Tuesday, April 14, 2026

ਕੈਨੇਡਾ-ਅਮਰੀਕਾ ਵਪਾਰਕ ਤਣਾਅ: ਟੈਰਿਫ਼ ਯੁੱਧ ਤੋਂ ਲੈ ਕੇ ਆਰਥਿਕ ਸੰਕਟ ਤੱਕ

ਕੈਨੇਡਾ ਅਤੇ ਅਮਰੀਕਾ ਦਾ ਵਪਾਰਕ ਸੰਬੰਧ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਗੁੰਝਲਦਾਰ ਦੁਵੱਲੇ ਆਰਥਿਕ ਰਿਸ਼ਤਿਆਂ ਵਿੱਚੋਂ ਇੱਕ ਰਿਹਾ ਹੈ। ਕੈਨੇਡਾ ਸਰਕਾਰ ਦੇ ਅਧਿਕਾਰਤ ਅੰਕੜਿਆਂ ਅਨੁਸਾਰ, ਦੋਵਾਂ ਦੇਸ਼ਾਂ ਵਿਚਾਲੇ ਹਰ ਰੋਜ਼ 2.5 ਅਰਬ ਅਮਰੀਕੀ ਡਾਲਰ ਦੇ ਵਸਤੂਆਂ ਅਤੇ ਸੇਵਾਵਾਂ ਦੀ ਅਦਲਾ-ਬਦਲੀ ਹੁੰਦੀ ਹੈ। 2023 ਵਿੱਚ ਦੋਵਾਂ ਦੇਸ਼ਾਂ ਵਿਚਾਲੇ ਕੁੱਲ 923 ਅਰਬ ਅਮਰੀਕੀ ਡਾਲਰ ਦਾ ਵਪਾਰ ਹੋਇਆ। ਊਰਜਾ ਅਤੇ ਵਾਹਨ ਉਦਯੋਗ ਇੰਨੇ ਜ਼ਿਆਦਾ ਆਪਸ ਵਿੱਚ ਜੁੜੇ ਹੋਏ ਹਨ ਕਿ ਇੱਕ ਕਾਰ ਦੇ ਪੁਰਜ਼ੇ ਅੰਤਿਮ ਅਸੈਂਬਲੀ ਤੋਂ ਪਹਿਲਾਂ ਕਈ ਵਾਰ ਸਰਹੱਦ ਪਾਰ ਕਰਦੇ ਹਨ। ਪਰ ਜਨਵਰੀ 2025 ਵਿੱਚ ਡੋਨਲਡ ਟਰੰਪ ਦੇ ਦੂਜੀ ਵਾਰ ਅਮਰੀਕੀ ਰਾਸ਼ਟਰਪਤੀ ਬਣਨ ਤੋਂ ਬਾਅਦ, ਇਹ ਸੰਬੰਧ ਆਪਣੇ ਸਭ ਤੋਂ ਔਖੇ ਦੌਰ ਵਿੱਚੋਂ ਲੰਘ ਰਿਹਾ ਹੈ।
ਵਪਾਰਕ ਤਣਾਅ ਦੀ ਸ਼ੁਰੂਆਤ 25 ਨਵੰਬਰ 2024 ਨੂੰ ਹੀ ਹੋ ਗਈ ਸੀ, ਜਦੋਂ ਟਰੰਪ ਨੇ ਆਪਣੇ Truth Social ਪਲੇਟਫਾਰਮ ‘ਤੇ ਐਲਾਨ ਕੀਤਾ ਕਿ ਉਹ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੀਆਂ ਸਾਰੀਆਂ ਵਸਤਾਂ ‘ਤੇ 25 ਫ਼ੀਸਦੀ ਟੈਰਿਫ਼ ਲਗਾਉਣਗੇ। ਇਸ ਦਾ ਕਾਰਨ ਉਨ੍ਹਾਂ ਨੇ ਫ਼ੈਂਟਾਨਿਲ ਨਾਮਕ ਨਸ਼ੀਲੇ ਪਦਾਰਥ ਦੀ ਤਸਕਰੀ ਅਤੇ ਸਰਹੱਦੀ ਸੁਰੱਖਿਆ ਦੱਸਿਆ।