Thursday, March 5, 2026

ਕੈਨੇਡਾ ਵਿੱਚ ਆਮਦਨੀ ਪਾੜਾ ਇਤਿਹਾਸਕ ਸਤਰ ‘ਤੇ, ਨੌਜਵਾਨ ਵਰਗ ਸਭ ਤੋਂ ਵੱਧ ਪ੍ਰਭਾਵਿਤ

ਸਰੀ, (ਦਿਵਰੂਪ ਕੌਰ): ਕੈਨੇਡਾ ਵਿੱਚ ਆਮਦਨੀ ਪਾੜਾ ਆਪਣੀ ਇਤਿਹਾਸਕ ਉਚਾਈ ‘ਤੇ ਪਹੁੰਚ ਗਿਆ ਹੈ। ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜਿਆਂ ਮੁਤਾਬਕ, 2025 ਦੀ ਦੂਜੀ ਤਿਮਾਹੀ (ਅਪ੍ਰੈਲ ਤੋਂ ਜੂਨ) ਦੌਰਾਨ ਆਮਦਨੀ ਪਾੜਾ 48.4 ਪ੍ਰਤੀਸ਼ਤ ‘ਤੇ ਕਾਇਮ ਰਿਹਾ ઠਜੋ 2024 ਦੇ ਸਮੇ ਦੀ ਹੀ ਦਰ ਦੇ ਬਰਾਬਰ ਹੈ। ਇਹ ਦਰਸਾਉਂਦਾ ਹੈ ਕਿ ਅਰਥਵਿਵਸਥਾ ਦੀ ਕਮਜ਼ੋਰੀ ਕਾਰਨ ਘਰੇਲੂ ਆਮਦਨ ਤੇ ਬਚਤਾਂ ਦੋਵੇਂ ਉੱਤੇ ਨਕਾਰਾਤਮਕ ਪ੍ਰਭਾਵ ਪੈ ਰਿਹਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਭ ਤੋਂ ਅਮੀਰ ਘਰਾਣੇ ਕੈਨੇਡਾ ਦੀ ਕੁੱਲ ਦੌਲਤ ਦਾ ਵੱਡਾ ਹਿੱਸਾ ਕਬਜ਼ੇ ਵਿੱਚ ਰੱਖਦੇ ਹਨ ਅਤੇ ਇਹ ਆਮਦਨੀ ਪਾੜਾ ਹੋਰ ਵੱਧ ਰਿਹਾ ਹੈ। ਇਸਦੇ ਉਲਟ, ਘਰਾਂ ਦੀ ਕੀਮਤਾਂ ਵਿੱਚ ਗਿਰਾਵਟ ਕਾਰਨ ਜਵਾਨ ਅਤੇ ਘੱਟ ਆਮਦਨ ਵਾਲੇ ਵਰਗ ਦੀ ਸੰਪਤੀ ਘਟਦੀ ਜਾ ਰਹੀ ਹੈ। ਸਟੈਟਿਸਟਿਕਸ ਕੈਨੇਡਾ ਅਨੁਸਾਰ, ਦੇਸ਼ ਦੇ ਉੱਪਰੀ 40 ਪ੍ਰਤੀਸ਼ਤ ਅਤੇ ਹੇਠਲੇ 40 ਪ੍ਰਤੀਸ਼ਤ ਘਰਾਣਿਆਂ ਵਿਚਕਾਰ ਆਮਦਨ ਵਿੱਚ ਜੋ ਅੰਤਰ ਹੈ, ਉਸਨੂੰ ਆਮਦਨੀ ਪਾੜਾ ਕਿਹਾ ਜਾਂਦਾ ਹੈ।
ਹਾਲਾਂਕਿ 2025 ਦੀ ਦੂਜੀ ਤਿਮਾਹੀ ਵਿੱਚ ਉਪਲਬਧ ਆਮਦਨ (ਟੈਕਸਾਂ ਅਤੇ ਲਾਜ਼ਮੀ ਖਰਚਿਆਂ ਤੋਂ ਬਾਅਦ ਬਚੀ ਰਕਮ) ਪਿਛਲੇ ਸਾਲ ਨਾਲੋਂ 3.9 ਪ੍ਰਤੀਸ਼ਤ ਵਧੀ ਹੈ, ਪਰ ਇਹ ਵਾਧਾ 2024 ਦੇ 5.9 ਪ੍ਰਤੀਸ਼ਤ ਦੇ ਮੁਕਾਬਲੇ ਘੱਟ ਹੈ।
ਮਹਿੰਗਾਈ ਅਤੇ ਵਧ ਰਹੇ ਜੀਵਨ ਖਰਚਿਆਂ ਕਾਰਨ ਇਹ ਵਾਧਾ ਅਸਲ ਖਰੀਦ ਸਮਰੱਥਾ ਵਿੱਚ ਘੱਟ ਪ੍ਰਭਾਵਸ਼ਾਲੀ ਹੈ।
ਸਟੈਟਿਸਟਿਕਸ ਕੈਨੇਡਾ ਮੁਤਾਬਕ, ਆਮਦਨ ਦੇ ਸੁਸਤ ਵਾਧੇ ਦਾ ਕਾਰਨ ਅਰਥਵਿਵਸਥਾ ਦੀ ਮੰਦਗਤੀ ਅਤੇ ਕਮਜ਼ੋਰ ਰੁਜ਼ਗਾਰ ਮਾਰਕੀਟ ਹੈ। ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ 2023 ਦੀ ਸ਼ੁਰੂਆਤ ਤੋਂ ਰੁਜ਼ਗਾਰ ਦਰ ਘਟਦੀ ਜਾ ਰਹੀ ਹੈ ਅਤੇ ਜਿਆਦਾਤਰ ਨਵੇਂ ਰੁਜ਼ਗਾਰ ਪਾਰਟ-ਟਾਈਮ ਹਨ।
ਡਾਟਾ ਅਨੁਸਾਰ, ਕੈਨੇਡਾ ਦੇ ਸਭ ਤੋਂ ਅਮੀਰ 20 ਪ੍ਰਤੀਸ਼ਤ ਘਰਾਂ ਅਤੇ ਹੇਠਲੇ 40 ਪ੍ਰਤੀਸ਼ਤ ਘਰਾਂ ਵਿਚਕਾਰ ਦੌਲਤ ਦਾ ਪਾੜਾ 61.5 ਪ੍ਰਤੀਸ਼ਤ ਤੱਕ ਪਹੁੰਚ ਗਿਆ ਹੈ ઠਜੋ ਪਿਛਲੇ ਸਾਲ ਨਾਲੋਂ 0.2 ਪ੍ਰਤੀਸ਼ਤ ਵਧਿਆ ਹੈ।
ਇਨ੍ਹਾਂ ਸਭ ਤੋਂ ਉੱਚ ਵਰਗ ਦੇ ਘਰਾਂ ਨੇ ਦੇਸ਼ ਦੀ ਕੁੱਲ ਨੈੱਟ ਵਰਥ ਦਾ 64.8 ਪ੍ਰਤੀਸ਼ਤ ਹਿੱਸਾ ਆਪਣੇ ਕੋਲ ਰੱਖਿਆ ਹੈ, ਜਿੱਥੇ ਪ੍ਰਤੀ ਘਰਾਨਾ ਔਸਤਨ 3.4 ਮਿਲੀਅਨ ਡਾਲਰ ਦੀ ਦੌਲਤ ਰੱਖਦਾ ਹੈ। ਇਸਦੇ ਉਲਟ, ਸਭ ਤੋਂ ਘੱਟ ਦੌਲਤ ਵਾਲੇ ਘਰਾਨਿਆਂ ਦਾ ਹਿੱਸਾ ਸਿਰਫ਼ 3.3 ਪ੍ਰਤੀਸ਼ਤ ਹੈ ઠਜਿਨ੍ਹਾਂ ਦੀ ਔਸਤ ਸੰਪਤੀ 86,900 ਡਾਲਰ ਹੈ।
ਕੁੱਲ ਮਿਲਾ ਕੇ, 2025 ਦੀ ਦੂਜੀ ਤਿਮਾਹੀ ਵਿੱਚ ਘਰੇਲੂ ਨੈੱਟ ਵਰਥ 4.5 ਪ੍ਰਤੀਸ਼ਤ ਵਧੀ, ਪਰ ਵਾਧੇ ਦਾ ਵੱਡਾ ਹਿੱਸਾ ਅਮੀਰ ਵਰਗ ਨੂੰ ਮਿਲਿਆ। ਇਹ ਵਾਧਾ ਮੁੱਖ ਤੌਰ ‘ਤੇ ਸਟਾਕ ਮਾਰਕੀਟ ਵਿੱਚ 9.1 ਪ੍ਰਤੀਸ਼ਤ ਦੇ ਲਾਭ ਕਾਰਨ ਹੋਇਆ, ਜਦਕਿ ਰਿਅਲ ਐਸਟੇਟ ਮੁੱਲਾਂ ਵਿੱਚ ਇੱਕ ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ।
35 ਸਾਲ ਤੋਂ ਘੱਟ ਉਮਰ ਵਾਲਿਆਂ ਦੀ ਦੌਲਤ ਸਿਰਫ਼ 2.1 ਪ੍ਰਤੀਸ਼ਤ ਵਧੀ ઠਜੋ ਸਾਰੇ ਉਮਰ ਵਰਗਾਂ ਵਿੱਚ ਸਭ ਤੋਂ ਘੱਟ ਹੈ। ਬਹੁਤ ਸਾਰੇ ਜਵਾਨ ਹੁਣ ਘਰ ਖਰੀਦਣ ਦੀ ਥਾਂ ਕਿਰਾਏ ਤੇ ਰਹਿਣਾ ਜਾਂ ਕਰਜ਼ੇ ਘਟਾਉਣਾ ਪਸੰਦ ਕਰ ਰਹੇ ਹਨ। ਸਟੈਟਿਸਟਿਕਸ ਕੈਨੇਡਾ ਨੇ ਦਰਸਾਇਆ ਕਿ ਜਵਾਨ ਵਰਗ ਹੁਣ ਮਹਿੰਗਾਈ ਦੇ ਬੋਝ ਹੇਠ ਜੀਵਨ ਖਰਚਿਆਂ ਨੂੰ ਸੰਭਾਲਣ ਤੇ ਆਪਣੀਆਂ ਕਰਜ਼ਾ ਜ਼ਿੰਮੇਵਾਰੀਆਂ ਘਟਾਉਣ ‘ਤੇ ਧਿਆਨ ਦੇ ਰਿਹਾ ਹੈ।ઠ This report was written by Divroop Kaur as part of the Local Journalism Initiative.

Share post:

Popular