ਸਰੀ, (ਦਿਵਰੂਪ ਕੌਰ): ਕੈਨੇਡਾ ਦੀ ਫੌਜ ਨੇ ਦੱਸਿਆ ਹੈ ਕਿ ਪਿਛਲੇ ਇੱਕ ਸਾਲ ਦੌਰਾਨ ਫੌਜ ਵਿੱਚ ਭਰਤੀ ਹੋਣ ਲਈ ਅਰਜ਼ੀਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਦੇਖਿਆ ਗਿਆ ਹੈ। ਇਹ ਵਾਧਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ ਦੀ ਪ੍ਰਭੂਸੱਤਾ ਨੂੰ ਲੈ ਕੇ ਵਾਰ-ਵਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਰੱਖਿਆ ਵਿਭਾਗ ਦੇ ਬੁਲਾਰੇ ਨੇ ਬੁੱਧਵਾਰ ਨੂੰ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਅਰਜ਼ੀਆਂ ਵਿੱਚ 12.9 ਫੀਸਦੀ ਦਾ ਉਛਾਲ ਆਇਆ ਹੈ।
ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਇਸ ਵਾਧੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕੈਨੇਡੀਅਨ ਲੋਕ ਆਪਣੇ ਦੇਸ਼ ਦੀ ਸੇਵਾ ਕਰਨ ਲਈ ਪਹਿਲਾਂ ਨਾਲੋਂ ਕਿਤੇ ਵੱਧ ਉਤਸ਼ਾਹਿਤ ਹਨ। ਉਨ੍ਹਾਂ ਅਨੁਸਾਰ ਲੋਕ ਪ੍ਰੋਜੈਕਟ ਕੈਨੇਡਾ ਨਾਲ ਜੁੜਨਾ ਚਾਹੁੰਦੇ ਹਨ ਅਤੇ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਉਨ੍ਹਾਂ ਦਾ ਦੇਸ਼ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਪ੍ਰਭੂਸੱਤਾ ਸੰਪੰਨ ਰਹੇ।
ਰੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਫੌਜ ਵਿੱਚ ਭਰਤੀ ਹੋਣ ਦੀ ਪ੍ਰਕਿਰਿਆ ਦੇ ਵੱਖ ਪੜਾਵਾਂ ਵਿੱਚ ਵੱਡਾ ਬਦਲਾਅ ਦੇਖਿਆ ਗਿਆ ਹੈ। ਸਾਲ 2024 ਤੋਂ 2025 ਦੇ ਵਿਚਕਾਰ ਕੁੱਲ 6,710 ਵਿਅਕਤੀਆਂ ਨੇ ਫੌਜ ਵਿੱਚ ਦਾਖਲਾ ਲਿਆ ਹੈ ਜਦੋਂ ਕਿ ਇਸ ਤੋਂ ਪਿਛਲੇ ਸਾਲ ਇਹ ਗਿਣਤੀ ਸਿਰਫ਼ 4,334 ਸੀ। ਇਸੇ ਤਰ੍ਹਾਂ ਅਰਜ਼ੀਆਂ ਦੀ ਕੁੱਲ ਗਿਣਤੀ 70,616 ਤੋਂ ਵਧ ਕੇ 77,431 ਤੱਕ ਪਹੁੰਚ ਗਈ ਹੈ। ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ਦੀ ਗਿਣਤੀ ਵਿੱਚ ਵੀ ਵੱਡਾ ਉਛਾਲ ਆਇਆ ਹੈ ਜੋ ਕਿ 12,269 ਤੋਂ ਵਧ ਕੇ 21,700 ਹੋ ਗਈ ਹੈ। ਇਹ ਅੰਕੜੇ ਦਰਸਾਉਂਦੇ ਹਨ ਕਿ ਪਿਛਲੇ ਦੋ ਸਾਲਾਂ ਵਿੱਚ ਨੌਜਵਾਨਾਂ ਦਾ ਰੁਝਾਨ ਫੌਜ ਵੱਲ ਕਾਫ਼ੀ ਵਧਿਆ ਹੈ।
