾਂਵਾਂ ਵਿਚ ਜਾ ਕੇ ਪਾਉਣੇ ਮਨਮਤ ਹੈ॥ ਇਹ ਮਰਯਾਦਾ ਬਣੀ ਹੈ ਸੰਨ 1936 ਦੀ, ਗੰਗਾ ਤੋਂ ਮਤਲਬ ਗੰਗਾ ਨਦੀ ਹਰਿਦੁਆਰ ਆਦਿ, ਪਾਤਾਲਪੁਰੀ ਦਾ ਮਤਲਬ ਹੈ ਕੀਰਤਪੁਰ ਸਾਹਿਬ ਸਤਲੁਜ ਨਦੀ ਅਤੇ ਕਰਤਾਰਪੁਰ ਸਾਹਿਬ ਦਾ ਮਤਲਬ ਹੈ ਦਰਿਆ ਰਾਵੀ ਦੇ ਕੰਢੇ ਪਾਕਿਸਤਾਨ ਬਾਬੇ ਨਾਨਕ ਦਾ ਕਰਤਾਰਪੁਰ ਸਾਹਿਬ। ਅੰਗਰੇਜ਼ਾਂ ਨੇ ਦਸ ਲਾਹੌਰ ਸ਼ਹਿਰ ਤੋਂ ਹਰਿਦੁਆਰ ਪੈਸੰਜਰ ਗੱਡੀ ਦੇਹਰਾਦੂਨ ਤਕ ਚਲਾਈ ਸੀ। ਜਿਸ ਨੂੰ ਕਹਿੰਦੇ ਸਨ ਫੁੱਲਾਂ ਵਾਲੀ ਗੱਡੀ, ਜੋ ਅੱਜ ਵੀ ਅੰਮ੍ਰਿਤਸਰ ਤੋਂ ਚੱਲਦੀ ਹੈ। ਹਰਿ ਕੀ ਪਉੜੀ ਦੇ ਪਾਂਡਿਆਂ ਨੇ ਸਿੱਖਾਂ ਦੇ ਵੀ ਗੋਤਾਂ ਮੁਤਾਬਕ ਵਹੀ-ਖਾਤਾ ਸਾਂਭਿਆ ਹੈ। ਦਸ-ਪੰਦਰਾਂ ਸਾਲ ਦੀ ਉਮਰ ਤੱਕ ਪਿੰਡਾਂ ਵਿਚੋਂ ਬਜ਼ੁਰਗਾਂ ਦੇ ਫੁੱਲ ਹਰਿਦੁਆਰ ਜਾ ਕੇ ਪਾਉਣ ਦਾ ਗਵਾਹ ਹਾਂ। ਅਸਾਂ ਨੇ ਗੰਗਾ, ਰਾਵੀ, ਸਤਿਲੁਜ ਦਰਿਆਵਾਂ ਆਦਿ ਵਿਚ ਫੁੱਲ ਪਾਉਣ ਤੋਂ ਰੋਕਣ ਦੀ ਬਜਾਏ ਬਿਆਸ ਦਰਿਆ, ਗੋਇੰਦਵਾਲ ਸਾਹਿਬ ਇੱਕ ਹੋਰ ਫੁੱਲ ਪਾਉਣ ਦਾ ਤੀਰਥ ਬਣਾ ਲਿਆ ਹੈ। ਸਵਾਲ ਪੈਦਾ ਹੁੰਦਾ, ਕੌਣ ਜ਼ਿੰਮੇਵਾਰ ਹੈ? ਧਰਮ ਪ੍ਰਚਾਰ ਕਮੇਟੀਆਂ, ਪ੍ਰਬੰਧਕ ਕਮੇਟੀਆਂ, ਸਿੱਖ ਜਥੇਬੰਦੀਆਂ, ਡੇਰਾਵਾਦ ਜਾਂ ਅਕਾਲ ਤਖਤ ਸਾਹਿਬ ਉੱਪਰ ਬੈਠੇ ਅਹੁਦੇਦਾਰ?
