ਵਾਿਸ਼ੰਗਟਨ, (ਦਿਵਰੂਪ ਕੌਰ): ਮੱਧ ਪੂਰਬ ਵਿੱਚ ਚੱਲ ਰਹੇ ਈਰਾਨ ਯੁੱਧ ਦਾ ਸਿੱਧਾ ਅਸਰ ਹੁਣ ਅਮਰੀਕਾ ਦੇ ਆਮ ਨਾਗਰਿਕਾਂ ਦੀਆਂ ਜੇਬਾਂ ਉੱਤੇ ਪੈਣਾ ਸ਼ੁਰੂ ਹੋ ਗਿਆ ਹੈ। ਮੰਗਲਵਾਰ ਨੂੰ ਅਮਰੀਕਾ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਇਤਿਹਾਸਕ ਉਛਾਲ ਦੇਖਣ ਨੂੰ ਮਿਲਿਆ ਅਤੇ ਔਸਤ ਕੀਮਤ ਚਾਰ ਡਾਲਰ ਪ੍ਰਤੀ ਗੈਲਨ ਦੇ ਅੰਕੜੇ ਨੂੰ ਪਾਰ ਕਰ ਗਈ। ਸਾਲ ਦੋ ਹਜ਼ਾਰ ਬਾਈ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਪੈਟਰੋਲ ਦੀਆਂ ਕੀਮਤਾਂ ਇਸ ਪੱਧਰ ਤੱਕ ਪਹੁੰਚੀਆਂ ਹਨ। ਅਮਰੀਕਨ ਆਟੋਮੋਬਾਈਲ ਐਸੋਸੀਏਸ਼ਨ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਪੂਰੇ ਦੇਸ਼ ਵਿੱਚ ਪੈਟਰੋਲ ਦੀ ਔਸਤ ਕੀਮਤ ਹੁਣ ਚਾਰ ਡਾਲਰ ਦੋ ਸੈਂਟ ਹੋ ਗਈ ਹੈ, ਜੋ ਕਿ ਫਰਵਰੀ ਵਿੱਚ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਦੀਆਂ ਕੀਮਤਾਂ ਨਾਲੋਂ ਇੱਕ ਡਾਲਰ ਜ਼ਿਆਦਾ ਹੈ। ਮਾਹਰਾਂ ਅਨੁਸਾਰ ਇੱਕ ਮਹੀਨੇ ਦੇ ਅੰਦਰ ਕੀਮਤਾਂ ਵਿੱਚ ਆਇਆ ਇਹ ਵਾਧਾ ਹੁਣ ਤੱਕ ਦਾ ਸਭ ਤੋਂ ਵੱਡਾ ਉਛਾਲ ਹੈ।
ਇਸ ਤੋਂ ਪਹਿਲਾਂ ਰੂਸ ਅਤੇ ਯੂਕਰੇਨ ਵਿਚਕਾਰ ਸ਼ੁਰੂ ਹੋਈ ਜੰਗ ਦੌਰਾਨ ਹੀ ਲੋਕਾਂ ਨੂੰ ਇੰਨਾ ਮਹਿੰਗਾ ਤੇਲ ਖਰੀਦਣਾ ਪਿਆ ਸੀ। ਵੱਖ-ਵੱਖ ਸੂਬਿਆਂ ਦੇ ਟੈਕਸਾਂ ਕਾਰਨ ਕਈ ਥਾਵਾਂ ਉੱਤੇ ਤਾਂ ਕੀਮਤਾਂ ਇਸ ਤੋਂ ਵੀ ਕਿਤੇ ਵੱਧ ਹਨ।
ਜਦੋਂ ਤੋਂ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ਉੱਤੇ ਹਮਲੇ ਸ਼ੁਰੂ ਕੀਤੇ ਹਨ, ਕੱਚੇ ਤੇਲ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਮੱਧ ਪੂਰਬ ਦੇ ਵੱਡੇ ਤੇਲ ਉਤਪਾਦਕ ਦੇਸ਼ਾਂ ਵੱਲੋਂ ਸਪਲਾਈ ਵਿੱਚ ਕਟੌਤੀ ਕਰਨ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਸੌ ਡਾਲਰ ਪ੍ਰਤੀ ਬੈਰਲ ਤੋਂ ਵੀ ਪਾਰ ਹੋ ਗਈ ਹੈ ਜੋ ਪਹਿਲਾਂ ਸੱਤਰ ਡਾਲਰ ਦੇ ਆਸਪਾਸ ਸੀ। ਇਸ ਸਾਰੀ ਸਥਿਤੀ ਬਾਰੇ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਮੁੱਦੇ ਨੂੰ ਜ਼ਿਆਦਾ ਅਹਿਮੀਅਤ ਨਾ ਦਿੰਦਿਆਂ ਕਿਹਾ ਕਿ ਲੋਕ ਭਾਵੇਂ ਮਹਿੰਗੇ ਤੇਲ ਤੋਂ ਪ੍ਰੇਸ਼ਾਨ ਹਨ ਪਰ ਉਹ ਸਰਕਾਰ ਦੀਆਂ ਕਾਰਵਾਈਆਂ ਕਾਰਨ ਪਹਿਲਾਂ ਨਾਲੋਂ ਵੱਧ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਟਰੰਪ ਨੇ ਦਾਅਵਾ ਕੀਤਾ ਕਿ ਜਿਵੇਂ ਹੀ ਅਮਰੀਕੀ ਫੌਜਾਂ ਈਰਾਨ ਵਿੱਚੋਂ ਵਾਪਸ ਆਉਣਗੀਆਂ, ਤੇਲ ਦੀਆਂ ਕੀਮਤਾਂ ਤੁਰੰਤ ਹੇਠਾਂ ਆ ਜਾਣਗੀਆਂ। ਇਕੱਲੇ ਅਮਰੀਕਾ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਤੇਲ ਦੀਆਂ ਕੀਮਤਾਂ ਨੇ ਹਾਹਾਕਾਰ ਮਚਾਈ ਹੋਈ ਹੈ। ਉਦਾਹਰਣ ਵਜੋਂ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਪੈਟਰੋਲ ਦੀ ਕੀਮਤ ਦਸ ਡਾਲਰ ਪ੍ਰਤੀ ਗੈਲਨ ਤੋਂ ਵੀ ਪਾਰ ਹੋ ਗਈ ਹੈ।
ਤੇਲ ਦੀਆਂ ਇਨ੍ਹਾਂ ਅਸਮਾਨ ਛੂਹਦੀਆਂ ਕੀਮਤਾਂ ਕਾਰਨ ਅਮਰੀਕਾ ਦੀ ਸਮੁੱਚੀ ਆਰਥਿਕਤਾ ਉੱਤੇ ਬੁਰਾ ਅਸਰ ਪੈਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਮਹਿੰਗੇ ਈਂਧਨ ਕਾਰਨ ਆਵਾਜਾਈ ਦਾ ਖਰਚਾ ਵੱਧ ਗਿਆ ਹੈ ਜਿਸ ਦਾ ਸਿੱਧਾ ਅਸਰ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਅਤੇ ਖਾਣ ਪੀਣ ਵਾਲੇ ਸਾਮਾਨ ਦੀਆਂ ਕੀਮਤਾਂ ਉੱਤੇ ਪੈ ਰਿਹਾ ਹੈ। ਟਰੱਕਾਂ ਅਤੇ ਮਾਲ ਗੱਡੀਆਂ ਵਿੱਚ ਵਰਤੇ ਜਾਣ ਵਾਲੇ ਡੀਜ਼ਲ ਦੀ ਕੀਮਤ ਵੀ ਪੰਜ ਡਾਲਰ ਪੰਤਾਲੀ ਸੈਂਟ ਪ੍ਰਤੀ ਗੈਲਨ ਤੱਕ ਪਹੁੰਚ ਗਈ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਸ ਨਾਲ ਦੇਸ਼ ਵਿੱਚ ਮਹਿੰਗਾਈ ਹੋਰ ਵਧੇਗੀ। ਇੱਕ ਸਰਵੇਖਣ ਅਨੁਸਾਰ ਪੰਤਾਲੀ ਫੀਸਦੀ ਅਮਰੀਕੀ ਨਾਗਰਿਕ ਆਉਣ ਵਾਲੇ ਦਿਨਾਂ ਵਿੱਚ ਮਹਿੰਗੇ ਤੇਲ ਕਾਰਨ ਆਪਣਾ ਘਰ ਦਾ ਬਜਟ ਵਿਗੜਨ ਦੀ ਚਿੰਤਾ ਵਿੱਚ ਹਨ। ਇਸ ਤੋਂ ਇਲਾਵਾ ਹਾਰਮੁਜ਼ ਜਲਡਮਰੂ ਵਾਲਾ ਅਹਿਮ ਰਸਤਾ ਬੰਦ ਹੋਣ ਕਾਰਨ ਤੇਲ ਦੀ ਸਪਲਾਈ ਲਗਭਗ ਠੱਪ ਹੋ ਚੁੱਕੀ ਹੈ। ਲੋਕਾਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਨੇ ਚੋਣਾਂ ਦੌਰਾਨ ਸਸਤੇ ਤੇਲ ਦਾ ਵਾਅਦਾ ਕੀਤਾ ਸੀ ਪਰ ਹੁਣ ਉਨ੍ਹਾਂ ਨੂੰ ਇੱਕ ਅਜਿਹੇ ਯੁੱਧ ਦੀ ਕੀਮਤ ਚੁਕਾਉਣੀ ਪੈ ਰਹੀ ਹੈ ਜਿਸ ਦੀ ਕੋਈ ਲੋੜ ਨਹੀਂ ਸੀ। This report was written by Divroop Kaur as part of the Local Journalism Initiative.