ਤੱਥਾਂ ਦੀ ਜਾਂਚ ਕਰੀਏ ਤਾਂ Associated Press ਦੀ ਰਿਪੋਰਟ ਅਨੁਸਾਰ 2024 ਵਿੱਤੀ ਸਾਲ ਵਿੱਚ ਅਮਰੀਕੀ ਕਸਟਮਜ਼ ਨੇ ਕੈਨੇਡੀਅਨ ਸਰਹੱਦ ‘ਤੇ ਮਾਤਰ 43 ਪੌਂਡ ਫ਼ੈਂਟਾਨਿਲ ਫੜੀ, ਜਦੋਂਕਿ ਮੈਕਸੀਕਨ ਸਰਹੱਦ ‘ਤੇ 21,100 ਪੌਂਡ ਫੜੀ ਗਈ — ਭਾਵ ਕੈਨੇਡਾ ਤੋਂ ਆਉਣ ਵਾਲੀ ਫ਼ੈਂਟਾਨਿਲ ਕੁੱਲ ਦਾ 1 ਫ਼ੀਸਦੀ ਤੋਂ ਵੀ ਘੱਟ ਸੀ।ਫਿਰ ਵੀ, 1 ਫ਼ਰਵਰੀ 2025 ਨੂੰ ਟਰੰਪ ਨੇ ਕਾਰਜਕਾਰੀ ਹੁਕਮਾਂ ‘ਤੇ ਦਸਤਖ਼ਤ ਕਰਕੇ ਇਹ ਟੈਰਿਫ਼ ਲਾਗੂ ਕਰ ਦਿੱਤੇ ਕੈਨੇਡਾ ਤੋਂ ਜ਼ਿਆਦਾਤਰ ਵਸਤਾਂ ‘ਤੇ 25 ਫ਼ੀਸਦੀ ਅਤੇ ਊਰਜਾ ਉਤਪਾਦਾਂ ‘ਤੇ 10 ਫ਼ੀਸਦੀ ਟੈਰਿਫ਼।
ਕੈਨੇਡਾ ਵਲੋਂ ਜਵਾਬੀ ਟੈਰਿਫ਼
ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਸ ਸਮੇਂ ਤੁਰੰਤ ਐਲਾਨ ਕੀਤਾ ਕਿ ਕੈਨੇਡਾ 30 ਅਰਬ ਕੈਨੇਡੀਅਨ ਡਾਲਰ ਦੀਆਂ ਅਮਰੀਕੀ ਵਸਤਾਂ ‘ਤੇ 25 ਫ਼ੀਸਦੀ ਜਵਾਬੀ ਟੈਰਿਫ਼ ਲਗਾਏਗਾ, ਜੋ ਤਿੰਨ ਹਫ਼ਤਿਆਂ ਬਾਅਦ 155 ਅਰਬ ਕੈਨੇਡੀਅਨ ਡਾਲਰ ਤੱਕ ਵਧਾਏ ਜਾਣੇ ਸਨ। 3 ਫ਼ਰਵਰੀ 2025 ਨੂੰ ਟਰੰਪ ਨੇ 30 ਦਿਨਾਂ ਦੀ ਰੋਕ ਦਾ ਐਲਾਨ ਕੀਤਾ। ਕੁਝ ਸੂਬਿਆਂ ਨੇ ਵੀ ਆਪਣੇ ਪੱਧਰ ‘ਤੇ ਕਦਮ ਚੁੱਕੇ ਿਜਨ੍ਹਾਂ ‘ਚ ਨੋਵਾ ਸਕੋਸ਼ੀਆ ਨੇ ਅਮਰੀਕੀ ਸ਼ਰਾਬ ਦੀਆਂ ਦੁਕਾਨਾਂ ਤੋਂ ਹਟਾ ਦਿੱਤੀ, ਓਨਟਾਰੀਓ ਦੀ LCBO ਨੇ ਸਾਰੀਆਂ ਅਮਰੀਕੀ ਸ਼ਰਾਬਾਂ ਦੀ ਵਿਕਰੀ ਬੰਦ ਕੀਤੀ, ਅਤੇ ਓਨਟਾਰੀਓ ਸਰਕਾਰ ਨੇ Elon Musk ਦੀ Starlink ਨਾਲ 100 ਮਿਲੀਅਨ ਡਾਲਰ ਦਾ ਠੇਕਾ ਰੱਦ ਕਰ ਦਿੱਤਾ।
ਸਟੀਲ, ਅਲਮੀਨੀਅਮ ਅਤੇ ਵਾਹਨ ਉਦਯੋਗਾਂ ਨੂੰ ਸਭ ਤੋਂ ਭਾਰੀ ਸੱਟ
