Tuesday, April 14, 2026

ਐਮਾਜ਼ਾਨ ਦੀਆਂ ਵਧੀਆਂ ਮੁਸ਼ਕਲਾਂ: ਇਟਲੀ ਵਿੱਚ 1.2 ਅਰਬ ਯੂਰੋ ਦੀ ਟੈਕਸ ਚੋਰੀ ਦੇ ਇਲਜ਼ਾਮ ’ਚ ਚੱਲੇਗਾ ਮੁਕੱਦਮਾ

ਵਾਿਸ਼ੰਗਟਨ : ਵਿਸ਼ਵ ਦੀ ਦਿੱਗਜ ਟੈਕਨਾਲੋਜੀ ਕੰਪਨੀ ਐਮਾਜ਼ਾਨ ਦੀਆਂ ਮੁਸ਼ਕਲਾਂ ਵਿੱਚ ਉਸ ਸਮੇਂ ਵੱਡਾ ਵਾਧਾ ਹੋਇਆ ਜਦੋਂ ਮਿਲਾਨ ਦੇ ਪ੍ਰੌਸੀਕਿਊਟਰਾਂ ਨੇ ਕੰਪਨੀ ਦੀ ਯੂਰਪੀਅਨ ਇਕਾਈ ਅਤੇ ਉਸ ਦੇ ਚਾਰ ਉੱਚ ਪ੍ਰਬੰਧਕਾਂ (ਮੈਨੇਜਰਾਂ) ਵਿਰੁੱਧ ਅਦਾਲਤੀ ਮੁਕੱਦਮਾ ਚਲਾਉਣ ਦੀ ਮੰਗ ਕੀਤੀ । ਇਹ ਕਾਰਵਾਈ ਲਗਭਗ 1.2 ਅਰਬ ਯੂਰੋ (ਲਗਭਗ 1.38 ਅਰਬ ਡਾਲਰ) ਦੀ ਕਥਿਤ ਟੈਕਸ ਚੋਰੀ ਦੇ ਇਲਜ਼ਾਮਾਂ ਤਹਿਤ ਕੀਤੀ ਗਈ ਹੈ । ਇਟਲੀ ਵਿੱਚ ਇਸ ਤਰ੍ਹਾਂ ਦੇ ਮਾਮਲੇ ਵਿੱਚ ਇਹ ਇੱਕ ਬੇਮਿਸਾਲ ਕਦਮ ਮੰਨਿਆ ਜਾ ਰਿਹਾ ਹੈ, ਕਿਉਂਕਿ ਐਮਾਜ਼ਾਨ ਨੇ ਪਿਛਲੇ ਦਸੰਬਰ ਵਿੱਚ ਹੀ ਇਟਲੀ ਦੀ ਰੈਵੇਨਿਊ ਏਜੰਸੀ ਨਾਲ ਟੈਕਸ ਵਿਵਾਦ ਸੁਲਝਾਉਣ ਲਈ ਵਿਆਜ ਸਮੇਤ 527 ਮਿਲੀਅਨ ਯੂਰੋ ਦੇਣ ਦੀ ਸਹਿਮਤੀ ਜਤਾਈ ਸੀ । ਆਮ ਤੌਰ ‘ਤੇ ਅਜਿਹੇ ਸਮਝੌਤਿਆਂ ਤੋਂ ਬਾਅਦ ਫੌਜਦਾਰੀ ਜਾਂਚ ਬੰਦ ਕਰ ਦਿੱਤੀ ਜਾਂਦੀ ਹੈ, ਪਰ ਇਸ ਵਾਰ ਮਿਲਾਨ ਦੇ ਪ੍ਰੌਸੀਕਿਊਟਰਾਂ ਨੇ ਟੈਕਸ ਅਥਾਰਟੀ ਦੀ ਪਹੁੰਚ ਨਾਲ ਅਸਹਿਮਤੀ ਜਤਾਉਂਦੇ ਹੋਏ ਜਾਂਚ ਜਾਰੀ ਰੱਖਣ ਅਤੇ ਮਾਮਲੇ ਨੂੰ ਅਦਾਲਤ ਵਿੱਚ ਲੈ ਕੇ ਜਾਣ ਦਾ ਫੈਸਲਾ ਕੀਤਾ ਹੈ ।
