Tuesday, April 14, 2026

ਇਰਾਨ ਵਿਰੁੱਧ ਅਮਰੀਕੀ ਕਾਰਵਾਈ ‘ਤੇ ਪੀ.ਐਮ. ਕਾਰਨੀ ਦੇ ਬਿਆਨ ਨੇ ਛੇੜੀ ਚਰਚਾ

ਸਹਿਯੋਗੀਆਂ ਦੀ ਰੱਖਿਆ ਲਈ ਕੈਨੇਡਾ ਹਮੇਸ਼ਾ ਤਿਆਰ : ਮਾਰਕ ਕਾਰਨੀ
ਸਰੀ, (ਿਦਵਰੂਪ ਕੌਰ): ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੱਧ ਪੂਰਬ ਵਿੱਚ ਲਗਾਤਾਰ ਵਧ ਰਹੇ ਸੰਘਰਸ਼ ਦੌਰਾਨ ਕੈਨੇਡਾ ਦੀ ਸੰਭਾਵੀ ਫੌਜੀ ਸ਼ਮੂਲੀਅਤ ਨੂੰ ਲੈ ਕੇ ਇੱਕ ਅਹਿਮ ਬਿਆਨ ਦਿੱਤਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਕੈਨਬਰਾ ਵਿੱਚ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਬੋਲਦਿਆਂ ਕਾਰਨੀ ਨੇ ਕਿਹਾ ਕਿ ਕੈਨੇਡਾ ਇਸ ਸਮੇਂ ਫੌਜੀ ਭਾਗੀਦਾਰੀ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕਰ ਸਕਦਾ। ਉਨ੍ਹਾਂ ਇਸ ਸਥਿਤੀ ਨੂੰ ਇੱਕ ਗੰਭੀਰ ਚੁਣੌਤੀ ਦੱਸਦਿਆਂ ਚੇਤਾਵਨੀ ਦਿੱਤੀ ਕਿ ਇਹ ਸੰਘਰਸ਼ ਬਹੁਤ ਤੇਜ਼ੀ ਨਾਲ ਵਿਆਪਕ ਰੂਪ ਧਾਰਨ ਕਰ ਸਕਦਾ ਹੈ, ਜਿਸ ਨਾਲ ਪੂਰੇ ਖੇਤਰ ਦੀ ਸ਼ਾਂਤੀ ਨੂੰ ਖਤਰਾ ਪੈਦਾ ਹੋ ਸਕਦਾ ਹੈ। ਪ੍ਰਧਾਨ ਮੰਤਰੀ ਨੇ ਸਪੱਸ਼ਟ ਕੀਤਾ ਕਿ ਕੈਨੇਡਾ ਆਪਣੇ ਸਹਿਯੋਗੀਆਂ ਨਾਲ ਖੜ੍ਹੇ ਹੋਣ ਲਈ ਵਚਨਬੱਧ ਹੈ, ਪਰ ਕਿਸੇ ਵੀ ਕਾਰਵਾਈ ਦਾ ਫੈਸਲਾ ਹਾਲਾਤਾਂ ਅਨੁਸਾਰ ਹੀ ਲਿਆ ਜਾਵੇਗਾ।
ਪ੍ਰਧਾਨ ਮੰਤਰੀ ਕਾਰਨੀ ਨੇ ਆਪਣੇ ਸੰਬੋਧਨ ਵਿੱਚ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਕੀਤੀਆਂ ਗਈਆਂ ਹਮਲਾਵਰ ਕਾਰਵਾਈਆਂ ਅਤੇ ਕੈਨੇਡਾ ਦੀ ਭੂਮਿਕਾ ਵਿਚਕਾਰ ਇੱਕ ਸਪੱਸ਼ਟ ਲਕੀਰ ਖਿੱਚਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਇਨ੍ਹਾਂ ਦੇਸ਼ਾਂ ਵੱਲੋਂ ਕੀਤੇ ਗਏ ਫੌਜੀ ਹਮਲੇ ਕੈਨੇਡਾ ਜਾਂ ਹੋਰ ਸਹਿਯੋਗੀਆਂ ਨਾਲ ਸਲਾਹ-ਮਸ਼ਵਰਾ ਕੀਤੇ ਬਿਨਾਂ ਕੀਤੇ ਗਏ ਸਨ, ਇਸ ਲਈ ਕੈਨੇਡਾ ਇਨ੍ਹਾਂ ਕਾਰਵਾਈਆਂ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਨਹੀਂ ਹੈ। ਹਾਲਾਂਕਿ, ਉਨ੍ਹਾਂ ਇਹ ਵੀ ਦੁਹਰਾਇਆ ਕਿ ਜੇਕਰ ਕਦੇ ਲੋੜ ਪਈ ਜਾਂ ਸਹਿਯੋਗੀਆਂ ਦੀ ਰੱਖਿਆ ਦਾ ਸਵਾਲ ਉੱਠਿਆ, ਤਾਂ ਕੈਨੇਡਾ ਪਿੱਛੇ ਨਹੀਂ ਹਟੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਦੁਨੀਆ ਨੂੰ ਉਸੇ ਰੂਪ ਵਿੱਚ ਦੇਖ ਰਹੇ ਹਾਂ ਜਿਸ ਰੂਪ ਵਿੱਚ ਉਹ ਅੱਜ ਹੈ, ਨਾ ਕਿ ਉਸ ਰੂਪ ਵਿੱਚ ਜਿਸ ਦੀ ਅਸੀਂ ਕਲਪਨਾ ਕਰਦੇ ਹਾਂ।
ਪਿਛਲੇ ਕੁਝ ਦਿਨਾਂ ਵਿੱਚ ਪ੍ਰਧਾਨ ਮੰਤਰੀ ਦੇ ਰੁਖ ਵਿੱਚ ਇੱਕ ਬਦਲਾਅ ਦੇਖਣ ਨੂੰ ਮਿਲਿਆ ਹੈ। ਸ਼ੁਰੂਆਤ ਵਿੱਚ ਉਨ੍ਹਾਂ ਨੇ ਇਰਾਨ ‘ਤੇ ਅਮਰੀਕੀ ਹਵਾਈ ਹਮਲਿਆਂ ਦਾ ਪੂਰਾ ਸਮਰਥਨ ਕੀਤਾ ਸੀ, ਖਾਸ ਕਰਕੇ ਜਦੋਂ ਅਮਰੀਕੀ ਅਤੇ ਇਜ਼ਰਾਈਲੀ ਫੌਜਾਂ ਨੇ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਰੋਕਣ ਲਈ ਕਾਰਵਾਈ ਕੀਤੀ ਸੀ। ਭਾਰਤ ਫੇਰੀ ਦੌਰਾਨ ਉਨ੍ਹਾਂ ਕਿਹਾ ਸੀ ਕਿ ਕੈਨੇਡਾ ਇਰਾਨ ਨੂੰ ਪ੍ਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣ ਦੇ ਅਮਰੀਕੀ ਯਤਨਾਂ ਦਾ ਸਮਰਥਨ ਕਰਦਾ ਹੈ। ਪਰ ਆਸਟ੍ਰੇਲੀਆ ਪਹੁੰਚਦਿਆਂ ਹੀ ਉਨ੍ਹਾਂ ਦੇ ਸ਼ਬਦਾਂ ਵਿੱਚ ਕੁਝ ਨਰਮੀ ਆ ਗਈ। ਉਨ੍ਹਾਂ ਨੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਮੌਜੂਦਾ ਸੰਘਰਸ਼ ਅੰਤਰਰਾਸ਼ਟਰੀ ਵਿਵਸਥਾ ਦੀ ਅਸਫਲਤਾ ਦਾ ਪ੍ਰਤੀਕ ਹੈ ਅਤੇ ਇਹ ਕਾਰਵਾਈਆਂ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਕੂਲ ਨਹੀਂ ਜਾਪਦੀਆਂ।