ਵਪਾਰਕ ਤਣਾਅ ਦਾ ਸਭ ਤੋਂ ਵੱਡਾ ਅਸਰ ਤਿੰਨ ਮੁੱਖ ਖੇਤਰਾਂ ‘ਤੇ ਪਿਆ ਿਜਨ੍ਹਾਂ ‘ਚ ਸਟੀਲ, ਅਲਮੀਨੀਅਮ ਅਤੇ ਵਾਹਨ ਉਦਯੋਗ।26 ਮਾਰਚ 2025 ਨੂੰ ਟਰੰਪ ਨੇ ਕੈਨੇਡਾ ਸਮੇਤ ਸਾਰੇ ਦੇਸ਼ਾਂ ਤੋਂ ਆਉਣ ਵਾਲੀਆਂ ਕਾਰਾਂ ‘ਤੇ 25 ਫ਼ੀਸਦੀ ਟੈਰਿਫ਼ ਲਗਾਉਣ ਦਾ ਐਲਾਨ ਕੀਤਾ। 4 ਜੂਨ 2025 ਨੂੰ ਸਟੀਲ ਅਤੇ ਅਲਮੀਨੀਅਮ ‘ਤੇ ਟੈਰਿਫ਼ 25 ਫ਼ੀਸਦੀ ਤੋਂ ਦੁੱਗਣੇ ਕਰਕੇ 50 ਫ਼ੀਸਦੀ ਕਰ ਦਿੱਤੇ ਗਏ। ਕੈਨੇਡੀਅਨ ਲੇਬਰ ਕਾਂਗਰਸ ਦੀ ਪ੍ਰਧਾਨ Bea Bruske ਨੇ ਕਿਹਾ ਕਿ ਇਸ ਫ਼ੈਸਲੇ ਨਾਲ 23,000 ਸਟੀਲ ਨੌਕਰੀਆਂ ਅਤੇ 9,500 ਅਲਮੀਨੀਅਮ ਨੌਕਰੀਆਂ ਖ਼ਤਰੇ ਵਿੱਚ ਪੈ ਗਈਆਂ। ਕੈਨੇਡਾ ਦੇ ਸਟੀਲ ਉਤਪਾਦਕਾਂ ਦੀ ਐਸੋਸੀਏਸ਼ਨ ਦੇ ਮੁਖੀ ਨੇ ਜੂਨ 2025 ਵਿੱਚ ਕਿਹਾ ਕਿ 25 ਫ਼ੀਸਦੀ ਟੈਰਿਫ਼ਾਂ ਨੇ ਕੈਨੇਡਾ ਦੇ ਸਟੀਲ ਖੇਤਰ ਲਈ ਗੰਭੀਰ ਸੰਕਟ ਪੈਦਾ ਕਰ ਦਿੱਤਾ — ਵਿਆਪਕ ਛਾਂਟੀਆਂ, ਨਿਵੇਸ਼ ਵਿੱਚ ਕਮੀ ਅਤੇ ਅਮਰੀਕਾ ਨੂੰ ਮਾਲ ਭੇਜਣ ਵਿੱਚ ਭਾਰੀ ਗਿਰਾਵਟ।Penn Wharton Budget Model (16 ਮਾਰਚ 2026) ਅਨੁਸਾਰ ਸਟੀਲ ਅਤੇ ਅਲਮੀਨੀਅਮ ਉਤਪਾਦਾਂ ‘ਤੇ ਪ੍ਰਭਾਵੀ ਟੈਰਿਫ਼ ਦਰ 41.1 ਫ਼ੀਸਦੀ ‘ਤੇ ਪਹੁੰਚ ਗਈ, ਸਾਰੇ ਉਤਪਾਦ ਵਰਗਾਂ ਵਿੱਚੋਂ ਸਭ ਤੋਂ ਵੱਧ। Bank of Canada ਦੇ ਅੰਕੜੇ ਦੱਸਦੇ ਹਨ ਕਿ ਅਪ੍ਰੈਲ 2025 ਵਿੱਚ ਕੈਨੇਡਾ ਦੀਆਂ ਸਟੀਲ ਬਰਾਮਦਾਂ 11 ਫ਼ੀਸਦੀ, ਅਲਮੀਨੀਅਮ ਬਰਾਮਦਾਂ 25 ਫ਼ੀਸਦੀ ਅਤੇ ਮੋਟਰ ਵਾਹਨ ਬਰਾਮਦਾਂ ਲਗਭਗ 25 ਫ਼ੀਸਦੀ ਘੱਟ ਗਈਆਂ।
ਵੱਧ ਰਹੇ ਟੈਰਿਫ਼ਾਂ ‘ਤੇ ਸਵਾਲ
