Wednesday, April 15, 2026

ਕਿੰਝ ਰੋਕੀਏ ਬੱਚਿਆਂ ਵਿੱਚ ਵੱਧ ਰਿਹਾ ਚਿੜਚਿੜਾਪਨ

 

ਲੇਖਕ : ਹਰਕੀਰਤ ਕੌਰ
ਸੰਪਰਕ : 97791-18066
ਅੱਜ ਦੀ ਜੀਵਨ ਸ਼ੈਲੀ ਵਿਚ ਮਾਪੇ ਬੱਚਿਆਂ ਦੇ ਵਿਵਹਾਰ ਨੂੰ ਲੈ ਕੇ ਬਹੁਤ ਚਿੰਤਤ ਹਨ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਅਸੀਂ ਬਹੁਤ ਹੀ ਅਰਾਮਦਾਇਕ, ਸੁੱਖ ਸਹੂਲਤਾਂ ਨਾਲ ਲਬਰੇਜ਼ ਜ਼ਿੰਦਗੀ ਜਿਊਂ ਰਹੇ ਹਾਂ। ਅੱਜ ਉਹ ਸਮਾਂ ਨਹੀਂ ਕਿ ਬੱਚਿਆਂ ਦੀਆਂ ਰੀਝਾਂ ਪੂਰੀਆਂ ਕਰਨ ਲਈ ਇਕ ਮਿੱਥੇ ਤਿਥ-ਤਿਉਹਾਰ ਦੀ ਉਡੀਕ ਕੀਤੀ ਜਾਵੇ, ਬਲਕਿ ਮਾਪੇ ਬੱਚੇ ਦੇ ਮੂੰਹ ਵਿਚੋਂ ਨਿਕਲੀ ਹਰ ਫਰਮਾਇਸ਼ ਨੂੰ ਉਸੇ ਸਮੇਂ ਪੂਰਿਆਂ ਕਰਨ ਦਾ ਯਤਨ ਕਰਦੇ ਹਨ। ਪਰ ਇਸ ਸੁੱਖ ਸਹੂਲਤਾਂ ਦੇ ਹੁੰਦਿਆਂ ਹੋਇਆਂ, ਐਸ਼ੋ-ਅਰਾਮ ਦੇ ਵੱਧ ਸਾਧਨ ਹੁੰਦਿਆਂ ਹੋਇਆਂ ਵੀ ਅ ਕਸਰ ਦੇਖਿਆ ਗਿਆ ਹੈ ਕਿ ਬੱਚੇ ਬਹੁਤ ਜਲਦੀ ਚਿੜਚਿੜੇ ਹੋ ਜਾਂਦੇ ਹਨ। ਉਨ੍ਹਾਂ ਨੂੰ ਨਿੱਕੀ ਜਿਹੀ ਗੱਲ ‘ਤੇ ਗੁੱਸਾ ਆ ਜਾਂਦਾ ਹੈ ਅਤੇ ਇਹ ਨਾਰਾਜ਼ਗੀ ਲੰਮੇ ਸਮੇਂ ਤੱਕ ਬਣੀ ਰਹਿੰਦੀ ਹੈ। ਬੱਚਿਆਂ ਦੀ ਸਹਿਣਸ਼ੀਲਤਾ ਏਨੀ ਘੱਟ ਚੁੱਕੀ ਹੈ ਕਿ ਉਹ ਮਾਪਿਆਂ ਦੁਆਰਾ ਕਹੀ ਗੱਲ ਨੂੰ ਵੀ ਸਹਾਰਨ ਨੂੰ ਤਿਆਰ ਨਹੀਂ ਹਨ। ਅੱਜ ਬਹੁਤ ਸਾਰੇ ਮਾਪੇ ਇਸ ਗੱਲ ਤੋਂ ਪ੍ਰੇਸ਼ਾਨ ਹਨ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਦੀ ਇਕ ਗੱਲ ਨਹੀਂ ਸਹਾਰਦੇ, ਹਾਲਾਂਕਿ ਮਾਪਿਆਂ ਦੁਆਰਾ ਬੱਚਿਆਂ ਦੀਆਂ ਰੀਝਾਂ ਪੂਰੀਆਂ ਕਰਨ ਵਿਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਂਦੀ। ਇਸੇ ਚਿੜਚਿੜੇਪਨ ਕਰਕੇ ਬੱਚੇ ਨਾ ਤਾਂ ਚੰਗੇ ਦੋਸਤ ਬਣਾ ਸਕਦੇ ਹੁੰਦੇ ਅਤੇ ਨਾ ਹੀ ਬੱਚੇ ਆਪਣੇ ਆਲੇ-ਦੁਆਲੇ ਦੇ ਲੋਕਾਂ ਅਤੇ ਸਾਕ-ਸੰਬੰਧੀਆਂ ਨਾਲ ਜ਼ਿਆਦਾ ਖੁੱਲ੍ਹ ਪਾਉਂਦੇ ਹਨ। ਅਕਸਰ ਅਜਿਹੀ ਮਾਨਸਿਕਤਾ ਵਾਲੇ ਬੱਚੇ ਜ਼ਿਆਦਾਤਰ ਕ੍ਰੋਧਿਤ ਰਹਿੰਦੇ ਹਨ ਅਤੇ ਹੌਲੀ-ਹੌਲੀ ਮਾਨਸਿਕ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਇਸੇ ਕਾਰਨ ਨਾ ਤਾਂ ਉਹ ਪੜ੍ਹਾਈ ਵਿਚ ਆਪਣਾ ਵਧੀਆ ਪ੍ਰਦਰਸ਼ਨ ਕਰ ਪਾਉਂਦੇ ਹਨ ਅਤੇ ਨਾ ਹੀ ਕਿਸੇ ਹੋਰ ਗਤੀਵਿਧੀਆਂ ਵਿਚ। ਅਜਿਹੇ ਬੱਚਿਆਂ ਨੂੰ ਲਗਦਾ ਹੁੰਦਾ ਹੈ ਕਿ ਜਿਹੜੀ ਚੀਜ਼ ਨੂੰ ਪਾਉਣ ਦੀ ਤਮੰਨਾ ਉਨ੍ਹਾਂ ਦੇ ਮਨ ਵਿਚ ਹੈ, ਉਹ ਹਰ ਹੀਲੇ ਉਨ੍ਹਾਂ ਕੋਲ ਹੋਣੀ ਚਾਹੀਦੀ ਹੈ। ਅਜਿਹੇ ਬੱਚਿਆਂ ਵਿਚ ਆਤਮ-ਵਿਸ਼ਵਾਸ ਜਾਂ ਤਾਂ ਬਹੁਤ ਘੱਟ ਹੁੰਦਾ ਹੈ ਜਾਂ ਫਿਰ ਲੋੜ ਤੋਂ ਵੱਧ ਹੁੰਦਾ ਹੈ, ਜਦੋਂ ਲੋੜ ਤੋਂ ਵੱਧ ਆਤਮ ਵਿਸ਼ਵਾਸ ਹੁੰਦਾ ਹੈ ਤਾਂ ਅਜਿਹੇ ਬੱਚਿਆਂ ਨੂੰ ਆਪਣਾ-ਆਪ ਹਰ ਜਗ੍ਹਾ ਸਹੀ ਲਗਦਾ ਹੈ ਅਤੇ ਕਿਸੇ ਹੋਰ ਦੀ ਗੱਲ ਸੁਣਨ ਜਾਂ ਮੰਨਣ ਤੋਂ ਬਿਲਕੁਲ ਮੁਨਕਰ ਹੁੰਦੇ ਹਨ, ਜੇਕਰ ਅਜਿਹੇ ਬੱਚਿਆਂ ਨੂੰ ਤਾੜਨਾ ਕੀਤੀ ਜਾਵੇ ਤਾਂ ਇਨ੍ਹਾਂ ਦਾ ਚਿੜਚਿੜਾਪਨ ਸਾਹਮਣੇ ਆਉਂਦਾ ਹੈ। ਇਹ ਉਹ ਕੁਝ ਗੱਲਾਂ ਹਨ ਜੋ ਆਮ ਹੀ ਘਰਾਂ ਵਿਚ ਵੇਖਣ ਨੂੰ ਮਿਲਦੀਆਂ ਹਨ ਪਰ ਹੁਣ ਸੋਚਣ ਦੀ ਗੱਲ ਇਹ ਹੈ ਕਿ ਇਸ ਚਿੜਚਿੜੇਪਨ ਦੇ ਕਾਰਨ ਕੀ ਹਨ? ਕੋਈ ਵੀ ਸੁਭਾਅ ਮਨੁੱਖ ਮਾਂ ਦੇ ਪੇਟ ਵਿਚੋਂ ਲੈ ਕੇ ਨਹੀਂ ਆਉਂਦਾ ਬਲਕਿ ਜਿਵੇਂ-ਜਿਵੇਂ ਵੱਡਾ ਹੁੰਦਾ ਹੈ ਆਪਣੇ ਆਲੇ-ਦੁਆਲੇ ਦੇ ਵਾਤਾਵਰਨ ਤੋਂ ਆਦਤਾਂ ਗ੍ਰਹਿਣ ਕਰਦਾ ਰਹਿੰਦਾ ਹੈ ਅਤੇ ਆਪਣੇ ਸੁਭਾਅ ਦਾ ਵਿਕਾਸ ਕਰਦਾ ਰਹਿੰਦਾ ਹੈ।
