ਬੀ.ਸੀ. ਕੰਜ਼ਰਵੇਟਿਵ ਪਾਰਟੀ ਨੇ ਪੰਜ ਦਿਨ ਦਫ਼ਤਰ ਆਉਣ ਦੀ ਕੀਤੀ ਵਕਾਲਤ, ‘ਹੁਣ ਘਰੋਂ ਕੰਮ ਦਾ ਸਮਾਂ ਖ਼ਤਮ ਹੋਣਾ ਚਾਹੀਦਾ ਹੈ’ : ਵਿਰੋਧੀ ਧਿਰ
ਸਰੀ, (ਦਿਵਰੂਪ ਕੌਰ): ਕੈਨੇਡਾ ਦੇ ਹੋਰਨਾਂ ਸੂਬਿਆਂ ਵਿੱਚ ਸਰਕਾਰੀ ਕਰਮਚਾਰੀਆਂ ਨੂੰ ਪੰਜੇ ਦਿਨ ਦਫ਼ਤਰ ਬੁਲਾਉਣ ਦੇ ਫੈਸਲਿਆਂ ਤੋਂ ਬਾਅਦ ਹੁਣ ਬ੍ਰਿਟਿਸ਼ ਕੋਲੰਬੀਆ ਵਿੱਚ ਵੀ ਇਹ ਬਹਿਸ ਤੇਜ਼ ਹੋ ਗਈ ਹੈ। ਸੋਮਵਾਰ ਤੋਂ ਓਨਟਾਰੀਓ ਵਿੱਚ ਜਨਤਕ ਖੇਤਰ ਦੇ ਕਰਮਚਾਰੀਆਂ ਲਈ ਹਫ਼ਤੇ ਵਿੱਚ ਪੰਜ ਦਿਨ ਦਫ਼ਤਰ ਆਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ, ਜਦਕਿ ਅਲਬਰਟਾ ਸਰਕਾਰ ਨੇ ਵੀ ਫਰਵਰੀ ਤੋਂ ਸਾਰੇ ਕਰਮਚਾਰੀਆਂ ਨੂੰ ਫੁੱਲ-ਟਾਈਮ ਦਫ਼ਤਰ ਪਰਤਣ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਫੈਸਲਿਆਂ ਨੇ ਬੀ.ਸੀ. ਵਿੱਚ ਵੀ ਸਿਆਸੀ ਹਲਚਲ ਵਧਾ ਦਿੱਤੀ ਹੈ।
ਬੀ.ਸੀ. ਦੀ ਮੁੱਖ ਵਿਰੋਧੀ ਧਿਰ, ਕੰਜ਼ਰਵੇਟਿਵ ਪਾਰਟੀ ਨੇ ਸੂਬਾ ਸਰਕਾਰ ‘ਤੇ ਦਬਾਅ ਪਾਉਂਦੇ ਹੋਏ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਕਰਮਚਾਰੀ ਆਪਣੇ ਕੰਮ ਵਾਲੀ ਥਾਂ ‘ਤੇ ਵਾਪਸ ਆਉਣ। ਕੰਜ਼ਰਵੇਟਿਵ ਵਿੱਤ ਆਲੋਚਕ ਪੀਟਰ ਮਿਲੋਬਰ (Peter Milobar) ਨੇ ਕਿਹਾ, “ਹੁਣ ਕੰਮ ਵਾਲੀ ਥਾਂ ‘ਤੇ ਵਾਪਸ ਆਉਣ, ਆਪਸੀ ਸਹਿਯੋਗ ਅਤੇ ਉਸ ਟੀਮ ਮਾਹੌਲ ਨੂੰ ਮੁੜ ਸੁਰਜੀਤ ਕਰਨ ਦਾ ਸਮਾਂ ਹੈ ਜੋ ਨਵੀਨਤਾ ਅਤੇ ਸਮੱਸਿਆਵਾਂ ਦੇ ਹੱਲ ਲਈ ਜ਼ਰੂਰੀ ਹੈ।” ਉਨ੍ਹਾਂ ਅੱਗੇ ਕਿਹਾ ਕਿ ਵਿਕਟੋਰੀਆ, ਵੈਨਕੂਵਰ, ਕੈਮਲੂਪਸ ਅਤੇ ਸਰੀ ਵਰਗੇ ਵੱਡੇ ਕੇਂਦਰਾਂ ਵਿੱਚ ਸਰਕਾਰੀ ਇਮਾਰਤਾਂ ਖਾਲੀ ਪਈਆਂ ਹਨ, ਜਦਕਿ ਪੂਰੇ ਦੇਸ਼ ਵਿੱਚ ਹੁਣ ਨਿੱਜੀ ਅਤੇ ਸਰਕਾਰੀ ਦੋਵੇਂ ਖੇਤਰ ਦਫ਼ਤਰ ਵਾਪਸੀ ਨੂੰ ਪਹਿਲ ਦੇ ਰਹੇ ਹਨ।