ਟਰੰਪ ਪ੍ਰਸ਼ਾਸਨ ਨੇ ਇਹ ਟੈਰਿਫ਼ ਅਮਰੀਕੀ ਕਾਨੂੰਨ “International Emergency Economic Powers Act” (IEEPA) ਦੀ ਵਰਤੋਂ ਕਰਕੇ ਲਗਾਏ ਸਨ। ਪਰ 28 ਮਈ 2025 ਨੂੰ ਅਮਰੀਕੀ ਅੰਤਰਰਾਸ਼ਟਰੀ ਵਪਾਰ ਅਦਾਲਤ ਨੇ ਫ਼ੈਸਲਾ ਦਿੱਤਾ ਕਿ IEEPA ਤਹਿਤ ਟੈਰਿਫ਼ ਲਗਾਉਣਾ ਕਾਨੂੰਨ ਦੀ ਸੀਮਾ ਤੋਂ ਬਾਹਰ ਜਾ ਸਕਦਾ ਹੈ। 20 ਫ਼ਰਵਰੀ 2026 ਨੂੰ ਅਮਰੀਕੀ ਸੁਪਰੀਮ ਕੋਰਟ ਨੇ ਅੰਤਿਮ ਫ਼ੈਸਲਾ ਦਿੰਦੇ ਹੋਏ ਕਿਹਾ ਕਿ ਰਾਸ਼ਟਰਪਤੀ IEEPA ਤਹਿਤ ਟੈਰਿਫ਼ ਨਹੀਂ ਲਗਾ ਸਕਦਾ।
ਕੈਨੇਡਾ ਦੇ ਸੰਦਰਭ ਵਿੱਚ ਇਸ ਫ਼ੈਸਲੇ ਨਾਲ CUSMA (ਕੈਨੇਡਾ-ਅਮਰੀਕਾ-ਮੈਕਸੀਕੋ ਸਮਝੌਤਾ) ਦੀਆਂ ਸ਼ਰਤਾਂ ਦੀ ਪਾਲਣਾ ਨਾ ਕਰਨ ਵਾਲੀਆਂ ਵਸਤਾਂ ‘ਤੇ ਲਾਇਆ ਗਿਆ 35 ਫ਼ੀਸਦੀ ਟੈਰਿਫ਼ ਗ਼ੈਰ-ਕਾਨੂੰਨੀ ਕਰਾਰ ਦਿੱਤਾ ਗਿਆ। ਜਵਾਬ ਵਿੱਚ ਟਰੰਪ ਨੇ Section 122 ਕਾਨੂੰਨ ਤਹਿਤ 10 ਫ਼ੀਸਦੀ ਵਿਸ਼ਵਵਿਆਪੀ ਟੈਰਿਫ਼ ਦਾ ਐਲਾਨ ਕੀਤਾ, ਪਰ ਇਹ ਅਸਥਾਈ ਹੈ ਅਤੇ CUSMA ਦੇ ਤਹਿਤ ਆਉਣ ਵਾਲੀਆਂ ਕੈਨੇਡੀਅਨ ਵਸਤਾਂ ਨੂੰ ਇਸ ਤੋਂ ਛੋਟ ਦਿੱਤੀ ਗਈ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਰਣਨੀਤੀ
9 ਮਾਰਚ 2025 ਨੂੰ ਮਾਰਕ ਕਾਰਨੀ ਨੇ ਲਿਬਰਲ ਪਾਰਟੀ ਦੀ ਅਗਵਾਈ ਦੀ ਚੋਣ 85.9 ਫ਼ੀਸਦੀ ਵੋਟਾਂ ਨਾਲ ਜਿੱਤੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ। ਜਿੱਤ ਦੇ ਭਾਸ਼ਣ ਵਿੱਚ ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਅਮਰੀਕਾ ਕੈਨੇਡਾ ਨੂੰ ਸਤਿਕਾਰ ਨਹੀਂ ਦਿੰਦਾ, ਜਵਾਬੀ ਟੈਰਿਫ਼ ਜਾਰੀ ਰਹਿਣਗੇ।
