Tuesday, April 14, 2026

ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ਉੱਤੇ ਹਮਲੇ ਤੇਜ਼, ਜੰਗ ਦਾ ਦੂਜਾ ਮਹੀਨਾ ਸ਼ੁਰੂ

ਸਰੀ, (ਦਿਵਰੂਪ ਕੌਰ): ਮੱਧ ਪੂਰਬ ਵਿੱਚ ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੀ ਜੰਗ ਹੁਣ ਆਪਣੇ ਦੂਜੇ ਮਹੀਨੇ ਵਿੱਚ ਦਾਖਲ ਹੋ ਗਈ ਹੈ। ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ਖਿਲਾਫ ਸ਼ੁਰੂ ਕੀਤੀ ਗਈ ਇਸ ਫੌਜੀ ਕਾਰਵਾਈ ਨੂੰ ਲਗਭਗ 35 ਦਿਨ ਬੀਤ ਚੁੱਕੇ ਹਨ। ਇਸ ਲੜਾਈ ਕਾਰਨ ਖਾੜੀ ਦੇਸ਼ਾਂ ਦੀ ਸੁਰੱਖਿਆ ਨੂੰ ਵੱਡਾ ਖਤਰਾ ਪੈਦਾ ਹੋ ਗਿਆ ਹੈ ਅਤੇ ਇਹ ਟਕਰਾਅ ਮੱਧ ਪੂਰਬ ਦੇ ਹੋਰ ਹਿੱਸਿਆਂ ਵਿੱਚ ਵੀ ਤੇਜ਼ੀ ਨਾਲ ਫੈਲ ਰਿਹਾ ਹੈ।
1 ਅਪ੍ਰੈਲ ਨੂੰ ਇਰਾਨ ਦੇ ਸਾਬਕਾ ਵਿਦੇਸ਼ ਮੰਤਰੀ ਕਮਾਲ ਖ਼ੱਰਾਜ਼ੀ ਦੇ ਘਰ ‘ਤੇ ਹਵਾਈ ਹਮਲੇ ਵਿੱਚ ਉਨ੍ਹਾਂ ਦੀ ਪਤਨੀ ਮਾਰੀ ਗਈ ਅਤੇ ਉਹ ਖ਼ੁਦ ਜ਼ਖ਼ਮੀ ਹੋਏ। ਖ਼ੱਰਾਜ਼ੀ ਪਾਕਿਸਤਾਨ ਰਾਹੀਂ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਨਾਲ ਸੰਭਾਵਿਤ ਮੁਲਾਕਾਤ ਲਈ ਕੂਟਨੀਤੀ ਦੀ ਅਗਵਾਈ ਕਰ ਰਹੇ ਸਨ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਰਾਸ਼ਟਰੀ ਸੰਬੋਧਨ ਵਿੱਚ ਸਪੱਸ਼ਟ ਕੀਤਾ ਹੈ ਕਿ ਅਮਰੀਕਾ ਈਰਾਨ ਖਿਲਾਫ ਆਪਣੀ ਕਾਰਵਾਈ ਨੂੰ ਹੋਰ ਸਖ਼ਤ ਕਰੇਗਾ। ਟਰੰਪ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਮੁੱਖ ਰਣਨੀਤਕ ਟੀਚੇ ਪੂਰੇ ਹੋਣ ਵਾਲੇ ਹਨ ਅਤੇ ਆਉਣ ਵਾਲੇ ਦੋ ਤੋਂ ਤਿੰਨ ਹਫ਼ਤਿਆਂ ਵਿੱਚ ਫੌਜੀ ਕਾਰਵਾਈਆਂ ਨੂੰ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਈਰਾਨ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਅਮਰੀਕੀ ਫੌਜਾਂ ਉਨ੍ਹਾਂ ਨੂੰ ਪੱਥਰ ਯੁੱਗ ਵਿੱਚ ਵਾਪਸ ਭੇਜ ਦੇਣਗੀਆਂ।