(16) ਸਫ਼ਾ 29 ਮੂਲ ਮੰਤ੍ਰ: ਬਿਲਕੁਲ ਸਹੀ ਮੂਲ ਮੰਤਰ ਲਿਖਿਆ ਹੈ, ਮਹਾਨ ਸਿੱਖ ਵਿਦਵਾਨ ਗਿਆਨੀ ਸੰਤ ਸਿੰਘ ਜੀ ਮਸਕੀਨ ਵੀ ਇਸੇ ਮੂਲ ਮੰਤਰ ਦੀ ਵਿਆਖਿਆ ਕਰਦੇ ਸਨ। ਫਿਰ ਕਿਉਂ ਕੁੱਝ ਸੰਸਥਾਵਾਂ ਵੱਲੋਂ ਨਾਨਕ ਹੋਸੀ ਭੀ ਸਚੁ॥ ਤੱਕ ਦੇ ਮੂਲ ਮੰਤਰ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ? ਕੌਣ ਰੋਕੇਗਾ?
(17) ਸਫ਼ਾ 9 ਸਿੱਖ ਦੀ ਤਾਰੀਫ ਅਤੇ ਸਫ਼ਾ 30 ਦੀ ਅੱਠਵੀਂ ਸਤਰ ਸ਼ਬਦ ਹੈ, ਦਸ ਗੁਰੂ ਸਾਹਿਬਾਨ ਦੀ ਬਾਣੀ। ਜਦ ਕਿ ਛੇ ਗੁਰੂਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦਸਮ ਗ੍ਰੰਥ ਵਿਚ ਦਰਜ ਹੈ। ਤਿੰਨ ਗੁਰੂ ਸਾਹਿਬਾਨਾਂ ਦੀ ਬਾਣੀ ਕਿਥੇ ਹੈ, ਇਸ ਸਵਾਲ ਤੋਂ ਬਚਣ ਲਈ ਸੋਧ ਕੀਤੀ ਜਾਵੇ ਜੀ।
(18) ਸਫ਼ਾ 31 ਤਨਖ਼ਾਹ ਲਾਉਣ ਦੀ ਵਿਧੀ: ਪੈਹਰਾ (ੳ) ਵਿਚ ਸੋਧ ਕਰਨ ਦੀ ਜ਼ਰੂਰਤ ਹੈ। ਕਾਫ਼ੀ ਸਮੇਂ ਤੋਂ ਗੁਰ ਸੰਗਤਾਂ ਪ੍ਰਬੰਧਕ ਕਮੇਟੀਆਂ ਚੁਣਦੀਆਂ ਹਨ, ਸ਼ਿਕਾਇਤ ਮਿਲਦੇ ਹੀ ਕਮੇਟੀ ਪੰਜ ਪਿਆਰਿਆਂ ਨੂੰ ਨਿਯੁਕਤ ਕਰਦੀ ਹੈ ਅਤੇ ਲਾਈ ਤਨਖਾਹ ਦਾ ਵੇਰਵਾ ਗੁਰ ਸੰਗਤ ਨੂੰ ਦਸਿਆ ਜਾਂਦਾ ਹੈ।
ઠਕੁਝ ਵਿਚਾਰ:
ઠ(1) ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਜੁਗਿੰਦਰ ਸਿੰਘ ਵੇਦਾਂਤੀ ਜੀ ਨੇ ਸਿੱਖ ਕੌਮ ਨੂੰ ਕਈ ਸੰਦੇਸ਼ ਦਿੱਤੇ ਜਿਵੇਂ ਜਿਨ੍ਹਾਂ ਵਿਚ ਆਰ.ਐਸ.ਐਸ., ਜਥੇਦਾਰ ਦੀ ਨਿਯੁਕਤੀ ਅਤੇ ਨਾਨਕ ਸ਼ਾਹੀ ਕੈਲੰਡਰ ਬਾਰੇ ਸੰਦੇਸ਼ ਸ਼ਾਮਲ ਹਨ। ਸੰਨ 2003 ਵਿਚ ਸੰਦੇਸ਼ ਦਿੱਤਾ ਕਿ ਅਕਾਲ ਤਖ਼ਤ ਸਾਹਿਬ ਕੇਵਲ ਸਿੱਖਾਂ ਦੇ ਕੌਮੀ ਮਸਲਿਆਂ ਬਾਰੇ ਵਿਚਾਰ ਕਰਨ। ਕੌਣ ਗ਼ੌਰ ਕਰੇਗਾ?