22 ਅਗਸਤ 2025 ਨੂੰ ਕਾਰਨੀ ਨੇ ਐਲਾਨ ਕੀਤਾ ਕਿ ਕੈਨੇਡਾ ਆਪਣੇ ਜ਼ਿਆਦਾਤਰ ਜਵਾਬੀ ਟੈਰਿਫ਼ ਵਾਪਸ ਲੈਂਦਾ ਹੈ, ਕਿਉਂਕਿ ਅਮਰੀਕਾ ਨੇ CUSMA ਤਹਿਤ ਬਹੁਤੀਆਂ ਕੈਨੇਡੀਅਨ ਵਸਤਾਂ ਨੂੰ ਟੈਰਿਫ਼-ਮੁਕਤ ਛੱਡ ਦਿੱਤਾ ਸੀ। ਉਨ੍ਹਾਂ ਕਿਹਾ, “ਕੈਨੇਡਾ ਕੋਲ ਅਮਰੀਕਾ ਨਾਲ ਸਭ ਤੋਂ ਵਧੀਆ ਵਪਾਰ ਸਮਝੌਤਾ ਹੈ। ਭਾਵੇਂ ਇਹ ਪਹਿਲਾਂ ਵਾਲੇ ਤੋਂ ਵੱਖਰਾ ਹੈ, ਫਿਰ ਵੀ ਕਿਸੇ ਵੀ ਹੋਰ ਦੇਸ਼ ਨਾਲੋਂ ਬਿਹਤਰ ਹੈ।” ਹਾਲਾਂਕਿ, ਸਟੀਲ, ਅਲਮੀਨੀਅਮ ਅਤੇ ਵਾਹਨਾਂ ‘ਤੇ ਕੈਨੇਡਾ ਦੇ ਜਵਾਬੀ ਟੈਰਿਫ਼ ਅਜੇ ਵੀ ਬਰਕਰਾਰ ਹਨ।
ਅਮਰੀਕਾ ਦੀਆਂ ਧਮਕੀਆਂ ਅਤੇ
“51ਵਾਂ ਸੂਬਾ” ਦੀ ਸਿਆਸਤ
ਵਪਾਰਕ ਤਣਾਅ ਦੇ ਨਾਲ-ਨਾਲ ਟਰੰਪ ਨੇ ਕਈ ਵਾਰ ਕੈਨੇਡਾ ਨੂੰ ਅਮਰੀਕਾ ਦਾ “51ਵਾਂ ਸੂਬਾ” ਬਣਾਉਣ ਦੀਆਂ ਗੱਲਾਂ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਉਹ ਫ਼ੌਜੀ ਤਾਕਤ ਨਹੀਂ, ਪਰ “ਆਰਥਿਕ ਦਬਾਅ” ਵਰਤ ਸਕਦੇ ਹਨ। ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਇਹ ਕੈਨੇਡੀਅਨ ਪ੍ਰਭੂਸੱਤਾ ਵਿਰੁੱਧ ਗੰਭੀਰ ਖ਼ਤਰਾ ਹੈ। 8 ਫ਼ਰਵਰੀ 2026 ਨੂੰ ਟਰੰਪ ਨੇ Gordie Howe International Bridge ਦੇ ਉਦਘਾਟਨ ਨੂੰ ਰੋਕਣ ਦੀ ਧਮਕੀ ਦਿੱਤੀ।
ਪ੍ਰਧਾਨ ਮੰਤਰੀ ਕਾਰਨੀ ਨੇ ਸਪੱਸ਼ਟ ਕਿਹਾ “ਕੈਨੇਡਾ ਦਾ ਅਮਰੀਕਾ ਵਿੱਚ ਰਲੇਵਾਂ ਕਦੇ ਨਹੀਂ ਹੋਵੇਗਾ।”
ਆਰਥਿਕ ਨੁਕਸਾਨ
