ਸਰੀ, (ਦਿਵਰੂਪ ਕੌਰ): ਇਸ ਗਰਮੀ ਦੇ ਮੌਸਮ ਵਿੱਚ ਕੇਲੋਨਾ ਸ਼ਹਿਰ ਸੈਲਾਨੀਆਂ ਨਾਲ ਗੂੰਜਦਾ ਰਿਹਾ। ਕੇਲੋਨਾ ਇੰਟਰਨੈਸ਼ਨਲ ਏਅਰਪੋਰਟ ਨੇ ਰਿਕਾਰਡ ਵਾਧੂ ਯਾਤਰੀ ਆਮਦ ਦਰਜ ਕੀਤੀ, ਜਿਸ ਨੇ ਪਿਛਲੇ ਸਾਰੇ ਅੰਕੜਿਆਂ ਨੂੰ ਪਿੱਛੇ ਛੱਡ ਦਿੱਤਾ। ਅਧਿਕਾਰੀਆਂ ਦੇ ਅਨੁਸਾਰ, ਯਾਤਰੀਆਂ ਦੀ ਗਿਣਤੀ ਵਿੱਚ ਜੂਨ ਵਿੱਚ 7.6 ਪ੍ਰਤੀਸ਼ਤ, ਜੁਲਾਈ ਵਿੱਚ 7.8 ਪ੍ਰਤੀਸ਼ਤ, ਅਤੇ ਅਗਸਤ ਵਿੱਚ ਰਿਕਾਰਡ 8.5 ਪ੍ਰਤੀਸ਼ਤ ਵਾਧਾ ਹੋਇਆ।
ਏਅਰਪੋਰਟ ਦੇ ਸੀ.ਈ.ਓ. ਸੈਮ ਸਮਾਦਾਰ ਨੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ”ਇਹ ਸਾਡੇ ਲਈ ਬਹੁਤ ਹੀ ਰੁਝਾਨੀ ਅਤੇ ਸਕਾਰਾਤਮਕ ਗਰਮੀ ਸੀ। ਯਾਤਰੀਆਂ ਦੀ ਵੱਡੀ ਗਿਣਤੀ ਨੇ ਦਿਖਾਇਆ ਹੈ ਕਿ ਕੇਲੋਨਾ ਸੈਰ-ਸਪਾਟੇ ਲਈ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ।”
ਏਅਰਪੋਰਟ ਦੀਆਂ ਰੌਣਕਾਂ ਸ਼ਹਿਰ ਦੀਆਂ ਸੜਕਾਂ, ਬੀਚਾਂ ਅਤੇ ਹੋਰ ਸੈਰ-ਸਪਾਟੇ ਵਾਲੇ ਸਥਾਨਾਂ ‘ਤੇ ਵੀ ਸਪੱਸ਼ਟ ਦਿਖਾਈ ਦਿੱਤੀਆਂ। ਕੇਲੋਨਾ ਚੈਂਬਰ ਆਫ ਕਾਮਰਸ ਦੇ ਸੀ.ਈ.ਓ. ਜਾਰਜ ਗ੍ਰੀਨਵੁੱਡ ਨੇ ਕਿਹਾ ਕਿ ”ਇਸ ਸਾਲ ਅੱਗਾਂ ਦਾ ਖ਼ਤਰਾ ਨਹੀਂ ਸੀ, ਫਲਾਂ ਦੀ ਪੈਦਾਵਾਰ ਬਹੁਤ ਵਧੀਆ ਰਹੀ ਅਤੇ ਹਰ ਚੀਜ਼ ਮਜ਼ਬੂਤ ਰਹੀ। ਲੋਕਾਂ ਦਾ ਰੁਝਾਨ ਸਪੱਸ਼ਟ ਸੀ ਉਹ ਕਨੇਡੀਅਨਾਂ ਨੂੰ ਸਮਰਥਨ ਦੇਣਾ ਚਾਹੁੰਦੇ ਸਨ ਅਤੇ ਇੱਥੇ ਆਉਣ ਲਈ ਪਾਬੰਧ ਰਹੇ।” ਹਾਲਾਂਕਿ ਸ਼ਹਿਰ ਵਿੱਚ ਭੀੜ ਜ਼ਰੂਰ ਰਹੀ, ਪਰ ਹਰ ਸੈਰ-ਸਪਾਟੇ ਨਾਲ ਜੁੜੇ ਵਪਾਰੀ ਨੂੰ ਇੱਕੋ ਜਿਹਾ ਲਾਭ ਨਹੀਂ ਮਿਲਿਆ। ਕਈ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਸੈਲਾਨੀ ਤਾਂ ਆਏ ਪਰ ਖਰਚ ਕਰਨ ਦੇ ਢੰਗ ਬਦਲ ਗਏ ਹਨ। ਦੂਜੇ ਪਾਸੇ, ਮਿਨਿਸਟਰੀ ਆਫ ਟ੍ਰਾਂਸਪੋਰਟੇਸ਼ਨ ਦੇ ਅੰਕੜਿਆਂ ਨੇ ਸਪੱਸ਼ਟ ਕੀਤਾ ਕਿ ਸੈਲਾਨੀ ਜ਼ਰੂਰ ਵੱਡੀ ਗਿਣਤੀ ਵਿੱਚ ਆਏ। ਵਿਲੀਅਮ ਆਰ. ਬੈਨੇਟ ਬ੍ਰਿਜ਼ ਤੋਂ ਲਗਭਗ 50,000 ਵਾਹਨ ਵਧੇਰੇ ਗੁਜ਼ਰੇ, ਜੋ ਪਿਛਲੇ ਸਾਲ ਦੇ ਮੁਕਾਬਲੇ ਵੱਧ ਸਨ।
ਇਹ ਸਪੱਸ਼ਟ ਹੈ ਕਿ ਕੇਲੋਨਾ ਨੇ ਇਸ ਗਰਮੀ ਵਿੱਚ ਯਾਤਰਾ ਅਤੇ ਸੈਰ-ਸਪਾਟੇ ਦੇ ਖੇਤਰ ਵਿੱਚ ਨਵੇਂ ਮਾਪਦੰਡ ਸੈੱਟ ਕੀਤੇ ਹਨ। ਹਾਲਾਂਕਿ ਸੈਲਾਨੀਆਂ ਦੀ ਗਿਣਤੀ ਵੱਧ ਰਹੀ ਹੈ, ਪਰ ਵਪਾਰੀਆਂ ਲਈ ਚੁਣੌਤੀ ਇਹ ਰਹੇਗੀ ਕਿ ਬਦਲਦੇ ਖਰਚ ਰੁਝਾਨਾਂ ਨਾਲ ਕਿਵੇਂ ਤਾਲਮੇਲ ਬਿਠਾਇਆ ਜਾਵੇ। This report was written by Divroop Kaur as part of the Local Journalism Initiative.

