Sunday, February 15, 2026

ਅੰਮ੍ਰਿਤਸਰ ਏਅਰਪੋਰਟ ‘ਤੇ ਫਾਸਟ ਟ੍ਰੈਕ ਇਮੀਗ੍ਰੇਸ਼ਨ ਈ-ਗੇਟ ਸੇਵਾ ਸ਼ੁਰੂ, ਯਾਤਰੀਆਂ ਲਈ ਵੱਡੀ ਰਾਹਤ

ਅੰਮ੍ਰਿਤਸਰ, (ਪਰਮਜੀਤ ਸਿੰਘ): ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ ‘ਤੇ ਹੁਣ ਯਾਤਰੀਆਂ ਨੂੰ ਇਮੀਗ੍ਰੇਸ਼ਨ ਲਈ ਲੰਬੀਆਂ ਲਾਈਨਾਂ ਵਿੱਚ ਖੜ੍ਹਾ ਹੋਣ ਦੀ ਲੋੜ ਨਹੀਂ ਰਹੇਗੀ। ਹਵਾਈ ਅੱਡੇ ‘ਤੇ ਫਾਸਟ ਟ੍ਰੈਕ ਇਮੀਗ੍ਰੇਸ਼ਨ / ਟਰੱਸਟਡ ਟ੍ਰੈਵਲਰ ਪ੍ਰੋਗਰਾਮ ਦੀ ਸ਼ੁਰੂਆਤ ਹੋ ਗਈ ਹੈ। ਇਸ ਨਵੀਂ ਸੁਵਿਧਾ ਤਹਿਤ ਅੱਠ ਆਟੋਮੈਟਿਡ ਈ-ਗੇਟ ૷ ਚਾਰ ਆਗਮਨ ਲਈ ਅਤੇ ਚਾਰ ਰਵਾਨਗੀ ਲਈ ૷ ਸਥਾਪਿਤ ਕੀਤੇ ਗਏ ਹਨ। ਇਹ ਗੇਟ ਯਾਤਰੀਆਂ ਨੂੰ ਕੇਵਲ ਕੁਝ ਸਕਿੰਟਾਂ ਵਿੱਚ ਬਾਇਓਮੈਟਰਿਕ ਤਸਦੀਕ ਰਾਹੀਂ ਇਮੀਗ੍ਰੇਸ਼ਨ ਪ੍ਰਕਿਰਿਆ ਪੂਰੀ ਕਰਨ ਦੀ ਸਮਰੱਥਾ ਪ੍ਰਦਾਨ ਕਰਨਗੇ। ਇਸ ਲਈ ਯਾਤਰੀਆਂ ਨੂੰ ਪਹਿਲਾਂ ਆਨਲਾਈਨ ਰਜਿਸਟ੍ਰੇਸ਼ਨ ਡਟਿਟਟਪ.ਮਹੳ.ਗੋਵਮਿਨ ‘ਤੇ ਕਰਨੀ ਹੋਵੇਗੀ। ਇੱਕ ਵਾਰ ਰਜਿਸਟ੍ਰੇਸ਼ਨ ਅਤੇ ਬਾਇਓਮੈਟਰਿਕ ਡਾਟਾ ਹਵਾਈ ਅੱਡੇ ਜਾਂ ਐੱਫ.ਆਰ.ਆਰ.ਓ ਦਫ਼ਤਰ ‘ਚ ਦਰਜ ਹੋ ਜਾਣ ਤੋਂ ਬਾਅਦ, ਇਹ ਸੁਵਿਧਾ ਪੰਜ ਸਾਲਾਂ ਲਈ ਜਾਂ ਪਾਸਪੋਰਟ ਦੀ ਮਿਆਦ ਖਤਮ ਹੋਣ ਤੱਕ ਉਪਲਬਧ ਰਹੇਗੀ। ਮਹੱਤਵਪੂਰਨ ਗੱਲ ਇਹ ਹੈ ਕਿ ਇਹ ਸੇਵਾ ਭਾਰਤੀ ਪਾਸਪੋਰਟ ਧਾਰਕਾਂ ਅਤੇ ਓ.ਸੀ.ਆਈ ਕਾਰਡ ਧਾਰਕਾਂ ਲਈ ਪੂਰੀ ਤਰ੍ਹਾਂ ਮੁਫ਼ਤ ਹੈ।

