Wednesday, April 15, 2026

ਐਲਗੋਮਾ ਸਟੀਲ ਛਾਂਟੀਆਂ ਦੀ ਜਾਣਕਾਰੀ ਕਰਜ਼ੇ ਤੋਂ ਪਹਿਲਾਂ ਸੀ : ਡੱਗ ਫੋਰਡ ਦਾ ਵੱਡਾ ਖੁਲਾਸਾ

 

ਔਟਵਾ (ਦਿਵਰੂਪ ਕੌਰ): ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਇਹ ਮੰਨ ਲਿਆ ਹੈ ਕਿ ਸੂਬਾ ਸਰਕਾਰ ਨੂੰ ਐਲਗੋਮਾ ਸਟੀਲ ਵਿੱਚ ਵੱਡੀ ਪੱਧਰੀ ਛਾਂਟੀਆਂ ਦੀ ਜਾਣਕਾਰੀ ਪਹਿਲਾਂ ਹੀ ਸੀ। ਇਹ ਸਵੀਕਾਰੋਕਤੀ ਉਸ ਸਮੇਂ ਆਈ ਹੈ ਜਦੋਂ ਕੁਝ ਹਫ਼ਤੇ ਪਹਿਲਾਂ ਹੀ ਸਰਕਾਰ ਨੇ ਟੈਕਸ ਦਾਤਿਆਂ ਦੇ ਪੈਸੇ ਵਿੱਚੋਂ ਕੰਪਨੀ ਨੂੰ 100 ਮਿਲੀਅਨ ਡਾਲਰ ਦਾ ਕਰਜ਼ਾ ਦਿੱਤਾ ਸੀ। ਇਹ ਰਕਮ ਉਸ ਵੱਡੇ 500 ਮਿਲੀਅਨ ਡਾਲਰ ਦੇ ਪੈਕੇਜ ਦਾ ਹਿੱਸਾ ਸੀ ਜੋ ਸੂਬਾਈ ਅਤੇ ਫੈਡਰਲ ਸਰਕਾਰ ਨੇ ਮਿਲ ਕੇ ਦਿੱਤਾ ਸੀ।
ਸੋਮਵਾਰ ਨੂੰ ਐਲਗੋਮਾ ਸਟੀਲ ਨੇ ਅਚਾਨਕ ਐਲਾਨ ਕੀਤਾ ਕਿ ਉਹ ਸਾਲਟ ਸੇਂਟ ਮੇਰੀ ਸਥਿਤ ਆਪਣੇ ਪਲਾਂਟ ਵਿੱਚ ਲਗਭਗ 1000 ਕਰਮਚਾਰੀਆਂ ਦੀ ਛਾਂਟਣੀ ਕਰਨ ਜਾ ਰਹੀ ਹੈ। ਕੰਪਨੀ ਨੇ ਕਿਹਾ ਕਿ ਅਮਰੀਕਾ ਵੱਲੋਂ ਲਗਾਏ ਗਏ ਟੈਰਿਫਾਂ ਕਾਰਨ ਵਪਾਰਕ ਹਾਲਾਤ ਬੁਨਿਆਦੀ ਤੌਰ ਉੱਤੇ ਬਦਲ ਚੁੱਕੇ ਹਨ ਅਤੇ ਇਸੀ ਕਾਰਨ ਪਲਾਂਟ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਕੰਪਨੀ ਦੇ ਬਿਆਨ ਅਨੁਸਾਰ ਬਲਾਸਟ ਫਰਨੇਸ ਅਤੇ ਕੋਕ ਬਣਾਉਣ ਵਾਲੀਆਂ ਇਕਾਈਆਂ ਬੰਦ ਕੀਤੀਆਂ ਜਾ ਰਹੀਆਂ ਹਨ। ਲਗਭਗ 1000 ਕਰਮਚਾਰੀਆਂ ਨੂੰ ਛਾਂਟਣੀ ਦੇ ਨੋਟਿਸ ਜਾਰੀ ਕੀਤੇ ਗਏ ਹਨ। ਇਹ ਛਾਂਟਣੀਆਂ 16 ਹਫ਼ਤਿਆਂ ਬਾਅਦ 23 ਮਾਰਚ 2026 ਤੋਂ ਲਾਗੂ ਹੋਣਗੀਆਂ। ਐਲਗੋਮਾ ਸਟੀਲ ਨੇ ਕਿਹਾ ਕਿ ਇਹ ਫੈਸਲਾ ਅਸਾਧਾਰਣ ਅਤੇ ਬਾਹਰੀ ਮਾਰਕੀਟ ਦਬਾਅ ਦੇ ਕਾਰਨ ਲੈਣਾ ਪਿਆ। ਕੰਪਨੀ ਨੇ ਦਾਅਵਾ ਕੀਤਾ ਕਿ ਇਹ ਕਦਮ ਵਪਾਰ ਨੂੰ ਜਿਊਂਦਾ ਰੱਖਣ ਲਈ ਲਾਜ਼ਮੀ ਸੀ। ਇਸ ਤੋਂ ਕੁਝ ਹਫ਼ਤੇ ਪਹਿਲਾਂ ਸਤੰਬਰ ਦੇ ਅੰਤ ਵਿੱਚ ਓਂਟਾਰੀਓ ਅਤੇ ਫੈਡਰਲ ਸਰਕਾਰ ਨੇ ਮਿਲ ਕੇ 500 ਮਿਲੀਅਨ ਡਾਲਰ ਦੇ ਕਰਜ਼ੇ ਦਾ ਐਲਾਨ ਕੀਤਾ ਸੀ। ਇਸ ਵਿੱਚੋਂ 20 ਫੀਸਦੀ ਯਾਨੀ 100 ਮਿਲੀਅਨ ਡਾਲਰ ਦੀ ਰਕਮ ਓਂਟਾਰੀਓ ਸਰਕਾਰ ਨੇ ਦਿੱਤੀ ਸੀ।
ਸਰਕਾਰ ਨੇ ਉਸ ਵੇਲੇ ਕਿਹਾ ਸੀ ਕਿ ਇਹ ਸਹਾਇਤਾ ਕੰਪਨੀ ਨੂੰ ਅਮਰੀਕਾ ਉੱਤੇ ਨਿਰਭਰਤਾ ਘਟਾਉਣ ਅਤੇ ਉੱਤਰੀ ਓਂਟਾਰੀਓ ਵਿੱਚ ਰੁਜ਼ਗਾਰ ਬਚਾਉਣ ਵਿੱਚ ਮਦਦ ਕਰੇਗੀ। ਪਰ ਹੁਣ ਬੁੱਧਵਾਰ ਨੂੰ ਡੱਗ ਫੋਰਡ ਨੇ ਸਵੀਕਾਰ ਕੀਤਾ ਕਿ ਸਰਕਾਰ ਨੂੰ ਕਰਜ਼ਾ ਦੇਣ ਤੋਂ ਪਹਿਲਾਂ ਹੀ ਇਹ ਦੱਸਿਆ ਗਿਆ ਸੀ ਕਿ ਸੈਂਕੜੇ ਸਟੀਲ ਵਰਕਰ ਆਪਣੀਆਂ ਨੌਕਰੀਆਂ ਗੁਆਉਣ ਵਾਲੇ ਹਨ। ਇਹ ਜਾਣਕਾਰੀ ਸਰਕਾਰ ਵੱਲੋਂ ਜਨਤਾ ਨਾਲ ਸਾਂਝੀ ਨਹੀਂ ਕੀਤੀ ਗਈ ਸੀ। ਡੱਗ ਫੋਰਡ ਨੇ ਕਿਹਾ ਕਿ ਕੰਪਨੀ ਦੇ ਸੀਈਓ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਜੇਕਰ ਸਰਕਾਰੀ ਫੰਡ ਨਹੀਂ ਦਿੱਤੇ ਗਏ ਤਾਂ ਹਾਲਾਤ ਹੋਰ ਵੀ ਭਿਆਨਕ ਹੋ ਸਕਦੇ ਸਨ। ਉਨ੍ਹਾਂ ਕਿਹਾ ਕਿ ਬਿਨਾਂ ਸਹਾਇਤਾ ਦੇ 1000 ਤੋਂ ਵੀ ਕਈ ਵਧੇਰੇ ਲੋਕਾਂ ਦੀ ਨੌਕਰੀ ਜਾ ਸਕਦੀ ਸੀ। ਡੱਗ ਫੋਰਡ ਨੇ ਐਲਗੋਮਾ ਸਟੀਲ ਨੂੰ ਟਾਈਟੈਨਿਕ ਜਹਾਜ਼ ਨਾਲ ਤੁਲਨਾ ਕਰਦਿਆਂ ਕਿਹਾ ਕਿ ਇਹ ਡੁੱਬ ਰਿਹਾ ਸੀ ਅਤੇ ਸਰਕਾਰ ਕੋਲ ਸੀਮਤ ਵਿਕਲਪ ਸਨ। ਉਨ੍ਹਾਂ ਕਿਹਾ ਕਿ ਜਾਂ ਤਾਂ ਦੋ ਤਿਹਾਈ ਨੌਕਰੀਆਂ ਬਚਾਈਆਂ ਜਾਵਣ ਜਾਂ ਫਿਰ ਕੁਝ ਵੀ ਨਾ ਬਚੇ। ਉਨ੍ਹਾਂ ਕਿਹਾ ਕਿ ਉਹਨਾਂ ਨੇ ਕੰਪਨੀ ਨੂੰ ਬਚਾਉਣ ਲਈ ਫੰਡ ਦੇਣਾ ਠੀਕ ਸਮਝਿਆ।
ਜਦੋਂ ਫੋਰਡ ਤੋਂ ਪੁੱਛਿਆ ਗਿਆ ਕਿ ਕੀ ਹੋਰ ਵੱਡਾ ਕਰਜ਼ਾ ਦੇ ਕੇ ਹੋਰ ਨੌਕਰੀਆਂ ਬਚਾਈਆਂ ਜਾ ਸਕਦੀਆਂ ਸਨ ਤਾਂ ਉਨ੍ਹਾਂ ਨੇ ਇਸ ਸਵਾਲ ਨੂੰ ਕੰਪਨੀ ਵੱਲ ਮੋੜ ਦਿੱਤਾ।
ਫੋਰਡ ਨੇ ਇਹ ਵੀ ਕਿਹਾ ਕਿ ਸਰਕਾਰੀ ਪੈਸਿਆਂ ਤੋਂ ਬਿਨਾਂ ਇਹ ਪਲਾਂਟ ਸ਼ਾਇਦ ਅੱਜ ਖੜ੍ਹਾ ਵੀ ਨਾ ਹੁੰਦਾ। ਓਂਟਾਰੀਓ ਦੇ ਆਰਥਿਕ ਵਿਕਾਸ ਮੰਤਰੀ ਵਿਕ ਫੇਡੇਲੀ ਨੇ ਵੀ ਸਰਕਾਰ ਦਾ ਪੱਖ ਲਿਆ। ਉਨ੍ਹਾਂ ਕਿਹਾ ਕਿ ਛਾਂਟਣੀਆਂ ਆਉਣ ਵਾਲੀਆਂ ਹਨ ਇਹ ਗੱਲ ਪਹਿਲਾਂ ਤੋਂ ਸਭ ਨੂੰ ਪਤਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜੋ ਨਿਵੇਸ਼ ਕੀਤਾ ਉਹ ਸਿਰਫ਼ ਕੰਪਨੀ ਦੇ ਦਰਵਾਜ਼ੇ ਖੁੱਲ੍ਹੇ ਰੱਖਣ ਲਈ ਸੀ। This report was written by Ekjot Singh as part of the Local Journalism Initiative.

Popular