Tuesday, November 11, 2025

ਐਲਬਰਟਾ ‘ਚ ਡਰਾਈਵਿੰਗ ਲਾਈਸੈਂਸਾਂ ‘ਤੇ ”ਕੈਨੇਡੀਅਨ ਨਾਗਰਿਕਤਾ ਨਿਸ਼ਾਨ” ਲਾਜ਼ਮੀ, ਨਵਾਂ ਫ਼ੈਸਲਾ ਵਿਵਾਦਾਂ ਵਿੱਚ

ਕੈਲਗਰੀ : ਐਲਬਰਟਾ ਸਰਕਾਰ ਨੇ ਐਲਾਨ ਕੀਤਾ ਹੈ ਕਿ 2026 ਦੇ ਅਖੀਰ ਤੱਕ ਜਾਰੀ ਕੀਤੇ ਜਾਣ ਵਾਲੇ ਸਾਰੇ ਡਰਾਈਵਿੰਗ ਲਾਈਸੈਂਸਾਂ ਅਤੇ ਸ਼ਨਾਖ਼ਤੀ ਕਾਰਡਾਂ ‘ਤੇ ”ਕੈਨੇਡੀਅਨ ਨਾਗਰਿਕਤਾ ਨਿਸ਼ਾਨ” ਸ਼ਾਮਲ ਕੀਤਾ ਜਾਵੇਗਾ। ਇਹ ਕਦਮ ਕੈਨੇਡਾ ਦੇ ਕਿਸੇ ਵੀ ਸੂਬੇ ਵਿੱਚ ਪਹਿਲੀ ਵਾਰ ਚੁੱਕਿਆ ਗਿਆ ਹੈ। ਪ੍ਰੀਮੀਅਰ ਡੇਨੀਅਲ ਸਮਿਥ ਦਾ ਕਹਿਣਾ ਹੈ ਕਿ ਇਸ ਤਬਦੀਲੀ ਨਾਲ ਲੋਕਾਂ ਲਈ ਸਰਕਾਰੀ ਸੇਵਾਵਾਂ ਲੈਣਾ ਆਸਾਨ, ਤੇਜ਼ ਅਤੇ ਵਧੀਆ ਬਣੇਗਾ। ਉਨ੍ਹਾਂ ਦਲੀਲ ਦਿੱਤੀ ਕਿ ਨਵੇਂ ਲਾਈਸੈਂਸ ਨਾਲ ਵਿਅਕਤੀ ਆਪਣੀ ਪਛਾਣ ਅਤੇ ਨਾਗਰਿਕਤਾ ਦੋਵੇਂ ਚੀਜ਼ਾਂ ਇੱਕੋ ਦਸਤਾਵੇਜ਼ ਰਾਹੀਂ ਸਾਬਤ ਕਰ ਸਕੇਗਾ। ਇਸ ਨਾਲ ਵਿਦਿਆਰਥੀ ਸਹਾਇਤਾ, ਹੈਲਥ ਬੈਨਿਫਿਟ ਜਾਂ ਅਪੰਗਤਾ ਸਹਾਇਤਾ ਵਰਗੀਆਂ ਸੇਵਾਵਾਂ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ ਵੀ ਸੁਗਮ ਹੋ ਜਾਵੇਗੀ।

ਸਮਿਥ ਨੇ ਇਹ ਵੀ ਕਿਹਾ ਕਿ ਇਹ ਕਦਮ ਲੋਕਤੰਤਰ ਦੀ ਰੱਖਿਆ ਲਈ ਹੈ ਕਿਉਂਕਿ ਇਸ ਨਾਲ ਚੋਣਾਂ ਦੀ ਸੁਰੱਖਿਆ ਅਤੇ ਭਰੋਸੇਯੋਗਤਾ ਵਧੇਗੀ।

