Wednesday, April 15, 2026

ਕਿਉਬੈਕ ਦੀ ਅਮਰੀਕਾ ਨਾਲ ‘ਨਜ਼ਦੀਕੀ’ ਖ਼ਤਰਨਾਕ: ਇੰਡਸਟਰੀ ਮੰਤਰੀ ਮੇਲਾਨੀ ਜੋਲੀ

 

ਡਰ ਪੈਦਾ ਕਰਨਾ ਟਰੰਪ ਦੀ ਰਣਨੀਤੀ ਹੈ : ਬਲੌਕ ਕਿਉਬੇਕਵਾ, ਕਿਉਬੈਕ ਦੀ ਆਜ਼ਾਦੀ ਲਈ ਬਹਿਸ ਮੁੜ ਗਰਮਾਈ, ਰੈਫਰੈਂਡਮ ਦਾ ਵਾਅਦਾ ਤੇ ਚੋਣਾਂ ਦੀ ਰਾਜਨੀਤਿਕ ਹਿਲਚਲ ਵਧੀ

ਸਰੀ, (ਦਿਵਰੂਪ ਕੌਰ): ਕੈਨੇਡਾ ਦੀ ਫੈਡਰਲ ਇੰਡਸਟਰੀ ਮੰਤਰੀ ਮੇਲਾਨੀ ਜੋਲੀ ਨੇ ਕਿਹਾ ਹੈ ਕਿ ਉਹ ਪਾਰਟੀ ਕਿਉਬੇਕਵਾ (ਪੀ.ਕਿਉ.) ਦੇ ਨੇਤਾ ਪੌਲ ਸੇਂਟ-ਪੀਅਰ ਪਲੈਮੋਂਦੋਂ ਵੱਲੋਂ ਦਿੱਤੇ ਗਏ ਸੁਝਾਅ ਤੋਂ ” ਬੇਹੱਦ ਚਿੰਤਿਤ” ਹਨ ਕਿ ਜੇ ਕਿਊਬੈਕ ਇਕ ਖ਼ੁਦਮੁਖ਼ਤਿਆਰ ਦੇਸ਼ ਬਣਿਆ ਤਾਂ ਉਹ ਸੰਯੁਕਤ ਰਾਜ ਅਮਰੀਕਾ ਨਾਲ਼ ”ਹੋਰ ਨਜ਼ਦੀਕੀ ਸੰਬੰਧ” ਬਣਾਉਣ ਦੀ ਕੋਸ਼ਿਸ਼ ਕਰੇਗਾ।
ਔਟਵਾ ਵਿੱਚ ਰਿਪੋਰਟਰਾਂ ਨਾਲ ਗੱਲ ਕਰਦਿਆਂ ਜੋਲੀ ਨੇ ਕਿਹਾ ਕਿ ਪਲੈਮੋਂਦੋਂ ਕਿਊਬੈਕ ਨੂੰ ”ਇੱਕ ਅਜਿਹੇ ਅਮਰੀਕਾ ਦੇ ਹਵਾਲੇ ਸੁੱਟਣ ਦੀ ਤਿਆਰੀ ਵਿੱਚ ਹੈ ਜੋ ਬੇਹੱਦ ਸ਼ਕਤੀਸ਼ਾਲੀ ਹੋ ਰਿਹਾ ਹੈ।” ਉਸਨੇ ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ”ਕਿਊਬੈਕ ਨੂੰ ਡੋਨਾਲਡ ਟਰੰਪ ਦੇ ਪੈਰਾਂ ਅਧੀਨ ਵਿੱਚ ਧੱਕ ਸਕਦੇ ਹਨ।”