ਬੱਚਿਆਂ ਵਿਚ ਵਧ ਰਹੇ ਚਿੜਚਿੜੇਪਨ ਦਾ ਸਭ ਤੋਂ ਵੱਡਾ ਕਾਰਨ ਵਧ ਰਹੀ ਤਕਨਾਲੋਜੀ ਲਗਦਾ ਹੈ। ਅੱਜ ਤਕਰੀਬਨ ਹਰ ਦੱਸ ਬਾਰਾਂ ਸਾਲ ਦੇ ਬੱਚੇ ਕੋਲ ਆਪਣਾ ਸਮਾਰਟ ਫੋਨ ਹੈ ਜੋ ਆਪਣਾ ਨਹੀਂ ਤਾਂ ਉਹ ਆਪਣੇ ਮਾਪਿਆਂ ਦੇ ਫੋਨ ਦੀ ਪੂਰੀ ਤਰ੍ਹਾਂ ਵਰਤੋਂ ਕਰਦੇ ਹਨ। ਵੀਡੀਓ ਗੇਮਜ਼, ਸਮਾਰਟਫੋਨ ਤੇ ਹੋਰ ਤਕਨੀਕੀ ਸਾਧਨਾਂ ਨੇ ਬੱਚਿਆਂ ਦੇ ਸੁਭਾਅ ਵਿਚ ਬਹੁਤ ਤਬਦੀਲੀਆਂ ਕੀਤੀਆਂ ਹਨ। ਬੱਚਿਆਂ ਦੀ ਅੱਧੇ ਤੋਂ ਜ਼ਿਆਦਾ ਬੁੱਧੀ ਇਨ੍ਹਾਂ ਗੈਜਟਸ ਵਿਚ ਸਮਾ ਚੁੱਕੀ ਹੈ। ਲੰਮੇ ਸਮੇਂ ਤੱਕ ਫੋਨ ਦੇਖਦੇ ਰਹਿਣਾ, ਉਨ੍ਹਾਂ ਨੂੰ ਚਿੜਚਿੜਾ ਬਣਾ ਦਿੰਦਾ ਹੈ, ਉਹ ਮਾਪਿਆਂ ਨਾਲ ਪਰਿਵਾਰ ਨਾਲ ਬੈਠਣ ਵਾਲੇ ਸਮੇਂ ਵਿਚ ਵੀ ਫੋਨ ਆਦਿ ਦੇਖਣ ਵਿਚ ਵਿਅਸਤ ਹੁੰਦੇ ਹਨ, ਆਪਸੀ ਰਾਬਤਾ ਟੁੱਟਣ ਕਾਰਨ ਬੱਚੇ ਵਿਚ ਚਿੜਚਿੜਾਪਨ ਵਧ ਰਿਹਾ ਹੈ। ਇਸ ਤੋਂ ਬਾਅਦ ਦੂਸਰਾ ਕਾਰਨ ਖਾਣੇ ਨੂੰ ਮੰਨਿਆ ਜਾ ਸਕਦਾ ਹੈ, ਜਿਹੜੇ ਬੱਚੇ ਵਧੇਰੇ ਤੇਲ ਭਰਪੂਰ ਜਾਂ ਬਾਹਰ ਦਾ ਖਾਣਾ ਖਾਂਦੇ ਹਨ, ਉਨ੍ਹਾਂ ਵਿਚ ਗੁੱਸੇ ਜਾਂ ਚਿੜਚਿੜਾਪਨ ਵਧ ਵੇਖਣ ਨੂੰ ਮਿਲਦਾ ਹੈ। ਬਾਹਰੀ ਖਾਣੇ ਵਿਚ ਪਾਏ ਜਾਣ ਵਾਲੇ ਨਕਲੀ ਰੰਗ ਵੀ ਬੱਚੇ ਦੇ ਵਿਵਹਾਰ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ।
