Tuesday, April 14, 2026

ਇਰਾਨ ਵਿੱਚ ਫਸੇ ਕੈਨੇਡੀਅਨਾਂ ਨੂੰ ਗੁਆਂਢੀ ਦੇਸ਼ਾਂ ਰਾਹੀਂ ਕੱਢਣ ਦੀ ਕੋਸ਼ਿਸ਼, ਹਵਾਈ ਮਾਰਗ ਬੰਦ ਹੋਣ ਕਾਰਨ ਵੱਡੀ ਚੁਣੌਤੀ

ਸਰੀ, (ਿਦਵਰੂਪ ਕੌਰ): ਮੱਧ ਪੂਰਬ ਵਿੱਚ ਇਰਾਨ, ਅਮਰੀਕਾ ਅਤੇ ਇਜ਼ਰਾਈਲ ਦਰਮਿਆਨ ਚੱਲ ਰਹੀ ਜੰਗ ਦੇ ਭਿਆਨਕ ਰੂਪ ਧਾਰਨ ਕਰਨ ਤੋਂ ਬਾਅਦ ਉੱਥੇ ਰਹਿ ਰਹੇ ਕੈਨੇਡੀਅਨ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਬਹੁਤ ਵਧ ਗਈਆਂ ਹਨ। ਕੈਨੇਡਾ ਸਰਕਾਰ ਦੇ ਉੱਚ ਅਧਿਕਾਰੀਆਂ ਨੇ ਬੁੱਧਵਾਰ ਦੇਰ ਰਾਤ ਜਾਣਕਾਰੀ ਦਿੱਤੀ ਹੈ ਕਿ ਦਰਜਨਾਂ ਕੈਨੇਡੀਅਨ ਆਪਣੇ ਪੱਧਰ ‘ਤੇ ਗੁਆਂਢੀ ਮੁਲਕਾਂ ਦੀਆਂ ਸਰਹੱਦਾਂ ਪਾਰ ਕਰਕੇ ਇਰਾਨ ਵਿੱਚੋਂ ਨਿਕਲਣ ਵਿੱਚ ਕਾਮਯਾਬ ਰਹੇ ਹਨ। ਓਟਾਵਾ ਵੱਲੋਂ ਇਸ ਸਮੇਂ ਖੇਤਰ ਵਿੱਚ ਤੇਜ਼ੀ ਨਾਲ ਵਿਗੜ ਰਹੇ ਹਾਲਾਤਾਂ ਦੇ ਮੱਦੇਨਜ਼ਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਵੱਖ-ਵੱਖ ਬਦਲਾਂ ‘ਤੇ ਕੰਮ ਕੀਤਾ ਜਾ ਰਿਹਾ ਹੈ। ਇਰਾਨ ਅਤੇ ਹੋਰਨਾਂ ਖੇਤਰਾਂ ਉੱਪਰ ਹਵਾਈ ਮਾਰਗ ਪੂਰੀ ਤਰ੍ਹਾਂ ਬੰਦ ਹੋਣ ਕਾਰਨ ਲੋਕਾਂ ਨੂੰ ਉੱਥੋਂ ਬਾਹਰ ਕੱਢਣਾ ਇੱਕ ਵੱਡੀ ਅਤੇ ਜਟਿਲ ਚੁਣੌਤੀ ਬਣ ਗਿਆ ਹੈ।
ਸਰਕਾਰੀ ਅਧਿਕਾਰੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਨਿਆ ਹੈ ਕਿ ਮੌਜੂਦਾ ਸਮੇਂ ਵਿੱਚ ਹਵਾਈ ਮਾਰਗਾਂ ਦੀ ਪਾਬੰਦੀ ਕਾਰਨ ਇਰਾਨ ਦੇ ਅੰਦਰੋਂ ਲੋਕਾਂ ਨੂੰ ਸਿੱਧੇ ਤੌਰ ‘ਤੇ ਬਾਹਰ ਕੱਢਣ ਲਈ ਸਰਕਾਰ ਕੋਲ ਬਹੁਤੇ ਸਾਧਨ ਮੌਜੂਦ ਨਹੀਂ ਹਨ। ਇਸ ਖੜੋਤ ਨੂੰ ਦੇਖਦਿਆਂ ਗਲੋਬਲ ਅਫੇਅਰਜ਼ ਕੈਨੇਡਾ ਨੇ ਇਰਾਨ ਦੀਆਂ ਸਰਹੱਦਾਂ ਨਾਲ ਲੱਗਦੇ ਗੁਆਂਢੀ ਦੇਸ਼ਾਂ ਵਿੱਚ ਸਥਿਤ ਆਪਣੇ ਕੌਂਸਲਖਾਨਿਆਂ ਵਿੱਚ ਵਾਧੂ ਕਰਮਚਾਰੀ ਭੇਜਣੇ ਸ਼ੁਰੂ ਕਰ ਦਿੱਤੇ ਹਨ। ਇਹ ਵਿਸ਼ੇਸ਼ ਟੀਮਾਂ ਉਨ੍ਹਾਂ ਕੈਨੇਡੀਅਨਾਂ ਦੀ ਮਦਦ ਕਰਨਗੀਆਂ ਜੋ ਜੰਗ ਦੀ ਮਾਰ ਤੋਂ ਬਚਣ ਲਈ ਸਰਹੱਦਾਂ ਪਾਰ ਕਰਕੇ ਦੂਜੇ ਮੁਲਕਾਂ ਵਿੱਚ ਪਹੁੰਚ ਰਹੇ ਹਨ। ਇਨ੍ਹਾਂ ਅਧਿਕਾਰੀਆਂ ਦਾ ਮੁੱਖ ਕੰਮ ਵੀਜ਼ਾ ਸਬੰਧੀ ਦਿੱਕਤਾਂ ਨੂੰ ਹੱਲ ਕਰਨਾ ਅਤੇ ਮੁਸਾਫਿਰਾਂ ਦੀਆਂ ਹੋਰ ਜ਼ਰੂਰੀ ਲੋੜਾਂ ਨੂੰ ਪੂਰਾ ਕਰਨਾ ਹੋਵੇਗਾ।
ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਮੱਧ ਪੂਰਬ ਅਤੇ ਖਾੜੀ ਖੇਤਰ ਵਿੱਚ ਰਹਿ ਰਹੇ ਕੈਨੇਡੀਅਨਾਂ ਨੂੰ ਸਿੱਧਾ ਸੰਬੋਧਨ ਕਰਦਿਆਂ ਭਰੋਸਾ ਦਿੱਤਾ ਹੈ ਕਿ ਸਰਕਾਰ ਹਰ ਮੁਸ਼ਕਲ ਘੜੀ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਅਤ ਵਾਪਸੀ ਲਈ ਕਈ ਵਿਕਲਪਾਂ ‘ਤੇ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਕਲਪਾਂ ਵਿੱਚ ਸੀਮਤ ਗਿਣਤੀ ਵਿੱਚ ਚਾਰਟਰਡ ਉਡਾਣਾਂ ਦਾ ਪ੍ਰਬੰਧ ਕਰਨਾ, ਵਪਾਰਕ ਉਡਾਣਾਂ ਵਿੱਚ ਸੀਟਾਂ ਦੀ ਬਲਾਕ-ਬੁਕਿੰਗ ਕਰਨਾ ਅਤੇ ਜ਼ਮੀਨੀ ਆਵਾਜਾਈ ਦੇ ਸਾਧਨ ਮੁਹੱਈਆ ਕਰਵਾਉਣਾ ਸ਼ਾਮਲ ਹੈ। ਮੰਤਰੀ ਨੇ ਕਿਹਾ ਕਿ ਅਗਲੇ 72 ਘੰਟਿਆਂ ਦੇ ਅੰਦਰ ਸੰਯੁਕਤ ਅਰਬ ਅਮੀਰਾਤ ਤੋਂ ਚਾਰਟਰਡ ਉਡਾਣਾਂ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਹਾਲਾਂਕਿ ਅਜੇ ਤੱਕ ਕਿਸੇ ਨਿਸ਼ਚਿਤ ਜਹਾਜ਼ ਕੰਪਨੀ ਨਾਲ ਸਮਝੌਤਾ ਸਿਰੇ ਨਹੀਂ ਚੜ੍ਹਿਆ ਹੈ।
ਅਧਿਕਾਰੀਆਂ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ ਅਜ਼ਰਬਾਈਜਾਨ ਅਤੇ ਤੁਰਕਮੇਨਿਸਤਾਨ ਵਿੱਚ ਸਥਿਤ ਕੈਨੇਡੀਅਨ ਕੌਂਸਲਖਾਨਿਆਂ ਨੇ ਉਨ੍ਹਾਂ ਕੈਨੇਡੀਅਨਾਂ ਦੀ ਮਦਦ ਕੀਤੀ ਹੈ ਜੋ ਇਰਾਨ ਛੱਡ ਕੇ ਉੱਥੇ ਪਹੁੰਚੇ ਹਨ। ਇਸੇ ਤਰ੍ਹਾਂ ਤੁਰਕੀ ਅਤੇ ਆਰਮੀਨੀਆ ਰਾਹੀਂ ਵੀ ਕੁਝ ਲੋਕਾਂ ਨੇ ਸੁਰੱਖਿਅਤ ਰਸਤਾ ਲੱਭਿਆ ਹੈ। ਗਲੋਬਲ ਅਫੇਅਰਜ਼ ਕੈਨੇਡਾ ਕੋਲ ਹੁਣ ਤੱਕ ਖਾੜੀ ਖੇਤਰ ਵਿੱਚ ਲਗਭਗ 1,06,000 ਕੈਨੇਡੀਅਨ ਨਾਗਰਿਕਾਂ ਅਤੇ ਪੀ.