Tuesday, March 10, 2026

ਕੈਨੇਡਾ ਵਿੱਚ ਮੋਰਟਗੇਜ ਕਰਜ਼ੇ ਦੀ ਪੰਡ ਹੋਈ ਭਾਰੀ


ਮੋਰਟਗੇਜ ਕਰਜ਼ਾ ਦੋ ਟ੍ਰਿਲੀਅਨ ਡਾਲਰ ਦੇ ਨੇੜੇ ਪਹੁੰਚਿਆ


ਸਰੀ, (ਦਿਵਰੂਪ ਕੌਰ): ਕੈਨੇਡਾ ਵਿੱਚ ਘਰਾਂ ਦੇ ਕਰਜ਼ੇ ਯਾਨੀ ਮੋਰਟਗੇਜ ਦਾ ਬੋਝ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਇਕੁਇਫੈਕਸ ਕੈਨੇਡਾ ਦੀ ਇੱਕ ਤਾਜ਼ਾ ਰਿਪੋਰਟ ਅਨੁਸਾਰ ਸਾਲ 2025 ਵਿੱਚ ਦੇਸ਼ ਦਾ ਕੁੱਲ ਮੋਰਟਗੇਜ ਕਰਜ਼ਾ 2 ਟ੍ਰਿਲੀਅਨ ਡਾਲਰ ਦੇ ਬੇਹੱਦ ਕਰੀਬ ਪਹੁੰਚ ਗਿਆ ਹੈ। ਰਿਪੋਰਟ ਮੁਤਾਬਕ ਸਾਲ ਦੀ ਚੌਥੀ ਤਿਮਾਹੀ ਤੱਕ ਕੁੱਲ ਮੋਰਟਗੇਜ ਕਰਜ਼ਾ 1.95 ਟ੍ਰਿਲੀਅਨ ਡਾਲਰ ਤੱਕ ਜਾ ਚੁੱਕਾ ਸੀ। ਇਹ ਅੰਕੜਾ ਪਿਛਲੇ ਸਾਲ ਦੇ ਇਸੇ ਸਮੇਂ ਦੇ ਮੁਕਾਬਲੇ 2.6% ਦਾ ਵਾਧਾ ਦਰਸਾਉਂਦਾ ਹੈ। ਇਕੁਇਫੈਕਸ ਕੈਨੇਡਾ ਦੇ ਅਧਿਕਾਰੀਆਂ ਅਨੁਸਾਰ ਵਿਆਜ ਦਰਾਂ ਵਿੱਚ ਸਥਿਰਤਾ ਆਉਣ ਨਾਲ ਘਰ ਮਾਲਕਾਂ ਅਤੇ ਉਦਯੋਗ ਉੱਤੇ ਕੁਝ ਹੱਦ ਤੱਕ ਸਕਾਰਾਤਮਕ ਪ੍ਰਭਾਵ ਪੈ ਰਿਹਾ ਹੈ ਪਰ ਗਰਮ ਹਾਊਸਿੰਗ ਮਾਰਕੀਟ ਵਾਲੇ ਇਲਾਕਿਆਂ ਵਿੱਚ ਕਿਫਾਇਤੀ ਘਰ ਹਾਲੇ ਵੀ ਇੱਕ ਵੱਡੀ ਚਿੰਤਾ ਬਣੀ ਹੋਈ ਹੈ।
ਕੈਨੇਡਾ ਇਸ ਸਮੇਂ ਮੋਰਟਗੇਜ ਰੀਨਿਊਅਲ ਯਾਨੀ ਕਰਜ਼ੇ ਦੇ ਨਵੀਨੀਕਰਨ ਦੀ ਇੱਕ ਵੱਡੀ ਲਹਿਰ ਦੇ ਵਿਚਕਾਰ ਹੈ। ਕੈਨੇਡਾ ਮੋਰਟਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦਾ ਅਨੁਮਾਨ ਹੈ ਕਿ ਸਾਲ 2025 ਦੇ ਅੰਤ ਤੱਕ ਲਗਭਗ 1.5 ਮਿਲੀਅਨ ਪਰਿਵਾਰ ਆਪਣੇ ਮੋਰਟਗੇਜ ਰੀਨਿਊ ਕਰਵਾ ਚੁੱਕੇ ਹਨ। ਇਸ ਦੇ ਨਾਲ ਹੀ ਸਾਲ 2026 ਵਿੱਚ 1 ਮਿਲੀਅਨ ਹੋਰ ਪਰਿਵਾਰਾਂ ਵੱਲੋਂ ਆਪਣੇ ਕਰਜ਼ੇ ਰੀਨਿਊ ਕਰਵਾਏ ਜਾਣ ਦੀ ਉਮੀਦ ਹੈ। ਰੀਨਿਊਅਲ ਕਰਵਾਉਣ ਵਾਲੇ ਕਈ ਪਰਿਵਾਰਾਂ ਨੂੰ ਪੇਮੈਂਟ ਸ਼ੌਕ ਯਾਨੀ ਮਹੀਨਾਵਾਰ ਕਿਸ਼ਤਾਂ ਵਿੱਚ ਅਚਾਨਕ ਹੋਏ ਵਾਧੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਬਹੁਤ ਸਾਰੇ ਲੋਕ ਆਪਣੇ ਬੈਂਕ ਜਾਂ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਨੂੰ ਬਦਲਣ ਲਈ ਮਜਬੂਰ ਹੋ ਰਹੇ ਹਨ ਤਾਂ ਜੋ ਉਹਨਾਂ ਨੂੰ ਕੁਝ ਰਾਹਤ ਮਿਲ ਸਕੇ।
ਨਵੇਂ ਘਰ ਖਰੀਦਣ ਵਾਲਿਆਂ ਲਈ ਮਾਰਕੀਟ ਵਿੱਚ ਦਾਖਲ ਹੋਣਾ ਹੁਣ ਪਹਿਲਾਂ ਨਾਲੋਂ ਕਿਤੇ ਵੱਧ ਮੁਸ਼ਕਲ ਹੋ ਗਿਆ ਹੈ। ਮੋਰਟਗੇਜ ਦੇ ਉੱਚੇ ਬੈਲੇਂਸ ਹਾਲੇ ਵੀ ਇੱਕ ਵੱਡੀ ਰੁਕਾਵਟ ਬਣੇ ਹੋਏ ਹਨ ਅਤੇ ਔਸਤਨ ਨਵੇਂ ਲੋਨ ਦੀ ਰਕਮ 4.1% ਵਧ ਕੇ 363,778 ਡਾਲਰ ਹੋ ਗਈ ਹੈ। ਪਹਿਲੀ ਵਾਰ ਘਰ ਖਰੀਦਣ ਵਾਲਿਆਂ ਉੱਤੇ ਇਹ ਬੋਝ ਸਭ ਤੋਂ ਵੱਧ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਉਨ੍ਹਾਂ ਦੇ ਔਸਤ ਲੋਨ ਦਾ ਆਕਾਰ 5% ਵਧ ਕੇ 441,301 ਡਾਲਰ ਤੱਕ ਪਹੁੰਚ ਗਿਆ ਹੈ। ਓਨਟਾਰੀਓ ਵਰਗੇ ਸੂਬਿਆਂ ਵਿੱਚ ਉੱਚ ਮੁੱਲ ਵਾਲੇ ਮੋਰਟਗੇਜ ਉੱਤੇ ਕਿਸ਼ਤਾਂ ਖੁੰਝਣ ਦੇ ਮਾਮਲੇ ਵੀ ਵਧ ਰਹੇ ਹਨ ਕਿਉਂਕਿ ਰੀਨਿਊਅਲ ਤੋਂ ਬਾਅਦ ਵਧੀਆਂ ਹੋਈਆਂ ਕਿਸ਼ਤਾਂ ਕਈ ਖਪਤਕਾਰਾਂ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਹਨ। ਯੂਨੀਵਰਸਿਟੀ ਆਫ਼ ਓਟਵਾ ਦੀ ਇੱਕ ਰਿਪੋਰਟ ਅਨੁਸਾਰ ਨਵੇਂ ਘਰ ਖਰੀਦਣ ਵਾਲਿਆਂ ਲਈ ਸ਼ੁਰੂਆਤੀ ਘਰਾਂ ਯਾਨੀ ਸਟਾਰਟਰ ਹੋਮਜ਼ ਦੀਆਂ ਕੀਮਤਾਂ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ। ਸਾਲ 2004 ਤੋਂ ਬਾਅਦ ਕੈਨੇਡਾ ਵਿੱਚ ਲੋਕਾਂ ਦੀ ਆਮਦਨ ਵਿੱਚ 76% ਦਾ ਵਾਧਾ ਹੋਇਆ ਹੈ ਪਰ ਇਸ ਦੇ ਮੁਕਾਬਲੇ ਮਾਰਕੀਟ ਦੇ ਹੇਠਲੇ ਪੱਧਰ ਦੇ ਨਵੇਂ ਘਰਾਂ ਦੀਆਂ ਕੀਮਤਾਂ ਵਿੱਚ 265% ਦਾ ਭਾਰੀ ਉਛਾਲ ਦੇਖਿਆ ਗਿਆ ਹੈ। ਅਰਥਸ਼ਾਸਤਰੀ ਮਾਈਕ ਮੌਫਟ ਅਨੁਸਾਰ ਪਰਿਵਾਰ ਦੇ ਰਹਿਣ ਯੋਗ ਨਵੇਂ ਘਰ ਹੁਣ 20 ਸਾਲ ਪਹਿਲਾਂ ਦੇ ਮੁਕਾਬਲੇ ਆਮਦਨ ਦੇ ਹਿਸਾਬ ਨਾਲ 2 ਗੁਣਾ ਤੋਂ ਵੀ ਵੱਧ ਮਹਿੰਗੇ ਹੋ ਚੁੱਕੇ ਹਨ। ਰਿਪੋਰਟ ਮੁਤਾਬਕ ਜੇਕਰ ਘਰਾਂ ਦੀਆਂ ਕੀਮਤਾਂ ਵਿੱਚ ਵਾਧਾ ਅੱਜ ਹੀ ਰੁਕ ਜਾਵੇ ਤਾਂ ਵੀ ਕੀਮਤ ਅਤੇ ਆਮਦਨ ਦੇ ਅਨੁਪਾਤ ਨੂੰ ਪੁਰਾਣੇ ਪੱਧਰ ਉੱਤੇ ਆਉਣ ਲਈ ਘੱਟੋ-ਘੱਟ 25 ਸਾਲ ਦਾ ਸਮਾਂ ਲੱਗੇਗਾ। ਮਾਹਿਰਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਸਰਕਾਰਾਂ ਘਰਾਂ ਦੀ ਉਸਾਰੀ ਦੀ ਲਾਗਤ ਘਟਾਉਣ ਲਈ ਗੰਭੀਰਤਾ ਨਾਲ ਕੰਮ ਨਹੀਂ ਕਰਦੀਆਂ ਉਦੋਂ ਤੱਕ ਇਹ ਸੰਕਟ ਬਣਿਆ ਰਹੇਗਾ। ਇਸ ਦੇ ਨਾਲ ਹੀ ਕੈਨੇਡਾ ਦੇ ਜ਼ੋਨਿੰਗ ਕਾਨੂੰਨਾਂ ਵਿੱਚ ਵੱਡੇ ਬਦਲਾਅ ਕਰਨ ਦੀ ਲੋੜ ਹੈ ਤਾਂ ਜੋ ਰਿਹਾਇਸ਼ੀ ਇਲਾਕਿਆਂ ਵਿੱਚ ਹੋਰ ਵਿਕਾਸ ਕੀਤਾ ਜਾ ਸਕੇ। ਬਿਲਡਿੰਗ ਕੋਡ ਦੀ ਜਾਂਚ ਕਰਨਾ ਵੀ ਜ਼ਰੂਰੀ ਹੈ ਤਾਂ ਜੋ ਇਹ ਦੇਖਿਆ ਜਾ ਸਕੇ ਕਿ ਕਿਹੜੀਆਂ ਥਾਵਾਂ ਉੱਤੇ ਘਰ ਬਿਨਾਂ ਵਜ੍ਹਾ ਮਹਿੰਗੇ ਹੋ ਰਹੇ ਹਨ। ਅਗਲੇ 10 ਸਾਲਾਂ ਵਿੱਚ ਘਰਾਂ ਦੀਆਂ ਜ਼ਰੂਰਤਾਂ ਸਾਲ 2004 ਦੇ ਮੁਕਾਬਲੇ ਬਿਲਕੁਲ ਵੱਖਰੀਆਂ ਹੋ ਸਕਦੀਆਂ ਹਨ ਜਿਸ ਲਈ ਨਵੀਂ ਰਣਨੀਤੀ ਅਪਣਾਉਣੀ ਬੇਹੱਦ ਜ਼ਰੂਰੀ ਹੈ।

Share post:

Popular