ਦੂਜੇ ਪਾਸੇ ਮਾਹਿਰਾਂ ਅਨੁਸਾਰ, ਟਰੰਪ ਦੇ 20 ਮਿੰਟ ਦੇ ਭਾਸ਼ਣ ਵਿੱਚ ਕੁਝ ਵੀ ਨਵਾਂ ਨਹੀਂ ਸੀ। ਇੱਕ ਤਾਜ਼ਾ YouGov ਸਰਵੇ ਅਨੁਸਾਰ ਸਿਰਫ਼ 28% ਅਮਰੀਕੀ ਇਸ ਜੰਗ ਦੇ ਹੱਕ ਵਿੱਚ ਹਨ। ਮਾਰਚ ਦੀ ਸ਼ੁਰੂਆਤ ਵਿੱਚ 76% ਰਿਪਬਲਿਕਨ ਸਮਰਥਨ ਵਿੱਚੋਂ ਭਾਰੀ ਗਿਰਾਵਟ ਆਈ ਹੈ।
ਅਮਰੀਕਾ ਅਤੇ ਇਜ਼ਰਾਇਲ ਨੇ ਹਮਲੇ ਤੇਜ਼ ਕਰਦਿਆਂ ਤਹਿਰਾਨ ਵਿੱਚ ਇੱਕ ਸੌ ਸਾਲ ਪੁਰਾਣੇ ਮੈਡੀਕਲ ਖੋਜ ਕੇਂਦਰ, ਰਾਜਧਾਨੀ ਨੇੜੇ ਇੱਕ ਪੁਲ ਅਤੇ ਸਟੀਲ ਫੈਕਟਰੀਆਂ ਨੂੰ ਨਿਸ਼ਾਨਾ ਬਣਾਇਆ।ਇਰਾਨ ਨੇ ਅੱਧੀ ਰਾਤ ਤੋਂ ਬਾਅਦ ਇਜ਼ਰਾਇਲ ਵੱਲ ਮਿਜ਼ਾਈਲਾਂ ਦੇ 4 ਵੱਖ-ਵੱਖ ਦੌਰ ਦਾਗ਼ੇ, ਜਿਨ੍ਹਾਂ ਵਿੱਚੋਂ ਕੁਝ ਕਲੱਸਟਰ ਹਥਿਆਰਾਂ ਨਾਲ ਲੈਸ ਸਨ। ਇਜ਼ਰਾਇਲ ਦੇ ਬਨੇਈ ਬ੍ਰਾਕ ਸ਼ਹਿਰ ਵਿੱਚ 4 ਲੋਕ ਜ਼ਖ਼ਮੀ ਹੋਏ ਜਿਨ੍ਹਾਂ ਵਿੱਚ 2 ਬੱਚੇ ਵੀ ਸ਼ਾਮਲ ਹਨ।ਸਯੁਕਤ ਅਰਬ ਅਮੀਰਾਤ ਨੇ 1 ਅਪ੍ਰੈਲ ਨੂੰ ਇਰਾਨ ਵੱਲੋਂ ਦਾਗ਼ੀਆਂ 5 ਬੈਲਿਸਟਿਕ ਮਿਜ਼ਾਈਲਾਂ ਅਤੇ 35 ਡਰੋਨਾਂ ਨੂੰ ਰੋਕਿਆ। ਜੰਗ ਦੀ ਸ਼ੁਰੂਆਤ ਤੋਂ ਲੈ ਕੇ UAE ਨੇ ਕੁੱਲ 438 ਬੈਲਿਸਟਿਕ ਮਿਜ਼ਾਈਲਾਂ, 19 ਕਰੂਜ਼ ਮਿਜ਼ਾਈਲਾਂ ਅਤੇ 2,012 ਡਰੋਨ ਰੋਕੇ ਹਨ।
ਇਸ ਜੰਗ ਦਾ ਸਭ ਤੋਂ ਵੱਡਾ ਅਸਰ ਆਲਮੀ ਆਰਥਿਕਤਾ ਅਤੇ ਊਰਜਾ ਖੇਤਰ ਉੱਤੇ ਪੈ ਰਿਹਾ ਹੈ। ਈਰਾਨ ਵੱਲੋਂ ਹਾਰਮੁਜ਼ ਜਲਡਮਰੂ ਨੂੰ ਬੰਦ ਕੀਤੇ ਜਾਣ ਕਾਰਨ ਅੰਤਰਰਾਸ਼ਟਰੀ ਪੱਧਰ ਉੱਤੇ ਤੇਲ ਅਤੇ ਗੈਸ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਸਪਲਾਈ ਰੁਕਣ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਬ੍ਰੈਂਟ ਕਰੂਡ ਦੀ ਕੀਮਤ ਇੱਕ ਸੌ ਛੇ ਡਾਲਰ ਪ੍ਰਤੀ ਬੈਰਲ ਤੋਂ ਪਾਰ ਹੋ ਗਈ ਹੈ। ਅਮਰੀਕਾ ਵਿੱਚ ਵੀ ਪੈਟਰੋਲ ਦੀਆਂ ਕੀਮਤਾਂ ਚਾਰ ਡਾਲਰ ਪ੍ਰਤੀ ਗੈਲਨ ਦੇ ਅੰਕੜੇ ਨੂੰ ਪਾਰ ਕਰ ਗਈਆਂ ਹਨ ਜਿਸ ਨਾਲ ਆਮ ਲੋਕਾਂ ਉੱਤੇ ਮਹਿੰਗਾਈ ਦਾ ਭਾਰੀ ਬੋਝ ਪੈ ਰਿਹਾ ਹੈ। ਤੇਲ ਦੀਆਂ ਅਸਮਾਨ ਛੂਹਦੀਆਂ ਕੀਮਤਾਂ ਨੇ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ਵਿੱਚ ਵੀ ਵੱਡੀ ਗਿਰਾਵਟ ਲਿਆਂਦੀ ਹੈ।