ਪੀ.ਕਿਉ. ਦੇ ਨੇਤਾ ਪਲੈਮੋਂਦੋਂ ਪਿਛਲੇ ਕਈ ਹਫ਼ਤਿਆਂ ਤੋਂ ਆਪਣਾ ”ਬਲੂ ਬੁੱਕ” ਜਾਰੀ ਕਰ ਰਹੇ ਹਨ, ਜਿਸ ਵਿਚ ਇਕ ਸੰਭਾਵਿਤ ਖ਼ੁਦਮੁਖ਼ਤਿਆਰ ਕਿਊਬੈਕ ਦੇ ਲਈ ਉਹਨਾਂ ਦੀ ਰਾਜਨੀਤਿਕ ਦਿਸ਼ਾ ਅਤੇ ਡਿਪਲੋਮੇਸੀ ਦੀ ਯੋਜਨਾ ਦਰਸਾਈ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਕਿਊਬੈਕ ਨੂੰ ਅਮਰੀਕਾ ਨਾਲ਼ ”ਸਿੱਧੇ ਅਤੇ ਰਚਨਾਤਮਕ” ਸੰਬੰਧ ਰੱਖਣੇ ਚਾਹੀਦੇ ਹਨ, ਕਿਉਂਕਿ ਕੈਨੇਡਾ ”ਹੁਣ ਢਾਲ ਨਹੀਂ ਬਲਕਿ ਅਵਾਜ਼ਾਂ ਦਾ ਸ਼ੋਰ” ਬਣ ਗਿਆ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਕਿਊਬੈਕ ਨੂੰ ਆਪਣੀ ਡਿਪਲੋਮੇਸੀ ਬਣਾਉਣ ਦੀ ਲੋੜ ਹੈ, ਜਿਹੜੀ ”ਕੈਨੇਡਾ ਦੀ ਪਿਛਲੇ ਸਾਲਾਂ ਦੀ ਅਹੰਕਾਰਪੂਰਨ ਨੀਤੀ” ਤੋਂ ਬਿਨਾਂ ਹੋਵੇ। ਪਲੈਮੋਂਦੋਂ 2026 ਦੀ ਸ਼ੁਰੂਆਤ ਵਿੱਚ ਅਮਰੀਕਾ ਦੇ ਵਿਸ਼ਾਲ ਦੌਰੇ ‘ਤੇ ਜਾਣ ਦੀ ਯੋਜਨਾ ਵੀ ਬਣਾ ਰਹੇ ਹਨ। ਜੋਲੀ ਦੇ ਤਿੱਖੇ ਬਿਆਨ ਦੇ ਜਵਾਬ ਵਿੱਚ, ਪੀ.ਕਿਉ. ਦੇ ਐੱਮ.ਐੱਨ.ਏ. ਐਲੈਕਸ ਬੋਆਸੋਨੋ ਨੇ ਕਿਹਾ ਕਿ ”ਅਸਲ ਵਿੱਚ ਕਿਉਬੇਕ ਨੂੰ ਡੋਨਾਲਡ ਟਰੰਪ ਦੇ ਹਵਾਲੇ ਮਾਰਕ ਕਾਰਨੀ ਅਤੇ ਕੈਨੇਡਾ ਦੀ ਲਿਬਰਲ ਪਾਰਟੀ ਕਰ ਰਹੀ ਹੈ।”
ਕਿਊਬੈਕ ਦੀ ਆਪਣੀ ਮੁਦਰਾ ‘ਤੇ ਬਹਿਸ
ਪਲੈਮੋਂਦੋਂ ਨੇ ਸ਼ਨੀਵਾਰ ਨੂੰ ਐਲਾਨਿਆ ਕਿ ਜੇ ਕਿਊਬੈਕ ਆਜ਼ਾਦ ਦੇਸ਼ ਬਣਿਆ ਤਾਂ ਉਹ ਆਪਣੀ ਮੁਦਰਾ ਲਿਆਵੇਗਾ ਅਤੇ ਕੈਨੇਡੀਅਨ ਡਾਲਰ ਨੂੰ ਦੱਸ ਸਾਲਾਂ ਵਿੱਚ ਹੌਲੀ-ਹੌਲੀ ਹਟਾਏਗਾ। ਜੋਲੀ ਨੇ ਕਿਹਾ ਕਿ ਇਹ ਯੋਜਨਾ ਕਿਊਬੈਕ ਦੇ ਲੋਕਾਂ ਦੀ ਪੁਰਚੇਜ਼ਿੰਗ ਪਾਵਰ ਨੂੰ ਘਟਾਏਗੀ, ਕਿਉਂਕਿ ”ਮੁਦਰਾ ਦੀ ਤਾਕਤ ਉਸਦੀ ਅਰਥਵਿਵਸਥਾ ਦੇ ਆਕਾਰ ‘ਤੇ ਨਿਰਭਰ ਕਰਦੀ ਹੈ, ਅਤੇ ਕਿਊਬੈਕ ਦੀ ਅਰਥਵਿਵਸਥਾ ਕੈਨੇਡਾ ਨਾਲੋਂ ਕਾਫ਼ੀ ਛੋਟੀ ਹੈ।”
ਬਲੌਕ ਕਿਊਬੈਕਵਾ ਦੇ ਨੇਤਾ ਯਵ ਫ੍ਰਾਂਸਵਾ ਬਲਾਂਸ਼ੇ ਨੇ ਕਿਹਾ ਕਿ ਜੋਲੀ ਨੇ ਪੀ.ਕਿਉ. ਦੇ ਸੁਝਾਵਾਂ ਨੂੰ ”ਤਿਰਛੇ ਅਤੇ ਵੈਰੀਅਨੀਂਦੇ ਢੰਗ ਨਾਲ ਪੜ੍ਹਿਆ ਹੈ।” ਉਹ ਕਹਿੰਦੇ ਹਨ ਕਿ ਡਰ ਪੈਦਾ ਕਰਨਾ ”ਟਰੰਪ ਦੀ ਰਣਨੀਤੀ” ਹੈ ਅਤੇ ਇਸ ਤਰ੍ਹਾਂ ਦੇ ਮੁਕਾਬਲੇ ਨੂੰ ਖ਼ਤਰਨਾਕ ਦੱਸਿਆ।
ਪੀ.ਕਿਉ. ਨੇ ਸਪੱਸ਼ਟ ਕੀਤਾ ਹੈ ਕਿ ਭਾਵੇਂ ਉਹ ਆਪਣੀ ਕਰੰਸੀ ਵੱਲ ਰੁਝਾਨ ਰੱਖਦਾ ਹੈ, ਪਰ ਇੱਕ ਸੁਤੰਤਰ ਕਮਿਸ਼ਨ ਸਥਾਪਿਤ ਕੀਤੀ ਜਾਵੇਗੀ ਜੋ ਇਸ ‘ਤੇ ਅੰਤਿਮ ਸਿਫ਼ਾਰਸ਼ਾਂ ਦੇਵੇਗੀ ਅਤੇ ਸੰਭਵ ਹੈ ਕਿ ਕਮਿਸ਼ਨ ਇਸ ਪ੍ਰਸਤਾਵ ਦੇ ਖ਼ਿਲਾਫ ਵੀ ਸਿਫਾਰਸ਼ ਕਰੇ।ਲਿਬਰਲ ਐੱਮ.ਐੱਨ.ਏ. ਫ੍ਰੈਡਰਿਕ ਬੋਸ਼ੇਮੀਂ ਨੇ ਕਿਹਾ ਕਿ ਪੀ.ਕਿਉ. ਵੱਲੋਂ ਵੰਡਵਾਰੇ ਦੀ ਗੱਲ ”ਬੇਸੁਰੇ ਦਾਅਵੇ” ਹਨ, ਕਿਉਂਕਿ ਇਹ ਕਿਊਬੈਕ ਨੂੰ ਆਰਥਿਕ ਐਗਰੀਮੈਂਟਾਂ ਤੋਂ ਕੱਟ ਦੇਵੇਗਾ, ਅਰਥਵਿਵਸਥਾ ਵਿੱਚ ”ਅਸਥਿਰਤਾ” ਪੈਦਾ ਕਰੇਗਾ ਅਤੇ ਕਿਊਬੈਕ ਨੂੰ ਨਾਟੋ ਤੋਂ ਬਾਹਰ ਕਰ ਦੇਵੇਗਾ।