ਜਾਂਚ ਦੇ ਵੇਰਵਿਆਂ ਅਨੁਸਾਰ, ਐਮਾਜ਼ਾਨ ‘ਤੇ ਲੱਗੇ ਦੋਸ਼ਾਂ ਦਾ ਮੁੱਖ ਕੇਂਦਰ ਇੱਕ ਅਜਿਹਾ ‘ਵੈਟ-ਚੋਰੀ (VAT) ਐਲਗੋਰਿਦਮ’ ਹੈ ਜੋ 2019 ਤੋਂ 2021 ਦਰਮਿਆਨ ਕੰਮ ਕਰ ਰਿਹਾ ਸੀ । ਪ੍ਰੌਸੀਕਿਊਟਰਾਂ ਅਤੇ ਟੈਕਸ ਪੁਲਿਸ ਅਨੁਸਾਰ, ਐਮਾਜ਼ਾਨ ਦੇ ਆਪਰੇਟਿੰਗ ਮਾਡਲ ਅਤੇ ਐਲਗੋਰਿਦਮ ਨੇ ਹਜ਼ਾਰਾਂ ਗੈਰ-ਯੂਰਪੀਅਨ ਵਿਕਰੇਤਾਵਾਂ, ਜਿਨ੍ਹਾਂ ਵਿੱਚ ਜ਼ਿਆਦਾਤਰ ਚੀਨੀ ਸਨ, ਨੂੰ ਇਟਲੀ ਵਿੱਚ ਆਪਣੀ ਪਛਾਣ ਦੱਸੇ ਬਿਨਾਂ ਸਾਮਾਨ ਵੇਚਣ ਦੀ ਇਜਾਜ਼ਤ ਦਿੱਤੀ । ਇਸ ਪ੍ਰਣਾਲੀ ਰਾਹੀਂ ਇਨ੍ਹਾਂ ਵਿਕਰੇਤਾਵਾਂ ਨੇ ਮੁੱਲ ਵਰਧਿਤ ਟੈਕਸ (VAT) ਦੇਣ ਤੋਂ ਬਚਾਅ ਕੀਤਾ । ਇਟਲੀ ਦੇ ਕਾਨੂੰਨ ਅਨੁਸਾਰ, ਜੇਕਰ ਕੋਈ ਪਲੇਟਫਾਰਮ ਵਿਚੋਲੇ ਵਜੋਂ ਸਾਮਾਨ ਵੇਚਣ ਦੀ ਸਹੂਲਤ ਦਿੰਦਾ ਹੈ, ਤਾਂ ਉਹ ਉਸ ਪਲੇਟਫਾਰਮ ਰਾਹੀਂ ਕੰਮ ਕਰਨ ਵਾਲੇ ਗੈਰ-ਯੂਰਪੀਅਨ ਵਿਕਰੇਤਾਵਾਂ ਦੁਆਰਾ ਨਾ ਭਰੇ ਗਏ ਵੈਟ ਲਈ ਸਾਂਝੇ ਤੌਰ ‘ਤੇ ਜ਼ਿੰਮੇਵਾਰ ਹੁੰਦਾ ਹੈ ।
ਪ੍ਰੌਸੀਕਿਊਟਰਾਂ ਨੇ ਇਸ ਮਾਮਲੇ ਵਿੱਚ ਇਟਲੀ ਦੇ ਵਿੱਤ ਮੰਤਰਾਲੇ ਨੂੰ ਪੀੜਤ ਧਿਰ ਵਜੋਂ ਨਾਮਜ਼ਦ ਕੀਤਾ ਹੈ ।
ਐਮਾਜ਼ਾਨ ਨੇ ਇਨ੍ਹਾਂ ਦੋਸ਼ਾਂ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਉਹ ਇਸ “ਬੇਬੁਨਿਆਦ” ਫੌਜਦਾਰੀ ਮਾਮਲੇ ਵਿਰੁੱਧ ਆਪਣਾ ਜ਼ੋਰਦਾਰ ਬਚਾਅ ਕਰੇਗਾ । ਕੰਪਨੀ ਦਾ ਕਹਿਣਾ ਹੈ ਕਿ ਅਜਿਹੇ ਅਣਪਛਾਤੇ ਰੈਗੂਲੇਟਰੀ ਮਾਹੌਲ, ਬਹੁਤ ਜ਼ਿਆਦਾ ਜੁਰਮਾਨੇ ਅਤੇ ਲੰਬੀਆਂ ਕਾਨੂੰਨੀ ਕਾਰਵਾਈਆਂ ਇਟਲੀ ਦੀ ਨਿਵੇਸ਼ ਮੰਜ਼ਿਲ ਵਜੋਂ ਖਿੱਚ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀਆਂ ਹਨ । ਹੁਣ ਇੱਕ ਜੱਜ ਮੁੱਢਲੀ ਸੁਣਵਾਈ ਦੀ ਤਰੀਕ ਤੈਅ ਕਰੇਗਾ, ਜਿੱਥੇ ਇਹ ਫੈਸਲਾ ਲਿਆ ਜਾਵੇਗਾ ਕਿ ਮੁਲਜ਼ਮਾਂ ਵਿਰੁੱਧ ਰਸਮੀ ਤੌਰ ‘ਤੇ ਦੋਸ਼ ਤੈਅ ਕੀਤੇ ਜਾਣੇ ਚਾਹੀਦੇ ਹਨ ਜਾਂ ਮਾਮਲੇ ਨੂੰ ਰੱਦ ਕਰ ਦੇਣਾ ਚਾਹੀਦਾ ਹੈ । ਜੇਕਰ ਅਦਾਲਤ ਵਿੱਚ ਇਹ ਇਲਜ਼ਾਮ ਸਹੀ ਸਾਬਤ ਹੁੰਦੇ ਹਨ, ਤਾਂ ਇਹ ਪੂਰੇ ਯੂਰਪ ਵਿੱਚ ਐਮਾਜ਼ਾਨ ਦੇ ਵਪਾਰਕ ਮਾਡਲ ਲਈ ਇੱਕ ਵੱਡਾ ਖ਼ਤਰਾ ਬਣ ਸਕਦਾ ਹੈ, ਕਿਉਂਕਿ ਵੈਟ ਪੂਰੀ ਯੂਰਪੀਅਨ ਯੂਨੀਅਨ ਵਿੱਚ ਇੱਕ ਸਮਾਨ ਟੈਕਸ ਪ੍ਰਣਾਲੀ ਹੈ ।
ਇਹ ਮਾਮਲਾ ਇਟਲੀ ਵਿੱਚ ਐਮਾਜ਼ਾਨ ਵਿਰੁੱਧ ਚੱਲ ਰਹੀਆਂ ਕਈ ਜਾਂਚਾਂ ਵਿੱਚੋਂ ਇੱਕ ਹੈ । ਯੂਰਪੀਅਨ ਪਬਲਿਕ ਪ੍ਰੌਸੀਕਿਊਟਰ ਆਫਿਸ (EPPO) ਵੀ 2021 ਤੋਂ 2024 ਦੇ ਅਰਸੇ ਦੌਰਾਨ ਹੋਏ ਅਜਿਹੇ ਕਥਿਤ ਅਪਰਾਧਾਂ ਦੀ ਜਾਂਚ ਕਰ ਰਿਹਾ ਹੈ । ਇਸ ਤੋਂ ਇਲਾਵਾ, ਮਿਲਾਨ ਦੇ ਪ੍ਰੌਸੀਕਿਊਟਰ ਚੀਨੀ ਦਰਾਮਦਾਂ ਨਾਲ ਸਬੰਧਤ ਕਸਟਮ ਅਤੇ ਟੈਕਸ ਧੋਖਾਧੜੀ ਦੀ ਵੀ ਜਾਂਚ ਕਰ ਰਹੇ ਹਨ । ਇੱਕ ਹੋਰ ਜਾਂਚ ਇਸ ਗੱਲ ‘ਤੇ ਕੇਂਦਰਿਤ ਹੈ ਕਿ ਕੀ ਐਮਾਜ਼ਾਨ ਦਾ ਇਟਲੀ ਵਿੱਚ ਕੋਈ ਅਣਐਲਾਨਿਆ ਸਥਾਈ ਟਿਕਾਣਾ ਸੀ, ਜਿਸ ਰਾਹੀਂ ਉਸ ਨੂੰ ਦੇਸ਼ ਵਿੱਚ ਵਧੇਰੇ ਟੈਕਸ ਦੇਣਾ ਚਾਹੀਦਾ ਸੀ । ਸਿਰਫ਼ ਟੈਕਸ ਹੀ ਨਹੀਂ, ਬਲਕਿ ਪ੍ਰਾਈਵੇਸੀ ਦੇ ਮਾਮਲੇ ਵਿੱਚ ਵੀ ਕੰਪਨੀ ਘਿਰੀ ਹੋਈ ਹੈ; ਬੀਤੀ 24 ਫਰਵਰੀ ਨੂੰ ਇਟਲੀ ਦੇ ਪ੍ਰਾਈਵੇਸੀ ਵਾਚਡੌਗ ਨੇ ਰੋਮ ਦੇ ਨੇੜੇ ਇੱਕ ਵੇਅਰਹਾਊਸ ਵਿੱਚ 1,800 ਤੋਂ ਵੱਧ ਕਰਮਚਾਰੀਆਂ ਦੇ ਨਿੱਜੀ ਡੇਟਾ ਦੀ ਵਰਤੋਂ ਕਰਨ ‘ਤੇ ਰੋਕ ਲਗਾ ਦਿੱਤੀ ਸੀ ।

Popular