ਬ੍ਰੈਂਟ ਕੱਚੇ ਤੇਲ ਦੀ ਕੀਮਤ 109 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ, ਜੋ 28 ਫ਼ਰਵਰੀ ਦੀ ਜੰਗ ਸ਼ੁਰੂਆਤ ਨਾਲੋਂ ਲਗਭਗ 50% ਜ਼ਿਆਦਾ ਹੈ। ਲਗਭਗ 2,000 ਜਹਾਜ਼ ਖਾੜੀ ਅੰਦਰ ਫਸੇ ਹੋਏ ਹਨ।
ਫਰਾਂਸ ਦੇ ਰਾਸ਼ਟਰਪਤੀ ਮੈਕਰੌਂ ਨੇ ਕਿਹਾ ਕਿ ਟਰੰਪ ਦੀ ਤਾਕਤ ਨਾਲ ਜਲਡਮਰੂ ਖੋਲ੍ਹਣ ਦੀ ਅਪੀਲ “ਅਵਾਸਤਵਿਕ” ਹੈ। ਯੂਰਪ ਨੇ ਇਸ ਮੰਗ ਨੂੰ ਰੱਦ ਕਰ ਦਿੱਤਾ। ਪਾਕਿਸਤਾਨ ਨੇ ਵਿਸ਼ਵ ਊਰਜਾ ਸੰਕਟ ਕਾਰਨ ਪੈਟਰੋਲ ਦੀਆਂ ਕੀਮਤਾਂ 42.7% ਅਤੇ ਡੀਜ਼ਲ 54.9% ਵਧਾ ਦਿੱਤੀਆਂ ਹਨ। ਇਰਾਨੀ ਵਿਦੇਸ਼ ਮੰਤਰੀ ਅਬਾਸ ਅਰਾਘਚੀ ਨੇ ਕਿਹਾ ਕਿ ਅਮਰੀਕਾ ਤੋਂ ਸੁਨੇਹੇ ਤਾਂ ਮਿਲੇ ਹਨ, ਪਰ ਕਿਸੇ ਵੀ ਸੰਭਾਵਿਤ ਗੱਲਬਾਤ ਲਈ ਭਰੋਸਾ “ਜ਼ੀਰੋ” ਹੈ। ਸੰਯੁਕਤ ਰਾਸ਼ਟਰ ਦੇ ਮਹਾਸਕੱਤਰ ਐਂਟੋਨੀਓ ਗੁਟੇਰੇਸ ਨੇ ਚੇਤਾਵਨੀ ਦਿੱਤੀ ਕਿ ਇਹ ਸੰਘਰਸ਼ ਹੋਰ ਵੱਡੀ ਜੰਗ ਵਿੱਚ ਬਦਲ ਸਕਦਾ ਹੈ ਅਤੇ ਤੁਰੰਤ ਹਮਲੇ ਬੰਦ ਕਰਨ ਦੀ ਮੰਗ ਕੀਤੀ।
ਵਿਗੜਦੇ ਹਾਲਾਤ ਨੂੰ ਦੇਖਦਿਆਂ ਅੰਤਰਰਾਸ਼ਟਰੀ ਪੱਧਰ ਉੱਤੇ ਕੂਟਨੀਤਕ ਕੋਸ਼ਿਸ਼ਾਂ ਵੀ ਤੇਜ਼ ਹੋ ਗਈਆਂ ਹਨ। ਬਰਤਾਨੀਆ ਵੱਲੋਂ ਹਾਰਮੁਜ਼ ਜਲਡਮਰੂ ਨੂੰ ਮੁੜ ਖੋਲ੍ਹਣ ਲਈ ਕਈ ਦੇਸ਼ਾਂ ਦੀ ਇੱਕ ਸਾਂਝੀ ਬੈਠਕ ਬੁਲਾਈ ਗਈ ਹੈ ਜਿਸ ਵਿੱਚ ਅਮਰੀਕਾ ਸ਼ਾਮਲ ਨਹੀਂ ਹੋ ਰਿਹਾ। ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਵੀ ਇਨ੍ਹਾਂ ਗੱਲਬਾਤਾਂ ਵਿੱਚ ਹਿੱਸਾ ਲੈ ਰਹੇ ਹਨ। ਕੈਨੇਡਾ ਨੇ ਸਪੱਸ਼ਟ ਕੀਤਾ ਹੈ ਕਿ ਜੰਗਬੰਦੀ ਹੋਣ ਦੀ ਸੂਰਤ ਵਿੱਚ ਉਹ ਇਸ ਅਹਿਮ ਵਪਾਰਕ ਰਸਤੇ ਨੂੰ ਸੁਰੱਖਿਅਤ ਕਰਨ ਵਿੱਚ ਪੂਰਾ ਸਹਿਯੋਗ ਦੇਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਊਦੀ ਅਰਬ ਦਾ ਦੌਰਾ ਕਰਕੇ ਖੇਤਰ ਵਿੱਚ ਤਣਾਅ ਘਟਾਉਣ ਦੇ ਤਰੀਕਿਆਂ ਉੱਤੇ ਵੀ ਗੰਭੀਰ ਚਰਚਾ ਕੀਤੀ ਸੀ।