ਫਲਾਈਅੰਮ੍ਰਿਤਸਰ ਇਨੀਸ਼ੀਏਟਿਵ ਦੇ ਕਨਵੀਨਰ ਯੋਗੇਸ਼ ਕਾਮਰਾ ਨੇ ਕਿਹਾ, ”ਅੰਮ੍ਰਿਤਸਰ ਲਈ ਇਹ ਇਕ ਇਤਿਹਾਸਕ ਕਦਮ ਹੈ। ਇਸ ਨਾਲ ਅੰਤਰਰਾਸ਼ਟਰੀ ਯਾਤਰੀਆਂ ਲਈ ਇਮੀਗ੍ਰੇਸ਼ਨ ਪ੍ਰਕਿਰਿਆ ਹੋਰ ਤੇਜ਼, ਸੁਚਾਰੂ, ਆਸਾਨ ਅਤੇ ਬਿਨਾਂ ਤਣਾਅ ਵਾਲੀ ਹੋਵੇਗੀ। ਹੁਣ ਯਾਤਰੀਆਂ ਨੂੰ ਇਮੀਗ੍ਰੇਸ਼ਨ ਕਾਊਂਟਰਾਂ ‘ਤੇ ਲੰਬੀਆਂ ਲਾਈਨਾਂ ਵਿੱਚ ਨਹੀਂ ਖੜ੍ਹਨਾ ਪਵੇਗਾ। ਇਸ ਪ੍ਰਣਾਲੀ ਨਾਲ ਤਕਰੀਬਨ ਇੱਕ ਘੰਟੇ ਤੱਕ ਦਾ ਕੀਮਤੀ ਸਮਾਂ ਬਚ ਸਕਦਾ ਹੈ। ਦੋਹਾ, ਦੁਬਈ, ਸ਼ਾਰਜਾਹ, ਮਿਲਾਨ, ਕੁਆਲਾਲੰਪੁਰ, ਸਿੰਗਾਪੁਰ, ਬੈਂਕਾਕ, ਲੰਡਨ ਅਤੇ ਬਰਮਿੰਘਮ ਵਰਗੇ ਸ਼ਹਿਰਾਂ ਲਈ ਉਡਾਣ ਭਰਨ ਵਾਲੇ ਯਾਤਰੀ ਸਿੱਧੇ ਤੌਰ ‘ਤੇ ਇਸਦਾ ਲਾਭ ਲੈਣਗੇ।”

ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਤੇ ਅਮਰੀਕਾ ਨਿਵਾਸੀ ਸਮੀਪ ਸਿੰਘ ਗੁਮਟਾਲਾ ਨੇ ਕਿਹਾ, ”ਐਨਆਰਆਈਜ਼ ਲਈ ਇਹ ਬਹੁਤ ਵੱਡੀ ਸੌਗਾਤ ਹੈ। ਖ਼ਾਸਕਰ ਉਹ ਜੋ ਓ.ਸੀ.ਆਈ ਕਾਰਡ ਧਾਰਕ ਹਨ ਜਾਂ ਅਮਰੀਕਾ, ਕੈਨੇਡਾ ਆਦਿ ਦੇ ਪਰਮਾਨੈਂਟ ਰੈਜ਼ੀਡੈਂਟ (ਪੀਆਰ) ਹਨ। ਹੁਣ ਉਨ੍ਹਾਂ ਨੂੰ ਨਾ ਤਾਂ ਲੰਬੀਆਂ ਲਾਈਨਾਂ ਵਿੱਚ ਇੰਤਜ਼ਾਰ ਕਰਨਾ ਪਵੇਗਾ ਅਤੇ ਨਾ ਹੀ ਵਾਧੂ ਸਵਾਲਾਂ ਕਰਕੇ ਦੇਰੀ ਸਹਿਣੀ ਪਵੇਗੀ। ਅੰਮ੍ਰਿਤਸਰ ਏਅਰਪੋਰਟ ‘ਤੇ ਹੁਣ ਯਾਤਰੀਆਂ ਨੂੰ ਵਿਸ਼ਵ ਪੱਧਰੀ ਮਿਆਰਾਂ ਅਨੁਸਾਰ ਤੇਜ਼ ਅਤੇ ਬਿਨਾਂ ਝੰਜਟ ਵਾਲੀ ਇਮੀਗ੍ਰੇਸ਼ਨ ਸੇਵਾ ਮਿਲੇਗੀ।” ਕਾਮਰਾ ਅਤੇ ਗੁਮਟਾਲਾ ਨੇ ਇਹ ਵੀ ਜ਼ੋਰ ਦਿੱਤਾ ਕਿ ਹਵਾਈ ਅੱਡੇ ‘ਤੇ ਪਹਿਲਾਂ ਤੋਂ ਲੱਗਾ ਇਨਲਾਈਨ ਬੈਗੇਜ ਸਕ੍ਰੀਨਿੰਗ ਸਿਸਟਮ ਜਲਦੀ ਚਾਲੂ ਕੀਤਾ ਜਾਵੇ ਤਾਂ ਕਿ ਯਾਤਰੀਆਂ ਨੂੰ ਪੂਰੀ ਆਧੁਨਿਕਤਾ ਦਾ ਲਾਭ ਮਿਲ ਸਕੇ। ਇਸਦੇ ਨਾਲ ਹੀ ਉਨ੍ਹਾਂ ਨੇ ਅਥਾਰਟੀ ਤੋਂ ”ਡਿਜੀ ਯਾਤਰਾ ਸਿਸਟਮ” ਸ਼ੁਰੂ ਕਰਨ ਦੀ ਵੀ ਮੰਗ ਕੀਤੀ ਹੈ। ਇਹ ਸਿਸਟਮ ਬਾਇਓਮੈਟਰਿਕ ਅਤੇ ਚਿਹਰਾ ਪਹਿਚਾਣ ਤਕਨੀਕ ਰਾਹੀਂ ਯਾਤਰੀਆਂ ਨੂੰ ਬਿਨਾਂ ਸੰਪਰਕ ਵਾਲਾ ਤਜਰਬਾ ਦਿੰਦਾ ਹੈ ਅਤੇ ਪਹਿਲਾਂ ਹੀ ਭਾਰਤ ਦੇ ਕਈ ਹਵਾਈ ਅੱਡਿਆਂ ‘ਤੇ ਸਫਲਤਾਪੂਰਵਕ ਲਾਗੂ ਕੀਤਾ ਜਾ ਚੁੱਕਾ ਹੈ। ਨਵੀਂ ਸਹੂਲਤ ਦੇ ਆਗਾਜ਼ ਤੋਂ ਬਾਅਦ ਯਾਤਰੀਆਂ ਨੇ ਖੁਸ਼ੀ ਪ੍ਰਗਟਾਈ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਏਅਰਪੋਰਟ ‘ਤੇ ਇਹ ਸੇਵਾ ਮਿਲਣ ਨਾਲ ਹੁਣ ਅੰਤਰਰਾਸ਼ਟਰੀ ਯਾਤਰਾ ਹੋਰ ਸੁਖਾਲੀ ਹੋ ਜਾਵੇਗੀ। ਖ਼ਾਸਕਰ ਉਹ ਜੋ ਬਾਰੰਬਾਰ ਵਿਦੇਸ਼ ਜਾਂਦੇ ਹਨ, ਉਨ੍ਹਾਂ ਨੂੰ ਇਸ ਨਾਲ ਵੱਡੀ ਰਾਹਤ ਮਿਲੇਗੀ। ਇਸ ਤਰ੍ਹਾਂ, ਫਾਸਟ ਟ੍ਰੈਕ ਇਮੀਗ੍ਰੇਸ਼ਨ ਈ-ਗੇਟ ਸੇਵਾ ਅੰਮ੍ਰਿਤਸਰ ਏਅਰਪੋਰਟ ਲਈ ਇਕ ਮਹੱਤਵਪੂਰਨ ਕਦਮ ਹੈ, ਜੋ ਨਾ ਸਿਰਫ਼ ਯਾਤਰੀਆਂ ਦੇ ਸਮੇਂ ਦੀ ਬਚਤ ਕਰੇਗਾ, ਬਲਕਿ ਸ਼ਹਿਰ ਨੂੰ ਵਿਸ਼ਵ ਪੱਧਰੀ ਹਵਾਈ ਅੱਡਿਆਂ ਦੀ ਲੜੀ ਵਿੱਚ ਹੋਰ ਅੱਗੇ ਲੈ ਕੇ ਜਾਵੇਗਾ।

Share post:

Popular