ਸਰਕਾਰ ਵੱਲੋਂ ਰੱਖਿਆ ਖੇਤਰ ਵਿੱਚ ਕੀਤੇ ਜਾ ਰਹੇ ਭਾਰੀ ਨਿਵੇਸ਼ ਨੂੰ ਵੀ ਇਸ ਵਾਧੇ ਦਾ ਇੱਕ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਫੈਡਰਲ ਸਰਕਾਰ ਨੇ ਨਾਟੋ ਪ੍ਰਤੀ ਆਪਣੀਆਂ ਵਚਨਬੱਧਤਾਵਾਂ ਨੂੰ ਪੂਰਾ ਕਰਨ ਲਈ ਇਸ ਦਹਾਕੇ ਦੇ ਅੰਤ ਤੱਕ ਰੱਖਿਆ ਉੱਤੇ 73 ਬਿਲੀਅਨ ਡਾਲਰ ਖਰਚਣ ਦੀ ਯੋਜਨਾ ਬਣਾਈ ਹੈ। ਸਾਲ 2025 ਦੇ ਬੱਜਟ ਵਿੱਚ ਫੌਜ ਵਿੱਚ ਨਵੀਂ ਭਰਤੀ ਅਤੇ ਪੁਰਾਣੇ ਸੈਨਿਕਾਂ ਨੂੰ ਬਣਾਈ ਰੱਖਣ ਲਈ 20 ਬਿਲੀਅਨ ਡਾਲਰ ਦੀ ਵਿਸ਼ੇਸ਼ ਰਾਸ਼ੀ ਰੱਖੀ ਗਈ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪਿਛਲੇ ਸਾਲ ਐਲਾਨ ਕੀਤਾ ਸੀ ਕਿ ਫੌਜੀਆਂ ਦੀਆਂ ਤਨਖਾਹਾਂ ਵਿੱਚ 20 ਫੀਸਦੀ ਤੱਕ ਦਾ ਵਾਧਾ ਕੀਤਾ ਜਾਵੇਗਾ ਅਤੇ ਉਨ੍ਹਾਂ ਦੀਆਂ ਸਿਹਤ ਸਹੂਲਤਾਂ ਵਿੱਚ ਵੀ ਸੁਧਾਰ ਕੀਤਾ ਜਾਵੇਗਾ। ਇਹਨਾਂ ਵਿੱਤੀ ਲਾਭਾਂ ਨੇ ਨਿਸ਼ਚਿਤ ਤੌਰ ਉੱਤੇ ਨੌਜਵਾਨਾਂ ਨੂੰ ਫੌਜ ਵੱਲ ਆਕਰਸ਼ਿਤ ਕੀਤਾ ਹੈ।
ਦੂਜੇ ਪਾਸੇ ਅਮਰੀਕਾ ਨਾਲ ਚੱਲ ਰਹੇ ਤਣਾਅਪੂਰਨ ਸਬੰਧਾਂ ਨੇ ਵੀ ਕੈਨੇਡੀਅਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਤੇਜ਼ ਕੀਤਾ ਹੈ। ਰਾਸ਼ਟਰਪਤੀ ਟਰੰਪ ਵੱਲੋਂ ਕੈਨੇਡੀਅਨ ਐਲੂਮੀਨੀਅਮ, ਸਟੀਲ, ਲੱਕੜ ਅਤੇ ਆਟੋ ਪਾਰਟਸ ਉੱਤੇ ਲਗਾਏ ਗਏ ਟੈਰਿਫਾਂ ਕਾਰਨ ਕੈਨੇਡਾ ਦੀਆਂ ਕਈ ਵੱਡੀਆਂ ਕੰਪਨੀਆਂ ਨੂੰ ਛਾਂਟੀ ਕਰਨੀ ਪਈ ਹੈ।
ਟਰੰਪ ਵੱਲੋਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੇ ਸੁਝਾਅ ਅਤੇ ਇਹ ਕਹਿਣਾ ਕਿ ਕੈਨੇਡਾ ਅਮਰੀਕਾ ਦੀ ਵਜ੍ਹਾ ਨਾਲ ਜ਼ਿੰਦਾ ਹੈ, ਨੇ ਲੋਕਾਂ ਵਿੱਚ ਭਾਰੀ ਰੋਸ ਪੈਦਾ ਕੀਤਾ ਹੈ। ਇੱਕ ਤਾਜ਼ਾ ਸਰਵੇਖਣ ਅਨੁਸਾਰ 58 ਫੀਸਦੀ ਕੈਨੇਡੀਅਨ ਹੁਣ ਅਮਰੀਕਾ ਨੂੰ ਇੱਕ ਭਰੋਸੇਮੰਦ ਸਹਿਯੋਗੀ ਨਹੀਂ ਮੰਨਦੇ। ਲਗਭਗ ਅੱਧੇ ਕੈਨੇਡੀਅਨਾਂ ਦਾ ਮੰਨਣਾ ਹੈ ਕਿ ਅਮਰੀਕਾ ਵਿਸ਼ਵ ਸ਼ਾਂਤੀ ਲਈ ਰੂਸ ਨਾਲੋਂ ਵੀ ਵੱਡਾ ਖਤਰਾ ਬਣ ਗਿਆ ਹੈ। ਇਸੇ ਸਿਆਸੀ ਅਸਥਿਰਤਾ ਦੇ ਮਾਹੌਲ ਵਿੱਚ ਕੈਨੇਡੀਅਨ ਨੌਜਵਾਨ ਆਪਣੇ ਦੇਸ਼ ਦੀਆਂ ਸਰਹੱਦਾਂ ਅਤੇ ਸਵੈ ਮਾਣ ਦੀ ਰਾਖੀ ਲਈ ਫੌਜ ਵਿੱਚ ਭਰਤੀ ਹੋਣ ਨੂੰ ਪਹਿਲ ਦੇ ਰਹੇ ਹਨ। This report was written by Divroop Kaur as part of the Local Journalism Initiative.

