ਅੰਬਰੋਂ ਕਿਰਿਆ ਇੱਕ ਅੱਧ ਅੱਥਰੂ, ਸਿੱਪੀ ਵਿੱਚ ਜੇ ਪਲ਼ ਜਾਵੇਗਾ ।
ਵੇਖ ਲਇਓ ਜੀ, ਹੌਲੀ ਹੌਲੀ, ਮੋਤੀ ਦੇ ਵਿੱਚ ਢਲ਼ ਜਾਵੇਗਾ ।
ਸਿਖ਼ਰ ਦੁਪਹਿਰੇ ਰਾਤ ਦਾ ਪਹਿਰਾ, ਕੁਦਰਤ ਦਾ ਵਰਤਾਰਾ ਨਹੀਂਉਂ,
ਏਸ ਤਰ੍ਹਾਂ ਹੀ ਨਜ਼ਰਾਂ ਅੱਗੇ, ਵੈਰੀ ਕਾਲਖ਼ ਮਲ਼ ਜਾਵੇਗਾ ।
ਬਿੱਲੀ ਅੱਗੇ ਅੱਖੀਆਂ ਮੀਟੀ, ਬੈਠ ਗਏ ਨੇ ਬੰਨ੍ਹ ਕਤਾਰਾਂ,
ਸਮਝ ਰਹੇ ਨੇ ਚੂਹੇ ਏਦਾਂ, ਆਇਆ ਖ਼ਤਰਾ ਟਲ਼ ਜਾਵੇਗਾ ।
ਫੇਰ ਛਪਾਰ ਦੇ ਮੇਲੇ ਅੰਦਰ ਜੋਗੀ ਨਾਥ ਵਜਾਵਣ ਬੀਨਾਂ,
ਗੁੱਗਾ ਪੀਰ ਵਿਖਾ ਕੇ ਛਲੀਆ, ਜਨਤਾ, ਵੇਖਿਓ ਛਲ਼ ਜਾਵੇਗਾ ।
ਗੰਧਲੀ ਪੌਣ ‘ਚ ਘੁਲ਼ਿਆ ਏਥੇ, ਜ਼ਹਿਰ ਸਣੇ ਹੈ ਹੋਰ ਬੜਾ ਕੁਝ,
ਹੌਲੀ ਹੌਲੀ ਸਾਹਾਂ ਦੇ ਵਿੱਚ, ਇਹ ਸਾਰਾ ਕੁਝ ਰਲ਼ ਜਾਵੇਗਾ ।
ਰੂਹ ਦੇ ਅੰਦਰ ਬੈਠਾ ਦਹਿਸਿਰ, ਮਾਰਨ ਵਾਲੀ ਗੱਲ ਨੂੰ ਤੋਰੋ,
ਕਾਗ਼ਜ਼ ਦਾ ਰਾਵਣ ਤਾਂ ਤੀਲ੍ਹੀ, ਬਾਲਦਿਆਂ ਹੀ ਜਲ਼ ਜਾਵੇਗਾ ।
ਸਖ਼ਤ ਜ਼ਮੀਨ ਨੂੰ ਪੋਲੀ ਕਰਕੇ, ਸੁਪਨ ਬੀਜ ਤਾਂ ਧਰੀਏ ਯਾਰੋ,
ਹੌਲੀ ਹੌਲੀ ਆਸ ਦਾ ਬੂਟਾ, ਏਸ ਤਰ੍ਹਾਂ ਹੀ ਫ਼ਲ ਜਾਵੇਗਾ ।
ਲੇਖਕ : ਗੁਰਭਜਨ ਗਿੱਲ

