ਸਰੀ : ਕੈਨੇਡਾ ਵਿੱਚ ਸਤੰਬਰ ਮਹੀਨੇ ਨਵੇਂ ਘਰਾਂ ਦੀ ਉਸਾਰੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਕੈਨੇਡਾ ਮੌਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਮੁਤਾਬਕ, ਅਗਸਤ ਦੇ ਮੁਕਾਬਲੇ ਸਤੰਬਰ ਵਿੱਚ ਨਵੇਂ ਘਰਾਂ ਦੀ ਨਿਰਮਾਣ ਦਰ 14 ਪ੍ਰਤੀਸ਼ਤ ਵਧੀ, ਜੋ ਅਰਥਸ਼ਾਸਤਰੀਆਂ ਦੇ ਅੰਦਾਜਅਿਾਂ ਤੋਂ ਕਾਫੀ ਵੱਧ ਹੈ।
ਰਿਪੋਰਟ ਅਨੁਸਾਰ, ਸਤੰਬਰ ਵਿੱਚ 279,234 ਨਵੇਂ ਘਰਾਂ ਦੀ ਉਸਾਰੀ ਸ਼ੁਰੂ ਹੋਈ, ਜਦਕਿ ਅਗਸਤ ਵਿੱਚ ਇਹ ਅੰਕੜਾ 244,543 ਸੀ। ਅਰਥਸ਼ਾਸਤਰੀਆਂ ਨੇ ਸਿਰਫ 255,000 ਨਵੇਂ ਘਰਾਂ ਦੀ ਉਮੀਦ ਜਤਾਈ ਸੀ, ਪਰ ਨਤੀਜੇ ਉਸ ਤੋਂ ਕਾਫੀ ਉੱਪਰ ਨਿਕਲੇ।
CMHC ਦੀ ਡਿਪਟੀ ਚੀਫ਼ ਅਰਥਸ਼ਾਸਤਰੀ ਤਾਨੀਆ ਬੁਰਾਸਾ-ਓਚੋਆ ਨੇ ਕਿਹਾ ਕਿ ਇਹ ਵਾਧਾ ਖ਼ਾਸ ਤੌਰ ‘ਤੇ ਓਨਟੇਰਿਓ, ਕਿਊਬੈਕ ਅਤੇ ਪ੍ਰੇਰੀ ਸੂਬਿਆਂ ਵਿੱਚ ਆਈ ਤੀਵਰ ਗਤੀਵਿਧੀ ਕਾਰਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਤੰਬਰ ਵਿੱਚ ਸ਼ੁਰੂ ਹੋਈ ਉਸਾਰੀ ਵਿੱਚੋਂ ਟੋਰੌਂਟੋ ਅਤੇ ਮੌਂਟਰੀਅਲ ਨੇ ਮਿਲ ਕੇ 25% ਤੋਂ ਵੱਧ ਹਿੱਸਾ ਪਾਇਆ, ਅਤੇ ਇਹ ਵਾਧਾ ਮੁੱਖ ਤੌਰ ‘ਤੇ ਨਵੀਆਂ ਕਿਰਾਏ ਵਾਲੀਆਂ ਇਮਾਰਤਾਂ ਦੀ ਬਣਤਰ ਕਰਕੇ ਆਇਆ।
ਬੁਰਾਸਾ-ਓਚੋਆ ਨੇ ਕਿਹਾ, ”ਇਹ ਨਤੀਜੇ ਹਾਲਾਤ ਦੀ ਕੁਝ ਹੱਦ ਤੱਕ ਮਜ਼ਬੂਤੀ ਦਰਸਾਉਂਦੇ ਹਨ, ਪਰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਉਸਾਰੀ ਉਹਨਾਂ ਨਿਵੇਸ਼ ਫੈਸਲਿਆਂ ਦਾ ਨਤੀਜਾ ਹੈ ਜੋ ਕਈ ਮਹੀਨੇ ਜਾਂ ਸਾਲ ਪਹਿਲਾਂ ਲਏ ਗਏ ਸਨ, ਜਦ ਨਿਵੇਸ਼ਕਾਂ ਦਾ ਭਰੋਸਾ ਅੱਜ ਦੀ ਤੁਲਨਾ ਵਿੱਚ ਵੱਧ ਸੀ।”
CMHC ਦੇ ਅੰਕੜਿਆਂ ਅਨੁਸਾਰ, ਸ਼ਹਿਰੀ ਇਲਾਕਿਆਂ (ਜਿਨ੍ਹਾਂ ਦੀ ਅਬਾਦੀ 10,000 ਤੋਂ ਵੱਧ ਹੈ) ਵਿੱਚ ਸਾਲਾਨਾ ਉਸਾਰੀ ਦੀ ਦਰ 219,408 ਤੋਂ ਵੱਧ ਕੇ 254,345 ਹੋ ਗਈ ઠਜੋ ਕਿ 16% ਦਾ ਵਾਧਾ ਹੈ। ਪੇਂਡੂ ਇਲਾਕਿਆਂ ਵਿੱਚ ਇਹ ਅੰਕੜਾ 24,889 ਦਰਜ ਹੋਇਆ।
ਬੀਐਮਓ ਦੇ ਸੀਨੀਅਰ ਅਰਥਸ਼ਾਸਤਰੀ ਰਾਬਰਟ ਕੈਵਸਿਕ ਨੇ ਆਪਣੇ ਵਿਸ਼ਲੇਸ਼ਣ ਵਿੱਚ ਲਿਖਿਆ ਕਿ ਭਾਵੇਂ ਰੀਸੇਲ ਮਾਰਕੀਟ ਇਸ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ, ਪਰ ਨਵੇਂ ਘਰਾਂ ਦੀ ਉਸਾਰੀ ਨੇ ਮਜ਼ਬੂਤੀ ਦਿਖਾਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 12 ਮਹੀਨਿਆਂ ਦੌਰਾਨ ਨਵੇਂ ਘਰਾਂ ਦੀ ਉਸਾਰੀ ਦੀ ਔਸਤ 256,000 ਯੂਨਿਟਾਂ ਰਹੀ ਹੈ, ਜੋ ਸਾਲ ਦੀ ਸ਼ੁਰੂਆਤ ਦੇ ਮੁਕਾਬਲੇ ਕਾਫੀ ਉੱਪਰ ਹੈ।
ਹਾਲਾਂਕਿ, ਓਨਟੇਰਿਓ ਵਿੱਚ ਇਹ ਔਸਤ ਸਿਰਫ 63,000 ਯੂਨਿਟਾਂ ਰਹੀ ઠਜੋ ਪਿਛਲੇ 10 ਸਾਲਾਂ ਦੀ ਸਭ ਤੋਂ ਘੱਟ ਦਰ ਹੈ। ਕੈਵਸਿਕ ਨੇ ਧਿਆਨ ਦਿਵਾਇਆ ਕਿ ਇਸ ਸਮੇਂ ਕਿਰਾਏ ਵਾਲੀਆਂ ਇਮਾਰਤਾਂ ਦੀ ਉਸਾਰੀ ਨੇ ਮਕਾਨੀ ਮਲਕੀਅਤ ਅਤੇ ਕਾਂਡੋ ਪ੍ਰੋਜੈਕਟਾਂ ਤੋਂ ਵੀ ਵੱਧ ਹਿੱਸਾ ਲੈ ਲਿਆ ਹੈ, ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ ਨਿਵੇਸ਼ਕ ਰਿਹਾਇਸ਼ੀ ਮਾਰਕੀਟ ਦੀ ਬਜਾਏ ਕਿਰਾਏ ਵਾਲੇ ਖੇਤਰ ਵੱਲ ਵੱਧ ਰੁਝਾਨੀ ਹੋ ਰਹੇ ਹਨ।
ਅਰਥਸ਼ਾਸਤਰੀ ਮੰਨਦੇ ਹਨ ਕਿ ਇਹ ਰੁਝਾਨ ਅਗਲੇ ਕੁਝ ਮਹੀਨਿਆਂ ਵਿੱਚ ਮਾਰਕੀਟ ਸਥਿਰਤਾ ਅਤੇ ਆਬਾਦੀ ਵਾਧੇ ਦੇ ਅਧਾਰ ‘ਤੇ ਹੋਰ ਵੀ ਸਪਸ਼ਟ ਹੋਵੇਗਾ।

