Tuesday, April 14, 2026

ਕੈਨੇਡੀਅਨ ਔਰਤਾਂ ਨੇ ਵਿੱਦਿਆ ਦੇ ਖੇਤਰ ‘ਚ ਗੱਡੇ ਝੰਡੇ, 71 ਫੀਸਦੀ ਕੋਲ ਉੱਚ ਸਿੱਖਿਆ ਦੀਆਂ ਡਿਗਰੀਆਂ

ਸਰੀ, (ਦਿਵਰੂਪ ਕੌਰ): ਸਟੈਟਿਸਟਿਕਸ ਕੈਨੇਡਾ ਦੀ ਇੱਕ ਤਾਜ਼ਾ ਰਿਪੋਰਟ ਅਨੁਸਾਰ ਪਿਛਲੇ ਇੱਕ ਦਹਾਕੇ ਵਿੱਚ ਕੈਨੇਡੀਅਨ ਬਾਲਗਾਂ ਦੇ ਵਿੱਦਿਅਕ ਮਿਆਰ ਵਿੱਚ ਬਹੁਤ ਵੱਡਾ ਵਾਧਾ ਦੇਖਣ ਨੂੰ ਮਿਲਿਆ ਹੈ । ਖ਼ਾਸ ਤੌਰ ‘ਤੇ ਔਰਤਾਂ ਨੇ ਸਿੱਖਿਆ ਦੇ ਖੇਤਰ ਵਿੱਚ ਵੱਡੀ ਪੁਲਾਂਘ ਪੁੱਟੀ ਹੈ। ਸਾਲ 2025 ਦੇ ਅੰਕੜੇ ਦਰਸਾਉਂਦੇ ਹਨ ਕਿ 25 ਤੋਂ 64 ਸਾਲ ਦੀ ਉਮਰ ਦੀਆਂ 71 ਫੀਸਦੀ ਔਰਤਾਂ ਕੋਲ ਕਾਲਜ ਜਾਂ ਯੂਨੀਵਰਸਿਟੀ ਦੀਆਂ ਡਿਗਰੀਆਂ ਹਨ, ਜੋ ਕਿ ਸਾਲ 2015 ਵਿੱਚ ਸਿਰਫ਼ 61 ਫੀਸਦੀ ਸੀ । ਇਸੇ ਉਮਰ ਵਰਗ ਵਿੱਚ ਮਰਦਾਂ ਦੇ ਵਿੱਦਿਅਕ ਪੱਧਰ ਵਿੱਚ ਵੀ ਵਾਧਾ ਹੋਇਆ ਹੈ, ਜੋ 49 ਫੀਸਦੀ ਤੋਂ ਵਧ ਕੇ 57 ਫੀਸਦੀ ਤੱਕ ਪਹੁੰਚ ਗਿਆ ਹੈ । ਕੁੱਲ ਮਿਲਾ ਕੇ ਹੁਣ 64 ਫੀਸਦੀ ਕੈਨੇਡੀਅਨ ਬਾਲਗ ਉੱਚ ਸਿੱਖਿਆ ਪ੍ਰਾਪਤ ਹਨ, ਜਦੋਂ ਕਿ ਦਸ ਸਾਲ ਪਹਿਲਾਂ ਇਹ ਅੰਕੜਾ 55 ਫੀਸਦੀ ਸੀ ।
ਵਾਟਰਲੂ ਯੂਨੀਵਰਸਿਟੀ ਦੀ ਪ੍ਰੋਫੈਸਰ ਅਤੇ ਲੇਬਰ ਇਕਨਾਮਿਕਸ ਦੀ ਮਾਹਰ ਐਨਾ ਫੇਰਰ ਅਨੁਸਾਰ ਆਰਥਿਕ ਉਤਾਰ-ਚੜ੍ਹਾਅ ਦੇ ਇਸ ਦੌਰ ਵਿੱਚ ਸਿੱਖਿਆ ਦੀ ਅਹਿਮੀਅਤ ਲਗਾਤਾਰ ਵਧ ਰਹੀ ਹੈ । ਉਨ੍ਹਾਂ ਦਾ ਮੰਨਣਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਤਕਨੀਕੀ ਬਦਲਾਅ ਕਾਰਨ ਔਰਤਾਂ ਇਹ ਮਹਿਸੂਸ ਕਰ ਰਹੀਆਂ ਹਨ ਕਿ ਭਵਿੱਖ ਵਿੱਚ ਬੇਰੁਜ਼ਗਾਰੀ ਦੇ ਖ਼ਤਰੇ ਤੋਂ ਬਚਣ ਲਈ ਉੱਚ ਸਿੱਖਿਆ ਹੀ ਸਭ ਤੋਂ ਵਧੀਆ ਸਾਧਨ ਹੈ । ਆਉਣ ਵਾਲੇ ਦਸ ਸਾਲਾਂ ਵਿੱਚ ਆਰਥਿਕ ਵਿਕਾਸ ਕਾਰਨ ਪੈਦਾ ਹੋਣ ਵਾਲੀਆਂ 80 ਫੀਸਦੀ ਤੋਂ ਵੱਧ ਨਵੀਆਂ ਨੌਕਰੀਆਂ ਪ੍ਰਬੰਧਕੀ ਅਹੁਦਿਆਂ ‘ਤੇ ਹੋਣਗੀਆਂ, ਜਿਨ੍ਹਾਂ ਲਈ ਪੋਸਟ-ਸੈਕੰਡਰੀ ਸਿੱਖਿਆ ਲਾਜ਼ਮੀ ਹੋਵੇਗੀ । ਔਰਤਾਂ ਨੇ ਇਸ ਰੁਝਾਨ ਨੂੰ ਤੇਜ਼ੀ ਨਾਲ ਅਪਣਾਇਆ ਹੈ ਅਤੇ ਉਹ ਉੱਚ ਪੱਧਰੀ ਡਿਗਰੀਆਂ ਪ੍ਰਾਪਤ ਕਰ ਕੇ ਰੁਜ਼ਗਾਰ ਦੇ ਬਾਜ਼ਾਰ ਵਿੱਚ ਆਪਣੀ ਸਥਿਤੀ ਮਜ਼ਬੂਤ ਕਰ ਰਹੀਆਂ ਹਨ ।
ਕੈਨੇਡੀਅਨ ਆਕੂਪੇਸ਼ਨਲ ਪ੍ਰੋਜੈਕਸ਼ਨ ਸਿਸਟਮ ਦੇ ਅੰਕੜਿਆਂ ਅਨੁਸਾਰ ਵੱਖ-ਵੱਖ ਕਿੱਤਿਆਂ ਵਿੱਚ ਮਰਦਾਂ ਅਤੇ ਔਰਤਾਂ ਦੀ ਭਾਗੀਦਾਰੀ ਦੇ ਦਿਲਚਸਪ ਪਹਿਲੂ ਸਾਹਮਣੇ ਆਏ ਹਨ। ਸਾਲ 2023 ਵਿੱਚ 485 ਕਿੱਤਿਆਂ ਵਿੱਚੋਂ 59 ਅਜਿਹੇ ਸਨ ਜਿੱਥੇ 80 ਫੀਸਦੀ ਤੋਂ ਵੱਧ ਔਰਤਾਂ ਕੰਮ ਕਰ ਰਹੀਆਂ ਸਨ । ਇਨ੍ਹਾਂ ਵਿੱਚੋਂ ਜ਼ਿਆਦਾਤਰ ਕਿੱਤੇ ਸਿਹਤ ਸੇਵਾਵਾਂ, ਵਪਾਰ, ਵਿੱਤ ਅਤੇ ਪ੍ਰਬੰਧਕੀ ਖੇਤਰਾਂ ਨਾਲ ਸਬੰਧਤ ਹਨ । ਦੂਜੇ ਪਾਸੇ 161 ਅਜਿਹੇ ਕਿੱਤੇ ਹਨ ਜਿੱਥੇ ਮਰਦਾਂ ਦਾ ਦਬਦਬਾ ਹੈ, ਖ਼ਾਸ ਕਰਕੇ ਟ੍ਰੇਡਜ਼, ਟ੍ਰਾਂਸਪੋਰਟ, ਮੈਨੂਫੈਕਚਰਿੰਗ ਅਤੇ ਕੁਦਰਤੀ ਸਰੋਤਾਂ ਨਾਲ ਜੁੜੇ ਕੰਮਾਂ ਵਿੱਚ । ਹਾਲਾਂਕਿ ਪ੍ਰੋਫੈਸਰ ਫੇਰਰ ਦਾ ਮੰਨਣਾ ਹੈ ਕਿ ਵਧਦੀ ਤਕਨੀਕ ਭਵਿੱਖ ਵਿੱਚ ਇਸ ਪਾੜੇ ਨੂੰ ਘਟਾਉਣ ਵਿੱਚ ਮਦਦ ਕਰੇਗੀ ਕਿਉਂਕਿ ਹੁਣ ਕੰਮ ਦੇ ਖੇਤਰ ਸਿਰਫ਼ ਮਰਦਾਂ ਜਾਂ ਔਰਤਾਂ ਲਈ ਰਾਖਵੇਂ ਨਹੀਂ ਰਹਿਣਗੇ ।
ਸਿੱਖਿਆ ਅਤੇ ਕਰੀਅਰ ਦੇ ਬਦਲਦੇ ਰੁਝਾਨਾਂ ਦਾ ਅਸਰ ਕੈਨੇਡੀਅਨ ਪਰਿਵਾਰਕ ਢਾਂਚੇ ‘ਤੇ ਵੀ ਪੈ ਰਿਹਾ ਹੈ । ਸਟੈਟਿਸਟਿਕਸ ਕੈਨੇਡਾ ਦੀ ਇੱਕ ਹੋਰ ਖੋਜ ਅਨੁਸਾਰ ਸਾਲ 2024 ਤੋਂ 20 ਤੋਂ 49 ਸਾਲ ਦੀ ਉਮਰ ਦੀਆਂ ਲਗਭਗ 51.1 ਫੀਸਦੀ ਕੈਨੇਡੀਅਨ ਔਰਤਾਂ ਮਾਵਾਂ ਨਹੀਂ ਹਨ । ਉੱਚ ਸਿੱਖਿਆ ਦਾ ਵਧਦਾ ਪੱਧਰ, ਲੇਬਰ ਮਾਰਕੀਟ ਵਿੱਚ ਸਰਗਰਮ ਭਾਗੀਦਾਰੀ, ਬਦਲਦੇ ਸਮਾਜਿਕ ਮਾਪਦੰਡ ਅਤੇ ਗਰਭ ਨਿਰੋਧਕ ਸਾਧਨਾਂ ਦੀ ਵਰਤੋਂ ਵਰਗੇ ਕਾਰਨਾਂ ਨੇ ਜੀਵਨ ਸ਼ੈਲੀ ਵਿੱਚ ਤਬਦੀਲੀ ਲਿਆਂਦੀ ਹੈ । ਇਸ ਰਿਪੋਰਟ ਅਨੁਸਾਰ 40 ਸਾਲ ਤੋਂ ਵੱਧ ਉਮਰ ਦੀਆਂ ਚਾਰ ਵਿੱਚੋਂ ਇੱਕ ਔਰਤ ਨੇ ਬੱਚੇ ਨਾ ਪੈਦਾ ਕਰਨ ਦਾ ਫੈਸਲਾ ਕੀਤਾ ਹੈ, ਜੋ ਕਿ ਇੱਕ ਮਹੱਤਵਪੂਰਨ ਸਮਾਜਿਕ ਬਦਲਾਅ ਵੱਲ ਇਸ਼ਾਰਾ ਕਰਦਾ ਹੈ ।
ਕੌਮਾਂਤਰੀ ਪੱਧਰ ‘ਤੇ ਕੈਨੇਡਾ ਦਾ ਵਿੱਦਿਅਕ ਮਿਆਰ ਬਹੁਤ ਪ੍ਰਭਾਵਸ਼ਾਲੀ ਹੈ । ਸਾਲ 2025 ਵਿੱਚ ਕੈਨੇਡਾ ਦੇ 64 ਫੀਸਦੀ ਬਾਲਗ ਉੱਚ ਸਿੱਖਿਆ ਪ੍ਰਾਪਤ ਸਨ, ਜੋ ਕਿ ਓ.ਈ.ਸੀ.ਡੀ. (OECD) ਦੇਸਾਂ ਦੀ 41 ਫੀਸਦੀ ਦੀ ਔਸਤ ਨਾਲੋਂ ਕਿਤੇ ਜ਼ਿਆਦਾ ਹੈ । ਇਸ ਦਾ ਵੱਡਾ ਕਾਰਨ ਕੈਨੇਡਾ ਦਾ ਮਜ਼ਬੂਤ ਕਾਲਜ ਸਿਸਟਮ ਹੈ, ਜਿੱਥੇ 25 ਫੀਸਦੀ ਕੈਨੇਡੀਅਨਾਂ ਕੋਲ ਕਾਲਜ ਡਿਗਰੀਆਂ ਹਨ, ਜਦਕਿ ਓ.ਈ.ਸੀ.ਡੀ. ਦੀ ਔਸਤ ਸਿਰਫ਼ 7 ਫੀਸਦੀ ਹੈ । ਪਿਛਲੇ ਦਸ ਸਾਲਾਂ ਵਿੱਚ ਬੈਚਲਰ ਡਿਗਰੀ ਵਾਲਿਆਂ ਦੀ ਗਿਣਤੀ 20 ਤੋਂ ਵਧ ਕੇ 25 ਫੀਸਦੀ ਅਤੇ ਮਾਸਟਰ ਜਾਂ ਡਾਕਟਰੇਟ ਕਰਨ ਵਾਲਿਆਂ ਦੀ ਗਿਣਤੀ 9 ਤੋਂ ਵਧ ਕੇ 14 ਫੀਸਦੀ ਹੋ ਗਈ ਹੈ । ਇਸ ਦੇ ਨਾਲ ਹੀ ਬਿਨਾਂ ਹਾਈ ਸਕੂਲ ਡਿਪਲੋਮੇ ਵਾਲੇ ਲੋਕਾਂ ਦੀ ਗਿਣਤੀ ਵਿੱਚ ਵੱਡੀ ਗਿਰਾਵਟ ਆਈ ਹੈ, ਜੋ ਹੁਣ ਸਿਰਫ਼ 7 ਫੀਸਦੀ ਰਹਿ ਗਈ ਹੈ। This report was written by Divroop Kaur as part of the Local Journalism Initiative.

Popular