ਸਰੀ, (ਦਿਵਰੂਪ ਕੌਰ): ਕੈਨੇਡਾ ਦੇ ਸਕੂਲਾਂ ਦੇ ਵਿਦਿਆਰਥੀਆਂ ਨਾਲ ਜੁੜੇ ਵੱਡੇ ਸਾਇਬਰ ਡਾਟਾ ਲੀਕ ਮਾਮਲੇ ਵਿੱਚ ਇੱਕ ਅਮਰੀਕੀ ਨੌਜਵਾਨ ਨੂੰ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕਾ ਦੇ ਮੈਸਾਚੂਸੇਟਸ ਰਾਜ ਦੀ ਅਦਾਲਤ ਨੇ ਮੰਗਲਵਾਰ ਨੂੰ ਮੈਥਿਊ ਡੀ. ਲੇਨ (Matthew D. Lane) ਨੂੰ ਸਜ਼ਾ ਸੁਣਾਈ, ਜਿਸ ਨੇ ਸਾਇਬਰ ਬਲੈਕਮੇਲ ਅਤੇ ਡਾਟਾ ਐਕਸਟੋਰਸ਼ਨ ਦੇ ਦੋਸ਼ਾਂ ਨੂੰ ਸਵੀਕਾਰ ਕੀਤਾ। ਅਦਾਲਤੀ ਦਸਤਾਵੇਜ਼ਾਂ ਮੁਤਾਬਕ, ਲੇਨ ਨੇ ਦੋ ਕੰਪਨੀਆਂ ਤੋਂ ਬਿਟਕੋਇਨ ਵਿੱਚ 2.85 ਮਿਲੀਅਨ ਡਾਲਰ ਦੀ ਫਿਰੌਤੀ ਮੰਗੀ ਸੀ ਅਤੇ ਧਮਕੀ ਦਿੱਤੀ ਸੀ ਕਿ ਜੇ ਮੰਗ ਪੂਰੀ ਨਾ ਹੋਈ ਤਾਂ ਉਹ ਮਿਲੀਅਨਾਂ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਨਿੱਜੀ ਜਾਣਕਾਰੀ ਜਿਵੇਂ ਨਾਮ, ਈਮੇਲ, ਫ਼ੋਨ ਨੰਬਰ, ਅਤੇ ਮੈਡੀਕਲ ਡਾਟਾ ਇੰਟਰਨੈੱਟ ‘ਤੇ ਲੀਕ ਕਰ ਦੇਵੇਗਾ।
ਅਦਾਲਤੀ ਦਸਤਾਵੇਜ਼ਾਂ ਵਿੱਚ ਕੰਪਨੀਆਂ ਦੇ ਨਾਮ ਨਹੀਂ ਦਿੱਤੇ ਗਏ, ਪਰ ਪਾਵਰਸਕੂਲઠ(PowerSchool) ਜੋ ਕਿ ਅਮਰੀਕਾ ਤੇ ਕੈਨੇਡਾ ਵਿੱਚ ਸਕੂਲਾਂ ਲਈ ਕਲਾਉਡ ਸਟੋਰੇਜ ਤੇ ਸਾਫਟਵੇਅਰ ਸੇਵਾਵਾਂ ਦਿੰਦੀ ਹੈ ਨੇ ਪੁਸ਼ਟੀ ਕੀਤੀ ਕਿ ਲੇਨ ਹੀ ਉਸ ਡਾਟਾ ਬ੍ਰੀਚ ਦੇ ਪਿੱਛੇ ਸੀ। ਪਾਵਰਸਕੂਲ ਨੇ ਬੁੱਧਵਾਰ ਨੂੰ ਜਾਰੀ ਬਿਆਨ ਵਿੱਚ ਕਿਹਾ, ”ਅਸੀਂ ਉਸ ਵਿਅਕਤੀ ਨੂੰ ਕਾਨੂੰਨ ਦੇ ਘੇਰੇ ‘ਚ ਲਿਆਂਦਾ ਜਾਣ ‘ਤੇ ਪ੍ਰੋਸਿਕਿਊਟਰਾਂ ਅਤੇ ਕਾਨੂੰਨੀ ਏਜੰਸੀਆਂ ਦਾ ਧੰਨਵਾਦ ਕਰਦੇ ਹਾਂ।”