ਭਰੋਸੇਯੋਗ ਸਰੋਤਾਂ ਦੇ ਅੰਕੜੇ ਦੱਸਦੇ ਹਨ ਕਿ ਇਸ ਵਪਾਰਕ ਤਣਾਅ ਦਾ ਆਰਥਿਕ ਅਸਰ ਕਿੰਨਾ ਡੂੰਘਾ ਰਿਹਾ ਹੈ। The Fulcrum (ਫ਼ਰਵਰੀ 2026) ਅਨੁਸਾਰ ਕੈਨੇਡਾ ਦੀ ਜੀਡੀਪੀ 1.5 ਤੋਂ 2 ਫ਼ੀਸਦੀ ਘੱਟ ਗਈ ਅਤੇ ਕੈਨੇਡੀਅਨ ਪਰਿਵਾਰਾਂ ਦੀ ਸਾਲਾਨਾ ਲਾਗਤ 1,700 ਤੋਂ 2,000 ਡਾਲਰ ਵੱਧ ਗਈ। ਓਨਟਾਰੀਓ ਦੇ Financial Accountability Office ਅਨੁਸਾਰ ਓਨਟਾਰੀਓ ਵਿੱਚ 2025 ਵਿੱਚ 68,100 ਅਤੇ 2026 ਵਿੱਚ 1,19,200 ਘੱਟ ਨੌਕਰੀਆਂ ਪੈਦਾ ਹੋਣਗੀਆਂ ਟੈਰਿਫ਼-ਰਹਿਤ ਹਾਲਤ ਦੇ ਮੁਕਾਬਲੇ।
Penn Wharton Budget Model ਅਨੁਸਾਰ ਜਨਵਰੀ 2025 ਤੋਂ ਜਨਵਰੀ 2026 ਦਰਮਿਆਨ ਨਵੇਂ ਟੈਰਿਫ਼ਾਂ ਨੇ 209 ਅਰਬ ਡਾਲਰ ਦੀ ਕਮਾਈ ਕੀਤੀ। ਅਮਰੀਕੀ ਪਰਿਵਾਰਾਂ ‘ਤੇ ਔਸਤ 1,500 ਡਾਲਰ ਦਾ ਵਾਧੂ ਬੋਝ ਪਿਆ। ਕੈਨੇਡਾ ਦੇ Tax Foundation ਅਨੁਸਾਰ ਇਹ 1940ਵਿਆਂ ਤੋਂ ਬਾਅਦ ਅਮਰੀਕਾ ਦੀ ਸਭ ਤੋਂ ਵੱਡੀ ਟੈਕਸ ਵਾਧੇ ਵਾਲੀ ਨੀਤੀ ਹੈ।
ਹਾਲਾਂਕਿ ਕੈਨੇਡਾ ਪੂਰੀ ਤਰ੍ਹਾਂ ਮੰਦੀ ਵਿੱਚ ਜਾਣ ਤੋਂ ਬਚਿਆ ਰਿਹਾ। Bank of Canada ਅਨੁਸਾਰ ਕੈਨੇਡਾ ਦੀ ਜੀਡੀਪੀ 2025 ਵਿੱਚ 1.2 ਫ਼ੀਸਦੀ ਵਧੀ ਅਤੇ RBC ਦੇ ਵਿਸ਼ਲੇਸ਼ਣ ਅਨੁਸਾਰ CUSMA ਛੋਟਾਂ ਅਤੇ ਘਰੇਲੂ ਮੰਗ ਨੇ ਕੈਨੇਡਾ ਨੂੰ ਮੰਦੀ ਤੋਂ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
CUSMA: ਰੱਖਿਆ ਕਵਚ
ਇਸ ਪੂਰੇ ਤਣਾਅ ਵਿੱਚ ਕੈਨੇਡਾ-ਅਮਰੀਕਾ-ਮੈਕਸੀਕੋ ਸਮਝੌਤਾ (CUSMA/USMCA) ਕੈਨੇਡਾ ਲਈ ਇੱਕ ਵੱਡਾ ਰੱਖਿਆ ਕਵਚ ਸਾਬਤ ਹੋਇਆ। Associated Press ਦੀ ਅਗਸਤ 2025 ਦੀ ਰਿਪੋਰਟ ਅਨੁਸਾਰ CUSMA ਛੋਟ ਕਾਰਨ ਕੈਨੇਡਾ-ਅਮਰੀਕਾ ਵਪਾਰ ਦਾ 85 ਫ਼ੀਸਦੀ ਤੋਂ ਵੱਧ ਟੈਰਿਫ਼-ਮੁਕਤ ਰਿਹਾ। Penn Wharton ਦੇ ਅੰਕੜੇ ਦੱਸਦੇ ਹਨ ਕਿ ਜਨਵਰੀ 2026 ਤੱਕ 85 ਫ਼ੀਸਦੀ ਕੈਨੇਡੀਅਨ ਦਰਾਮਦਾਂ CUSMA ਛੋਟ ਦਾ ਫ਼ਾਇਦਾ ਉਠਾ ਰਹੀਆਂ ਸਨ। 