ਚੋਣਾਂ ਤੋਂ ਪਹਿਲਾਂ ਰਾਜਨੀਤਿਕ ਹਿਲਚਲ
ਆਉਣ ਵਾਲੀਆਂ ਸੂਬਾਈ ਚੋਣਾਂ ਤੋਂ ਘੱਟੋ-ਘੱਟ ਇੱਕ ਸਾਲ ਪਹਿਲਾਂ, ਪਲੈਮੋਂਦੋਂ ਨੇ ਸ਼ੇਰਬ੍ਰੂਕ ਵਿੱਚ ਕਈ ਸੌ ਹਮਾਇਤੀਆਂ ਦੇ ਸਾਹਮਣੇ ਕਿਹਾ, ”ਸਾਨੂੰ ਹੱਕ ਹੀ ਨਹੀਂ ਫ਼ਰਜ਼ ਹੈ ਕਿ ਅਸੀਂ ਇੱਕ ਨਵਾਂ, ਮਜ਼ਬੂਤ ਕਿਉਬੇਕ ਬਣਾਈਏ।” ਉਹਨਾਂ ਨੇ ਫਿਰ ਦੁਹਰਾਇਆ ਕਿ ਜੇ ਉਹਨਾਂ ਦੀ ਸਰਕਾਰ ਬਨੀ ਤਾਂ ਪਹਿਲੇ ਟਰਮ ਵਿੱਚ ਹੀ ਸਰਵਭੌਮਤਾ ਰੈਫਰੈਂਡਮ ਕਰਵਾਇਆ ਜਾਵੇਗਾ, ਭਾਵੇਂ ਇਸ ਵੇਲੇ ਜ਼ਿਆਦਾਤਰ ਕਿਉਬੇਕਰਜ਼ ਇਸ ਦੇ ਵਿਰੋਧੀ ਹਨ। ਸਰਵੇਖਣ ਦੱਸਦੇ ਹਨ ਕਿ ਪੀ.ਕਿਉ. ਪਿਛਲੇ ਲਗਭਗ ਦੋ ਸਾਲਾਂ ਤੋਂ ਰਾਏਸਰਵੇਖਣਾਂ ਵਿੱਚ ਉੱਪਰ ਜਾ ਰਿਹਾ ਹੈ, ਜਦਕਿ ਪ੍ਰੀਮੀਅਰ ਫ੍ਰਾਂਸਵਾ ਲੇਗੌਲਟ ਦੀ ਸੀ.ਏ.ਕਿਉ. ਲੋਕਪ੍ਰੀਆਤਾ ਗੁਆ ਰਹੀ ਹੈ। ਕਿਉ-125 ਦੇ ਤਾਜ਼ਾ ਅੰਕੜੇ ਕਹਿੰਦੇ ਹਨ ਕਿ ਜੇ ਅੱਜ ਚੋਣਾਂ ਹੋਣ ਤਾਂ ਸੀ.ਏ.ਕਿਉ. ਦਾ ਨਕਸ਼ੇ ਤੋਂ ਲਾਪਤਾ ਹੋਣਾ ਸੰਭਵ ਹੈ, ਅਤੇ ਕਿਊਬੈਕ ਲਿਬਰਲ ਪਾਰਟੀ ਪੀ.ਕਿਉ. ਦੀ ਮੁੱਖ ਮੁਕਾਬਲਤ ਬਣ ਸਕਦੀ ਹੈ। This report was written by Divroop Kaur as part of the Local Journalism Initiative.

Popular