ਲੇਨ, ਜੋ ਮੈਸਾਚੂਸੇਟਸ ਦੀ ਐਸੰਪਸ਼ਨ ਯੂਨੀਵਰਸਿਟੀ ਦਾ ਵਿਦਿਆਰਥੀ ਸੀ, ਨੇ ਦਸੰਬਰ 2024 ਵਿੱਚ ਇਸ ਹਮਲੇ ਨੂੰ ਅੰਜਾਮ ਦਿੱਤਾ ਸੀ। ਡਾਟਾ ਬ੍ਰੀਚ 22 ਦਸੰਬਰ ਤੋਂ 28 ਦਸੰਬਰ ਤੱਕ ਹੋਇਆ ਸੀ ਅਤੇ ਇਸ ਨਾਲ ਨਿਊਫਾਊਂਡਲੈਂਡ, ਨੋਵਾ ਸਕੋਸ਼ੀਆ, ਓਨਟਾਰੀਓ ਅਤੇ ਅਲਬਰਟਾ ਦੇ ਕਈ ਸਕੂਲ ਬੋਰਡ ਪ੍ਰਭਾਵਿਤ ਹੋਏ ਸਨ। ਟੋਰਾਂਟੋ ਜ਼ਿਲ੍ਹਾ ਸਕੂਲ ਬੋਰਡઠ(TDSB) ਨੇ ਮਈ ਵਿੱਚ ਮਾਪਿਆਂ ਨੂੰ ਭੇਜੇ ਪੱਤਰ ਵਿੱਚ ਖੁਲਾਸਾ ਕੀਤਾ ਸੀ ਕਿ ਚੋਰੀ ਕੀਤਾ ਡਾਟਾ ਅਜੇ ਤੱਕ ਨਸ਼ਟ ਨਹੀਂ ਕੀਤਾ ਗਿਆ ਅਤੇ ਇੱਕ ”ਥ੍ਰੈਟ ਐਕਟਰ” ਵੱਲੋਂ ਫਿਰੌਤੀ ਦੀ ਮੰਗ ਕੀਤੀ ਗਈ ਸੀ।
ਪਾਵਰਸਕੂਲ ਨੇ ਮਈ ਵਿੱਚ ਸਵੀਕਾਰਿਆ ਸੀ ਕਿ ਉਹਨਾਂ ਨੇ ਚੋਰੀ ਕੀਤੇ ਡਾਟਾ ਦੇ ਜਨਤਕ ਰਿਲੀਜ਼ ਨੂੰ ਰੋਕਣ ਲਈ ਕੁਝ ਰਕਮ ਅਦਾ ਕੀਤੀ, ਹਾਲਾਂਕਿ ਅੰਕੜਾ ਸਾਹਮਣੇ ਨਹੀਂ ਰੱਖਿਆ ਗਿਆ।
ਫਰਵਰੀ ਵਿੱਚ ਕੈਨੇਡਾ ਦੇ ਫੈਡਰਲ ਪ੍ਰਾਈਵੇਸੀ ਕਮਿਸ਼ਨਰ ਫਿਲਿਪ ਡਿਊਫ੍ਰੇਨઠ(Philippe Dufresne) ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ, ਪਰ ਜੁਲਾਈ ਵਿੱਚ ਜਾਂਚ ਖ਼ਤਮ ਕਰ ਦਿੱਤੀ, ਕਿਉਂਕਿ ਉਹ ਪਾਵਰਸਕੂਲ ਵੱਲੋਂ ਕੀਤੇ ਸੁਰੱਖਿਆ ਸੁਧਾਰਾਂ ਅਤੇ ਨਿਗਰਾਨੀ ਪ੍ਰਣਾਲੀਆਂ ਤੋਂ ਸੰਤੁਸ਼ਟ ਸੀ। ਪਾਵਰਸਕੂਲ ਨੇ ਵਾਅਦਾ ਕੀਤਾ ਹੈ ਕਿ ਉਹ ਮਾਰਚ 2026 ਤੱਕ ਇੱਕ ਸੁਤੰਤਰ ਸੁਰੱਖਿਆ ਮੁਲਾਂਕਣ ਰਿਪੋਰਟ ਕਮਿਸ਼ਨਰ ਦੇ ਦਫ਼ਤਰ ਨੂੰ ਦੇਵੇਗਾ।