(2) ਪਹਿਲਾਂ ਸਾਡੇ ਚਾਰ ਤਖ਼ਤ ਸਨ, ਕਿਸੇ ਬੁੱਧੀਮਾਨ ਸਿੱਖ ਨੇ ਪੰਜ ਤਖ਼ਤ ਸਾਹਿਬ ਦਾ ਨਾਮਕਰਣ ਕਰਵਾ ਦਿੱਤਾ ਤਾਂ ਕਿ ਸਿੱਖ ਬਹੁ-ਸੰਮਤੀ ਨਾਲ ਆਪਣੀ ਕੌਮ ਦੇ ਇਤਿਹਾਸਕ ਫ਼ੈਸਲੇ ਲੈ ਸਕਣ। ਸਿਆਸੀ ਆਗੂਆਂ ਨੇ ਸਾਡੇ ਜਥੇਦਾਰ ਸਾਹਿਬਾਨ ਨੂੰ ਇੱਕਸੁਰ ਨਹੀਂ ਹੋਣ ਦਿੱਤਾ।
(3) ਅਕਾਲ ਤਖ਼ਤ ਸਾਹਿਬ ਉੱਪਰ ਬੈਠੇ ਸਾਹਿਬਾਨ ਦਾ ਫਰਜ਼ ਹੈ ਸਿੱਖ ਰਹਿਤ ਮਰਯਾਦਾ ਨੂੰ ਮੰਨਣਾ ਅਤੇ ਕੌਮ ਨੂੰ ਮਨਵਾਉਣਾ। ਰਹਿਤ ਮੁਤਾਬਕ ਦਾਹੜਾ ਰੰਗਣ ਵਾਲਾ ਤਨਖ਼ਾਹੀਆ ਹੈ। ਪਿਛਲੇ ਡੇਢ ਸਾਲ ਤੋਂ ਦਾਸ ਵੀ ਕਈ ਵਾਰ ਅਕਾਲ ਤਖ਼ਤ ਦੇ ਅਹੁਦੇਦਾਰਾਂ ਨੂੰ ਮਿਲ ਚੁੱਕਾ ਹੈ ਸਭ ਠੀਕ ਨਹੀਂ ਹੈ। ਗੁਰਬਾਣੀ ਕਹਿੰਦੀ ਹੈ।
ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠੱਗ ॥੧॥ ਅੰਗ 476
ਕਿਤੇ ਸਿੱਖਾਂ ‘ਤੇ ਵੀ ਲਾਗੂ ਨਾ ਹੋ ਜਾਵੇ? ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਨੂੰ ਬੇਨਤੀ ਹੈ ਕਿ ਪੰਜਾਬ ਵਾਲੀਆਂ ਧੜੇਬੰਦੀਆਂ ਵਿਚੋਂ ਬਾਹਰ ਨਿਕਲ ਕੇ ਗੁਰੂ ਘਰਾਂ ਦੀਆਂ ਨਾਂਹ ਪੱਖੀ ਗੱਲਾਂ ਦਾ ਕਿਸੇ ਤਰ੍ਹਾਂ ਦਾ ਵੀ ਪ੍ਰਚਾਰ ਨਾ ਕਰਨ। ਬੇਲੋੜੀਆਂ ਰਹਿਤ ਮਰਯਾਦਾ ਦੇ ਉਲਟ ਅਕਾਲ ਤਖ਼ਤ ਸਾਹਿਬ ਨੂੰ ਅਪੀਲਾਂ ਕਰੋਗੇ ਤਾਂ ਸਮਝੋ ਆਪ ਪੈਸੇ ਅਤੇ ਵਕਤ ਦੀ ਬਰਬਾਦੀ ਕਰ ਰਹੇ ਹੋ ਜੀ।