ਜਦੋਂ ਇੱਕ ਪੱਤਰਕਾਰ ਨੇ ਪ੍ਰਧਾਨ ਮੰਤਰੀ ਨੂੰ ਪੁੱਛਿਆ ਕਿ ਕੀ ਉਹ ਇਰਾਨ ਵਿੱਚ ਜੰਗਬੰਦੀ ਦੀ ਮੰਗ ਕਰ ਰਹੇ ਹਨ, ਤਾਂ ਕਾਰਨੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਦੁਸ਼ਮਣੀ ਨੂੰ ਘੱਟ ਕਰਨ ਅਤੇ ਨਾਗਰਿਕਾਂ ਤੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਬੰਦ ਕਰਨ ਦੀ ਲੋੜ ਹੈ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਥਿਤੀ ਬਹੁਤ ਹੀ ਅਸਥਿਰ ਅਤੇ ਗੁੰਝਲਦਾਰ ਹੈ, ਪਰ ਕੈਨੇਡਾ ਇਸ ਮੂਲ ਸਿਧਾਂਤ ‘ਤੇ ਕਾਇਮ ਹੈ ਕਿ ਇਰਾਨ ਨੂੰ ਕਿਸੇ ਵੀ ਕੀਮਤ ‘ਤੇ ਪ੍ਰਮਾਣੂ ਹਥਿਆਰ ਨਹੀਂ ਬਣਾਉਣ ਦਿੱਤੇ ਜਾਣੇ ਚਾਹੀਦੇ। ਪ੍ਰਧਾਨ ਮੰਤਰੀ ਦੇ ਇਨ੍ਹਾਂ ਵਿਰੋਧੀ ਜਾਪਦੇ ਬਿਆਨਾਂ ਨੇ ਵਿਦੇਸ਼ੀ ਮਾਮਲਿਆਂ ਦੇ ਮਾਹਰਾਂ ਨੂੰ ਵੀ ਚਿੰਤਾ ਵਿੱਚ ਪਾ ਦਿੱਤਾ ਹੈ, ਜੋ ਇਸ ਨੂੰ ਇੱਕ ਰਣਨੀਤਕ ਚਾਲ ਵਜੋਂ ਦੇਖ ਰਹੇ ਹਨ।
ਕਾਲਟਨ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਮਾਮਲਿਆਂ ਦੇ ਪ੍ਰੋਫੈਸਰ ਫੇਨ ਓਸਲਰ ਹੈਂਪਸਨ ਅਨੁਸਾਰ ਪ੍ਰਧਾਨ ਮੰਤਰੀ ਕਾਰਨੀ ਇੱਕ ਬਹੁਤ ਹੀ ਸੰਵੇਦਨਸ਼ੀਲ ਸਥਿਤੀ ਵਿੱਚੋਂ ਗੁਜ਼ਰ ਰਹੇ ਹਨ। ਉਨ੍ਹਾਂ ਅਨੁਸਾਰ ਕਾਰਨੀ ‘ਸਟੱਡੀਡ ਐਂਬੀਗੁਇਟੀ’ (ਸੋਚੀ ਸਮਝੀ ਦੁਚਿੱਤੀ) ਦੀ ਵਰਤੋਂ ਕਰ ਰਹੇ ਹਨ ਤਾਂ ਜੋ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨਾਰਾਜ਼ ਕੀਤੇ ਬਿਨਾਂ ਜੰਗ ਦੇ ਸਮਰਥਨ ਤੋਂ ਪਿੱਛੇ ਹਟ ਸਕਣ। ਮਾਹਰਾਂ ਦਾ ਮੰਨਣਾ ਹੈ ਕਿ ਕੈਨੇਡਾ ‘ਤੇ ਅਮਰੀਕਾ ਜਾਂ ਖਾੜੀ ਦੇਸ਼ਾਂ ਵੱਲੋਂ ਜੰਗ ਵਿੱਚ ਸ਼ਾਮਲ ਹੋਣ ਲਈ ਦਬਾਅ ਪਾਇਆ ਜਾ ਸਕਦਾ ਹੈ। ਦੂਜੇ ਪਾਸੇ ਰੱਖਿਆ ਮਾਹਰ ਸਟੀਫਨ ਸੈਡੇਮੈਨ ਦਾ ਕਹਿਣਾ ਹੈ ਕਿ ਵਾਸ਼ਿੰਗਟਨ ਵੱਲੋਂ ਬਦਲਦੇ ਹੋਏ ਬਿਆਨਾਂ ਨੇ ਵੀ ਕੈਨੇਡਾ ਦੀ ਸਥਿਤੀ ਨੂੰ ਮੁਸ਼ਕਲ ਬਣਾ ਦਿੱਤਾ ਹੈ। This report was written by Divroop Kaur as part of the Local Journalism Initiative.

Popular