ਦੂਜੇ ਪਾਸੇ, ਐਲਬਰਟਾ ਐਨਡੀਪੀ ਨੇ ਇਸ ਫ਼ੈਸਲੇ ਦੀ ਕੜੀ ਆਲੋਚਨਾ ਕੀਤੀ ਹੈ। ਇਮੀਗ੍ਰੇਸ਼ਨ ਅਤੇ ਮਲਟੀਕਲਚਰਲਿਜ਼ਮ ਦੀ ਸ਼ੈਡੋ ਮੰਤਰੀ ਲਿਜ਼ੈਟ ਤੇਜਾਦਾ ਨੇ ਕਿਹਾ ਕਿ ਇਹ ਤਬਦੀਲੀ ਲੋਕਾਂ ਲਈ ਬੇਲੋੜੇ ਔਖੇਪਣ ਅਤੇ ਕਾਗਜ਼ੀ ਕਾਰਵਾਈ ਪੈਦਾ ਕਰੇਗੀ। ਉਨ੍ਹਾਂ ਅਨੁਸਾਰ, ਚੋਣਾਂ ਤੋਂ ਇਲਾਵਾ ਹੋਰ ਕੋਈ ਅਜਿਹੀ ਸਰਕਾਰੀ ਸੇਵਾ ਨਹੀਂ ਜੋ ਸਿਰਫ਼ ਨਾਗਰਿਕਾਂ ਲਈ ਸੀਮਿਤ ਹੋਵੇ, ਇਸ ਲਈ ਨਾਗਰਿਕਤਾ ਨਿਸ਼ਾਨ ਦੀ ਲੋੜ ਸਾਬਤ ਨਹੀਂ ਹੁੰਦੀ।

ਤੇਜਾਦਾ ਨੇ ਚੇਤਾਵਨੀ ਦਿੱਤੀ ਕਿ ਜੇ ਕਿਸੇ ਕੋਲ ਪਾਸਪੋਰਟ ਨਹੀਂ ਹੈ ਜਾਂ ਜਨਮ ਸਰਟੀਫਿਕੇਟ ਲੱਭਣਾ ਔਖਾ ਹੋ ਜਾਵੇ, ਤਾਂ ਲਾਈਸੈਂਸ ਰਿਨਿਊ ਕਰਵਾਉਣਾ ਵੱਡਾ ਝੰਜਟ ਬਣ ਸਕਦਾ ਹੈ। ਪ੍ਰਾਈਵੇਸੀ ਅਤੇ ਨਾਗਰਿਕ ਅਜ਼ਾਦੀਆਂ ਲਈ ਕੰਮ ਕਰਨ ਵਾਲੇ ਹੈਲੀਫੈਕਸ ਦੇ ਵਕੀਲ ਡੇਵਿਡ ਫਰੇਜ਼ਰ ਨੇ ਵੀ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸੂਬੇ ਨੇ ਪਹਿਲਾਂ ਲਾਈਸੈਂਸ ਉੱਤੇ ਨਾਗਰਿਕਤਾ ਦੀ ਜਾਣਕਾਰੀ ਦਰਜ ਕਰਨ ਦਾ ਫ਼ੈਸਲਾ ਨਹੀਂ ਕੀਤਾ।

ਫਰੇਜ਼ਰ ਦੇ ਅਨੁਸਾਰ, ਇਸ ਨਾਲ ਲੋਕਾਂ ਨੂੰ ਟ੍ਰੈਫਕਿ ਸਟਾਪ ਜਾਂ ਹੋਰ ਸਥਿਤੀਆਂ ਵਿੱਚ ਪੱਖਪਾਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਤੁਹਾਡਾ ਲਾਈਸੈਂਸ ਵੇਖਣ ਦਾ ਹੱਕ ਹੁੰਦਾ ਹੈ, ਪਰ ਨਾਗਰਿਕਤਾ ਦੀ ਜਾਣਕਾਰੀ ਦਾ ਡਰਾਈਵਿੰਗ ਯੋਗਤਾ ਨਾਲ ਕੋਈ ਸੰਬੰਧ ਨਹੀਂ।

ਉਹ ਚੇਤਾਉਂਦੇ ਹਨ ਕਿ ਜਿੱਥੇ ਵੀ ਆਈ.ਡੀ. ਦੀ ਲੋੜ ਹੋਵੇਗੀ, ਉੱਥੇ ਨਾਗਰਿਕਤਾ ਦੀ ਜਾਣਕਾਰੀ ਆਸਾਨੀ ਨਾਲ ਸਾਹਮਣੇ ਆਵੇਗੀ, ਜੋ ਗੰਭੀਰ ਪ੍ਰਾਈਵੇਸੀ ਮੁੱਦਾ ਹੈ। ਜਦੋਂ ਸਰਕਾਰ ਤੋਂ ਪੁੱਛਿਆ ਗਿਆ ਕਿ ਪੱਖਪਾਤ ਤੋਂ ਕਿਵੇਂ ਬਚਾਇਆ ਜਾਵੇਗਾ, ਤਾਂ ਸਰਵਿਸ ਐਲਬਰਟਾ ਮੰਤਰੀ ਡੇਲ ਨੈਲੀ ਨੇ ਕਿਹਾ ਕਿ ਨਾਗਰਿਕਤਾ ਨਿਸ਼ਾਨ ਸਿਰਫ਼ ਸਰਕਾਰੀ ਲਾਭਾਂ ਲਈ ਹਨ ਅਤੇ ਕਿਸੇ ਨਾਲ ਭੇਦਭਾਵ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਗੈਰ-ਨਾਗਰਿਕਾਂ ਦੇ ਕਾਰਡਾਂ ‘ਤੇ ਕੋਈ ਵੀ ਨਿਸ਼ਾਨ ਨਹੀਂ ਹੋਵੇਗਾ।

