ਸਰੀ, (ਦਿਵਰੂਪ ਕੌਰ): ਮਿਸ਼ਨ ਸ਼ਹਿਰ ਵਿੱਚ ਸਥਿਤ ਇੱਕ ਕਰਿਆਨੇ ਦੀ ਦੁਕਾਨ (ਗਰੌਸਰੀ ਸਟੋਰ) ਤੋਂ ਚੋਰੀ ਕਰਨ ਦੇ ਦੋਸ਼ ਹੇਠ ਆਰਸੀਐਮਪੀ ਨੇ ਇੱਕ 37 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਸਫਲਤਾ ਹਾਸਲ ਕੀਤੀ ਹੈ। ਇਹ ਘਟਨਾ ਰਾਤ ਨੂੰ ਵਾਪਰੀ ਜਦੋਂ ਇਸ ਵਿਅਕਤੀ ਨੇ ਦੁਕਾਨ ਵਿੱਚੋਂ ਲਗਭਗ 350 ਡਾਲਰ ਦਾ ਸਾਮਾਨ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਮਿਸ਼ਨ ਆਰਸੀਐਮਪੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਦੁਕਾਨ ਦੇ ਲੌਸ ਪ੍ਰੀਵੈਨਸ਼ਨ ਅਫਸਰ (ਚੋਰੀ ਰੋਕਣ ਵਾਲੇ ਅਧਿਕਾਰੀ) ਨੇ ਇਸ ਵਿਅਕਤੀ ਦੀਆਂ ਸ਼ੱਕੀ ਗਤੀਵਿਧੀਆਂ ਨੂੰ ਦੇਖ ਲਿਆ ਸੀ।
ਅਧਿਕਾਰੀ ਨੇ ਦੇਖਿਆ ਕਿ ਇਹ ਵਿਅਕਤੀ ਕਾਸਮੈਟਿਕਸ (ਸਾਜ-ਸਿੰਗਾਰ ਦਾ ਸਾਮਾਨ) ਵਾਲੀ ਲਾਈਨ ਵਿੱਚ ਖੜ੍ਹਾ ਹੋ ਕੇ ਮਹਿੰਗੀਆਂ ਵਸਤਾਂ ਆਪਣੇ ਬੈਕਪੈਕ ਭਾਵ ਪਿੱਠੂ ਬੈਗ ਵਿੱਚ ਭਰ ਰਿਹਾ ਸੀ। ਇਨ੍ਹਾਂ ਵਸਤਾਂ ਵਿੱਚ ਸਾਜ-ਸਿੰਗਾਰ ਦੇ ਸਾਮਾਨ ਤੋਂ ਇਲਾਵਾ ਮੋਬਾਈਲ ਫੋਨ ਦੀਆਂ ਕੇਬਲਾਂ ਅਤੇ ਹੱਥ ਸਾਫ ਕਰਨ ਵਾਲੇ ਵਾਈਪਸ ਆਦਿ ਸ਼ਾਮਲ ਸਨ।
ਸਟੋਰ ਦੇ ਸੁਰੱਖਿਆ ਅਧਿਕਾਰੀ ਨੇ ਬਿਨਾਂ ਕੋਈ ਦੇਰੀ ਕੀਤਿਆਂ ਤੁਰੰਤ ਪੁਲਿਸ ਨੂੰ ਸੂਚਿਤ ਕਰ ਦਿੱਤਾ। ਪੁਲਿਸ ਵਿਭਾਗ ਵੱਲੋਂ ਜਾਰੀ ਕੀਤੀ ਗਈ ਪ੍ਰੈਸ ਰਿਲੀਜ਼ ਮੁਤਾਬਕ ਪੁਲਿਸ ਦੀਆਂ ਟੀਮਾਂ ਬਿਲਕੁਲ ਸਹੀ ਸਮੇਂ ਉੱਤੇ ਸਟੋਰ ਦੇ ਬਾਹਰ ਪਹੁੰਚ ਗਈਆਂ। ਜਿਵੇਂ ਹੀ ਇਹ ਚੋਰ ਆਪਣੇ ਬੈਗ ਵਿੱਚ ਚੋਰੀ ਕੀਤਾ ਹੋਇਆ ਸਾਮਾਨ ਲੈ ਕੇ ਬਿਨਾਂ ਬਿੱਲ ਦਿੱਤੇ ਸਟੋਰ ਤੋਂ ਬਾਹਰ ਨਿਕਲਿਆ, ਪੁਲਿਸ ਨੇ ਉਸਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਤਲਾਸ਼ੀ ਲੈਣ ਉੱਤੇ ਉਸਦੇ ਬੈਗ ਵਿੱਚੋਂ ਸਾਰਾ ਚੋਰੀ ਕੀਤਾ ਸਾਮਾਨ ਬਰਾਮਦ ਹੋ ਗਿਆ ਜਿਸਦੀ ਕੁੱਲ ਕੀਮਤ 350 ਡਾਲਰ ਦੇ ਕਰੀਬ ਬਣਦੀ ਸੀ। ਦੁਕਾਨਦਾਰਾਂ ਲਈ ਅਜਿਹੀਆਂ ਛੋਟੀਆਂ ਚੋਰੀਆਂ ਵੀ ਕਾਫੀ ਨੁਕਸਾਨਦੇਹ ਸਾਬਤ ਹੁੰਦੀਆਂ ਹਨ, ਇਸ ਲਈ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕੀਤੀ ਗਈ।
ਇਸ ਗ੍ਰਿਫ਼ਤਾਰੀ ਤੋਂ ਬਾਅਦ ਜਦੋਂ ਪੁਲਿਸ ਨੇ ਇਸ ਵਿਅਕਤੀ ਦਾ ਪਿਛਲਾ ਰਿਕਾਰਡ ਚੈੱਕ ਕੀਤਾ ਤਾਂ ਇੱਕ ਹੋਰ ਹੈਰਾਨੀਜਨਕ ਗੱਲ ਸਾਹਮਣੇ ਆਈ। ਆਰਸੀਐਮਪੀ ਨੇ ਦੱਸਿਆ ਕਿ ਇਹ ਵਿਅਕਤੀ ਪਹਿਲਾਂ ਹੀ ਕਾਨੂੰਨ ਦੀਆਂ ਨਜ਼ਰਾਂ ਵਿੱਚ ਭਗੌੜਾ ਸੀ ਅਤੇ ਉਸਦੇ ਖਿਲਾਫ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹੋਏ ਸਨ। ਇਹ ਵਾਰੰਟ ਗੁਆਂਢੀ ਸ਼ਹਿਰ ਐਬਟਸਫੋਰਡ ਵਿੱਚ ਹੋਈ ਇੱਕ ਹੋਰ ਚੋਰੀ ਦੀ ਘਟਨਾ ਨਾਲ ਸਬੰਧਤ ਸਨ। ਪੁਲਿਸ ਮੁਤਾਬਕ ਐਬਟਸਫੋਰਡ ਵਿੱਚ ਵੀ ਇਸ ਵਿਅਕਤੀ ਨੇ ਇੱਕ ਸਟੋਰ ਵਿੱਚੋਂ 600 ਡਾਲਰ ਤੋਂ ਵੱਧ ਦਾ ਸਾਮਾਨ ਚੋਰੀ ਕੀਤਾ ਸੀ ਅਤੇ ਉਦੋਂ ਤੋਂ ਹੀ ਪੁਲਿਸ ਇਸਦੀ ਭਾਲ ਕਰ ਰਹੀ ਸੀ। ਹੁਣ ਦੋਵਾਂ ਸ਼ਹਿਰਾਂ ਦੀ ਪੁਲਿਸ ਮਿਲ ਕੇ ਇਸ ਅਪਰਾਧੀ ਖਿਲਾਫ ਅਗਲੀ ਕਾਨੂੰਨੀ ਕਾਰਵਾਈ ਕਰੇਗੀ ਤਾਂ ਜੋ ਇਸਨੂੰ ਬਣਦੀ ਸਜ਼ਾ ਦਿਵਾਈ ਜਾ ਸਕੇ। This report was written by Divroop Kaur as part of the Local Journalism Initiative.