2026 ਵਿੱਚ CUSMA ਦੀ ਸਮੀਖਿਆ ਹੋਣੀ ਹੈ, ਜੋ ਇਸ ਸਮੁੱਚੇ ਵਪਾਰਕ ਸੰਬੰਧ ਦਾ ਅਗਲਾ ਵੱਡਾ ਇਮਤਿਹਾਨ ਹੋਵੇਗਾ।
ਕੈਨੇਡਾ ਦਾ ਨਵੇਂ ਬਾਜ਼ਾਰਾਂ ਵੱਲ ਰੁਖ਼
ਅਮਰੀਕਾ ‘ਤੇ ਨਿਰਭਰਤਾ ਘਟਾਉਣ ਲਈ ਕੈਨੇਡੀਅਨ ਕੰਪਨੀਆਂ ਨੇ ਨਵੇਂ ਬਾਜ਼ਾਰਾਂ ਦੀ ਭਾਲ ਸ਼ੁਰੂ ਕੀਤੀ। ਤਾਜ਼ਾ ਰਿਪੋਰਟ ਅਨੁਸਾਰ ਕੈਨੇਡੀਅਨ ਕੰਪਨੀਆਂ ਨੇ ਅਮਰੀਕਾ ਨੂੰ ਬਰਾਮਦਾਂ ਵਿੱਚ ਹੋਏ 18.5 ਅਰਬ ਡਾਲਰ ਦੇ ਨੁਕਸਾਨ ਵਿੱਚੋਂ 11 ਅਰਬ ਡਾਲਰ ਦੀ ਭਰਪਾਈ ਹੋਰ ਦੇਸ਼ਾਂ ਵਿੱਚ ਬਰਾਮਦਾਂ ਵਧਾ ਕੇ ਕੀਤੀ। ਕੈਨੇਡਾ ਸਰਕਾਰ ਦੀ ਸਰਦ-ਰੁੱਤ 2026 ਦੀ ਤਿਮਾਹੀ ਰਿਪੋਰਟ ਦੱਸਦੀ ਹੈ ਕਿ 2025 ਦੀ ਤੀਜੀ ਤਿਮਾਹੀ ਵਿੱਚ ਊਰਜਾ ਉਤਪਾਦਾਂ ਦੀ ਅਗਵਾਈ ਹੇਠ ਕੈਨੇਡੀਅਨ ਵਸਤਾਂ ਅਤੇ ਸੇਵਾਵਾਂ ਦੀ ਬਰਾਮਦ 1.8 ਫ਼ੀਸਦੀ ਵਧੀ। ਪ੍ਰਧਾਨ ਮੰਤਰੀ ਕਾਰਨੀ ਨੇ “Buy Canadian” ਨੀਤੀ ਦਾ ਐਲਾਨ ਕੀਤਾ ਅਤੇ ਸੂਬਾਈ ਵਪਾਰਕ ਰੁਕਾਵਟਾਂ ਘਟਾਉਣ ਦੇ ਯਤਨ ਸ਼ੁਰੂ ਕੀਤੇ।
ਸੂਬਾਈ ਸਰਕਾਰਾਂ ਦੇ ਕਦਮ
ਫੈਡਰਲ ਸਰਕਾਰ ਦੇ ਨਾਲ-ਨਾਲ ਸੂਬਿਆਂ ਨੇ ਵੀ ਆਪਣੇ ਪੱਧਰ ‘ਤੇ ਕਦਮ ਚੁੱਕੇ। ਕੈਨੇਡਾ ਸਰਕਾਰ ਨੇ 7 ਮਾਰਚ 2025 ਤੋਂ 6 ਮਾਰਚ 2026 ਤੱਕ ਰੁਜ਼ਗਾਰਦਾਤਾਵਾਂ ਅਤੇ ਕਾਮਿਆਂ ਲਈ Work-Sharing ਪ੍ਰੋਗਰਾਮ ਲਾਗੂ ਕੀਤਾ। ਨੋਵਾ ਸਕੋਸ਼ੀਆ ਨੇ ਟੈਰਿਫ਼ ਦੇ ਆਰਥਿਕ ਅਸਰ ਨਾਲ ਨਜਿੱਠਣ ਲਈ 200 ਮਿਲੀਅਨ ਡਾਲਰ ਦਾ ਐਮਰਜੈਂਸੀ ਫੰਡ ਰੱਖਿਆ। ਯੂਕੋਨ ਨੇ ਕਾਰੋਬਾਰਾਂ ਦੀ ਮਦਦ ਲਈ 10 ਲੱਖ ਡਾਲਰ ਦਾ ਪ੍ਰੋਗਰਾਮ ਤਿਆਰ ਕੀਤਾ।
