ਜੌਨ ਰਸਟੈਡ ਦੇ ਅਸਤੀਫ਼ੇ ਤੋਂ ਬਾਅਦ ਨਵੀਂ ਸ਼ੁਰੂਆਤ
ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਦੀ ਕੰਜ਼ਰਵੇਟਿਵ ਪਾਰਟੀ ਦੇ ਭਵਿੱਖ ਨੂੰ ਲੈ ਕੇ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਕੈਪੀਲਾਨੋ ਯੂਨੀਵਰਸਿਟੀ ਦੇ ਚਾਂਸਲਰ ਅਤੇ ਉੱਘੇ ਕਾਰੋਬਾਰੀ ਯੂਰੀ ਫੁਲਮਰ (Yuri Fulmer) ਨੇ ਅਧਿਕਾਰਤ ਤੌਰ ‘ਤੇ ਪਾਰਟੀ ਦੀ ਲੀਡਰਸ਼ਿਪ ਲਈ ਆਪਣੀ ਉਮੀਦਵਾਰੀ ਦਾ ਐਲਾਨ ਕਰ ਦਿੱਤਾ ਹੈ। ਫੁਲਮਰ ਪਾਰਟੀ ਦੇ ਸਾਬਕਾ ਆਗੂ ਜੌਨ ਰਸਟੈਡ (John Rustad) ਦੇ ਅਸਤੀਫ਼ੇ ਤੋਂ ਬਾਅਦ ਲੀਡਰਸ਼ਿਪ ਦੀ ਦੌੜ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਹਾਈ-ਪ੍ਰੋਫਾਈਲ ਉਮੀਦਵਾਰ ਬਣ ਗਏ ਹਨ। ਮੰਗਲਵਾਰ ਨੂੰ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਫੁਲਮਰ ਨੇ ਕਿਹਾ ਕਿ ਜੇਕਰ ਕੰਜ਼ਰਵੇਟਿਵ ਪਾਰਟੀ ਸੂਬੇ ਵਿੱਚ ਸਰਕਾਰ ਬਣਾਉਣਾ ਚਾਹੁੰਦੀ ਹੈ, ਤਾਂ ਇਸ ਨੂੰ ਇੱਕ ਅਜਿਹਾ ‘ਵੱਡਾ ਗਠਜੋੜ’ ਬਣਨਾ ਪਵੇਗਾ ਜੋ ਅਨੁਸ਼ਾਸਨਹੀਣ ਵਿਵਹਾਰ ਤੋਂ ਦੂਰ ਰਹੇ।
ਆਪਣੀ ਚੋਣ ਮੁਹਿੰਮ ਦੀ ਵੀਡੀਓ ਵਿੱਚ ਫੁਲਮਰ ਨੇ ਸੱਤਾਧਾਰੀ ਐਨਡੀਪੀ (NDP) ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਪ੍ਰੀਮੀਅਰ ਡੇਵਿਡ ਈਬੀ ਦੀਆਂ ‘ਕੱਟੜਪੰਥੀ ਅਤੇ ਹਕੀਕਤ ਤੋਂ ਦੂਰ’ ਨੀਤੀਆਂ ਨੇ ਬੀ.ਸੀ. ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਸੜਕਾਂ ‘ਤੇ ਵੱਧ ਰਿਹਾ ਅਪਰਾਧ ਅਤੇ ਅਰਾਜਕਤਾ ਇਸ ਦਾ ਸਬੂਤ ਹੈ। ਹਾਲਾਂਕਿ, ਉਨ੍ਹਾਂ ਨੇ ਆਪਣੀ ਹੀ ਪਾਰਟੀ ਨੂੰ ਵੀ ਸ਼ੀਸ਼ਾ ਦਿਖਾਇਆ ਅਤੇ ਕਿਹਾ ਕਿ ਪਾਰਟੀ ਦੇ ਕੁਝ ਮੈਂਬਰਾਂ ਦੇ ਗੈਰ-ਅਨੁਸ਼ਾਸਿਤ ਟਵੀਟਸ ਅਤੇ ਵਿਵਹਾਰ ਨੇ ਐਨਡੀਪੀ ਨੂੰ ਉਨ੍ਹਾਂ ਦੇ ਮਾੜੇ ਰਿਕਾਰਡ ਤੋਂ ਧਿਆਨ ਭਟਕਾਉਣ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ, “ਸਾਨੂੰ ਆਪਣੇ ਮੁੱਲ ਬਦਲਣ ਦੀ ਲੋੜ ਨਹੀਂ, ਸਾਨੂੰ ਆਪਣੀ ਲੀਡਰਸ਼ਿਪ ਬਦਲਣ ਦੀ ਲੋੜ ਹੈ।”