ਇਸ ਦੌਰਾਨ ਇਜ਼ਰਾਈਲ ਨੇ ਈਰਾਨ ਦੀ ਹਮਾਇਤ ਪ੍ਰਾਪਤ ਸੰਗਠਨ ਹਿਜ਼ਬੁੱਲਾ ਖਿਲਾਫ ਵੀ ਆਪਣਾ ਹਮਲਾ ਤੇਜ਼ ਕਰ ਦਿੱਤਾ ਹੈ। ਇਜ਼ਰਾਈਲੀ ਫੌਜਾਂ ਨੇ ਲਿਬਨਾਨ ਦੇ ਅੰਦਰ ਜ਼ਮੀਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਸਦਾ ਟੀਚਾ ਲਿਤਾਨੀ ਨਦੀ ਤੱਕ ਦੇ ਖੇਤਰ ਉੱਤੇ ਆਪਣਾ ਕੰਟਰੋਲ ਕਾਇਮ ਕਰਨਾ ਹੈ। ਇਸ ਕਾਰਵਾਈ ਕਾਰਨ ਲਿਬਨਾਨ ਵਿੱਚ ਬਾਰਾਂ ਲੱਖ ਤੋਂ ਵੱਧ ਲੋਕ ਬੇਘਰ ਹੋ ਚੁੱਕੇ ਹਨ। ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਉੱਤਰੀ ਇਜ਼ਰਾਈਲ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੋ ਜਾਂਦਾ ਉਦੋਂ ਤੱਕ ਲਿਬਨਾਨੀ ਨਾਗਰਿਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਵਾਪਸ ਨਹੀਂ ਆਉਣ ਦਿੱਤਾ ਜਾਵੇਗਾ। ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਜਲਦ ਹੀ ਕੋਈ ਠੋਸ ਹੱਲ ਨਾ ਕੱਢਿਆ ਗਿਆ ਤਾਂ ਇਹ ਟਕਰਾਅ ਇੱਕ ਵੱਡੀ ਵਿਸ਼ਵ ਪੱਧਰੀ ਜੰਗ ਦਾ ਰੂਪ ਧਾਰਨ ਕਰ ਸਕਦਾ ਹੈ।
ਵਿਸ਼ਵ ਬਾਜ਼ਾਰਾਂ ‘ਤੇ ਅਸਰ
ਟਰੰਪ ਦੇ ਭਾਸ਼ਣ ਤੋਂ ਬਾਅਦ ਡਾਓ ਫਿਊਚਰਜ਼ 670 ਅੰਕ ਡਿੱਗ ਗਏ, S&P ਫਿਊਚਰਜ਼ 1.6% ਅਤੇ ਨੈਸਡੈਕ 100 ਫਿਊਚਰਜ਼ 2.1% ਡਿੱਗੇ। S&P 500 ਨੇ ਸਤੰਬਰ 2022 ਤੋਂ ਬਾਅਦ ਸਭ ਤੋਂ ਮਾੜੀ ਤਿਮਾਹੀ ਪ੍ਰਦਰਸ਼ਨੀ ਕੀਤੀ। ਜੈੱਟ ਈਂਧਣ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ, ਜਿਸ ਕਾਰਨ ਵਿਸ਼ਵ ਭਰ ਵਿੱਚ ਹਵਾਈ ਯਾਤਰਾ ‘ਤੇ ਅਸਰ ਪੈ ਰਿਹਾ ਹੈ। UAE, ਬਹਿਰੀਨ, ਕੁਵੈਤ ਅਤੇ ਲਿਬਨਾਨ ਵਿੱਚ ਕੈਂਬ੍ਰਿਜ, Pearson Edexcel ਅਤੇ OxfordAQA ਨੇ ਮਈ-ਜੂਨ 2026 ਦੀਆਂ ਸਾਰੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ। ਵਿਦਿਆਰਥੀਆਂ ਦਾ ਮੁਲਾਂਕਣ ਪੋਰਟਫੋਲੀਓ ਆਧਾਰ ‘ਤੇ ਕੀਤਾ ਜਾਵੇਗਾ।

Popular