ਬੱਚਿਆਂ ਦੇ ਚਿੜਚਿੜੇਪਨ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ? ਇਸ ਦਾ ਬਹੁਤ ਹੀ ਸਰਲ ਅਤੇ ਸਪੱਸ਼ਟ ਜਵਾਬ ਇਹ ਹੈ ਕਿ ਮਾਪੇ ਬੱਚਿਆਂ ਦੇ ਬਚਪਨ ਤੋਂ ਹੀ ਉਸ ਦੀਆਂ ਗਤੀਵਿਧੀਆਂ ‘ਤੇ ਨਿਯੰਤਰਣ ਰੱਖਣ, ਬਚਪਨ ਤੋਂ ਬੱਚਿਆਂ ਦੇ ਮਾਪੇ ਬਣਨ ਦੀ ਜਗ੍ਹਾ ਉਨ੍ਹਾਂ ਦੇ ਸਹਿਯੋਗੀ ਬਣੋ, ਬਚਪਨ ਤੋਂ ਹੀ ਬੱਚਿਆਂ ਦੀ ਹਰ ਗਤੀਵਿਧੀ ਦਾ ਟਾਈਮ ਟੇਬਲ ਬਣਾਇਆ ਜਾਵੇ। ਉਨ੍ਹਾਂ ਦੇ ਹਰ ਕੰਮ ਨੂੰ ਨਿਸ਼ਚਿਤ ਸਮੇਂ ਵਿਚ ਹੀ ਪੂਰਿਆ ਕੀਤਾ ਜਾਵੇ। ਫੋਨ ਜਾਂ ਹੋਰ ਤਕਨੀਕੀ ਸਾਧਨਾਂ ਤੋਂ ਥੋੜ੍ਹਾ ਦੂਰ ਰੱਖਿਆ ਜਾਵੇ। ਉਨ੍ਹਾਂ ਦੇ ਹਰ ਕੰਮ ਨੂੰ ਨਿਸਚਿਤ ਸਮੇਂ ਵਿਚ ਹੀ ਪੂਰਿਆਂ ਕੀਤਾ ਜਾਵੇ। ਤਾਜ਼ੇ ਵਾਤਾਵਰਨ ਵਿਚ ਬੱਚਿਆਂ ਨੂੰ ਲੈ ਕੇ ਜਾਇਆ ਜਾਵੇ, ਉਨ੍ਹਾਂ ਦੀ ਪਸੰਦ ਜਾਂ ਨਾਪਸੰਦ ਦਾ ਧਿਆਨ ਰੱਖਿਆ ਜਾਵੇ। ਜਿੰਨਾ ਹੋ ਸਕੇ ਬੱਚਿਆਂ ਨੂੰ ਘਰ ਦਾ ਬਣਿਆ ਹੋਇਆ ਤਾਜ਼ਾ ਖਾਣਾ ਖਵਾਇਆ ਜਾਵੇ। ਬਾਹਰੀ ਖਾਣੇ ਤੋਂ ਗੁਰੇਜ਼ ਕੀਤਾ ਜਾਵੇ। ਬੱਚੇ ਨੂੰ ਖ਼ੁਸ਼ ਰੱਖਣ ਲਈ ਉਸ ਨੂੰ ਤੋਹਫ਼ਿਆਂ ‘ਤੇ ਨਿਰਭਰ ਨਾ ਕੀਤਾ ਜਾਵੇ ਬਲਕਿ ਬੱਚੇ ਨੂੰ ਆਪਣੇ ਮਾਪਿਆਂ ਜਾਂ ਆਪਣੇ ਆਪ ਵਿਚੋਂ ਖ਼ੁਸ਼ੀ ਲੱਭਣੀ ਸਿਖਾਈ ਜਾਵੇ। ਅਜਿਹੇ ਰਵੱਈਏ ਨੂੰ ਧਾਰਨ ਕਰਨ ਤੋਂ ਬਾਅਦ ਵੀ ਜੇਕਰ ਵਿਵਹਾਰ ਵਿਚ ਫ਼ਰਕ ਨਹੀਂ ਪੈਂਦਾ ਤਾਂ ਕਿਸੇ ਚੰਗੇ ਡਾਕਟਰ ਦੀ ਸਲਾਹ ਵੀ ਲਈ ਜਾ ਸਕਦੀ ਹੈ। ਇਸ ਤਰ੍ਹਾਂ ਦੀਆਂ ਕੁਝ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਅਸੀਂ ਚਿੜਚਿੜੇਪਨ ਵਿਚ ਉਲਝੇ ਬੱਚਿਆਂ ਦੇ ਜੀਵਨ ਨੂੰ ਸੁਲਝਾ ਸਕਦੇ ਹਾਂ ਅਤੇ ਆਪਣੇ ਅਤੇ ਬੱਚਿਆਂ ਦੇ ਜੀਵਨ ਵਿਚ ਰੌਸ਼ਨੀ ਫੈਲਾਅ ਸਕਦੇ ਹਾਂ।

Popular