ਫੁਲਮਰ, ਜਿਨ੍ਹਾਂ ਨੇ ਫਾਸਟ-ਫੂਡ ਫਰੈਂਚਾਇਜ਼ੀਜ਼ ਰਾਹੀਂ ਵੱਡੀ ਸਫ਼ਲਤਾ ਹਾਸਲ ਕੀਤੀ ਹੈ, ਨੇ ਸਪੱਸ਼ਟ ਕੀਤਾ ਕਿ ਉਹ ਪਾਰਟੀ ਵਿੱਚ ਹਰ ਉਸ ਵਿਅਕਤੀ ਦਾ ਸਵਾਗਤ ਕਰਨਗੇ ਜੋ ਕੰਜ਼ਰਵੇਟਿਵ ਵਿਚਾਰਧਾਰਾ ਰੱਖਦਾ ਹੈ, ਚਾਹੇ ਉਹ ਪਹਿਲਾਂ ਬੀ.ਸੀ. ਲਿਬਰਲ ਪਾਰਟੀ ਨਾਲ ਜੁੜਿਆ ਰਿਹਾ ਹੋਵੇ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਇਕ ‘ਵੱਡੇ ਨੀਲੇ ਤੰਬੂ’ (Big Blue Tent) ਵਾਂਗ ਹੋਣਾ ਚਾਹੀਦਾ ਹੈ ਜਿੱਥੇ ਵੱਖ-ਵੱਖ ਵਿਚਾਰਾਂ ਦਾ ਸਤਿਕਾਰ ਹੋਵੇ। ਉਨ੍ਹਾਂ ਨੇ ਉਨ੍ਹਾਂ ਸੁਝਾਵਾਂ ਨੂੰ ਨਕਾਰ ਦਿੱਤਾ ਕਿ ਉਹ ਕੰਜ਼ਰਵੇਟਿਵ ਨਾਲੋਂ ਵੱਧ ਲਿਬਰਲ ਹਨ, ਅਤੇ ਦਾਅਵਾ ਕੀਤਾ ਕਿ ਉਹ ਹਮੇਸ਼ਾ ਵਿੱਤੀ ਤੌਰ ‘ਤੇ ਕੰਜ਼ਰਵੇਟਿਵ ਮੁੱਲਾਂ ‘ਤੇ ਚੱਲੇ ਹਨ।
ਸਵਦੇਸ਼ੀ ਜ਼ਮੀਨ ਦੀ ਮਾਨਤਾ (Indigenous Land Acknowledgments) ਦੇ ਮੁੱਦੇ ‘ਤੇ ਫੁਲਮਰ ਨੇ ਕਿਹਾ ਕਿ ਉਹ ਅਜਿਹੀ ਕਿਸੇ ਵੀ ਬਹਿਸ ਵਿੱਚ ਨਹੀਂ ਪੈਣਾ ਚਾਹੁੰਦੇ ਜੋ ਪਾਰਟੀ ਨੂੰ ਮੁੱਖ ਮੁੱਦਿਆਂ ਤੋਂ ਭਟਕਾਉਂਦੀ ਹੋਵੇ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਇਹ ਮਾਨਤਾ ਦੇਣਾ ਚਾਹੁੰਦੇ ਹਨ, ਉਨ੍ਹਾਂ ਨੂੰ ਅਜਿਹਾ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਅਤੇ ਜੋ ਨਹੀਂ ਕਰਨਾ ਚਾਹੁੰਦੇ, ਉਨ੍ਹਾਂ ‘ਤੇ ਦਬਾਅ ਨਹੀਂ ਹੋਣਾ ਚਾਹੀਦਾ। ਜ਼ਿਕਰਯੋਗ ਹੈ ਕਿ ਪਾਰਟੀ ਦੇ ਕੁਝ ਹੋਰ ਮੈਂਬਰ, ਜਿਵੇਂ ਕਿ ਹਰਮਨ ਭੰਗੂ, ਨੇ ਇਸ ਪ੍ਰਥਾ ‘ਤੇ ਪਾਬੰਦੀ ਲਗਾਉਣ ਦੀ ਵਕਾਲਤ ਕੀਤੀ ਹੈ।
ਲੀਡਰਸ਼ਿਪ ਦੀ ਇਸ ਦੌੜ ਵਿੱਚ ਹੁਣ ਤੱਕ ਰੌਸਲੈਂਡ ਦੇ ਕੰਟਰੈਕਟਰ ਵਾਰਨ ਹੈਮ (Warren Hamm) ਵੀ ਸ਼ਾਮਲ ਹੋਏ ਹਨ, ਜਦਕਿ ਪੀਟਰ ਮਿਲੋਬਰ ਅਤੇ ਹਰਮਨ ਭੰਗੂ ਵਰਗੇ ਆਗੂ ਅਜੇ ਨਿਯਮਾਂ ਦੀ ਉਡੀਕ ਕਰ ਰਹੇ ਹਨ। ਫੁਲਮਰ ਨੇ ਹੋਰਨਾਂ ਉਮੀਦਵਾਰਾਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਪੂਰੀ ਤਰ੍ਹਾਂ ਤਿਆਰ ਹਨ ਅਤੇ ਫੰਡਿੰਗ ਵੀ ਇਕੱਠੀ ਕਰ ਚੁੱਕੇ ਹਨ। ਉਨ੍ਹਾਂ ਮੁਤਾਬਕ ਪਾਰਟੀ ਦਾ ਅਗਲਾ ਟੀਚਾ ਉਨ੍ਹਾਂ ਲੋਕਾਂ ਨੂੰ ਆਪਣੇ ਵੱਲ ਖਿੱਚਣਾ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਪਿਛਲੀ ਵਾਰ ਐਨਡੀਪੀ ਨੂੰ ਵੋਟ ਦਿੱਤੀ ਸੀ, ਅਤੇ ਇਹ ਤਦ ਹੀ ਸੰਭਵ ਹੈ ਜੇਕਰ ਪਾਰਟੀ ਮਹਿੰਗਾਈ, ਸਿਹਤ ਸੰਭਾਲ ਅਤੇ ਜਨਤਕ ਸੁਰੱਖਿਆ ਵਰਗੇ ਅਹਿਮ ਮੁੱਦਿਆਂ ‘ਤੇ ਧਿਆਨ ਕੇਂਦਰਿਤ ਕਰੇ। This report was written by Divroop Kaur as part of the Local Journalism Initiative.

