ਸਰੀ, (ਦਿਵਰੂਪ ਕੌਰ): ਸਰੀ (ਬੀ.ਸੀ.): ਸਰੀ ਸਿਟੀ ਵੱਲੋਂ ਸਿਟੀ ਹਾਲ ਵਿੱਚ ਲਿੰਗ-ਆਧਾਰਿਤ ਹਿੰਸਾ ਦੇ ਮੁੱਦੇ ‘ਤੇ ਇੱਕ ਵਿਸ਼ੇਸ਼ ਫੋਰਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਫ਼ਰੰਟ-ਲਾਈਨ ਵਰਕਰਾਂ, ਵੱਖ-ਵੱਖ ਭਾਈਚਾਰਿਆਂ ਅਤੇ ਵਿਸ਼ਾ ਮਾਹਰਾਂ ਨੇ ਭਾਗ ਲਿਆ। ਇਸ ਸਮਾਗਮ ਦਾ ਮੁੱਖ ਮਕਸਦ ਜਾਗਰੂਕਤਾ ਵਧਾਉਣਾ, ਅਹਿਮ ਡਾਟਾ ਸਾਂਝਾ ਕਰਨਾ ਅਤੇ ਉਹ ਯਤਨ ਮਜ਼ਬੂਤ ਕਰਨਾ ਸੀ ਜੋ ਜਨਤਕ ਸੁਰੱਖਿਆ ਅਤੇ ਸਿਹਤ ਨਾਲ ਜੁੜੇ ਇਸ ਗੰਭੀਰ ਸੰਕਟ ਨਾਲ ਨਜਿੱਠਣ ਲਈ ਜ਼ਰੂਰੀ ਹਨ।
ਮੇਅਰ ਬਰੈਂਡਾ ਲੌਕ ਨੇ ਆਪਣੇ ਉਦਘਾਟਨੀ ਸੰਬੋਧਨ ਵਿੱਚ ਸਾਫ਼ ਕਿਹਾ ਕਿ ਲਿੰਗ-ਆਧਾਰਿਤ ਹਿੰਸਾ ਕੋਈ ਨਿੱਜੀ ਮਾਮਲਾ ਨਹੀਂ, ਸਗੋਂ ਇਹ ਇੱਕ ਅਜਿਹਾ ਸੰਕਟ ਹੈ ਜੋ ਹਰ ਰੋਜ਼ ਪਰਿਵਾਰਾਂ ਅਤੇ ਭਾਈਚਾਰਿਆਂ ਨੂੰ ਡੂੰਘੀ ਠੇਸ ਪਹੁੰਚਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੈਨੇਡਾ ਵਿੱਚ ਹਰ 48 ਘੰਟਿਆਂ ਵਿੱਚ ਇੱਕ ਔਰਤ ਜਾਂ ਲੜਕੀ ਦੀ ਹੱਤਿਆ ਕੀਤੀ ਜਾਂਦੀ ਹੈ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਲਗਭਗ ਅੱਧੀਆਂ ਮਹਿਲਾਵਾਂ ਕਿਸੇ ਨਾ ਕਿਸੇ ਰੂਪ ਵਿੱਚ ਘਰੇਲੂ ਜਾਂ ਸੰਬੰਧਿਤ ਹਿੰਸਾ ਝੱਲ ਚੁੱਕੀਆਂ ਹਨ। ਇਸ ਤੋਂ ਵੀ ਵੱਧ ਚਿੰਤਾਜਨਕ ਗੱਲ ਇਹ ਹੈ ਕਿ ਮੂਲਵਾਸੀ ਔਰਤਾਂ ਨੂੰ ਹੋਰ ਭਾਈਚਾਰਿਆਂ ਦੀਆਂ ਔਰਤਾਂ ਦੇ ਮੁਕਾਬਲੇ ਛੇ ਗੁਣਾ ਵੱਧ ਹੱਤਿਆ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਮੇਅਰ ਲੌਕ ਨੇ ਕਿਹਾ ਕਿ ਸਿਟੀ ਆਪਣੇ ਕਮਿਊਨਿਟੀ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਦੀ ਰਹੇਗੀ ਅਤੇ ਸ਼ਹਿਰ ਵਿੱਚ ਔਰਤਾਂ ਅਤੇ ਲਿੰਗ-ਵਿਭਿੰਨਤਾ ਵਾਲੇ ਲੋਕਾਂ ਦੀ ਸੁਰੱਖਿਆ ਲਈ ਯਤਨ ਕਦੇ ਨਹੀਂ ਛੱਡੇ ਜਾਣਗੇ। ਉਨ੍ਹਾਂ ਇਸ ਗੱਲਬਾਤ ਨੂੰ ਜਾਰੀ ਰੱਖਣ ਲਈ ਇੱਕ ਸਥਾਈ ਪਲੇਟਫਾਰਮ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ।
ਫੋਰਮ ਵਿੱਚ ਬੁਲਾਰਿਆਂ ਨੇ ਸਰੀ ਵਿੱਚ ਤਿਆਰ ਕੀਤੇ ਗਏ ਸਥਾਨਕ ਹੱਲਾਂ ਨੂੰ ਉਜਾਗਰ ਕੀਤਾ। ਇਨ੍ਹਾਂ ਵਿੱਚ ਜਨਤਕ ਥਾਵਾਂ ਦੇ ਸੁਰੱਖਿਆ ਆਡਿਟ ਕਰਵਾਉਣ ਦੀ ਵਕਾਲਤ ਅਤੇ ਪੁਲਿਸ ਤੇ ਸਿਹਤ ਸੇਵਾਵਾਂ ਵਿੱਚ ਮਿਆਰੀ ਜੋਖ਼ਮ-ਮੁਲਾਂਕਣ ਸਾਧਨਾਂ ਦੀ ਲੋੜ ਸ਼ਾਮਲ ਸੀ। ਸਿਟੀ ਨੇ ਫ਼ਰੰਟਲਾਈਨ ਰਿਸਪੋਂਡੇਰਸ, ਫੋਰੈਂਸਿਕ ਨਰਸਾਂ ਅਤੇ ਕਮਿਊਨਿਟੀ ਸੰਸਥਾਵਾਂ ਦੇ ਯੋਗਦਾਨ ਨੂੰ ਖੁੱਲ੍ਹੇ ਦਿਲ ਨਾਲ ਮਾਨਤਾ ਦਿੱਤੀ, ਜੋ ਪੀੜਤਾਂ ਦਾ ਸਹਾਰਾ ਬਣ ਕੇ ਇਸ ਲੜਾਈ ਦੀ ਅਗਲੀ ਕਤਾਰ ਵਿੱਚ ਡਟੇ ਹੋਏ ਹਨ। ਸਰੀ ਦੇ ਪਬਲਿਕ ਸੇਫ਼ਟੀ ਵਿਭਾਗ ਦੇ ਜਨਰਲ ਮੈਨੇਜਰ ਬ੍ਰਾਇਨ ਐਡਵਰਡਜ਼ ਨੇ ਕਿਹਾ ਕਿ ਲਿੰਗ-ਆਧਾਰਿਤ ਹਿੰਸਾ ਨੂੰ ਰੋਕਣ ਲਈ ਜਨਤਕ ਸੁਰੱਖਿਆ, ਸਿਹਤ, ਰਿਹਾਇਸ਼ ਅਤੇ ਕਮਿਊਨਿਟੀ ਭਾਈਵਾਲਾਂ ਸਮੇਤ ਸਿਸਟਮ ਦੇ ਹਰ ਹਿੱਸੇ ਨੂੰ ਇੱਕਜੁੱਟ ਹੋ ਕੇ ਕੰਮ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਇਹ ਫੋਰਮ ਸ਼ੁਰੂਆਤੀ ਦਖ਼ਲਅੰਦਾਜ਼ੀ ਅਤੇ ਪੀੜਤ-ਕੇਂਦਰਿਤ ਸਹਾਇਤਾ ਪ੍ਰਦਾਨ ਕਰਨ ਪ੍ਰਤੀ ਸਾਂਝੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਾ ਹੈ। ਮਾਹਰਾਂ ਨੇ ਇਹ ਵੀ ਸਾਫ਼ ਕੀਤਾ ਕਿ ਰਾਹ ਵਿੱਚ ਕਈ ਅੜਚਣਾਂ ਅਜੇ ਵੀ ਮੌਜੂਦ ਹਨ। ਰਿਹਾਇਸ਼ ਦੀ ਘਾਟ ਅਤੇ ਕਾਨੂੰਨੀ ਪ੍ਰਣਾਲੀ ਵਿੱਚ ਮੌਜੂਦ ਖ਼ਾਮੀਆਂ ਕਾਰਨ ਰਿਸ਼ਤੇ ਟੁੱਟਣ ਤੋਂ ਬਾਅਦ ਵੀ ਜ਼ਬਰਦਸਤੀ ਨਿਯੰਤਰਨ ਜਾਰੀ ਰਹਿਣ ਦੀਆਂ ਮਿਸਾਲਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹਾਲਾਂਕਿ, ਮਾਹਰਾਂ ਨੇ ਪ੍ਰੋਟੈਕਟਿੰਗ ਵਿਕਟਿਮਜ਼ ਐਕਟ 2025 ਸਮੇਤ ਨਵੇਂ ਬਣੇ ਕਾਨੂੰਨਾਂ ਨੂੰ ਸਹੀ ਦਿਸ਼ਾ ਵਿੱਚ ਚੁੱਕੇ ਅਹਿਮ ਕਦਮ ਦੱਸਿਆ। ਸਮਾਗਮ ਵਿੱਚ ਸਰੀ ਵਿੱਚ ਕੰਮ ਕਰ ਰਹੀਆਂ ਕਈ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ। ਸਰੀ ਵੁਮੈਨ ਸੈਂਟਰ, ਅਟੀਰਾ, ਐਲਿਜ਼ਾਬੈੱਥ ਫਰਾਈ ਸੁਸਾਇਟੀ, ਓਪਸ਼ਨਜ਼, ਵਾਈਐਮਸੀਏ, ਪੈਸੀਫਿਕ ਕਮਿਊਨਿਟੀ ਰਿਸੋਰਸਜ਼ ਸੁਸਾਇਟੀ, ਡਾਇਵਰਸਿਟੀ ਕਮਿਊਨਿਟੀ ਰਿਸੋਰਸਜ਼ ਸੁਸਾਇਟੀ, ਫਰੇਜ਼ਰ ਅਬੋਰਿਜਨਲ ਫਰੈਂਡਸ਼ਿਪ ਸੈਂਟਰ ਐਸੋਸੀਏਸ਼ਨ ਅਤੇ ਨੈੱਟਵਰਕ ਟੂ ਐਲੀਮੀਨੇਟ ਵਾਇਲੈਂਸ ਇਨ ਰਿਲੇਸ਼ਨਸ਼ਿਪ ਵਰਗੀਆਂ ਸੰਸਥਾਵਾਂ ਨੇ ਇਸ ਮੰਚ ‘ਤੇ ਆਪੋ-ਆਪਣੇ ਤਜ਼ਰਬੇ ਅਤੇ ਸੁਝਾਅ ਸਾਂਝੇ ਕੀਤੇ। ਪੂਰੇ ਸੂਬੇ ਤੋਂ ਆਏ ਵਿਸ਼ਾ ਮਾਹਰਾਂ ਅਤੇ ਹਿੰਸਾ-ਵਿਰੋਧੀ ਸੇਵਾਵਾਂ ਨਾਲ ਜੁੜੇ ਪੈਨਲਿਸਟਾਂ ਨੇ ਮਿਲ ਕੇ ਇਸ ਗੱਲਬਾਤ ਨੂੰ ਸਾਰਥਕ ਬਣਾਇਆ। ਇਹ ਫੋਰਮ ਸਿਰਫ਼ ਇੱਕ ਸਮਾਗਮ ਨਹੀਂ, ਸਗੋਂ ਇਸ ਗੱਲ ਦਾ ਸੰਕੇਤ ਹੈ ਕਿ ਸਰੀ ਸਿਟੀ ਲਿੰਗ-ਆਧਾਰਿਤ ਹਿੰਸਾ ਨੂੰ ਖ਼ਤਮ ਕਰਨ ਦੀ ਦਿਸ਼ਾ ਵਿੱਚ ਠੋਸ ਅਤੇ ਲੰਮੇਰੀ ਰਣਨੀਤੀ ਵੱਲ ਵਧ ਰਹੀ ਹੈ।