ਨੈਲੀ ਨੇ ਇਹ ਵੀ ਕਿਹਾ ਕਿ ਫ਼ੈਡਰਲ ਸਰਕਾਰ ਕੋਲ ਅਜਿਹਾ ਕੋਈ ਕੇਂਦਰੀ ਸਰੋਤ ਨਹੀਂ ਜੋ ਸਪੱਸ਼ਟ ਕਰੇ ਕਿ ਕੌਣ ਨਾਗਰਿਕ ਹੈ ਅਤੇ ਕੌਣ ਨਹੀਂ। ਇਹੀ ਕਾਰਨ ਹੈ ਕਿ ਐਲਬਰਟਾ ਨੇ ਇਹ ਤਬਦੀਲੀ ਲਾਜ਼ਮੀ ਕੀਤੀ ਹੈ। 2026 ਤੱਕ ਜਾਰੀ ਹੋਣ ਵਾਲੇ ਨਵੇਂ ਲਾਈਸੈਂਸਾਂ ਵਿੱਚ ਐਲਬਰਟਾ ਹੈਲਥ ਕਾਰਡ ਦੀ ਜਾਣਕਾਰੀ ਵੀ ਸ਼ਾਮਲ ਕੀਤੀ ਜਾਵੇਗੀ। ਪ੍ਰੀਮੀਅਰ ਸਮਿਥ ਨੇ ਕਿਹਾ ਕਿ ਇਹ ਹੈਲਥ ਨੰਬਰਾਂ ਦੀ ਸੁਰੱਖਿਆ ਵਧਾਉਣ ਲਈ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਐਲਬਰਟਾ ਵਿੱਚ ਰਹਿਣ ਵਾਲੇ ਲੋਕਾਂ ਦੀ ਗਿਣਤੀ ਨਾਲੋਂ 5.3 ਲੱਖ ਵੱਧ ਹੈਲਥ ਕਾਰਡ ਮੌਜੂਦ ਹਨ, ਜੋ ਸਿਸਟਮ ਦੀਆਂ ਕਮੀਆਂ ਕਾਰਨ ਗਲਤ ਵਰਤੋਂ ਲਈ ਖੁੱਲ੍ਹੇ ਪਏ ਹਨ।

ਨੈਲੀ ਨੇ ਕਿਹਾ ਕਿ 2026 ਦੇ ਅੰਤ ਤੱਕ ਅਸੀਂ ਸਪੱਸ਼ਟ ਕਰ ਸਕਾਂਗੇ ਕਿ ਕਿੰਨੇ ਅਸਲੀ ਹੈਲਥ ਕਾਰਡ ਮੌਜੂਦ ਹਨ ਅਤੇ ਨਕਲੀ ਕਾਰਡਾਂ ਦਾ ਖ਼ਾਤਮਾ ਹੋ ਜਾਵੇਗਾ। ਇਹ ਸਾਰੀ ਤਬਦੀਲੀਆਂ ਐਲਬਰਟਾ ਦੇ ਡਰਾਈਵਿੰਗ ਲਾਈਸੈਂਸਾਂ ਅਤੇ ਆਈ.ਡੀ. ਕਾਰਡਾਂ ਦੇ ਨਵੇਂ ਡਿਜ਼ਾਈਨ ਦਾ ਹਿੱਸਾ ਹਨ। ਨਾਗਰਿਕਤਾ ਨਿਸ਼ਾਨ ਛਅਂ ਕੋਡ ਦੇ ਰੂਪ ਵਿੱਚ ਦਰਜ ਕੀਤਾ ਜਾਵੇਗਾ। ਇਸ ਲਈ ਕਿਸੇ ਵੀ ਵਿਅਕਤੀ ਨੂੰ ਵਾਧੂ ਲਾਗਤ ਨਹੀਂ ਦੇਣੀ ਪਵੇਗੀ।

Share post:

Popular