ਦੂਜੇ ਪਾਸੇ, ‘ਬੀ.ਸੀ. ਜਨਰਲ ਇੰਪਲਾਈਜ਼ ਯੂਨੀਅਨ’ (BCGEU) ਦੇ ਪ੍ਰਧਾਨ ਪਾਲ ਫਿੰਚ (Paul Finch) ਨੇ ਰਿਮੋਟ ਵਰਕ (ਘਰੋਂ ਕੰਮ) ਦੇ ਹੱਕ ਵਿੱਚ ਦਲੀਲ ਦਿੱਤੀ ਹੈ। ਉਨ੍ਹਾਂ ਅਨੁਸਾਰ, ਰਿਮੋਟ ਵਰਕ ਕਾਰਨ ਪੇਂਡੂ ਭਾਈਚਾਰਿਆਂ ਵਿੱਚ ਨਵੀਂ ਜਾਨ ਪਈ ਹੈ ਕਿਉਂਕਿ ਲੋਕ ਹੁਣ ਘੱਟ ਖਰਚੇ ਵਾਲੇ ਇਲਾਕਿਆਂ ਵਿੱਚ ਰਹਿ ਕੇ ਕੰਮ ਕਰ ਸਕਦੇ ਹਨ। ਯੂਨੀਅਨ ਦਾ ਮੰਨਣਾ ਹੈ ਕਿ ਇਹ ਨੀਤੀ ਕਰਮਚਾਰੀਆਂ ਦੀ ਜੀਵਨ ਸ਼ੈਲੀ ਅਤੇ ਆਰਥਿਕਤਾ ਦੋਵਾਂ ਲਈ ਲਾਹੇਵੰਦ ਹੈ।
ਬੀ.ਸੀ. ਦੀ ਐਨਡੀਪੀ (NDP) ਸਰਕਾਰ ਨੇ ਫਿਲਹਾਲ ਓਨਟਾਰੀਓ ਜਾਂ ਅਲਬਰਟਾ ਵਾਂਗ ਕੋਈ ਸਖ਼ਤ ਫੈਸਲਾ ਨਹੀਂ ਲਿਆ ਹੈ। ਸੂਬੇ ਦੀ ਵਿੱਤ ਮੰਤਰੀ ਬ੍ਰੈਂਡਾ ਬੇਲੀ (Brenda Bailey) ਦੇ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਸਰਕਾਰ ਫਿਲਹਾਲ ‘ਸਟੇਟਸ ਕੋ’ (ਮੌਜੂਦਾ ਸਥਿਤੀ) ਨੂੰ ਬਰਕਰਾਰ ਰੱਖਣ ਦੇ ਹੱਕ ਵਿੱਚ ਹੈ, ਜਿਸਦਾ ਮਤਲਬ ਹੈ ਕਿ ਕਰਮਚਾਰੀਆਂ ਕੋਲ ਅਜੇ ਵੀ ਲਚਕਦਾਰ ਕੰਮ (Hybrid/Remote) ਦੇ ਵਿਕਲਪ ਮੌਜੂਦ ਰਹਿਣਗੇ। ਹਾਲਾਂਕਿ, ਵਿਰੋਧੀ ਧਿਰ ਦਾ ਕਹਿਣਾ ਹੈ ਕਿ ਸਰਕਾਰੀ ਇਮਾਰਤਾਂ ਦਾ ਖਾਲੀ ਰਹਿਣਾ ਅਤੇ ਸ਼ਹਿਰਾਂ ਦੇ ਵਪਾਰਕ ਕੰਮਕਾਜ ਦਾ ਮੱਠਾ ਪੈਣਾ ਚਿੰਤਾ ਦਾ ਵਿਸ਼ਾ ਹੈ। This report was written by Divroop Kaur as part of the Local Journalism Initiative.