CUSMA ਸਮੀਖਿਆ 2026
ਸਭ ਤੋਂ ਵੱਡਾ ਸਵਾਲ ਅੱਗੇ ਆਉਣ ਵਾਲਾ ਹੈ। CUSMA ਦੀ ਸਮੀਖਿਆ 2026 ਵਿੱਚ ਹੋਣੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਅਮਰੀਕਾ ਇਸ ਸਮਝੌਤੇ ਤੋਂ ਪਿੱਛੇ ਹਟਣ ਦੀ ਧਮਕੀ ਦਿੰਦਾ ਹੈ, ਤਾਂ ਕੈਨੇਡਾ ਅਤੇ ਮੈਕਸੀਕੋ ਲਈ ਇੱਕ ਹੋਰ ਵੱਡਾ ਆਰਥਿਕ ਝਟਕਾ ਆ ਸਕਦਾ ਹੈ। ਇਸ ਦੇ ਨਾਲ ਹੀ General Motors ਵਰਗੀਆਂ ਵੱਡੀਆਂ ਕੰਪਨੀਆਂ ਨੇ 2026 ਲਈ ਟੈਰਿਫ਼ ਕਾਰਨ 3 ਤੋਂ 4 ਅਰਬ ਡਾਲਰ ਦੇ ਵਾਧੂ ਖਰਚੇ ਦਾ ਅਨੁਮਾਨ ਲਗਾਇਆ ਹੈ। ਕੈਨੇਡਾ ਦੇ ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਕੈਨੇਡਾ ਦੀ ਅਸਲ ਚੁਣੌਤੀ ਹੁਣ ਇਕੱਲੇ ਅਮਰੀਕਾ ‘ਤੇ ਨਿਰਭਰਤਾ ਘਟਾਉਣਾ ਅਤੇ ਵੱਧ ਮੁੱਲ ਵਾਲੇ ਉਤਪਾਦਨ ਵੱਲ ਵਧਣਾ ਹੈ। ਕੈਨੇਡਾ-ਅਮਰੀਕਾ ਵਪਾਰਕ ਤਣਾਅ ਕੇਵਲ ਟੈਕਸਾਂ ਦੀ ਲੜਾਈ ਨਹੀਂ, ਇਹ ਦੋ ਦੇਸ਼ਾਂ ਵਿਚਾਲੇ ਦਹਾਕਿਆਂ ਪੁਰਾਣੇ ਭਰੋਸੇ ਅਤੇ ਸਾਂਝੇਦਾਰੀ ਦੀ ਪਰੀਖਿਆ ਹੈ। ਕੈਨੇਡਾ ਨੇ ਇਸ ਮੁਸ਼ਕਲ ਦੌਰ ਵਿੱਚ ਨਾ ਝੁਕਣ, ਨਾ ਟੁੱਟਣ ਦੀ ਨੀਤੀ ਅਪਣਾਈ, ਅਦਾਲਤੀ ਜਿੱਤ ਹਾਸਲ ਕੀਤੀ, ਨਵੇਂ ਬਾਜ਼ਾਰ ਲੱਭੇ ਅਤੇ CUSMA ਦੀ ਢਾਲ ਵਰਤੀ। ਪਰ ਇਹ ਤਣਾਅ ਅਜੇ ਖ਼ਤਮ ਨਹੀਂ ਹੋਇਆ। 2026 ਵਿੱਚ CUSMA ਸਮੀਖਿਆ ਅਤੇ ਚੱਲ ਰਹੀਆਂ ਗੱਲਬਾਤਾਂ ਦੱਸਣਗੀਆਂ ਕਿ ਇਹ ਰਿਸ਼ਤਾ ਕਿੱਥੇ ਜਾਵੇਗਾ।

Popular