ਆਰ. ਧਾਰਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਇਰਾਨ ਵਿੱਚ ਇਸ ਵੇਲੇ ਲਗਭਗ 3,000 ਕੈਨੇਡੀਅਨ ਰਜਿਸਟਰਡ ਹਨ। ਇਨ੍ਹਾਂ ਵਿੱਚੋਂ ਲਗਭਗ 2,000 ਲੋਕਾਂ ਨੇ ਖੇਤਰ ਛੱਡਣ ਲਈ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ, ਜਿਨ੍ਹਾਂ ਵਿੱਚੋਂ 74 ਵਿਅਕਤੀ ਇਰਾਨ ਵਿੱਚ ਮੌਜੂਦ ਹਨ।
ਇਰਾਨ ਦੇ ਅੰਦਰ ਮੌਜੂਦ ਕੈਨੇਡੀਅਨਾਂ ਲਈ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਕੈਨੇਡਾ ਦੇ ਇਰਾਨ ਨਾਲ ਕੋਈ ਸਿੱਧੇ ਸਿਆਸੀ ਜਾਂ ਕੂਟਨੀਤਕ ਸਬੰਧ ਨਹੀਂ ਹਨ। ਵਿਦੇਸ਼ ਮੰਤਰੀ ਨੇ ਸਪੱਸ਼ਟ ਕੀਤਾ ਕਿ ਕੈਨੇਡਾ ਨੇ ਇਰਾਨ ਦੇ ‘ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ’ (IRGC) ਨੂੰ ਅੱਤਵਾਦੀ ਸੰਗਠਨ ਐਲਾਨਿਆ ਹੋਇਆ ਹੈ, ਜਿਸ ਕਾਰਨ ਇਰਾਨ ਦੇ ਅੰਦਰ ਜ਼ਮੀਨੀ ਆਵਾਜਾਈ ਦੇ ਪ੍ਰਬੰਧ ਕਰਨਾ ਬੇਹੱਦ ਅਸੰਭਵ ਹੈ। ਸਰਕਾਰ ਵੱਲੋਂ ਉਨ੍ਹਾਂ ਸਾਰੇ ਲੋਕਾਂ ਨੂੰ ਤੁਰੰਤ ਰਜਿਸਟ੍ਰੇਸ਼ਨ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ ਜੋ ਅਜੇ ਤੱਕ ਸਰਕਾਰੀ ਸੂਚੀ ਵਿੱਚ ਸ਼ਾਮਲ ਨਹੀਂ ਹੋਏ ਹਨ। ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਆਉਣ ਵਾਲੇ ਦਿਨ ਕੈਨੇਡੀਅਨ ਨਾਗਰਿਕਾਂ ਅਤੇ ਪ੍ਰਸ਼ਾਸਨ ਦੋਵਾਂ ਲਈ ਇਮਤਿਹਾਨ ਦੀ ਘੜੀ ਸਾਬਤ ਹੋਣਗੇ। This report was written by Divroop Kaur as part of the Local Journalism Initiative.

Popular